Tuesday, September 22, 2015

ਸਾਨੂੰ ਹਾਲੇ ਤੱਕ ਲੀਡਰਾਂ ਦੀ ਗੁਲਾਮੀ ਤੋਂ ਅਾਜ਼ਾਦੀ ਨਹੀਂ ਮਿਲੀ

ਆਮ ਆਦਮੀ ਪਾਰਟੀ ਨੇ ਸੱਤਾਧਾਰੀ ਪਾਰਟੀ ਨੂੰ ਲੰਮੇ ਹਥੀਂ ਲਿਆ 
ਮੁਕਤਸਰ: 21 ਸਤੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਸੰਨ 2017 ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਪੂਰੀ ਤਰਾਂ ਸਰਗਰਮ ਹੋਈ ਆਮ ਆਦਮੀ ਪਾਰਟੀ ਵੱਲੋ ਰੈਲੀਆਂ ਅਤੇ ਮਾਰਚਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਜੋੜੋ ਰੈਲੀ ਦੇ ਤੀਜੇ ਪੜਾਅ ਤਹਿਤ ਅੱਜ ਦੋਦਾ ਦੀ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਿਸ਼ਾਲ ਰੈਲੀ ਕੀਤੀ। ਇੰਝ ਲੱਗਦਾ ਸੀ ਜਿਵੇਂ ਲੋਕਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ। ਇਸ ਰੈਲੀ ਵਿੱਚ ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ, ਪ੍ਰੋਫ਼ੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ,  ਦਲਵੀਰ ਸਿੰਘ ਹਲਕਾ ਇੰਚਾਰਜ ਫ਼ਰੀਦਕੋਟ ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਆਪ’ ਆਗੂਆ ਨੇ ਬੜੇ ਹੀ ਸੁਚੇਤ ਹੋ ਕੇ ਸੱਤਾਧਾਰੀ ਪਾਰਟੀ ’ਤੇ ਨਿਸ਼ਾਨੇ ਲਾਏ। ਰੈਲੀ ਵਿੱਚ ਆਏ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਸ ਰੈਲੀ ਵਿੱਚ ਸ਼ਾਮਲ ਹੋਏ ਜਿਵੇਂ ਇਹ ਕੋਈ ਧਾਰਮਿਕ ਇਕਠ ਹੋਵੇ। 
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਅਤੇ ਲੀਡਰਾਂ ਵਿੱਚ ਵੱਡਾ ਪਾੜਾ ਬਣਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ’ਤੇ ਇਹ ਪਾੜਾ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ 1947 ਵਿੱਚ ਅਾਜ਼ਾਦ ਹੋ ਗਿਆ ਸੀ ਪਰ ਸਾਨੂੰ ਹਾਲੇ ਤੱਕ ਲੀਡਰਾਂ ਦੀ ਗੁਲਾਮੀ ਤੋਂ ਅਾਜ਼ਾਦੀ ਨਹੀਂ ਮਿਲੀ ਹੈ। ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਆਪਣੇ ਮੰਤਰੀਆਂ ਨੂੰ ਮਾਲਾਮਾਲ ਕੀਤਾ ਜਾ ਰਿਹਾ ਹੈ। ਪ੍ਰੋ.ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਮੁਆਵਜ਼ੇ ਦੇ ਨਾਂ ’ਤੇ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਫੌਕੀ ਬਿਆਨਬਾਜ਼ੀ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਕਾਹਲੇ ਹਨ।
ਇਸ  ਮੌਕੇ  ਹਰਚੇਤ ਸਿੰਘ ਗਿੱਲ, ਸੁਖਜਿੰਦਰ ਸਿੰਘ ਕਾਉਣੀ, ਜਗਮੋਹਣ ਸਿੰਘ ਸੁਖਣਾ, ਰਛਪਾਲ ਸਿੰਘ ਛੱਤੇਆਣਾ, ਗਗਨਦੀਪ ਕੌਰ ਮਾਂਗਟਕੇਰ, ਹਰਦੀਪ ਸਿੰਘ ਕਿੰਗਰਾਂ, ਗੁਰਪ੍ਰੀਤ ਸਿੰਘ ਕੋਟਲੀ, ਹਰਪ੍ਰੀਤ ਸਿੰਘ ਸਾਹਿਬਚੰਦ, ਪਲਵਿੰਦਰ ਸਿੰਘ ਸੁਰੇਵਾਲਾ, ਗੁਰਵਿੰਦਰ ਸਿੰਘ, ਹਰਜੀਤ ਸਿੰਘ ਭੂੰਦੜ, ਜਸਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਲੋਕਾਂ ਦਾ ਇਹ ਸਾਥ ਚੋਣਾਂ ਵਿੱਚ ਵੀ ਸਾਥ ਦੇਂਦਾ ਹੈ ਜਾਂ ਨਹੀਂ?

No comments: