Monday, September 28, 2015

“ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ“–ਲਾਲ ਸਿੰਘ

ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ
ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ। ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ। ਮੌਜੂਦਾ ਪੰਜਾਬੀ ਕਹਾਣੀਕਾਰਾਂ ਵਿੱਚ ਉਸਦਾਂ ਨਾਂ ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਵਰਗੇ ਪ੍ਰਮੁੱਖ ਕਹਾਣੀਕਾਰਾਂ ਦੇ ਨਾਲ ਨਾਲ ਆਉਂਦਾ ਹੈ। ਦੁਆਬੇ ਦੇ ਪਿੰਡ ਝੱਜਾਂ ਜਿਲ੍ਹਾ ਹੋਸ਼ਿਆਰਪੁਰ (ਹੁਣ ਵਾਸੀ ਦਸੂਹਾ) ਦੇ ਜੰਮਪਲ ਹੋਣ ਕਾਰਨ ਉਸ ਦੀਆਂ ਕਹਾਣੀਆਂ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ। ਉਹ ਲੋਕ-ਹਿਤੂ ,ਮਨੁੱਖ ਹਿਤੈਸ਼ੀ ਤੇ ਅਗਾਂਹ ਵਧੂ ਸੋਚ  ਅਤੇ ਰੁਚੀ ਰੱਖਣ ਵਾਲਾ ਹੈ। ਇਕ ਲੇਖਕ ਵਜੋਂ ਉਹ ਵੱਖ-ਵੱਖ ਵਿਸ਼ਿਆਂ ਉੱਤੇ ਕਲਮ ਅਜਮਾਉਣ ਵਿੱਚ ਸਫਲ ਹੋਇਆ ਹੈ। ਉਸਦੀ ਸਮੁੱਚੀ ਰਚਨਾ ਵਿੱਚ ਕਮਾਲ ਦੀ ਸਹਿਜਤਾ ਹੈਪੰਜਾਬ ਦੀ ਦੁਖਾਂਤਕ ਸਥਿਤੀ ਨੂੰ ਅਨੁਭਵ ਕਰਦੇ ਹੋਏ ਵੱਖ ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਉਸ ਨੇ ਬਹੁਤ ਸਾਰੀਆਂ ਕਹਾਣੀਆਂ ਸਾਧਾਰਨ ਪਾਠਕਾਂ ਦੀ ਬਜਾਇ ਵਿਦਵਾਨਾਂ, ਬੁੱਧੀਮਾਨ ਪਾਠਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ। ਮਤਲਬ ਇਹ ਕਿ ਉਸਦੀਆਂ ਕਹਾਣੀਆਂ ਪੜ੍ਹਨ ਵੇਲੇ ਪਾਠਕਾਂ ਨੂੰ ਪੂਰੇ ਸੁਚੇਤ ਰਹਿਣਾ ਪੈਂਦਾ ਹੈ। ਅਧਿਆਪਨ ਪਿੱਠਭੂਮੀ ਹੋਣ ਕਰਕੇ ਸਕੂਲਾਂ ਦੇ ਵਾਤਾਵਰਨ ਨੂੰ ਬਾਖੂਬੀ ਚਿਤਰਿਆ ਹੈ। ਪ੍ਰਾਪਤ ਸਮਾਜ ਵਿਵਸਥਾ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਪ ਕਰਨ ਲਈ ਆਪਣੀ ਕਲਮ ਰਾਹੀਂ ਮਾਰਕਸਵਾਦੀ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਕਿਰਤਾਂ ਦੀ ਉਸਨੇ ਸਿਰਜਣਾ ਕੀਤੀ ਹੈ। ਲਾਲ ਸਿੰਘ ਕੋਲ ਸਾਫ,ਨਿਧੜਕ ਤੇ ਸਪੱਸ਼ਟ ਗੱਲ ਕਹਿਣ ਦੀ ਸਮਰੱਥਾ ਹੇ।  ਸਾਦਾ ਜੀਵਨ ਬਤੀਤ ਕਰਦੇ ਦੁਆਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਕਹਾਣੀਕਾਰ ਦੇ ਹੁਣ ਤੱਕ ਛੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਮਾਰਖੋਰੇ (1984), ਬਲੌਰ (1986) , ਧੁੱਪ-ਛਾਂ (1990) , ਕਾਲੀ ਮਿੱਟੀ (1996), ਅੱਧੇ ਅਧੂਰੇ (2003) ਅਤੇ ਗੜ੍ਹੀ ਬਖ਼ਸ਼ਾ ਸਿੰਘ (2009) ਨਾਲ ਪੰਜਾਬੀ ਸਾਹਿਤਕ ਖੇਤਰ ਵਿੱਚ ਇੱਕ ਸਮਰੱਥ ਕਹਾਣੀਕਾਰ ਵੱਜੋਂ ਉਸ ਦੀ ਚਰਚਾ ਹੁੰਦੀ ਹੈ। ਲਾਲ ਸਿੰਘ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਹ ਵਰਗਾਂ ਦੀ ਗੱਲ ਕਰਦਾ ਹੈ, ਲੁੱਟ-ਖਸੁੱਟ ਦੀ ਗੱਲ ਕਰਦਾ ਹੈ ਅਥਵਾ ਸਮਾਜ ਦੇ ਸਾਰੇ ਪੱਖਾਂ ਦੀ ਗੱਲ ਕਰਦਾ ਹੈ। ਕਥਾ–ਸੰਗ੍ਰਹਿ ਧੁੱਪ-ਛਾਂ ਵਿੱਚ ਪ੍ਰਸਤੁਤ ਸੱਤ ਕਹਾਣੀਆਂ ਸਮਾਜ ਦੇ ਸਭਿਆਚਾਰਕ, ਆਰਥਿਕ ਅਤੇ ਰਾਜਨੀਤਕ ਪੱਖਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਰਾਜਨੀਤੀ ਨੂੰ ਆਧਾਰ ਬਣਾ ਕੇ ਪਿੰਡ ਦੇ ਗਰੀਬ ਸ਼ੇਣੀ ਦੇ ਹੋਏ ਸ਼ੋਸ਼ਣ, ਜਾਤ ਪਾਤ ਪੱਖੋਂ ਉਤਪੀੜਤ ਹੋਈ ਨਿਮਨ ਸ਼੍ਰੇਣੀ ਦੀ ਸਮਾਜਕ ਸਥਿਤੀ ਨੂੰ ਦਰਸਾਉਣ, ਗਰੀਬ ਤਬਕੇ ਤੇ ਲੋਟੂ ਲੋਕਾਂ ਦੇ ਅੱਤਿਆਚਾਰ। ਆਧੁਨਿਕ ਤਕਨੀਕੀ ਯੁੱਗ ਵਿੱਚ ਕੁਰਸੀ ਦੀ ਪ੍ਰਾਪਤੀ ਲਈ ਧਰਮ ਕਰਮ ਦੀ ਜ਼ਰੂਰਤ , ਦਲਿਤ ਵਰਗ ਲਈ ਚਿੰਤਨ, ਜਾਗੀਰਦਾਰੀ ਸਮਾਜ ਵੱਲੋਂ ਕੀਤੀ ਜਾਦੀਂ ਲੁੱਟ,ਪੰਜਾਬ ਦੇ ਸੰਕਟ ਨੂੰ ਪ੍ਰਤੀਕਾਰਤਮਕ ਰੂਪ ਨਾਲ ਪੇਸ਼ਕਾਰੀ, ਅਖੌਤੀ ਵਿਗਿਆਨੀਆਂ,ਖੋਜੀਆਂ ,ਰੀਸਰਚ ਸਕਾਲਰਾਂ ਦੇ ਕਟਾਂਕਸ਼, ਸਮਾਜ ਦੀ ਸੇਵਾ ਲਈ ਸੰਘਰਸ਼ਮਈ ਰਸਤਾ ਅਪਨਾਉਣ ਦੇ ਸੰਦੇਸ਼ , ਲੇਖਕਾਂ ਦੀ ਪ੍ਰਕਾਸ਼ਕਾਂ ਵੱਲੋਂ ਹੁੰਦੀ ਲੁੱਟ ਸਮੇਤ ਸਮਾਜ ਵਿੱਚ ਅੱਤਿਆਚਾਰ, ਭ੍ਰਿਸ਼ਟਾਚਾਰ ਆਦਿ ਸਮਾਜਿਕ ਬੁਰਾਈਆਂ ਨੇ ਸਮਾਜਕ ਰਿਸ਼ਤਿਆਂ ,ਕਰਜਿਆਂ ਨਾਲ ਨਿਰੰਤਰ ਭੰਨੀ ਕਿਸਾਨੀ ਦਾ ਆਰਥਿਕ ਤੇ ਸਮਾਜਿਕ ਨਿਘਾਰ,ਭਾਰਤੀ ਸਮਾਜ ਵਿੱਚ ਲਗੀਆਂ ਜਾਤੀ ਪਾਤੀ ਵਿਵਸਥਾ ਦੀਆਂ ਡੂੰਘੀਆਂ ਤੇ ਮਜਬੂਤ ਜੜ੍ਹਾਂ, ਲੋਕਾਂ ਦੇ ਅੰਧ-ਵਿਸ਼ਵਾਸ਼ੀ ਹੋਣ ਦਾ,  ਕਦਰਾਂ-ਕੀਮਤਾਂ ਦੀ ਮੁੱਲ-ਘਟਾਈ ਵਾਲੇ ਅਤੇ ਅਜਿਹੇ ਹੋਰ ਸਮਾਜਕ ਸਰੋਕਾਰਾਂ ਨੂੰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਕੇਂਦਰੀ ਸਰੋਕਾਰ ਬਣਾਉਂਦੀਆਂ ਹਨ। ਪੰਜਾਬ ਦੀ ਤ੍ਰਾਸਦੀ ਨੂੰ ਕਹਾਣੀਆਂ ਦਾ ਵਿਸ਼ਾ ਬਣਾਉਣ ਵਾਲੇ ਲੇਖਕਾਂ ਵਿੱਚ ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ, ਮੋਹਨ ਭੰਡਾਰੀ ਆਦਿ ਤੋਂ ਬਾਅਦ ਲਾਲ ਸਿੰਘ ਦਾ ਨਾਂ ਵੀ ਆਉਂਦਾ ਹੈ। ਲਾਲ ਸਿੰਘ ਇਕ ਸਮਝਦਾਰ,ਸੁਲਝਿਆ ਹੋਇਆ ਕਹਾਣੀਕਾਰ ਹੈ। ਉਸਨੇ ਆਪਣੀਆਂ ਕਹਾਣੀਆਂ ਦੇ ਪਾਤਰ ਆਮ ਜੀਵਨ ਵਿਚੋਂ ਹੀ ਲਏ ਹਨ। ਉਸ ਦੇ ਪਾਤਰ ਕਥਾ ਵਿਚ ਕਿਧਰੇ ਵੀ ਵਾਧੂ ਨਹੀ ਦਿਖਾਈ ਦਿੰਦੇ। ਉਸ ਨੇ ਆਪਣੀਆਂ ਕਹਾਣੀਆਂ ਚ ਲੋੜ ਅਨੁਸਾਰ ਹੀ ਪਾਤਰ ਲਏ ਹਨ। ਉਸਦੀਆਂ ਕਹਾਣੀਆਂ ਵਿੱਚ ਚੇਤੰਨ ਦਲਿਤ ਪਾਤਰ ਅਤੇ ਦਲਿਤਾਂ ਦਾ ਸ਼ੋਸ਼ਣ ਕਰਨ ਵਾਲੇ ਪਾਤਰ ਸਿਰਜੇ ਗਏ ਹਨ। ਪ੍ਰਮੁੱਖ ਤੌਰ ਤੇ ਲਾਲ ਸਿੰਘ ਦੇ ਪਾਤਰ ਚਾਰ ਸ਼੍ਰੇਣੀਆਂ ਦੇ ਹਨ, ਸ਼ੋਸ਼ਕ ਪਾਤਰ, ਸ਼ੋਸ਼ਿਤ ਪਾਤਰ, ਜਾਗਰੂਪ ਤੇ ਚੇਤੰਨ ਪਾਤਰ ਅਤੇ ਇਸਤਰੀ ਪਾਤਰ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਥੇ ਔਰਤਾਂ ਨਾਲ ਹੁੰਦਾ ਜਿਨਸੀ ਤੇ ਆਰਥਿਕ ਸ਼ੋਸ਼ਣ ਪੇਸ਼ ਕੀਤਾ ਹੈ ਉਥੇ ਇਸ ਸ਼ੋਸ਼ਣ ਤੋਂ ਚੇਤੰਨ ਵੇਖੀਆਂ ਜਾ ਸਕਦੀਆਂ ਹਨ। ਲਾਲ ਸਿੰਘ ਦਾ ਔਰਤਾਂ ਪ੍ਰਤੀ ਦ੍ਰਿਸ਼ਟੀਕੌਣ ਉਸਾਰੂ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਪਾਤਰਾਂ ਦਾ ਚਿਤਰਣ ਵੀ ਮਿਲਦਾ ਹੈ। ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਦੀ ਕਥਾ-ਸਿਰਜਨਾ ਕਰਨ ਲਈ ਵਰਣਾਤਮਕ , ਵਾਰਤਾਲਾਪੀ , ਸੰਕੇਤਕ ਅਤੇ ਘਟਨਾਵੀਂ ਵਿਧੀਆਂ ਦਾ ਇਸਤੇਮਾਲ ਬਾਖੂਬੀ ਕੀਤਾ ਹੈ। ਇਹਨਾ ਵਿਧੀਆਂ ਨਾਲ ਉਸਾਰੇ ਗਏ ਪਾਤਰ ਵਰਗ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰ ਹਨ। ਉਨ੍ਹਾਂ ਦੀ ਵਿਅਕਤੀਗਤ ਹੋਂਦ ਵੀ ਕਾਇਮ ਰਹਿੰਦੀ ਹੈ। ਉਨ੍ਹਾਂ ਦੀ ਮਾਨਸਿਕਤਾ ਵਿੱਚ ਡੂੰਘਾਈ ਵੇਖੀ ਜਾ ਸਕਦੀ ਹੈ। ਪਾਤਰਾਂ ਦਾ ਹਕੀਕੀ ਜੀਵਨ ਪੇਸ਼ ਕੀਤਾ ਗਿਆ ਹੈ। ਜਿਆਦਾਤਰ ਪਾਤਰ ਦੇ ਪਰਿਸਥਿਤੀਆਂ ਦੇ ਸ਼ਿਕਾਰ ਹਨ। ਪਾਤਰ ਪੇਂਡੂ ਪਿਛੋਕੜ ਤੋਂ ਆਏ ਹਨ । ਲਾਲ ਸਿੰਘ ਇਹ ਗੱਲ ਮੰਨ ਕੇ ਚਲਦਾ ਹੈ ਕਿ ਗਲਪੀ ਪਾਤਰ ਸਮਾਜਕ ਵਿਰੋਧਾਂ ਵਿਚੋਂ ਵਿਕਸਿਤ ਹੁੰਦੇ ਹਨ। ਇਸ ਲਈ ਉਸ ਦੇ ਮਹੱਤਵਪੂਰਨ ਪਾਤਰਾਂ ਦੇ ਆਲੇ ਦੁਆਲੇ ਪਾਤਰਾਂ ਦੀ ਇਕ ਵੱਡੀ ਭੀੜ ਵੀ ਵਿਖਾਈ ਦਿੰਦੀ ਹੈ ।ਇਸ ਭੀੜ ਦੇ ਪਾਤਰ ਦੂਰ ਤੱਕ ਆਪਣੀ ਹੋਂਦ ਸਥਾਪਤ ਨਹੀਂ ਕਰ ਸਕਦੇ । ਪਰੰਤੂ ਪ੍ਰਮੁੱਖ ਪਾਤਰਾਂ ਨੂੰ ਸਿਰਜਨਾ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ।ਲਾਲ ਸਿੰਘ ਵਿੱਚ ਇਕ ਚੰਗੇ ਕਹਾਣੀਕਾਰ ਵਾਲੇ ਸਾਰੇ ਗੁਣ ਮੌਜੂਦ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਜਿਉਂ ਜਿਉਂ ਬੌਧਿਕਤਾ ਦਾ ਅੰਸ਼ ਵਧਦਾ ਜਾਂਦਾ ਹੈ , ਉਵੇਂ ਹੀ ਉਸ ਦੀਆਂ ਕਹਾਣੀਆਂ ਵਿੱਚ ਜਟਿਲਤਾ ਆਉਂਦੀ ਜਾਂਦੀ ਹੈ । ਲਾਲ ਸਿੰਘ ਮਾਰਕਸਵਾਦ ਤੋਂ ਪ੍ਰਭਾਵਿਤ ਕਹਾਣੀਕਾਰ ਹੈ । ਇਸ ਸਬੰਧੀ ਉਸਦੇ ਆਪਣੇ ਵਿਚਾਰ ਹਨ ਮੈਨੂੰ ਤੁਸੀਂ ਉਨ੍ਹਾਂ ਲੇਖਕਾਂ ਚ ਗਿਣਦੇ ਹੋ .......ਜਿਨ੍ਹਾਂ ਨੇ ਮਾਰਕਸਵਾਦ ਦੇ ਪ੍ਰਭਾਵ ਨੂੰ ਆਪਣੀ ਲੇਖਣੀ ਵਿੱਚ ਦੋਸ਼ਪੂਰਨ ਹੱਦ ਤੱਕ ਗ੍ਰਹਿਣ ਕੀਤਾ ਹੈ । ਇਸ ਪ੍ਰਭਾਵ ਨੂੰ ਭਾਵੇਂ ਕਬੂਲਿਆ ਤਾਂ ਅਚੇਤ ਰੂਪ ਵਿਚ ਹੀ , ਪਰ ਹੁਣ ਸੁਚੇਤ ਰਹਿ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ । ਲਾਲ ਸਿੰਘ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ । ਉਹ ਮੱਧ ਵਰਗ ਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ । ਆਪਣੀਆਂ ਕਹਾਣੀਆਂ ਵਿਚ ਉਹ ਗਰੀਬਾਂ , ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੀ ਨਹੀਂ ਸਗੋਂ ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਦਾ ਹੈ । ਉਸ ਦੀ ਕਹਾਣੀ ਕਲਾ ਵਿਚੋਂ ਜੀਵਨ ਲਈ ਉਮੀਦ ਦਾ ਅਭਾਸ ਹੁੰਦਾ ਹੈ ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਦੇ ਹੋਏ  ਸਮੱਸਿਆ ਪ੍ਰਧਾਨ ਬਣ ਜਾਂਦੀਆਂ ਹਨ । ਲਾਲ ਸਿੰਘ ਦੀ ਕਹਾਣੀ ਕਲਾ ਦੀ ਪ੍ਰਧਾਨ ਧੁਰਾ ਤਾਂ ਅਮੀਰੀ ਗਰੀਬੀ ਦੇ ਪਾੜੇ ਦੀ ਸਮੱਸਿਆ ਨੂੰ ਚਿਤਰਨ ਵਾਲੀ ਬਣਦੀ ਹੈ । ਇਸ ਪਾੜੇ ਨੂੰ ਉਸਨੇ ਛੋਟੀ ਕਿਸਾਨੀ ਦੀ ਆਰਥਿਕ ਦਸ਼ਾ ਅਤੇ ਗਰੀਬ ਮਜਦੂਰਾਂ ਦੇ ਪੀੜਿਤ ਜੀਵਨ ਦੇ ਪ੍ਰਸੰਗ ਚ ਉਭਾਰਿਆ ਹੈ। ਧਾਰਮਿਕ ਪਾਖੰਡਬਾਜ਼ੀ ਦੇ ਨੰਗੇ ਨਾਚ ਨੂੰ ਪੰਜਾਬ ਸੰਕਟ ਦੇ ਸੰਦਰਭ ਵਿੱਚ ਚਿਤਰਿਆ ਹੈ। ਸਰਕਾਰੀ ਮਹਿਕਮਿਆਂ ਵਿਚਲੇ ਭ੍ਰਿਸ਼ਟਾਚਾਰ ਨੁੰ ਰਾਜਨੀਤਕ ਸੰਦਰਭ ਚ ਪੇਸ਼ ਕੀਤਾ ਹੈ। ਅਗਾਂਹਵਧੂ ਦ੍ਰਿਸ਼ਟੀਕੋਣ ਕੇਂਦਰ ਵਿਚ ਰੱਖ ਕੇ ਉਸ ਸਮੱਸਿਆਵਾਂ ਦਾ ਕਲਾਤਮਕ ਪ੍ਰਗਟਾਵਾ ਕਰਦਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਲਾਲ ਸਿੰਘ ਸਫਲ ਰਿਹਾ ਹੈ ।
ਲਾਲ ਸਿੰਘ ਪਾਤਰਾਂ ਨੂੰ ਲੋੜ ਅਨੁਸਾਰ ਥਾਂ ਦੇਣ ਲਈ ਬੜੀ ਹੀ ਸੋਚ ਤੇ ਸਮਝ ਤੋਂ ਕੰਮ ਲੈਦਾਂ ਹੈ। ਕਹਾਣੀਆਂ ਵਿੱਚ ਵਾਧੂ ਪਾਤਰ ਨਹੀਂ ਪੇਸ਼ ਕਰਦਾ। ਕਹਾਣੀਆਂ ਵਿਚ ਯਥਾਰਥ ਦੀ ਪੇਸ਼ਕਾਰੀ ਨੂੰ ਹੀ ਪ੍ਰਮੁੱਖਤਾ ਸਥਾਨ ਪ੍ਰਾਪਤ ਹੈ। ਕਹਾਣੀਆਂ ਦਾ ਪਲਾਟ ਲਾਲ ਸਿੰਘ ਯਥਾਰਥਮਈ ਬਣਾਉਦਾ ਹੈ। ਯਥਾਰਥ ਦੀ ਪੇਸ਼ਕਾਰੀ ਰਾਹੀਂ ਲਾਲ ਸਿੰਘ ਦੀ ਕਹਾਣੀ ਰੌਚਕਤਾ ਕਮਾਲ ਦੀ ਹੁੰਦੀ ਹੈ । ਲਾਲ ਸਿੰਘ ਦੇ ਪਲਾਟ ਸੰਗਠਨ ਵਿਚੋਂ ਰਵਾਇਤੀ ਹੁਨਰੀ ਕਹਾਣੀ ਦੇ ਪਲਾਟ ਨੂੰ ਲੱਭਣਾ ਬਤਾ ਔਖਾ ਹੈ। ਕਿਉਂਕਿ ਕਹਾਣੀਕਾਰ ਦੀਆਂ ਕਹਾਣੀਆਂ ਦੇ ਇਕਹਿਰੇ ਪਲਾਟ ਨਹੀਂ ਹਨ ਕਿਉਂਕੀ ਅਸਲ ਵਿੱਚ ਆਧੁਨਿਕ ਜੀਵਨ ਦੇ ਯਥਾਰਥ ਨੂੰ ਇਕਹਿਰੇ ਪਲਾਂਟ ਰਾਹੀਂ ਦਰਸਾਉਣਾ ਅਸੰਭਵ ਹੈ। ਇਸ ਲਈ  ਲਾਲ ਸਿੰਘ ਦੀਆਂ ਕਹਾਣੀਆਂ ਜਟਿਲ ਹੁੰਦੀਆਂ ਹਨ।  ਲਾਲ ਸਿੰਘ ਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਵਿਲੱਖਣਤਾ ਵੇਖਣ ਨੂੰ ਮਿਲਦੀ ਹੈ ਉਹ ਕਈ ਵਾਰ ਕਹਾਣੀ ਦੀ ਸ਼ੁਰੂਆਤ ਕਹਾਣੀ ਦੇ ਪ੍ਰਤੀਕ ਵਾਕ ਨੂੰ ਦੁਹਰਾ ਕੇ ਹੀ ਕਰਦਾ ਹੈ। ਇਹ ਪਹਿਲਾਂ ਵਾਕ ਜਿਥੇ ਕਹਾਣੀ ਦੀ ਰੌਚਕਤਾ ਪੈਦਾ ਕਰਦਾ ਹੈ , ਉਥੇ ਮੂਲ ਵਿਸ਼ੇ ਵੱਲ ਵੀ ਸੰਕੇਤ ਕਰਦਾ ਹੈ ।
ਲਾਲ ਸਿੰਘ ਦੀਆਂ ਕਹਾਣੀਆਂ ਮੋਟੇ ਤੌਰ ਤੇ ਪਾਤਰ ਪ੍ਰਧਾਨ , ਪ੍ਰ਼ਤੀਕਾਤਮਕ ਤੇ ਚਿਨ੍ਹਾਂਤਕਮ , ਇਕ ਬਚਨੀ , ਵਰਣਾਤਮਕ , ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਵਾਊ ਕਹਾਣੀਆਂ ਹਨ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਸਿਖਰ ਅੰਤ ਦੇ ਕਾਫੀ ਨਜ਼ਦੀਕ ਹੁੰਦਾ ਹੈ  । ਇਸਦੀਆਂ ਕਹਾਣੀਆਂ ਵਿਚ ਕਾਫੀ ਰੌਚਕਤਾ ਹੈ । ਪਾਠਕ ਵਿੱਚ ਅੱਗੇ ਕੀ ਹੋਇਆ ਜਾਨਣ ਦੀ ਉਤਸੁਕਤਾ ਪੈਦਾ ਬੜੀ ਤੀਬਰ ਹੁੰਦੀ ਹੈ ।  ਲਾਲ ਸਿੰਘ ਦੀਆਂ ਕਹਾਣੀਆਂ  ਵਿਚ ਰਵਾਨੀ ਹੋਣ ਕਾਰਨ ਪਾਠਕ ਕਹਾਣੀ ਦੇ ਸਿਖਰ ਵੱਲ ਜਾ ਕੇ ਕਹਾਣੀ ਦੇ ਅੰਤ ਪਿੱਛੋਂ ਅੰਤ ਮਗਰੋਂ ਹੱਕਾ ਬੱਕਾ ਰਹਿ ਜਾਂਦਾ ਹੈ। ਦੁਆਬੇ ਇਲਾਕੇ ਵਿਚ ਰਹਿਣ ਕਾਰਨ ਲਾਲ ਸਿੰਘ ਦੀ ਗਲਪ ਭਾਸ਼ਾ ਉੱਤੇ ਦੁਆਬੀ ਰੰਗ ਦਾ ਹੋਣਾ ਸੁਭਾਵਕ ਗੱਲ ਹੈ। ਉਹ ਆਪਣੀ ਦੁਆਬੀ ਉਪਬੋਲੀ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਲਾਲ ਸਿੰਘ ਕਹਾਣੀਆਂ ਵਿੱਚ ਵਿਅੰਗ ਵਿਧੀ ਦੀ ਵਰਤੋਂ ਕਰਦਾ ਹੈ। ਵਿਅੰਗ ਰਾਹੀਂ ਉਸਨੇ ਸਮਾਜਕ ਬੁਰਾਈਆਂ ਦੇ ਮਨੁੱਖੀ ਕਮਜ਼ੋਰੀ ਨੂੰ ਨਿਸ਼ਾਨਾ ਬਣਾਇਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਦੇ ਵਾਰਤਾਲਾਪ ਕਾਫੀ ਰੌਚਕ ਹਨ। ਉਸਨੇ ਪੰਜਾਬੀ, ਹਿੰਦੀ, ਹਰਿਆਣਵੀ, ਭੋਜਪੁਰੀ, ਪਹਾੜੀ, ਉਰਦੂ ਤੇ ਅੰਗਰੇਜ਼ੀ ਵਿੱਚ ਵਾਰਤਾਲਾਪ ਰਚੇ ਹਨ। ਲਾਲ ਸਿੰਘ ਨੇ ਆਪਣੀਆਂ ਕਈ ਕਹਾਣੀਆਂ ਵਿਚ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਲਾਲ ਸਿੰਘ ਦੀ ਬੋਲੀ ਚਾਹੇ ਕੋਈ ਵੀ ਹੋਵੇ ,ਪੰਤੂ ਉਸਨੇ ਪ੍ਰਭਾਵਸ਼ਾਲੀ ਵਾਕਾਂ ਦੀ ਸਿਰਜਨਾ ਕੀਤੀ ਹੈ। ਜਿਨ੍ਹਾਂ ਤੋਂ ਉਸ ਦੇ ਡੂੰਘੇ ਗਿਆਨ ਦਾ ਅਭਾਸ ਹੁੰਦਾ ਹੈ। ਲਾਲ ਸਿੰਘ  ਸਮਾਜ ਯਥਾਰਥ ਦੀ ਪੇਸ਼ਕਾਰੀ ਲਈ ਨਿਸੰਗ ਹੋ ਕੇ ਗਾਲ੍ਹਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਲਾਲ ਸਿੰਘ ਦੀ ਕਹਾਣੀ ਦਾ ਅਕਾਰ, ਰੂਪ ਅਤੇ ਬਣਤਰ ਇਸਨੂੰ ਨਾਵਲ ਵਾਂਗ ਖਿਲਾਰਨ ਦੀ ਆਗਿਆ ਹੀ ਦਿੰਦੀ ਹੈ । ਸਥਾਨਕ ਰੰਗਣ ਨਾਲ ਕਹਾਣੀ ਵਿਚ ਯਥਾਰਥਤਾ ਆ ਜਾਂਦੀ ਹੈ । ਕਦੇ ਕਦੇ ਪਾਤਰਾਂ ਦੀ ਮਨੋਦਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਅਤੇ ਕਦੇ ਕਦੇ ਉਤੇਜਿਤ ਮਨੁੱਖੀ ਹਾਵਾਂ-ਭਾਵਾਂ ਤੇ ਜ਼ਜ਼ਬਿਆਂ ਨੂੰ ਪ੍ਰਗਟ ਕਰਨ ਲਈ ਵੀ ਸਥਾਨਕ ਸਭਿਆਚਾਰ ਦਾ ਪ੍ਰਯੋਗ ਵੀ ਕਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਵਿਚ ਦੁਆਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਝਲਕੀਆਂ ਦਿਖਾਈ ਦਿੰਦੀਆਂ ਹਨਪੇਂਡੂ ਜੀਵਨ ਚਿੱਤਰਨ ਕਰਨ ਸਮੇਂ ਉਸਨੇ ਘਰਾਂ, ਫਸਲਾਂ, ਡੰਗਰਾਂ, ਖੇਤੀ ਦੇ ਨਵੇਂ ਤਜਰਬਿਆਂ ਆਦਿ ਦਾ ਜ਼ਿਕਰ ਕੀਤਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਸ਼ੇ, ਸਿਰਲੇਖ ਅਤਿਅੰਤ ਸਫਲ ਰਹੇ ਹਨ। ਪੰਜਾਬੀ ਕਹਾਣੀ ਦੇ ਖੇਤਰ ਵਿਚ ਉਸਨੇ ਨਿਵੇਕਲਾ ਸਥਾਨ ਬਣਾ ਕੇ ਪੰਜਾਬੀ ਪਾਠਕਾਂ ਵਿੱਚ  ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਲਾਲ ਸਿੰਘ ਨੇ ਸਭ ਤੋਂ ਜ਼ਿਆਦਾ ਕਿਸੇ  ਕਹਾਣੀਕਾਰ ਦਾ ਪ੍ਰਭਾਵ ਕਬੂਲਿਆ ਲਗਦਾ ਹੈ ਤਾਂ ਉਹ ਸੁਜਾਨ ਸਿੰਘ ਹੈ ਕਿਉਂਕੀ ਸੁਜਾਨ ਸਿੰਘ ਪ੍ਰਗਤੀਵਾਦੀ ਕਹਾਣੀਕਾਰ ਸੀ  ਤੇ ਜਿਸ ਨੇ  ਨਿਮਨ ਵਰਗ ਦੀ ਪੀੜ ਨੂੰ ਪੂਰੀ ਤਰ੍ਹਾਂ ਮਹਿਸੂਸਿਆ ਤੇ ਆਪਣੀ ਕਥਾ ਵਿੱਚ ਜੁਬਾਨ ਵੀ ਦਿੱਤੀ। ਜਿਵੇਂ ਸੁਜਾਨ ਸਿੰਘ ਲਿਖਦਾ ਸੀ ਉਸੇ ਰੰਗ ਚ ਲਾਲ ਸਿੰਘ ਨੇ ਆਪਣੀਆਂ ਕਹਾਣੀਆਂ ਲਿਖੀਆਂ ਹਨ। ਸੁਜਾਨ ਸਿੰਘ ਤੇ ਲਾਲ ਸਿੰਘ ਵਿੱਚ ਸਾਂਝ ਉਹਨਾਂ ਦੇ ਨਿੱਜੀ ਜੀਵਨ ਤੋਂ ਪਤਾ ਲੱਗਦੀ ਹੈ। ਦੋਹਾਂ ਦਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ । ਦੋਹਾਂ ਨੇ ਆਰਥਿਕ ਔਕੜਾਂ ਨੂੰ ਭੋਗਿਆ ਹੈ। ਲਾਲ ਸਿੰਘ ਦੀਆਂ ਕਹਾਣੀਆਂ ਵਿੱਚ ਸੰਤ ਸਿੰਘ ਸੋਖੋਂ ਵਾਲਾ ਬੌਧਿਕ ਅੰਸ਼ ਵੀ ਭਾਰੂ ਨਹੀਂ ਹੈ । ਉਸ ਦੇ ਪਾਤਰ ਯਥਾਰਥਕ ਹਨ । ਕਹਾਣੀ ਵਿਚ ਉਵੇਂ ਹੀ ਪੇਸ਼ ਹੁੰਦੇ ਹਨ , ਜਿਵੇਂ ਪਰਿਸਥਿਤੀਆਂ ਉਹਨਾਂ ਨੂੰ ਚਾਹੁੰਦੀਆਂ ਹਨ । ਲਾਲ ਸਿੰਘ ਦੇ ਪਾਤਰ ਉਸਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ। ਲਾਲ ਸਿੰਘ ਦੇ ਕਥਾਈ ਪਾਤਰ ਭਾਵੇਂ ਹੇਠਲੀ ਜਮਾਤ ਵਿੱਚੋਂ ਹੋਣ ,ਕਿਰਸਾਨੀ ਵਿਚੋਂ ਹੋਣ ਜਾਂ ਫੇਰ ਮੱਧ ਵਰਗ ਵਿਚੋਂ , ਸਾਰੇ ਦੇ ਸਾਰੇ ਆਪਣੀ ਵਰਗਗਤ ਮਾਨਸਿਕਤਾ ਅਨੁਕੂਲ ਵਿਚਰਦੇ ਹਨ। ਔਰਤ ਦੇ ਜਿਨਸੀ ਸੰਬੰਧਾਂ ਦੀ ਪੇਸ਼ਕਾਰੀ ਸਮੇਂ ਕਰਤਾਰ ਸਿੰਘ ਦੁੱਗਲ ਨਾਲੋਂ ਲਾਲ ਸਿੰਘ ਇੱਕ ਵੱਖਰੀ ਭਾਂਤ ਦਾ ਕਹਾਣੀਕਾਰ ਨਜ਼ਰ ਆਉਂਦਾ ਹੈ । ਲਾਲ ਸਿੰਘ ਨੇ ਪੇਂਡੂ ਸਮਾਜ ਦਾ ਸੰਘਣਾ ਵਾਤਾਵਰਨ ਚਿਤਰਿਆ ਹੈ। ਪਾਤਰਾਂ ਦੀ ਬੋਲੀ ਦੁਆਬੀ ਵਾਤਾਵਰਣ ਨੂੰ ਹੋਰ ਗੂੜ੍ਹਾ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਇਸੇ ਲਈ ਲਾਲ ਸਿੰਘ ਦੀ ਕਹਾਣੀ ਨਿੱਕੀ ਨਾ ਹੋ ਕੇ ਲੰਬੀ ਕਹਾਣੀ ਦਾ ਰੂਪ ਧਾਰ ਜਾਂਦੀ ਹੈ। ਲਾਲ ਸਿੰਘ ਕਹਾਣੀ ਲਿਖਣ ਸਮੇਂ ਕਦੀ ਪਿਛਲੇ ਸਮੇਂ ਦੇ ਕਿਸੇ ਛਿਣ ਦੀ ਗੱਲ ਕਰਨ ਲਗ ਪੈਂਦਾ ਹੈ, ਕਦੇ ਵਰਤਮਾਨ ਸਮੇਂ ਦੇ ਕਿਸੇ ਪਲ ਨੂੰ ਬਿਆਨ ਕਰਦਾ ਹੈ। ਲਾਲ ਸਿੰਘ ਇੱਕ ਵਧੀਆ ਕਹਾਣੀਕਾਰ ਹੈ । ਉਸ ਨੇ ਆਪਣੇ ਚੌਗਿਰਦੇ ਵਿਚ ਜਿਹੜੀਆਂ ਘਟਨਾਵਾਂ ਨੂੰ ਵੇਖਿਆ ਹੈ , ਨੂੰ ਆਪਣੀਆਂ ਕਹਾਣੀਆਂ ਵਿਚ ਗਲਪ ਦੀ ਪੱਧਰ ਤੇ ਰਹਿ ਕੇ ਕਲਮਬੰਦ ਕਰ ਦਿੱਤਾ। ਸਮਾਜਕ ਰਿਸ਼ਤਿਆਂ ਦਾ ਚਿਤਰਨ ਹੈ। ਰਾਜਨੀਤਕ ਦੇ ਧਾਰਮਿਕ ਪੈਂਤੜਿਆਂ ਨੂੰ ਆਪਣੀ ਕਥਾ ਸਮੱਗਰੀ ਦਾ ਹਿੱਸਾ ਬਣਾਇਆ ਹੈ। ਲਾਲ ਸਿੰਘ ਕਿਰਤੀ ਵਰਗ ਚੋਂ ਆਇਆ ਹੋਣ ਕਰਕੇ ਉਸ ਨੂੰ ਕਿਰਤੀ ਜਮਾਤ ਦੀ ਆਰਥਿਕ ਦਸ਼ਾ ਤੇ ਉਤਪੀੜਤ ਸਥਿਤੀ ਦਾ ਅਹਿਸਾਸ ਹੈ । ਉਹ ਬਰਾਬਰੀ ਦੇ ਸਮਾਜ ਦੀ ਤੜਪ ਰੱਖਣ ਵਾਲਾ ਸੱਚਾ ਤੇ ਸੁਹਿਰਦ ਲੇਖਕ ਹੈ । ਭਾਵ ਲਾਲ ਸਿੰਘ ਇੱਕ ਯਥਾਰਥਵਾਦੀ ਕਹਾਣੀਕਾਰ ਹੈ। ਲਾਲ ਸਿੰਘ ਲੋਕ ਹਿਤੂ ,ਮਨੁੱਖ ਹਿਤੈਸ਼ੀ ਅਗਾਂਹਵਧੂ ਸੋਚ ਵਾਲਾ ਲੇਖਕ ਹੈ। ਲਾਲ ਸਿੰਘ ਨਿਮਨ ਸ਼੍ਰੇਣੀ ਦਾ ਗਲਪਕਾਰ ਹੈ। ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੋਂ ਅਸਮਰੱਥ ਜਾਪਦਾ ਦਲਿਤ ਵਰਗ ਇਸਦੀਆਂ ਕਹਾਣੀਆਂ ਵਿੱਚ ਕਾਰਜਸ਼ੀਲ ਹੈ। ਲਾਲ ਸਿੰਘ ਦੀਆਂ ਕਹਾਣੀਆਂ ਜੀਵਨ ਦੇ ਵੱਖ ਵੱਖ ਪੱਖਾਂ ਦੀਆਂ ਸਮੱਸਿਆਵਾਂ ਦਾ ਫੋਕਸੀਕਰਨ ਹੈ।  ਇਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਦੇ ਦਾਇਰੇ ਵਿਚ ਉਥੋਂ ਦੀਆਂ ਸਮੱਸਿਆਵਾਂ ,ਕਮਜ਼ੋਰੀਆਂ ਨੂੰ ਬਿਆਨ ਕਰਦੀਆਂ ਹਨ

No comments: