Tuesday, September 01, 2015

ਕਿਸੇ ਵੀ ਵੇਲੇ ਛਿੜ ਸਕਦੀ ਹੈ ਪਾਕਿਸਤਾਨ ਨਾਲ ਜੰਗ?

ਜਨਰਲ ਸੁਹਾਗ ਨੇ ਫੌਜ ਨੂੰ ਕਿਹਾ-ਛੋਟੀ ਜੰਗ ਲਈ ਤਿਆਰ ਰਹੋ 
ਨਵੀਂ ਦਿੱਲੀ:1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਬਾਰ ਬਾਰ ਘੁਸਪੈਠ, ਬਾਰ ਬਾਰ ਫਾਇਰਿੰਗ, ਬਾਰ ਬਾਰ ਜੰਗਬੰਦੀ ਦੀ ਉਲੰਘਣਾ....ਅਜਿਹਾ ਬੜਾ ਕੁਝ ਹੈ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦਰਮਿਆਨ ਬਾਰੂਦ ਦੀ ਦੀਵਾਰ ਵਾਂਗ ਬਣਦਾ ਜਾ ਰਿਹਾ ਹੈ। ਇਸਦੇ ਨਾਲ ਨਾਲ ਸਿਆਸੀ ਆਗੂਆਂ ਦੇ ਗਰਮਾ ਗਰਮ ਬਿਆਨ ਅਤੇ ਦੋਹਾਂ ਦੇਸ਼ਾਂ ਦੇ ਕੁਝ ਕੁ ਲੋਕਾਂ ਦਰਮਿਆਨ ਵਧ ਰਹੀ ਨਫਰਤ ਕਿਸੇ ਵੀ ਵੇਲੇ ਜੰਗ ਦੇ ਰੂਪ ਵਿੱਚ ਸਾਹਮਣੇ ਆ ਸਕਦੀ ਹੈ। 
ਥਲ ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਸਰਹੱਦ 'ਤੇ ਲਗਾਤਾਰ ਹੋ ਰਹੀ ਜੰਗ ਬੰਦੀ ਦੀ ਉਲੰਘਣਾ ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮੱਦੇਨਜਰ ਸੈਨਾ ਨੂੰ ਸੰਖੇਪ ਜੰਗਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਆਰਮੀ ਚੀਫ 1965 ਦੀ ਜੰਗ 'ਤੇ ਹੋ ਰਹੇ ਸੈਮੀਨਾਰ ਦੇ ਮੌਕੇ 'ਤੇ ਤਿੰਨਾਂ ਸੈਨਾਵਾਂ ਨੂੰ ਸੰਬੋਧਨ ਕਰ ਰਹੇ ਸਨ। ਜੰਮੂ ਕਸ਼ਮੀਰ ਵਿੱਚ ਬੇਚੈਨੀ ਪੈਦਾ ਕਰਨ ਲਈ ਪਾਕਿਸਤਾਨ ਉੱਪਰ "ਨਵੇਂ ਨਵੇਂ ਢੰਗ ਤਰੀਕੇ" ਵਰਤਣ ਦਾ ਦੋਸ਼ ਲਾਉਂਦਿਆਂ ਉਹਨਾਂ ਸਾਫ਼ ਕਿਹਾ ਕਿ ਭਾਰਤ ਵੀ ਭਵਿੱਖ ਵਿੱਚ ਤੇਜ਼ ਅਤੇ ਛੋਟੀ ਜੰਗ ਲਈ ਤਿਆਰ ਰਹੇਗਾ। ਉਹਨਾਂ ਇਸਨੂੰ Swift and Short ਜੰਗ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਵਿੱਖ 'ਚ ਹੋਣ ਵਾਲੀੇ ਛੋਟੀ ਜੰਗ ਦੀ ਚੇਤਾਵਨੀ ਲਈ ਸਮਾਂ ਬਹੁਤ ਹੀ ਘੱਟ ਹੋਵੇਗਾ। ਅਜਿਹੇ ਹਾਲਾਤ ਵਿੱਚ 'ਚ ਆਪਰੇਸ਼ਨਲ ਤਿਆਰੀਆਂ ਨੂੰ ਹਰ ਵਕਤ ਉਚ ਪੱਧਰੀ ਰੱਖਣਾ ਬੇਹੱਦ ਰੂਰੀ ਹੁੰਦਾ ਹੈ। ਅੱਜ ਦੇ ਹਾਲਾਤ ਵਿੱਚ ਜਿਹੜੀ ਰਣਨੀਤੀ ਅਪਨੀ ਜਾਂਦੀ ਹੈ ਉਸ ਲਈ ਇਸਦਾ ਧਿਆਨ ਰੱਖਣਾ ਬਹੁਤ ਹੀ ਅਹਿਮ ਹੁੰਦਾ ਹੈ। ਸਮਾਂ ਘੱਟ ਅਤੇ ਨਿਸ਼ਾਨੇ ਨਿਸਚਿਤ ਹੁੰਦੇ ਹਨ। ਇਸ ਸੈਮੀਨਾਰ ਵਿੱਚ ਰੱਖਿਆ ਮੰਤਰੀ ਮਨੋਹਰ ਪਰਿਕਰ ਵੀ ਮੌਜੂਦ ਸਨ।  ਉਨਾਂ 1965 ਦੀ ਜੰਗ ਵਾਲੀਆਂ ਯਾਦਾਂ ਸਾਂਝੀਆਂ ਕਰਦਿਆਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦ ਵੀ ਕਰਾਈ। 
ਖੈਰ ਹੁਣ ਦੇਖਣਾ ਇਹ ਹੈ ਕਿ ਅਜਿਹੇ ਜੰਗ ਵਾਲੇ ਹਾਲਾਤਾਂ ਵਿੱਚ ਉਹਨਾਂ ਸ਼ਕਤੀਆਂ ਦਾ ਕੀ ਬੰਗੇ ਜਿਹੜੀਆਂ ਦੋਹਾਂ ਮੁਲਕਾਂ ਦਰਮਿਆਨ ਪ੍ਰੇਮ ਪਿਆਰ ਵਾਲੇ ਫੁਲ ਖਿੜਾਉਣ ਲਈ ਸਰਗਰਮ ਹਨ।  

No comments: