Friday, September 18, 2015

ਪੰਜਾਬ ਵਿੱਚੋਂ ਹੀ ਕਿਰਤੀ ਲੋਕਾਂ ਦੀ ਲਹਿਰ ਨੂੰ ਨਵੇਂ ਖੰਭ ਲੱਗਣਗੇ

ਮੋਦੀ ਅਤੇ ਆਰ ਐਸ ਐਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ-ਕਾਮਰੇਡ ਓਝਾ 
ਮੋਹਾਲੀ: 18 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮੋਹਾਲੀ ਦਾ ਦੁਸਹਿਰਾ ਗਰਾਊਂਡ ਕਈ ਦਿਨਾਂ ਦੀਆਂ ਤਿਆਰੀਆਂ ਮਗਰੋਂ ਅੱਜ ਪੂਰੀ ਤਰਾਂ ਲਾਲੋ ਲਾਲ ਸੀ। ਇਸ ਵਿਸ਼ਾਲ ਦੁਸਹਿਰਾ ਗਰਾਉਂਡ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 13ਵੀਂ ਕੌਮੀ ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਗਈ ਵਿਸ਼ਾਲ ਰੈਲੀ ਇੱਕ ਇਤਿਹਾਸਿਕ ਰੈਲੀ ਹੋ ਨਿੱਬੜੀ। ਇਹ ਰੈਲੀ ਜਿੱਥੇ ਮਜ਼ਦੂਰਾਂ ਦੇ ਮਨਾਂ ਅੰਦਰ ਆਪਣੇ ਹੱਕਾਂ ਲਈ ਸੰਘਰਸ਼ਾਂ ਨੂੰ ਹੋਰ ਵਧੇਰੇ ਤਿੱਖਾ ਕਰਨ ਦਾ ਹੁਲਾਰਾ ਦੇ ਗਈ, ਉਥੇ ਖੇਤਾਂ ਵਿੱਚ ਮਜ਼ਦੂਰਾਂ ਨਾਲ ਮਿਹਨਤਾਂ ਦੇ ਹਮਰਾਹੀ ਬਣਨ ਵਾਲੇ ਕਿਸਾਨਾਂ ਦੀ ਉਤਸ਼ਾਹਜਨਕ ਤੇ ਭਰਵੀਂ ਹਾਜ਼ਰੀ ਕਿਸਾਨ-ਮਜ਼ਦੂਰ ਏਕਤਾ ਨੂੰ ਆਮਲੀ ਜਾਮਾ ਪਹਿਨਾਉਂਦੀ ਹੋਈ ਨਜ਼ਰ ਆਈ। 
ਦੇਖ ਅਕੇਲਾ ਥਕ ਜਾਏਗਾ- ਮਿਲ ਕਰ ਬੋਝ ਉਠਾਨਾ--ਸਾਥੀ ਹਾਥ ਬੜਾਨਾ  
ਵਾਲੀ ਭਾਵਨਾ ਅੱਜ ਹਰ ਚੇਹਰੇ ਤੇ ਸਾਕਾਰ ਹੁੰਦੀ ਨਜਰ ਆ ਰਹੀ ਸੀ। ਇਹ ਭਾਵਨਾ ਅੱਜ ਸਿਰਫ ਕਿਰਤ ਲਈ ਨਹੀਂ ਬਲਕਿ ਸਮਾਜ ਦੇ ਗਲ ਆ ਪਈਆਂ ਮੁਸੀਬਤਾਂ ਦੀਆਂ ਜੰਜੀਰਾਂ ਤੋੜ ਸੁੱਟਣ ਦੇ ਮਕਸਦ ਨੂੰ ਵੀ ਸਪਸ਼ਟ ਕਰ ਰਹੀ ਸੀ।  ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੇ ਨਾਲ ਹੋਰਨਾਂ ਖੇਤਰਾਂ ਦੀਆਂ ਕਿਰਤੀ ਔਰਤਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੁਲੀਅਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਭਾਵਨਾ ਅੱਜ ਅਸਮਾਨ ਛੂਹ ਰਹੀ ਸੀ। ਪੰਜਾਬ ਖੇਤ ਮਜ਼ਦੂਰ ਸਭਾ, ਸੀ ਪੀ ਆਈ ਪੰਜਾਬ, ਪੰਜਾਬ ਕਿਸਾਨ ਸਭਾ, ਏਟਕ ਆਦਿ ਦੇ ਸੱਦੇ ਨੂੰ ਪੰਜਾਬ ਦੇ ਕਿਰਤੀ ਵਰਗ ਨੇ ਇੰਨਾ ਵੱਡਾ ਹੁੰਗਾਰਾ ਦਿੱਤਾ ਕਿ ਪ੍ਰਬੰਧਕਾਂ ਵੱਲੋਂ ਬੈਠਣ ਵਾਸਤੇ ਕੀਤੇ ਗਏ ਪ੍ਰਬੰਧ ਨਾ ਕਾਫੀ ਸਾਬਤ ਹੋ ਗਏ। ਲਾਲੋ-ਲਾਲ ਹੋਇਆ ਮੋਹਾਲੀ ਸ਼ਹਿਰ ਕਿਰਤੀ ਵਰਗ ਦੇ ਸੰਘਰਸ਼ੀ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਜੋੜਦਾ ਮਹਿਸੂਸ ਹੋਇਆ। ਇਹ ਵਿਸ਼ਾਲ ਰੈਲੀ ਇੱਕ ਐਲਾਨ ਸੀ ਕਿ ਅਸੀਂ ਲੁੱਟ ਖਸੁੱਟ ਅਤੇ ਫਿਰਕੂ ਚਾਲਾਂ ਨੂੰ ਹੁਣ ਹੋਰ ਸਹਿਣ ਨਹੀਂ ਕਰਾਂਗੇ। 
ਦਿਲਾਂ ਅੰਦਰ ਭੜਕ ਰਹੇ ਗੁੱਸੇ ਕਾਰਨ ਲੋਕ ਸੰਘਰਸ਼ਾਂ ਦੇ ਰਾਹ ਤੁਰ ਪਏ ਹਨ 
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਨੇ ਆਪਣੀ ਤਕਰੀਰ ਵਿੱਚ ਜਿੱਥੇ ਭਾਰਤ ਵਿੱਚ ਕਿਰਤੀ ਲੋਕਾਂ ਦੀ ਦਿਨੋਂ-ਦਿਨ ਨਿੱਘਰ ਰਹੀ ਆਰਥਕ ਦਸ਼ਾ ਲਈ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ, ਉਥੇ ਅਮਰੀਕੀ ਸਮਰਾਜਵਾਦ ਤੇ ਉਸ ਦੇ ਪਿੱਠੂ ਸਾਊਦੀ ਅਰਬ ਵਰਗੇ ਮੁਲਕਾਂ ਵੱਲੋਂ ਦੁਨੀਆ ਵਿੱਚ ਫੈਲਾਏ ਜਾ ਰਹੇ ਫਾਸ਼ੀਵਾਦ ਦੀ ਸਖਤ ਨਿਖੇਧੀ ਵੀ ਕੀਤੀ। ਕਾਮਰੇਡ ਰੈਡੀ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆ ਕੇ ਭਾਰਤੀਆਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲਾ ਮੋਦੀ ਅੱਜ ਇਨ੍ਹਾਂ ਮਾਮਲਿਆਂ 'ਤੇ ਪੂਰੀ ਤਰਾਂ ਚੁੱਪ ਹੈ। ਮਹਿੰਗਾਈ ਨੂੰ ਨੱਥ ਪਾਉਣ ਦੇ ਵੀ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਜਿਹੜੇ ਖੋਖਲੇ ਸਾਬਤ ਹੋ ਰਹੇ ਹਨ। ਅੱਜ ਹਾਲਾਤ ਇਹ ਹਨ ਕਿ ਬਜ਼ਾਰ ਵਿੱਚ ਚਾਵਲ ਇੱਕ ਸੌ ਰੁਪਏ ਅਤੇ ਪਿਆਜ਼ 80 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਗਰੀਬਾਂ ਦੀ ਜ਼ਮੀਨ ਖੋਹ ਕੇ ਅਮੀਰਾਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਡਿਜੀਟਲ ਇੰਡੀਆ ਤੇ ਇਹੋ ਜਿਹੇ ਹੋਰ ਥੋਥੇ ਨਾਅਰਿਆਂ ਨਾਲ ਆਮ ਜਨਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਕਾਮਰੇਡ ਪੰਸਾਰੇ, ਡਾ. ਦਾਭੋਲਕਰ ਅਤੇ ਕੁਲਬਰਗੀ ਵਰਗੇ ਖੱਬੇ ਪੱਖੀ ਚਿੰਤਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੇਖਕ ਕੀ ਲਿਖਣ, ਲੋਕ ਕੀ ਖਾਣ ਤੇ ਕੀ ਪਹਿਨਣ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਕਾਮਰੇਡ ਰੈਡੀ ਨੇ ਕਿਹਾ ਕਿ ਇਸ ਕਿਸਮ ਦੇ ਫਾਸ਼ੀਵਾਦ ਵਿਰੁੱਧ ਲੋਕਾਂ ਅੰਦਰ ਗੁੱਸਾ ਲਗਾਤਾਰ ਵਧ ਹੀ ਨਹੀਂ ਰਿਹਾ ਸਗੋਂ ਤਿੱਖਾ ਹੁੰਦਾ ਜਾ ਰਿਹਾ ਹੈ।  ਦਿਲਾਂ ਅੰਦਰ ਭੜਕ ਰਹੇ ਇਸ ਕ੍ਰੋਧ ਅਗਨੀ ਕਾਰਨ ਹੀ ਓਹ  ਸੰਘਰਸ਼ਾਂ ਦੇ ਰਾਹ ਪੈ ਰਹੇ ਹਨ। ਲੰਘੀ ਦੋ ਸਤੰਬਰ ਦੀ ਦੇਸ਼ ਵਿਆਪੀ ਮਜ਼ਦੂਰ ਹੜਤਾਲ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਉਸ ਹੜਤਾਲ ਵਿੱਚ 15 ਕਰੋੜ ਲੋਕਾਂ ਦਾ ਭਾਗ ਲੈਣਾ ਕਿਰਤੀ ਲੋਕਾਂ ਲਈ ਹੌਸਲੇ ਵਾਲੀ ਗੱਲ ਸੀ।
ਸਾਥੀ ਸੁਧਾਕਰ ਰੈਡੀ ਨੇ ਰੈਲੀ ਦੌਰਾਨ ਸਾਮਰਾਜੀ ਤਾਕਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇਰਾਕ, ਅਫ਼ਗਾਨਿਸਤਾਨ, ਲਿਬੀਆ ਨੂੰ ਜੰਗਾਂ ਨਾਲ ਤਬਾਹ ਕੀਤਾ ਤੇ ਫਿਰ ਅਤਿਵਾਦ ਦਹਿਸ਼ਤਗਰਦੀ ਨੂੰ ਸ਼ਹਿ ਦਿੱਤੀ, ਜਿਸਦੇ ਨਤੀਜੇ ਵਜੋਂ ਅੱਜ ਹਾਲਾਤ ਇਹ ਬਣ ਗਏ ਹਨ ਕਿ ਮੱਧ-ਪੂਰਬੀ ਦੇਸ਼ਾਂ ਵਿੱਚੋਂ ਲੱਖਾਂ ਲੋਕ ਸ਼ਰਨਾਰਥੀ ਬਣਕੇ ਯੂਰਪ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਸ਼ਹਿਰੀ ਤੇ ਪੇਂਡੂ ਮਿਹਨਤਕਸ਼ਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾ ਰਹੀ ਹੈ ਅਤੇ ਨਿਗਮਾਂ ਦੀ ਸੇਵਾ ’ਤੇ ਲੱਗੀ ਹੋੲੀ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਜਥੇਬੰਦੀ ਬਣਾਉਣ ਦੇ ਹੱਕ ’ਤੇ ਵੀ ਹਮਲੇ ਕੀਤੇ ਜਾ ਰਹੇ ਹਨ, ਪਹਿਲਾਂ ਸਿਰਫ ਸੱਤ ਮਜ਼ਦੂਰ ਆਪਣੀ ਯੂਨੀਅਨ ਬਣਾ ਕੇ ਰਜਿਸਟਰ ਕਰਾ ਸਕਦੇ ਸਨ ਤੇ ਹੁਣ ਇਹ ਸ਼ਰਤ 100 ਮਜ਼ਦੂਰਾਂ ਤੱਕ ਵਧਾ ਦਿਤੀ ਹੈ। ਵੱਡਿਆਂ ਕਾਰਖਾਨਿਆਂ ਵਿੱਚ  ਘੱਟੋ-ਘੱਟ 1000 ਮਜ਼ਦੂਰ ਹੀ ਯੂਨੀਅਨ ਬਣਾ ਸਕਦੇ ਹਨ। ਪੇਂਡੂ ਮਿਹਨਤਕਸ਼ਾਂ ਉਤੇ ਵੀ ਮੋਦੀ ਸਰਕਾਰ ਨੇ ਹਮਲਾ ਕੀਤਾ ਹੈ ਪਹਿਲਾਂ ਮਨਰੇਗਾ ਲਈ 50000 ਕਰੋੜ ਰੁਪਏ ਰੱਖੇ ਗਏ ਸਨ ਪਰ ਹੁਣ ਘਟਾ ਕੇ ਸਿਰਫ 27000 ਕਰੋੜ ਕਰ ਦਿੱਤੇ ਗਏ ਹਨ। ੳੁਨ੍ਹਾਂ ਦੋਸ਼ ਲਾਇਅਾ ਕਿ ਕੇਂਦਰ ਸਰਕਾਰ ਲੋਕਾਂ ਦੇ ਖਾਣ-ਪੀਣ, ਪਹਿਨਣ ’ਤੇ ਬੰਦਿਸ਼ਾਂ ਲਾ ਰਹੀ ਹੈ, ਜਿਸ ਦੀ ਸੁਪਰੀਮ ਕੋਰਟ ਨੇ ਵੀ ਨਿਖੇਧੀ ਕੀਤੀ ਹੈ।
ਸ੍ਰੀ ਰੈਡੀ ਨੇ ਕਿਹਾ ਕਿ ਸਨਅਤੀ ਅਤੇ ਸੇਵਾਵਾਂ ਦੇ ਮਿਹਨਤਕਸ਼ਾਂ ਵਾਂਗ ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਲੜਾਈ ਲੜਨੀ ਪੈਣੀ ਹੈ ਤਾਂ ਜੋ ਉਨ੍ਹਾਂ ਦੀਆਂ ਜ਼ਮੀਨ, ਰੁਜ਼ਗਾਰ, ਮੁਨਾਸਬ ਉਜਰਤਾਂ, ਸਮਾਜਿਕ ਸੇਵਾਵਾਂ, ਘਰਾਂ,  3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਆਦਿ ਮੰਗਾਂ ਮਨਵਾਈਆਂ ਜਾ ਸਕਣ। ਇਸ ਦੇ ਲੲੀ ਸਾਂਝੇ ਅੰਦੋਲਨ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ, ਜਿਸ ਦੇ ਲੲੀ ਭਾਰਤੀ ਕਮਿਊਨਿਸਟ ਪਾਰਟੀ ਪੂਰਾ ਸਮਰਥਨ ਦੇਵੇਗੀ।
ਅੱਜ ਦੀ ਰੈਲੀ ਦੀ ਸਫਲਤਾ ਲਈ ਕਾਮਰੇਡ ਰੈਡੀ ਨੇ ਯੂਨੀਅਨ ਦੀ ਲੀਡਰਸ਼ਿਪ ਅਤੇ ਕਿਰਤੀ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸੰਘਰਸ਼ਾਂ ਦੀ ਅਗਵਾਈ ਕਰਨ ਅਤੇ ਸੀ ਪੀ ਆਈ ਸਮੇਤ ਖੱਬੀਆਂ ਧਿਰਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤਨਦੇਹੀ ਨਾਲ ਸਾਥ ਦੇਣਗੀਆਂ। 
ਲਾਲ ਝੰਡੇ ਵਾਲੇ ਲੋਕ ਮੋਦੀ ਦੀ ਮਨਮਾਨੀ ਬੰਦ ਕਰਵਾ ਕੇ ਹੀ ਸਾਹ ਲੈਣਗੇ
ਇਸ ਵਿਸ਼ਾਲ ਰੈਲੀ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਨਾਗੇਂਦਰ ਨਾਥ ਓਝਾ ਨੇ ਆਪਣੀ ਤਕਰੀਰ ਵਿੱਚ ਖੇਤ ਮਜ਼ਦੂਰਾਂ ਵੱਲੋਂ 1962 ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਗਾਥਾ ਬਿਆਨ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਬੇਸ਼ੱਕ ਮਜ਼ਦੂਰਾਂ ਨੇ ਗੋਲੀਆਂ ਖਾਧੀਆਂ, ਪਰ ਗਿਣਨਯੋਗ ਪ੍ਰਾਪਤੀਆਂ ਵੀ ਕੀਤੀਆਂ। ਇਨ੍ਹਾਂ ਵਿੱਚ ਭੂਮੀ ਸੁਧਾਰ ਵਰਗੇ ਕਾਨੂੰਨ ਪਾਸ ਕਰਵਾਉਣੇ ਸ਼ਾਮਲ ਹਨ। 
ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਦੀ ਗੱਲ ਕਰਦਿਆਂ ਮਜ਼ਦੂਰ ਆਗੂ ਨੇ ਕਿਹਾ ਕਿ ਉਹ ਮਨ ਦੀ ਗੱਲ ਨਹੀਂ ਸਗੋਂ ਮਨਮਾਨੀ ਕਰਦਾ ਹੈ। ਉਨ੍ਹਾ ਕਿਹਾ ਕਿ ਲਾਲ ਝੰਡੇ ਵਾਲੇ ਲੋਕ ਮੋਦੀ ਦੀ ਮਨਮਾਨੀ ਬੰਦ ਕਰਵਾ ਕੇ ਹੀ ਸਾਹ ਲੈਣਗੇ। ਇਹ ਸਾਡਾ ਸੰਕਲਪ ਹੈ।  ਇਹੀ ਸਾਡਾ ਐਲਾਨ ਹੈ। ਇਹੀ ਸਾਡਾ ਮਕਸਦ ਹੈ। ਇਸ ਮਨਮਾਨੀ ਨੂੰ ਬੰਦ ਕਰਾਉਣ ਸਮੇਂ ਦੀ ਜਰੂਰੀ ਲੋੜ ਹੈ। 
ਕਿਸਾਨ ਖੁਦਕੁਸ਼ੀਆਂ ਨਾ ਕਰਨ, ਸਗੋਂ ਲੜਾਈ ਲੜਨ
ਮੋਦੀ ਸਰਕਾਰ ਅਤੇ ਆਰ ਐੱਸ ਐੱਸ ਵੱਲੋਂ ਧਰਮ ਦੀ ਪਹਿਰੇਦਾਰੀ ਦੇ ਅਲੰਬਰਦਾਰ ਹੋਣ ਦੇ ਦਾਅਵਿਆਂ ਦੀ ਗੱਲ ਕਰਦਿਆਂ ਕਾਮਰੇਡ ਓਝਾ ਨੇ ਕਿਹਾ ਕਿ ਧਰਮ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਇਨ੍ਹਾਂ ਦਾ ਦੇਵਤਾ ਅੰਬਾਨੀ ਹੈ ਅਤੇ ਭਗਵਾਨ ਅਡਾਨੀ ਹੈ। ਮਜ਼ਦੂਰ ਆਗੂ ਨੇ ਆਪਣੇ ਸਹਿਯੋਗੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਨਾ ਕਰਨ, ਸਗੋਂ ਲੜਾਈ ਲੜਨ। 
ਕਾਮਰੇਡ ਓਝਾ ਨੇ ਵਿਸ਼ਾਲ ਰੈਲੀ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਹੀ ਕਿਰਤੀ ਲੋਕਾਂ ਦੀ ਲਹਿਰ ਨੂੰ ਨਵੇਂ ਖੰਭ ਲੱਗਣਗੇ। ਏਥੋਂ ਹੀ ਗੂੰਜੇਗਾ ਕ੍ਰਾਂਤੀ ਦਾ ਬਿਗਲ। 
ਸੀ ਪੀ ਆਈ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਰੈਲੀ ਲੋਕ ਸੰਘਰਸ਼ਾਂ ਨੂੰ ਨਵਾਂ ਤੇ ਤਿਖੇਰਾ ਰੂਪ ਦੇਣ ਦੇ ਆਗਾਜ਼ ਦੀ ਸੂਚਿਕ ਹੈ। ਰੈਲੀ ਵਿੱਚ ਕਿਰਤੀ ਔਰਤਾਂ ਦਾ ਆਪਣੇ ਬੱਚੇ ਗੋਦ ਵਿੱਚ ਲੈ ਕੇ ਸ਼ਾਮਲ ਹੋਣਾ, ਵੀ ਵੱਡੀ ਅਹਿਮੀਅਤ ਰੱਖਦਾ ਹੈ। ਉਨ੍ਹਾ ਪੰਜਾਬ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਰੈਲੀ ਵਿੱਚ ਮਜ਼ਦੂਰ ਕਿਸਾਨਾਂ ਦੀਆਂ ਆਪਸੀ ਗਲਵਕੜੀਆਂ ਇਨ੍ਹਾਂ ਦੋਹਾਂ ਕਿਰਤੀ ਧਿਰਾਂ ਦੀ ਅਸਲੀ ਏਕਤਾ ਦਾ ਮੰਜ਼ਰ ਪੇਸ਼ ਕਰ ਰਹੀਆਂ ਹਨ। 
ਕਾਮਰੇਡ ਅਰਸ਼ੀ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕੱਤਰ ਸੈਂਕੜੇ ਡੈਲੀਗੇਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਉਂਦੇ ਤਿੰਨ ਦਿਨਾਂ ਦੇ ਮੰਥਨ ਦੁਆਰਾ ਭਾਰਤੀ ਲੋਕਾਂ ਦੀ ਖੇਤੀ ਆਰਥਿਕਤਾ ਦੀ ਰੂਪ-ਰੇਖਾ ਉਲੀਕਣਗੇ। 
ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਪੰਜਾਬ 'ਚ ਹੀ ਹੋਈ ਸੀ : ਦਿਆਲ
ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਖੇਤ ਮਜ਼ਦੂਰਾਂ ਦੀ ਯੂਨੀਅਨ ਦੀ ਸਥਾਪਨਾ ਵੀ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਈ ਸੀ ਤੇ ਅੱਜ ਕਿਰਤੀ ਲੋਕਾਂ ਵਿੱਚ ਨਵੀਂ ਨਰੋਈ ਰੂਹ ਵੀ ਪੰਜਾਬ ਵਿੱਚ ਹੀ ਫੂਕੀ ਗਈ ਹੈ। 
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਟੇਜ ਦੀ ਸਮੁੱਚੀ ਕਾਰਵਾਈ ਚਲਾਈ। ਸਭਾ ਦੇ ਪ੍ਰਧਾਨ ਕਾਮਰੇਡ ਸਵਰਨ ਸਿੰਘ ਨਾਗੋਕੇ ਨੇ ਰੈਲੀ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਖੇਤ ਮਜ਼ਦੂਰਾਂ, ਅਨਾਜ ਸਨਅਤ, ਕੱਪੜਾ ਸਨਅਤ ਅਤੇ ਹੋਰ ਸਨਅਤਾਂ ਦੀ ਕੌਮਾਂਤਰੀ ਯੂਨੀਅਨ ਦੇ ਜਨਰਲ ਸਕੱਤਰ ਯੂਲੀਅਨ ਹੱਕ ਨੇ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 
ਰੈਲੀ ਨੂੰ ਸੀ ਪੀ ਆਈ ਦੀ ਕੌਮੀ ਸਕੱਤਰ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਤੋਂ ਇਲਾਵਾ ਏਟਕ ਦੇ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਵੀ ਐੱਸ ਨਿਰਮਲ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ, ਕਾਮਰੇਡ ਕੇ ਈ ਇਸਲਾਈਲ, ਏ ਰਾਮਾ ਮੂਰਤੀ, ਵੀ ਵਾਲੇਸ਼, ਐੱਚ ਹਲੀਫਾ ਆਦਿ ਨੇ ਵੀ ਸੰਬੋਧਨ ਕੀਤਾ। 
ਕਿਰਤੀਆਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ
ਰੈਲੀ ਵਿਚ ਲੋਕ ਸਵੇਰੇ 9 ਵਜੇ ਆਉਣੇ‘ਸ਼ੁਰੂ ਹੋ ਗਏ ਸਨ। 12 ਵਜੇ ਤੱਕ ਹਜ਼ਾਰਾਂ ਕੁਰਸੀਆਂ ਅਤੇ ਸਟੇਜ ਅੱਗੇ ਰੱਖੀ ਖਾਲੀ ਥਾਂ ਵੀ ਪੂਰੀ ਤਰ੍ਹਾਂ ਭਰ ਗਈ। ਰੈਲੀ ਦੇ ਆਲੇ-ਦੁਆਲੇ ਹਜ਼ਾਰਾਂ ਲੋਕ ਦਰੱਖਤਾਂ ਦੀ ਛਾਂ ਹੇਠ ਦੂਰ-ਦੂਰ ਤਕ ਖੜ੍ਹੇ ਸਨ। ਇਕ ਵਿਸ਼ੇਸ਼ ਪਹਿਲੂ ਸੀ ਕਿ ਔਰਤਾਂ ਦੀ ਗਿਣਤੀ ਸਮੁੱਚੀ ਰੈਲੀ ਵਿਚ ਅੱਧ ਤੱਕ ਸੀ, ਜੋ ਕੁੱਛੜ ਬੱਚੇ ਲੈ ਕੇ ਆਈਆਂ ਸਨ। ਕਈ ਥਾਂ ਔਰਤਾਂ ਆਪਣੇ ਨਾਲ ਆਏ ਬੱਚਿਆਂ ਅਤੇ ਮਜ਼ਦੂਰ ਸਾਥੀਆਂ ਨਾਲ ਘਰੋਂ ਲਿਆਂਦੀਆਂ ਰੋਟੀਆਂ ਆਚਾਰ ਨਾਲ ਖਾਂਦੀਆਂ, ਲੰਗਰ ਲਾਉਂਦੀਆਂ ਵੀ ਵੇਖੀਆਂ ਗਈਆਂ। ਅਮੀਰ ਪਾਰਟੀਆਂ ਵਾਂਗ ਸਮੋਸੇ, ਬਰੈੱਡ ਪਕੌੜੇ ਆਦਿ ਦਾ ਪ੍ਰਬੰਧ ਨਹੀਂ ਸੀ, ਪਰ ਮਿਹਨਤਕਸ਼ ਲੋਕ ਰੁੱਖੀ-ਮਿਸੀ ਆਚਾਰ ਨਾਲ ਖਾ ਕੇ ਖੁਸ਼ੀ-ਖੁਸ਼ੀ ਖੇਤ ਮਜ਼ਦੂਰ ਜ਼ਿੰਦਾਬਾਦ ਅਤੇ ਆਪਣੀਆਂ ਮੰਗਾਂ ਦੇ ਨਾਅਰੇ ਲਾਉਂਦੇ ਰੈਲੀ ਵਿਚ ਪਹੁੰਚ ਰਹੇ ਸਨ।

No comments: