Friday, September 25, 2015

ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?

ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣ ਦਾ ਵੀ ਗੰਭੀਰ ਦੋਸ਼ 
ਅਦਾਰਾ ਸੁਰਖ ਰੇਖਾ ਦੇ ਪ੍ਰਕਾਸ਼ਕ Balwinder Manguwal ਵੱਲੋਂ ਜਾਰੀ ਲਿਖਤ 
ਸਾਥੀ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦੇ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?
* ਸਾਥੀ ਜੱਸੀ ਦੀ ਔਖ ਤੇ ਬੁਖਲਾਹਟ  
* ਪਰਚਿਆਂ ਦੀ ਏਕਤਾ— ਪਾਠਕਾਂ ਨੂੰ ਵੱਡੀਆਂ ਆਸਾਂ
* ਪਾਠਕਾਂ ਦੇ ਕਿਰਨ ਦਾ ਅਮਲ ਸ਼ੁਰੂ
* ਸਮੇਂ ਦੀ ਪਾਬੰਦੀ ਤੇ ਲਗਾਤਾਰਤਾ ਵਿੱਚ ਵਿਘਨ ਦਾ ਅਮਲ
* ਪਰਚਾ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ
* ਸਮੇਂ ਦਾ ਪਾਬੰਦ ਹੋਣ ਦੇ ਇਨਕਲਾਬੀ ਗੁਣ ਨੂੰ ਖੋਰਾ
* ਪਾਠਕਾਂ ਮੂਹਰੇ ਜਵਾਬਦੇਹੀ ਤੋਂ ਬੇਪ੍ਰਵਾਹ
* ਪਰਚੇ ਦੀ ਸਿਆਸੀ ਦੁਰਵਰਤੋਂ
* ਇਨਕਲਾਬੀ ਧਿਰਾਂ/ਪਰਚਿਆਂ ਪ੍ਰਤੀ ਤੰਗਨਜ਼ਰ ਪਹੁੰਚ
* ਏਕਤਾ ਪਹੁੰਚ ਨਾਲ ਬੇਮੇਲ ਤੰਗ-ਨਜ਼ਰ ਪਹੁੰਚ
* ਲਮਕਵੇਂ ਲੋਕ-ਯੁੱਧ ਬਾਰੇ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣਾ
* ਕਮਿਊਨਿਸਟ ਇਨਕਲਾਬੀ ਕੈਂਪ ਨੂੰ ਪਰਚੇ 'ਚ ਲੋੜੀਂਦੀ ਥਾਂ ਦੇਣ ਤੋਂ ਟਾਲਾ ਵੱਟਣਾ
* ਇਨਕਲਾਬੀ ਨੈਤਿਕਤਾ ਦਾ ਲੜ ਛੱਡਣਾ
(ਸੁਰਖ਼ ਰੇਖਾ ਪ੍ਰਕਾਸ਼ਨ)
ਸਾਥੀ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦੇ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਲਾਂਭੇ ਕਿਉਂ ਕੀਤਾ?
ਅਦਾਰਾ ਸੁਰਖ਼ ਰੇਖਾ ਵੱਲੋਂ ਸਾਥੀ ਜਸਪਾਲ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਹੈ। ਇਹ ਕਦਮ ਇਸ ਕਰਕੇ ਲੈਣਾ ਪਿਆ ਹੈ, ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਗੰਭੀਰ ਕੁਤਾਹੀਆਂ ਕਰਦਾ ਆ ਰਿਹਾ ਸੀ, ਲੰਗੇ-ਡੰਗੇ ਸੰਪਾਦਕੀ ਜੁੰਮੇਵਾਰੀਆਂ ਨਿਭਾਉਂਦਾ ਆ ਰਿਹਾ ਸੀ, ਗੈਰ-ਜੁੰਮੇਵਾਰਾਨਾ ਅਤੇ ਆਪਹੁਦਰਾ ਰਵੱਈਆ ਅਖਤਿਆਰ ਕਰਕੇ ਚੱਲ ਰਿਹਾ ਸੀ ਅਤੇ ਪਰਚੇ ਦੇ ਮਨੋਰਥਾਂ ਅਤੇ ਸੇਧਾਂ ਤੋਂ ਭਟਕ ਰਿਹਾ ਸੀ। ਉਸਦੇ ਇਸ ਨੁਕਸਦਾਰ ਰੋਲ ਅਤੇ ਕਾਰਗੁਜ਼ਾਰੀ ਕਰਕੇ ਸੁਰਖ਼ ਰੇਖਾ ਨੂੰ ਗੰਭੀਰ ਹਰਜ਼ਾ ਹੋ ਰਿਹਾ ਸੀ, ਪਰਚੇ ਦੀ ਲਗਾਤਾਰਤਾ ਕਾਇਮ ਨਹੀਂ ਸੀ ਰਹਿ ਰਹੀ, ਪਾਠਕਾਂ ਦਾ ਘੇਰਾ ਸੁੰਗੜ ਰਿਹਾ ਸੀ। ਇਸ ਹਾਲਤ ਵਿੱਚ ਸਾਥੀ ਜੱਸੀ ਨੂੰ ਸੰਪਾਦਕ ਦੀ ਜੁੰਮੇਵਾਰੀ ਤੋਂ ਪਾਸੇ ਨਾ ਕਰਨ ਦਾ ਮਤਲਬ ਉਸ ਨੂੰ ਪਰਚੇ ਵੱਲੋਂ ਮਿਥੇ ਮਨੋਰਥਾਂ ਤੇ ਸੇਧਾਂ ਤੋਂ ਭਟਕਾਉਣ ਅਤੇ ''ਪਾਠਕ ਸਮੂੰਹ'' ਨੂੰ ਖਿੰਡਾਉਣ ਦੀ ਆਗਿਆ ਦੇਣਾ ਸੀ।
ਸਾਥੀ ਜੱਸੀ ਦੀ ਔਖ ਤੇ ਬੁਖਲਾਹਟ
ਖੈਰ! ਸਾਥੀ ਜੱਸੀ ਨੂੰ ਸੰਪਾਦਕ ਦੀ ਜੁੰਮੇਵਾਰੀ ਤੋਂ ਹਟਾਉਣ 'ਤੇ ਡਾਢੀ ਔਖ ਹੋਈ ਹੈ। ਉਸਦੀ ਔਖ ਤਾਂ ਸਮਝ ਵਿੱਚ ਆਉਣ ਵਾਲੀ ਹੈ। ਪਰ ਉਹ ਔਖ ਤੋਂ ਵੀ ਅੱਗੇ ਬੁਰੀ ਤਰ੍ਹਾਂ ਬੁਖਲਾਹਟ ਵਿੱਚ ਆ ਗਿਆ ਹੈ। ਬੁਖਲਾਹਟ ਵਿੱਚ ਆ ਕੇ ਇਹ ਵੀ ਭੁੱਲ ਗਿਆ ਹੈ ਕਿ ਜਿਹੜਾ ਸਾਥੀ ਨਾਜ਼ਰ ਸਿੰਘ ਬੋਪਾਰਾਏ ਸੁਰਖ਼ ਰੇਖਾ ਦੇ ਸਤੰਬਰ-ਅਕਤੂਬਰ ਅੰਕ ਜਾਰੀ ਹੋਣ ਤੱਕ ਸਾਥੀ ਸੀ ਅਤੇ ਜਿਸ ਨੂੰ 'ਸਾਬਕਾ ਸੰਪਾਦਕ' ਅਮੋਲਕ ਸਿੰਘ ਰਾਹੀਂ ਤਰ੍ਹਾਂ ਤਰ੍ਹਾਂ ਦੀਆਂ ਕੁੰਡੀਆਂ ਸੁੱਟ ਕੇ (ਆਰਥਿਕ ਸਹਾਇਤਾ, ਰਹਿਣ-ਸਹਿਣ ਲਈ ਬਸੇਰਾ ਆਦਿ ਰਾਹੀਂ) ਫਾਹੁਣ 'ਤੇ ਤਾਣ ਲਾਇਆ ਜਾ ਰਿਹਾ ਸੀ, ਜਿਸ ਨੂੰ ਇਹੀ ਸਾਥੀ ਜੱਸੀ ਸਿਰਫ ਦੋ ਹੋਰ ਅੰਕ ਕੱਢਣ ਦੀ ਆਗਿਆ ਦੇਣ ਲਈ ਅਰਜੋਈਆਂ ਕਰ ਰਿਹਾ ਸੀ, ਉਹੀ ਸਾਥੀ ਨਾਜ਼ਰ ਸਿੰਘ ਪਰਚਾ ਜਾਰੀ ਹੋਣ ਸਾਰ ''ਸ਼੍ਰੀ'' ਨਾਜ਼ਰ ਸਿੰਘ ਬੋਪਾਰਾਏ ਜਾਂ ''ਸ਼੍ਰੀ'' ਬੋਪਾਰਾਏ ਕਿਵੇਂ ਬਣ ਗਿਆ? ਇਹ ਇੱਕ ਕਮਿਊਨਿਸਟ ਵੱਲੋਂ ਗੈਰ-ਕਮਿਊਨਿਸਟ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਲਕਬ ਹੈ। ਕੀ ਸਾਥੀ ਬੋਪਾਰਾਏ ਰਾਤੋ ਰਾਤ ਸਾਥੀ ਜੱਸੀ ਅਤੇ ਸਾਥੀ ਅਮਲੋਕ ਸਿੰਘ ਦੀਆਂ ਨਜ਼ਰਾਂ ਵਿੱਚ ਕਮਿਊਨਿਸਟ ਤੋਂ ਗੈਰ-ਕਮਿਊਨਿਸਟ ਬਣ ਗਿਆ ਹੈ?

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

ਬੁਖਲਾਹਟ ਵਿੱਚ ਆ ਕੇ ਭਰਮਵਸ ਹੋਏ ਸਾਥੀ ਜੱਸੀ ਵੱਲੋਂ ਸਤੰਬਰ-ਅਕਤੂਬਰ ਅੰਕ ਵਿੱਚ ਉਸ ਨੂੰ ਹਟਾਉਣ ਦੀ ਵਿਆਖਿਆ ਨਾ ਦੇਣ ਨੂੰ ਸਾਡੇ ਵੱਲੋਂ ਚੁੱਪ ਵੱਟਣਾ ਲਿਆ ਗਿਆ ਹੈ। ਸਾਡੇ ਇਉਂ ਕਰਨ ਦਾ ਮਤਲਬ ਪਰਚੇ ਦੇ ਪੰਨਿਆਂ ਤੋਂ ਵਿਵਾਦ ਨੂੰ ਜਿੰਨਾ ਵੀ ਹੋ ਸਕੇ, ਸੀਮਤ ਕਰਕੇ ਪੇਸ਼ ਕਰਨਾ ਸੀ ਅਤੇ ਉਸ ਅੰਦਾਜ਼ ਵਿੱਚ ਪੇਸ਼ਕਾਰੀ ਤੋਂ ਗੁਰੇਜ਼ ਕਰਨਾ ਸੀ, ਜਿਸ ਅੰਦਾਜ਼ ਵਿੱਚ ਸਾਥੀ ਜੱਸੀ ਸੁਰਖ਼ ਰੇਖਾ ਦੇ ਪੰਨਿਆਂ ਤੋਂ ਦੂਸਰੇ ਇਨਕਲਾਬੀ ਪਰਚਿਆਂ ਨਾਲ ਖਹਿਬੜਦਾ ਰਿਹਾ ਹੈ। ਇਸ ਮਾਮਲੇ ਸਬੰਧੀ ਅਸੀਂ ਇੱਕ ਸੰਖੇਪ ਨੋਟ ਅਗਲੇ ਅੰਕ ਵਿੱਚ ਦੇਣਾ ਸੀ। ਵੈਸੇ, ਅਸੀਂ ਸਾਥੀ ਜੱਸੀ ਨੂੰ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਸ ਕੋਲ ਪਰਚੇ ਨੂੰ ਕੱਢਣ ਦਾ ਕੋਈ ਸਿਆਸੀ ਹੱਕ ਨਹੀਂ ਹੈ, ਇਸ ਲਈ ਪਰਚੇ ਨੂੰ ਉਸਦੀ ਹਕੀਕੀ ਸੇਧ ਤੇ ਮਨੋਰਥਾਂ ਦੀ ਰੌਸ਼ਨੀ ਵਿੱਚ ਅਸੀਂ ਜਾਰੀ ਰੱਖਾਂਗੇ। ਜੇ ਫਿਰ ਵੀ ਉਹਨੂੰ ਕੋਈ ਉਜਰ ਸੀ ਜਾਂ ਉਸਦੇ ਮਨ ਵਿੱਚ ਇਸ ਮਾਮਲੇ ਨੂੰ ਕਿਸੇ ਸੁਹਿਰਦ, ਸਹਿਜ ਅਤੇ ਸਾਥੀਆਨਾ ਭਾਵਨਾ ਨਾਲ ਨਿਬੇੜਨ ਦੀ ਭਾਵਨਾ ਮੌਜੂਦ ਸੀ ਤਾਂ ਉਹ ਸਾਡਾ ਪਰਚਾ ਜਾਰੀ ਹੋਣ ਤੋਂ ਬਾਅਦ ਸਾਡੇ ਤੱਕ ਪਹੁੰਚ ਕਰ ਸਕਦਾ ਸੀ। ਅਸੀਂ ਇਸਦਾ ਸੁਆਗਤ ਕਰਨਾ ਸੀ। ਪਰ ਜਿਵੇਂ ਉਸ ਵੱਲੋਂ ਸਤੰਬਰ-ਅਕਤੂਬਰ ਅੰਕ ਦਾ ਟਾਇਟਲ ਦੇਖਦਿਆਂ ਹੀ ਕੱਪੜਿਆਂ ਤੋਂ ਬਾਹਰ ਹੋ ਕੇ ਕੜਵਾਹਟ ਭਰੇ ਪ੍ਰਤੀਕਰਮ ਨੂੰ ਫੇਸਬੁੱਕ 'ਤੇ ਚਾੜ੍ਹਨ ਦੀ ਕਾਹਲੀ ਦਿਖਾਈ ਗਈ ਹੈ, ਇਸਨੇ ਉਸਦੇ ਮਨ ਵਿੱਚ ਉੱਸਲਵੱਟੇ ਲੈਂਦੀ 'ਸੁਹਿਰਦ' ਭਾਵਨਾ ਦਾ ਪੋਲ ਖੋਲ੍ਹ ਦਿੱਤਾ ਹੈ।
ਪਰਚਿਆਂ ਦੀ ਏਕਤਾ— ਪਾਠਕਾਂ ਨੂੰ ਵੱਡੀਆਂ ਆਸਾਂ
ਸਾਥੀ ਜੱਸੀ (ਅਤੇ ਸ਼ਾਇਦ ਸਾਥੀ ਅਮੋਲਕ ਸਿੰਘ ਨੂੰ ਵੀ) ਯਾਦ ਹੋਵੇਗਾ ਕਿ ਜਦੋਂ 1993 ਵਿੱਚ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਪਰਚੇ ਨੂੰ ਇੱਕ ਕੀਤਾ ਗਿਆ ਸੀ ਅਤੇ ਇਹਨਾਂ ਦੋਵਾਂ ਦੀ ਥਾਂ ਇੱਕ ਪਰਚਾ ਸੁਰਖ਼ ਰੇਖਾ ਜਾਰੀ ਕੀਤਾ ਗਿਆ ਸੀ ਤਾਂ ਇਹ ਪਰਚਾ ਹਰ ਮੀਹਨੇ ਛਪਣ ਵਾਲਾ ਇੱਕ ਮਾਸਿਕ ਪਰਚਾ ਸੀ ਅਤੇ ਇਸ ਦੇ ਪਾਠਕਾਂ ਦੀ ਗਿਣਤੀ 4000 ਸੀ। ਦੋਹਾਂ ਪਰਚਿਆਂ ਦੇ ਇੱਕ ਹੋਣ ਨਾਲ ਪਾਠਕ ਸਮੂੰਹ ਵਿੱਚ ਬੇਹੱਦ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ। ਸਭਨਾਂ ਨੂੰ ਆਸ ਸੀ ਕਿ ਹੁਣ ਦੋਵਾਂ ਪਰਚਿਆਂ ਦੀ ਕਾਰਕੁੰਨ ਸ਼ਕਤੀ ਇਕੱਠੀ ਹੋਣ ਕਰਕੇ ਦੁੱਗਣੀ ਹੋ ਗਈ ਹੈ, ਇਸ ਲਈ ਹੁਣ ਸੁਰਖ਼ ਰੇਖਾ ਦਿਨ ਦੂਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਇਹ ਵਿਕਾਸ ਦੇ ਰਾਹ 'ਤੇ ਲੰਮੀਆਂ ਪੁਲਾਂਘਾ ਪੁੱਟੇਗਾ। ਪਰਚੇ ਵੱਲੋਂ ਦਿੱਤੇ ਜਾਣ ਵਾਲੇ ਇਨਕਲਾਬੀ ਸੋਚ ਦੇ ਛੱਟੇ ਨਾਲ ਜਿੱਥੇ ਇਨਕਲਾਬੀ ਪਾਠਕਾਂ ਦੀ ਮੌਜੂਦਾ ਪੀੜ੍ਹੀ ਹੋਰ ਪਰਪੱਕ ਅਤੇ ਸਰਗਰਮ ਹੋਵੇਗੀ, ਉੱਥੇ ਇਨਕਲਾਬੀ ਪਾਠਕਾਂ ਦੀ ਨਵੀਂ ਪੀੜ੍ਹੀ ਦੀਆਂ ਹਜ਼ਾਰਾਂ ਹੋਣਹਾਰ ਕਰੂੰਬਲਾਂ ਹੋਰ ਫੁੱਟਣਗੀਆਂ ਅਤੇ ਇਨਕਾਲਬੀ ਲਹਿਰ ਅੰਦਰ ਸਰਗਰਮ ਕਾਰਕੁੰਨਾਂ ਵਜੋਂ ਪੂਰ ਚੜ੍ਹਨਗੀਆਂ। ਇਸ ਤਰ੍ਹਾਂ, ਇਨਕਲਾਬੀ ਪਾਠਕਾਂ ਤੇ ਕਾਰਕੁੰਨਾਂ ਦੇ ਪੂਰ ਸਿਰੇ ਚੜ੍ਹਨ ਨਾਲ ਪਰਚੇ ਨੂੰ ਹੋਰ ਕਾਰਕੁੰਨ ਸ਼ਕਤੀ ਹਾਸਲ ਹੋਵੇਗੀ, ਜਿਹੜੀ ਲਿਖਤਾਂ ਲਿਖਣ, ਪਰਚੇ ਦੀ ਵੰਡ-ਵੰਡਾਈ ਅਤੇ ਆਰਥਿਕ ਸਾਧਨ ਜੁਟਾਈ ਵਿੱਚ ਤਾਣ ਲਾਵੇਗੀ। ਇਉਂ ਪਰਚੇ ਦੀ ਲਗਾਤਾਰ ਵਧਦੀ ਕਾਰਕੁੰਨ-ਸ਼ਕਤੀ ਨਾਲ ਪਰਚੇ ਨੂੰ ਮਾਸਿਕ ਤੋਂ ਪੰਦਰਵਾੜਾ, ਫਿਰ ਪੰਦਰਵਾੜੇ ਤੋਂ ਹਫਤਾਵਾਰੀ ਕਰਨ ਵੱਲ ਵਧਿਆ ਜਾ ਸਕੇਗਾ ਅਤੇ ਇਹਦੇ ਪਾਠਕਾਂ ਦੀ ਗਿਣਤੀ ਵੀ 4000, 6000, 8000, 10000 ਹੁੰਦੀ ਹੋਈ ਛਾਲਾਂ ਮਾਰਦੀ ਅੱਗੇ ਵਧੇਗੀ। ਆਸ ਕੀਤੀ ਜਾਂਦੀ ਸੀ ਕਿ ਪਰਚਾ ਘੱਟੋ ਘੱਟ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਦਰੁਸਤ ਸੋਚਾਂ-ਸਮਝਾਂ ਨੂੰ ਉਭਾਰੇਗਾ, ਇਨਕਲਾਬੀ ਪਰਚਿਆਂ ਅਤੇ ਇਨਕਲਾਬੀ ਲਹਿਰ ਦੇ ਵੱਖ ਵੱਖ ਹਿੱਸਿਆਂ ਦਰਮਿਆਨ ਪ੍ਰਸਪਰ ਸਹਿਯੋਗ ਅਤੇ ਰਸਨਾ ਦੇ ਮਾਹੌਲ ਸਿਰਜਣ ਵਿੱਚ ਸਿਰਕੱਢਵਾਂ ਰੋਲ ਅਦਾ ਕਰੇਗਾ ਅਤੇ ਇਉਂ ਇਨਕਲਾਬੀ ਲਹਿਰ ਦੀ ਏਕਤਾ ਦੇ ਅਮਲ ਅੰਦਰ ਬਣਦਾ ਸਹਾਈ ਰੋਲ ਅਦਾ ਕਰੇਗਾ।  

