Wednesday, September 02, 2015

ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਖਿਲਾਫ਼ ਦੇਸ਼ ਭਰ ਵਿੱਚ ਮੁਕੰਮਲ ਹੜਤਾਲ ਦਾ ਦਾਅਵਾ

ਟਰੇਡ ਯੂਨੀਅਨਾਂ ਨੇ ਕੀਤਾ ਮੁਕੰਮਲ ਅਤੇ ਸਫਲ ਹੜਤਾਲ ਦਾ ਦਾਅਵਾ
ਨਵੀਂ ਦਿੱਲੀ: 2 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਲੇਬਰ ਕਾਨੂੰਨ 'ਚ ਸੋਧ ਦੇ ਪ੍ਰਸਤਾਵ ਖਿਲਾਫ 11 ਟਰੇਡ ਯੂਨੀਅਨਾਂ ਦੇ 15 ਕਰੋੜ ਤੋਂ ਵਧ ਮੈਂਬਰ ਅੱਜ ਹੜਤਾਲ 'ਤੇ ਹਨ। ਰਿਜਰਵ ਬੈਂਕ, ਨਬਾਰਡ, ਸਿਡਬੀ ਤੇ ਪੋਸਟ ਆਫਿਸ ਦੇ ਮੁਲਾਜਮ ਵੀ ਹੜਤਾਲ 'ਚ ਸ਼ਾਮਲ ਹਨ। ਇਸ ਹੜਤਾਲ ਤੋਂ 25 ਸਰਕਾਰੀ ਤੇ 11 ਪ੍ਰਾਈਵੇਟ ਬੈਕਾਂ ਦੇ ਕੰਮ ਕਾਜ 'ਤੇ ਅਸਲ ਪਿਆ ਹੈ। ਇਸ ਦੇ ਨਾਲ ਹੀ ਟਰਾਂਸਪੋਰਟ, ਗੈਸ ਤੇ ਬਿਜਲੀ ਸਪਲਾਈ 'ਤੇ ਵੀ ਮਾੜਾ ਅਸਰ ਪਿਆ ਹੈ। ਟਰੇਡ ਯੂਨੀਅਨਾਂ ਦੀ ਹੜਤਾਲ ਦੇ ਚੱਲਦਿਆਂ ਜਰੂਰੀ ਸੇਵਾਵਾਂ ਪ੍ਰਭਾਵਿਤ ਹੋਈਆਂ। ਹਾਲਾਂਕਿ, ਭਾਜਪਾ ਦੇ ਸਮਰਥਨ ਵਾਲੀ ਭਾਰਤੀ ਮਜਦੂਰ ਸੰਘ ਤੇ ਨੈਸ਼ਨਲ ਫਰੰਟ ਆਫ ਇੰਡੀਅਨ ਟਰੇਡ ਯੂਨੀਅਨ ਹੜਤਾਲ ਤੋਂ ਹੱਟ ਗਈਆਂ ਹਨ ਪਰ ਫਿਰ ਵੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਰਕਾਰ ਨੇ ਯੂਨੀਅਨਾਂ ਤੋਂ ਅਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਸੀ ਪਰ ਗੱਲਬਾਤ ਹਰ ਵਾਰ ਟੁੱਟ ਜਾਂਦੀ ਰਹੀ।
ਕੋਲਕਾਤਾ: ਸੀਪੀਆਈ (ਐਮ) ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿੱਚ ਤ੍ਰਿਣ ਮੂਲ ਕਾਂਗਰਸ ਅਤੇ ਸੂਬਾ ਪ੍ਰਸ਼ਾਸਨ ਵੱਲੋਂ ਰਲ ਕੇ ਕੀਤੀ ਸਖਤੀ ਦੇ ਬਾਵਜੂਦ ਹੜਤਾਲ ਕਾਮਯਾਬ ਰਹੀ। ਉੱਤਰੀ ਬੰਗਾਲ ਦੇ ਤਿੰਨ ਜ਼ਿਲਿਆਂ 'ਚ ਵਿੱਚ ਪੈਂਦੇ ਚਾਹ ਦੇ 202 ਬਾਗ ਪੂਰੀ ਤਰਾਂ ਬੰਦ ਰਹੇ। ਕੋਲਕਾਤਾ ਵਿੱਚ ਤਾਂ ਬਿਜਲੀ ਉੱਕਾ ਹੀ ਨਹੀਂ ਬਣ ਸਕੀ ਜਦਕਿ ਦੂਜੇ ਜ਼ਿਲਿਆਂ ਵਿੱਚ ਇਸਦਾ ਉਤਪਾਦਨ ਸਿਰਫ 30 ਕੁ ਫੀਸਦੀ ਹੀ ਹੋ ਸਕਿਆ।  ਪਾਰਟੀ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਅਤੇ ਪੋਲਿਸ ਨੇ ਹੜਤਾਲੀਆਂ 'ਤੇ ਬਹੁਤ ਸਖਤੀ ਕੀਤੀ। ਇਸੇ ਤਰਾਂ ਪੱਛਮੀ ਬੰਗਾਲ ਦੇਦੁਰਗਾਪੁਰੀ ਅਤੇ ਕਈ ਹੋਰ ਇਲਾਕਿਆਂ ਵਿੱਚ ਵੀ ਮੁਕੰਮਲ ਹੜਤਾਲ ਰਹੀ। 
ਲੁਧਿਆਣਾ: ਲੁਧਿਆਣਾ ਵਿੱਚ ਵੀ ਤਕਰੀਬਨ ਤਕਰੀਬਨ ਮੁਕੰਮਲ ਹੜਤਾਲ ਰਹੀ। ਬੈਕਿੰਗ ਖੇਤਰ ਦੇ ਮੁਲਾਜਮਾਂ ਨੇ ਜ਼ੋਰਦਾਰ ਮੁਜ਼ਾਹਰੇ ਕੀਤੇ, ਨਗਰਨਿਗਮ ਮੁਲਾਜਮਾਂ ਨੇ ਲੰਮੇ ਮਾਰਚ ਵੀ ਕਢੇ।  ਬੀਐਸਐਨਐਲ ਮੁਲਾਜ਼ਮਾਂ ਨੇ ਵੀ ਆਪੋ ਆਪਣੇ ਦਫਤਰਾਂ ਸਾਹਮਣੇ ਭਰਵੀਂ ਰੈਲਿਆਂ ਕੀਤੀਆਂ। ਹੋਜ਼ਰੀ ਵਰਕਰਾਂ ਨੇ ਮਾਸਟਰ ਫ਼ਿਰੋਜ਼ ਦੀ ਅਗਵਾਈ ਹੇਠ ਪੰਜਾਬੀ ਭਵਨ ਤੋਂ ਲੈ ਕੇ ਬਸ ਸਟੈਂਡ ਤੱਕ ਜੋਸ਼ੀਲਾ ਅਤੇ ਭਰਵਾਂ ਮਾਰਚ ਕੀਤਾ। ਕਾਮਰੇਡ ਗੁਰਨਾਮ ਸਿਧੂ ਹੈਬੋਵਾਲ ਅਤੇ ਨਾਲ ਲੱਗਦੇ ਇਲਾਕਿਆਂ ਤੋਂ ਜੱਥੇ ਲੈ ਕੇ ਆਏ। ਲੁਧਿਆਣਾ ਦੇ ਬਸ ਸਟੈਂਡ ਵਿਖੇ ਮਹਿਲਾ ਸ਼ਕਤੀ ਦਾ ਹੜ੍ਹ ਆਇਆ ਹੋਇਆ ਸੀ। ਕਦੇ ਕਿਸੇ ਹੜਤਾਲ ਵਿੱਚ ਏਨੀਆਂ ਔਰਤਾਂ ਹੋਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ।

1 comment:

ਦਰਸ਼ਨ said...

ਮੁਕੰਮਲ ਹਡ਼ਤਾਲ?? ਏਡਾ ਝੂਠ ਬੋਲਦੇ ਹੋਏ ਇਹਨਾਂ ਵੋਟ-ਵਟੋਰੂਆਂ ਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ। ਕੁਲ ਮਜ਼ਦੂਰਾਂ ਚੋਂ ਬਹੁਤ ਥੋਡ਼ੇ ਮਜ਼ਦੂਰ ਹਡ਼ਤਾਲ ਉੱਤੇ ਸਨ। ਲੁਧਿਆਣੇ ਦੀ ਗੱਲ ਕਰਦੇ ਹੋਂ ਤਾਂ .0000001 ਫੀਸਦੀ ਮਜ਼ਦੂਰ ਵੀ ਹਡ਼ਤਾਲ ਉੱਤੇ ਨਹੀਂ ਹੋਣੇ। ਬਜਾਜ ਸੰਸ ਚੋਂ ਮਜ਼ਦੂਰ ਰੈਲੀ ਚ ਗਏ ਸਨ। ਯੂਨੀਅਨ ਅਾਗੂ ਮਾਲਕਾਂ ਨਾਲ਼ ਮਿਲ ਕੇ ਚੱਲਦੇ ਹਨ। 2 ਸਤੰਬਰ ਦੀ ਛੁੱਟੀ ਬਦਲੇ ਕੱਲ ਐਤਵਾਰ ਨੂੰ ਕਾਰਖਾਨਾ ਚਲਾਇਆ ਜਾ ਰਿਹਾ ਹੈ।