ਇੱਕ ਵਾਰ ਫੇਰ ਲਾਲ ਝੰਡੇ ਵਾਲਿਆਂ ਦੇ ਏਕੇ ਵਿੱਚ ਲੱਗੀ ਸੰਨ

ਪਾਠਕਾਂ ਦੇ ਕਿਰਨ ਦਾ ਅਮਲ ਸ਼ੁਰੂ
ਪਰ ਅਫਸੋਸ! ਸੁਰਖ਼ ਰੇਖਾ ਦੇ ਪਾਠਕਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ। ਸਾਥੀ ਜੱਸੀ ਦੀ ਸੰਪਾਦਕੀ ਹੇਠ ਛਪਦੇ ਪਰਚੇ ਨੇ ਜੋ ਦਿਸ਼ਾ ਅਤੇ ਦਸ਼ਾ ਅਖਤਿਆਰ ਕਰਨ ਦਾ ਰਾਹ ਫੜਿਆ, ਇਸ ਨਾਲ ਹਜ਼ਾਰਾਂ ਨਵੇਂ ਪਾਠਕਾਂ ਦੀਆਂ ਕਰੂੰਬਲਾਂ ਨੇ ਤਾਂ ਕੀ ਫੁੱਟਣਾ ਸੀ, ਉਲਟਾ ਪਹਿਲੇ ਪਾਠਕ ਸਮੂਹ ਦੇ ਉਤਸ਼ਾਹ ਦੇ ਸਲ੍ਹਾਬੇ ਜਾਣ ਦਾ ਅਮਲ ਸ਼ੁਰੂ ਹੋ ਗਿਆ। ਪਰਚੇ ਵਿੱਚ ਪਾਠਕਾਂ ਦੀ ਦਿਲਚਸਪੀ, ਲਗਾਅ ਅਤੇ ਵਿਸ਼ਵਾਸ਼ ਨੂੰ ਖੋਰਾ ਲੱਗਣਾ ਆਰੰਭ ਹੋ ਗਿਆ। ਹੌਲੀ ਹੌਲੀ ਇਹ ਪਾਠਕ ਸਮੂੰਹ ਕਿਰਨਾ ਸ਼ੁਰੂ ਹੋ ਗਿਆ। ਦਰਜਨਾਂ ਦੇ ਦਰਜਨ ਪਾਠਕਾਂ ਵੱਲੋਂ ਪਰਚੇ ਨਾਲੋਂ ਤੋੜ-ਵਿਛੋੜੇ ਦਾ ਅਮਲ ਛਿੜ ਗਿਆ। ਪਰਚੇ ਦੇ ਵਧਣ-ਫੁੱਲਣ ਲਈ ਆਸਵੰਦ ਇਨਕਲਾਬੀ ਪਾਠਕਾਂ ਦੇ ਮਨਾਂ ਨੂੰ ਪਹਿਲੀ ਵੱਡੀ ਠੋਕਰ ਉਦੋਂ ਲੱਗੀ, ਜਦੋਂ 1997 ਤੋਂ ਬਾਅਦ ਪਰਚੇ ਨੂੰ ਦੋ-ਮਾਸਿਕ ਕਰਨ ਦਾ ਫੈਸਲਾ ਉਹਨਾਂ ਤੱਕ ਪਹੁੰਚਿਆ। ਪਾਠਕ ਤਾਂ ਇਹ ਸੁਲੱਖਣੀ ਖਬਰ ਸੁਣਨ ਲਈ ਤਾਂਘ ਰਹੇ ਸਨ ਕਿ ਕਦੋਂ ਪਰਚੇ ਨੂੰ ਪੰਦਰਵਾੜਾ ਕੀਤਾ ਜਾਂਦਾ ਹੈ। ਪੰਦਰਵਾੜਾ ਕਰਨ ਵੱਲ ਕਦਮ-ਵਧਾਰੇ ਦੀ ਬਜਾਇ ਦੋ ਮਾਸਿਕ ਕਰਨ ਦਾ ਪਿਛਲਮੋੜ ਕਦਮ ਪਾਠਕਾਂ ਨੂੰ ਕਿਵੇਂ ਹਜ਼ਮ ਹੋ ਸਕਦਾ ਸੀ। ਇਸ ਉਲਟ ਰੁਖ਼ ਕਦਮ-ਵਧਾਰੇ ਨੇ ਪਾਠਕਾਂ ਦੇ ਮਨਾਂ ਵਿੱਚ ਪਰਚੇ ਵਿੱਚ ਦਿਲਚਸਪੀ ਅਤੇ ਵਿਸ਼ਵਾਸ਼ ਨੂੰ ਠੇਸ ਹੀ ਨਹੀਂ ਪਹੁੰਚਾਈ, ਸਗੋਂ ਉਹਨਾਂ ਅੰਦਰ ਸੰਸਿਆਂ-ਸ਼ੰਕਿਆਂ ਦੇ ਉੱਭਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਇਸ ਨਾਲ ਪਾਠਕਾਂ ਦੇ ਇੱਕ ਹਿੱਸੇ ਦੇ ਕਿਰਨ ਦਾ ਅਮਲ ਸ਼ੁਰੂ ਹੋ ਗਿਆ। ਜਿਸਦਾ ਅੰਤਿਮ ਨਤੀਜਾ ਪਰਚੇ ਨਾਲੋਂ ਕੁੱਲ 2000 ਪਾਠਕਾਂ ਦੇ ਤੋੜ-ਵਿਛੋੜੇ ਵਿੱਚ ਨਿਕਲਿਆ। ਕੁੱਲ ਪਾਠਕਾਂ ਦੀ ਗਿਣਤੀ 4000 ਤੋਂ ਡਿਗਦੀ ਡਿਗਦੀ 2000 ਰਹਿ ਗਈ। 2000 ਛਪਣ ਗਿਣਤੀ ਬਣਦੀ ਹੈ। ਕੁੱਲ ਪਰਚੇ 15-16 ਸੌ ਹੀ ਲੱਗਦੇ ਹਨ। ਬਾਕੀ ਅਦਾਰੇ ਕੋਲ ਵਾਧੂ ਪਏ ਰਹਿੰਦੇ ਹਨ। ਇਹ ਸਾਥੀ ਜੱਸੀ ਦੀ ਸੰਪਾਦਕੀ ਅਤੇ ਉਸ ਅਦਾਰੇ (ਜਿਸ ਨੂੰ ਉਹ ਆਪਣੇ ਨਾਲ ਹੋਣ ਦਾ ਦਾਅਵਾ ਕਰਦਾ ਹੈ) ਦੀ ਕਾਰਗੁਜ਼ਾਰੀ ਦਾ ਹੀ 'ਕ੍ਰਿਸ਼ਮਾ' ਹੈ, ਕਿ ਪਿਛਲੇ ਵੀਹ ਸਾਲਾਂ ਦੌਰਾਨ ਉਹਨਾਂ ਵੱਲੋਂ ਨਵੇਂ ਇਨਕਲਾਬੀ ਪਾਠਕਾਂ ਨੂੰ ਪਰਚੇ ਦੇ ਨੇੜੇ ਤਾਂ ਕੀ ਫਟਕਣ ਦੇਣਾ ਸੀ, ਸਗੋਂ ਹਰ ਸਾਲ ਔਸਤ ਇੱਕ ਸੌ ਪਾਠਕਾਂ (ਕੁੱਲ 2000 ਪਾਠਕਾਂ) ਨੂੰ ਪਰਚੇ ਤੋਂ ਤੋਬਾ ਕਰਾਉਣ ਦਾ ਰਿਕਾਰਡ ਕਾਇਮ ਕਰ ਮਾਰਿਆ ਹੈ। ਸੁਰਖ਼ ਰੇਖਾ ਦੇ ਪਾਠਕ ਸਮੁੰਹ ਸਾਥੀਓ— ਜੇ ਉਹ ਸੁਰਖ਼ ਰੇਖਾ ਦਾ ਅਜੇ ਵੀ ਸੰਪਾਦਕ ਬਣਿਆ ਰਹਿੰਦਾ ਤਾਂ ਆਪਾਂ ਨੂੰ ਉਹ ਮੰਦਭਾਗਾ ਦਿਨ ਵੀ ਦੇਖਣਾ ਪੈ ਸਕਦਾ ਸੀ, ਜਦੋਂ ਸੁਹਿਰਦ ਇਨਕਲਾਬੀ ਪਾਠਕਾਂ ਦੀ ਵੱਡੀ ਗਿਣਤੀ ਨੂੰ ਪਰਚੇ ਨਾਲੋਂ ਸਬੰਧ ਤੋੜਨ ਲਈ ਮਜਬੂਰ ਕਰ ਦਿੱਤਾ ਜਾਂਦਾ ਅਤੇ ਪਰਚੇ ਦੇ ਅਦਾਰੇ ਦਾ ਭੋਗ ਪਾਉਣ ਤੱਕ ਨੌਬਤ ਆ ਜਾਂਦੀ।
ਸਮੇਂ ਦੀ ਪਾਬੰਦੀ ਤੇ ਲਗਾਤਾਰਤਾ ਵਿੱਚ ਵਿਘਨ ਦਾ ਅਮਲ
ਚੱਲੋ, ਪਰਚਾ ਦੋ-ਮਾਸਿਕ ਵੀ ਕਰ ਦਿੱਤਾ ਗਿਆ, ਪਰ ਫਿਰ ਪਰਚੇ ਦੇ ਨਿਸ਼ਚਿਤ ਮੌਕੇ/ਤਾਰੀਖ 'ਤੇ ਜਾਰੀ ਹੋਣ ਅਤੇ ਲਗਾਤਾਰਤਾ ਦੇ ਅਮਲ ਵਿੱਚ ਵਿਘਨ ਪੈਣ ਦੇ ਵਰਤਾਰੇ ਨੇ ਸਿਰ ਚੁੱਕ ਲਿਆ। ਇਸ ਪੱਖੋਂ ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਉੱਪਰ ਦੇ ਅਮਲ 'ਤੇ ਝਾਤ ਮਾਰਿਆਂ, ਇਹ ਦੇਖਿਆ ਜਾ ਸਕਦਾ ਹੈ ਕਿ ਪਰਚੇ ਦਾ ਨਾ ਸਿਰਫ ਮਿਥੇ ਸਮੇਂ ਤੋਂ ਦੇਰ ਨਾਲ ਛਪਣ ਦਾ ਵਰਤਾਰਾ ਰੜਕਵੀਂ ਸ਼ਕਲ ਅਖਤਿਆਰ ਕਰ ਗਿਆ ਸੀ, ਸਗੋਂ ਕਈ ਅੰਕਾਂ ਨੂੰ ਇੱਕੋ ਅੰਕ 'ਚ ਤੁੱਥ-ਮੁੱਥ ਕਰਨ, ਇੱਕੋ ਵਿਸ਼ੇ 'ਤੇ ਛਾਪੇ ਵਿਸ਼ੇਸ਼ ਅੰਕ ਦੀ ਸਮੱਗਰੀ (ਜਿਹੜੀ ਮਸਾਂ ਇੱਕ ਅੰਕ ਦੀ ਸਮੱਗਰੀ ਬਰਾਬਰ ਨਹੀਂ ਸੀ ਬਣਦੀ) ਨੂੰ ਦੋ ਅੰਕਾਂ ਦਾ ਫੱਟਾ ਲਾਉਣ ਅਤੇ ਇੱਕੋ ਮੌਕੇ ਇਕੱਠਿਆਂ ਹੀ ਦੋ ਅੰਕ ਛਾਪ ਸੁੱਟਣ ਦਾ ਵਰਤਾਰਾ ਉੱਭਰਵੀਂ ਸ਼ਕਲ ਅਖਤਿਆਰ ਕਰ ਗਿਆ ਸੀ।
ਮਿਸਾਲ ਵਜੋਂ 2003 ਵਿੱਚ ਸਿਰਫ ਚਾਰ ਅੰਕ ਹੀ ਜਾਰੀ ਕੀਤੇ ਗਏ। 2005 ਵਿੱਚ ਚਾਰ ਚਾਰ ਮਹੀਨਿਆਂ ਬਾਅਦ ਤਿੰਨ ਪਰਚੇ ਜਾਰੀ ਕੀਤੇ ਗਏ। ਹਰੇਕ ਪਰਚੇ ਵਿੱਚ ਦੋ ਦੋ ਅੰਕਾਂ ਨੂੰ ਤੁੱਥ-ਮੁੱਥ ਕਰ ਦਿੱਤਾ ਗਿਆ। ਚੌਥਾ ਪਰਚਾ ''ਬਿਜਲੀ ਬੋਰਡ ਦੇ ਨਿੱਜੀਕਰਨ ਵਿਰੋਧੀ ਟਾਕਰਾ ਅੰਕ'' ਕੱਢਿਆ ਗਿਆ। ਫਿਰ 2006 ਵਿੱਚ ਚਾਰ ਮਹੀਨਿਆਂ ਬਾਅਦ ਅਪ੍ਰੈਲ ਵਿੱਚ ਜਾ ਕੇ ਪਹਿਲਾ ਅੰਕ ਜਾਰੀ ਕੀਤਾ ਗਿਆ। ਮਈ-ਜੂਨ ਅੰਕ ਕੱਢਣ ਤੋਂ ਬਾਅਦ ਫਿਰ 4 ਮਹੀਨਿਆਂ ਬਾਅਦ ਅਕਤੂਬਰ ਵਿੱਚ ਅੰਕ ਨੰ. 3 ਕੱਢਿਆ ਗਿਆ। ਦਸੰਬਰ ਵਿੱਚ ਜਾ ਕੇ ਅੰਕ-4 (44 ਸਫੇ) ਅਤੇ ਅੰਕ-5 (36 ਸਫੇ) ਜਾਰੀ ਕੀਤੇ ਗਏ। ਅੰਕ ਨੰ. 6 ਕੱਢਿਆ ਹੀ ਨਹੀਂ ਗਿਆ। 2007 ਵਿੱਚ ਸਿਰਫ ਤਿੰਨ ਅੰਕ ਜਾਰੀ ਕੀਤੇ ਗਏ; ਉਹ ਵੀ ਵਿਸ਼ੇਸ਼ ਅੰਕਾਂ ਵਜੋਂ। ਪਹਿਲਾ ਅੰਕ ਵਿਸ਼ੇਸ਼ ਚੋਣ ਅੰਕ ਵਜੋਂ ਜਨਵਰੀ ਵਿੱਚ ਜਾਰੀ ਕੀਤਾ ਗਿਆ। ਦੂਜਾ ਮਈ ਵਿਸ਼ੇਸ਼ ਅੰਕ (40 ਸਫੇ) ਮਈ ਵਿੱਚ ਜਾਰੀ ਕੀਤਾ ਗਿਆ। ਤੀਜਾ ਅੰਕ ਸਤੰਬਰ ਵਿੱਚ ਸ਼ਹੀਦ ਭਗਤ ਸਿੰਘ ਵਿਸ਼ੇਸ਼ ਅੰਕ ਵਜੋਂ ਕੱਢਿਆ ਗਿਆ ਅਤੇ ਇਸ ਵਿਸ਼ੇਸ਼ ਅੰਕ ਨੂੰ 3+4 ਅੰਕ ਕਹਿ ਦਿੱਤਾ ਗਿਆ। 2008 ਵਿੱਚ ਪਹਿਲਾ ਅੰਕ ਅਪ੍ਰੈਲ ਵਿੱਚ ਜਾ ਕੇ ਜਾਰੀ ਕੀਤਾ ਗਿਆ। ਦੂਜਾ ਅੰਕ ਫਿਰ 4 ਮਹੀਨਿਆਂ ਬਾਅਦ ਜਾ ਕੇ ਸਤੰਬਰ ਵਿੱਚ ਕੱਢਿਆ ਗਿਆ ਅਤੇ ਤੀਜਾ ਅੰਕ ਵੀ ਸਤੰਬਰ ਵਿੱਚ ਕੱਢ ਦਿੱਤਾ ਗਿਆ। ਫਿਰ ਨਵੰਬਰ ਵਿੱਚ ਇਕੱਠਿਆਂ 4-5 ਅੰਕ ਕੱਢੇ ਗਏ ਅਤੇ ਦਸੰਬਰ ਵਿੱਚ ਛੇਵਾਂ ਅੰਕ ਜਾਰੀ ਕੀਤਾ ਗਿਆ। ਕੁੱਲ ਮਿਲਾ ਕੇ 6 ਅੰਕ ਕੱਢਣ ਦੀ ਖਾਨਾ ਪੂਰਤੀ ਕਰ ਦਿੱਤੀ ਗਈ। 2009 ਵਿੱਚ ਸਿਰਫ ਤਿੰਨ ਅੰਕ ਕੱਢੇ ਗਏ। ਜਨਵਰੀ ਵਿੱਚ ਫਲਸਤੀਨ ਵਿਸ਼ੇਸ਼ ਅੰਕ, ਅਪ੍ਰੈਲ ਵਿੱਚ ਲੋਕ ਸਭਾ ਚੋਣਾਂ 'ਤੇ ਵਿਸ਼ੇਸ਼ ਅੰਕ (ਪੁਰਾਣੀਆਂ ਲਿਖਤਾਂ ਇਕੱਠੀਆਂ ਕਰਕੇ) ਅਤੇ ਜੁਲਾਈ ਵਿੱਚ ਕਾਮਰੇਡ ਹਰਭਜਨ ਸੋਹੀ ਵਿਸ਼ੇਸ਼ ਅੰਕ ਕੱਢੇ ਗਏ। ਇਸ ਅੰਕ ਨੂੰ ਵੀ ਅੰਕਾਂ ਦੀ ਗਿਣਤੀ ਵਧਾਉਣ ਲਈ 3+4 ਅੰਕ ਕਹਿ ਦਿੱਤਾ ਗਿਆ। 2010 ਵਿੱਚ ਸਿਰਫ ਦੋ ਅੰਕ ਕੱਢੇ ਗਏ। ਪਹਿਲਾ ਮਾਰਚ ਵਿੱਚ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਵਿਸ਼ੇਸ਼ ਅੰਕ ਅਤੇ ਫਿਰ ਸਾਲ ਦੇ ਅਖੀਰ ਵਿੱਚ ਦਸੰਬਰ ਮਹੀਨੇ ਦੂਜਾ ਅੰਕ (56 ਸਫੇ) ਜਾਰੀ ਕੀਤਾ ਗਿਆ ਅਤੇ ਅੰਕਾਂ ਦੀ ਗਿਣਤੀ ਵਧਾਉਣ ਲਈ ਇਸ ਨੂੰ ਵੀ ਅੰਕ ਨੰ. 2+3 ਦਾ ਠੱਪਾ ਲਾ ਦਿੱਤਾ ਗਿਆ।
ਉਪਰੋਕਤ ਵਿਆਖਿਆ 'ਚੋ ਸਾਫ ਦੇਖਿਆ ਜਾ ਸਕਦਾ ਹੈ ਕਿ ਪਰਚੇ ਦਾ ਦੇਰ ਨਾਲ ਛਪਣਾ, ਲੰਗੇ-ਡੰਗ ਨਿਕਲਣਾ, 4-4 ਮਹੀਨਿਆਂ ਬਾਅਦ ਜਾਰੀ ਹੋਣਾ, ਖਾਨਾਪੂਰਤੀ ਲਈ ਦੋ ਦੋ ਅੰਕਾਂ ਨੂੰ ਇੱਕੋ ਪਰਚੇ ਵਿੱਚ ਤੁੱਥ-ਮੁੱਥ ਕਰਨਾ, ਮਸਾਂ ਇੱਕ ਪਰਚੇ ਦੀ ਸਮੱਗਰੀ ਬਣਦੇ ਅੰਕ ਨੂੰ ਦੋ ਅੰਕਾਂ ਵਜੋਂ ਜਾਰੀ ਕਰਕੇ ਪਾਠਕਾਂ ਨਾਲ ਚੋਰ-ਚਤੁਰਾਈ ਕਰਨਾ ਇੱਕ ਉੱਭਰਵਾਂ ਅਮਲ ਬਣ ਗਿਆ ਸੀ। ਪੰਜ ਸਾਲ 2003, 2005, 2007, 2009 ਅਤੇ 2010 ਅਜਿਹੇ ਹਨ, ਜਿਹਨਾਂ ਵਿੱਚ ਕਰਮਵਾਰ ਸਿਰਫ 4, 4, 3-3, 2 ਅੰਕ ਕੱਢੇ ਗਏ। ਇਹਨਾਂ ਵਿੱਚ 2007 ਅਤੇ 2009 ਵਿੱਚ ਸਿਰਫ ਵਿਸ਼ੇਸ਼ ਪ੍ਰਚਾਰ ਅੰਕ ਹੀ ਜਾਰੀ ਕੀਤੇ ਗਏ। ਮੁਲਕ ਅਤੇ ਸੂਬੇ ਦੇ ਸਿਆਸੀ ਮੰਚ 'ਤੇ ਵਾਪਰਦੀਆਂ ਘਟਨਾਵਾਂ ਅਤੇ ਜਮਾਤੀ ਘੋਲਾਂ ਦੇ ਅਖਾੜੇ ਦੀਆਂ ਲੋੜਾਂ ਨੂੰ ਉੱਕਾ ਹੀ ਸੰਬੋਧਤ ਨਹੀਂ ਹੋਇਆ ਗਿਆ। 2010 ਵਿੱਚ ਵੀ ਇੱਕ ਅੰਕ ਵਿਸ਼ੇਸ਼ ਤੋਂ ਇਲਾਵਾ ਸਿਰਫ ਇੱਕੋ ਰੈਗੂਲਰ ਅੰਕ ਹੋਣ ਕਰਕੇ ਲੱਗਭੱਗ ਇਹੀ ਸਥਿਤੀ ਬਣਦੀ ਹੈ। 2010 ਤੋਂ ਬਾਅਦ ਪਰਚੇ ਦੀ ਲਗਾਤਾਰਤਾ ਬਣਾਉਣ ਲਈ ਝੁੱਟੀ ਮਾਰ ਕੇ ਹੋਏ ਹਰਜੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪਰਚਾ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ
ਸਾਥੀ ਜੱਸੀ ਵੱਲੋਂ ਪਰਚੇ ਦੇ ਸੰਪਾਦਕ ਵਜੋਂ ਓਟੀ ਜੁੰਮੇਵਾਰੀ ਨਿਭਾਉਣ ਲਈ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਲੋੜੀਂਦਾ ਸਮਾਂ ਅਤੇ ਸ਼ਕਤੀ ਨਹੀਂ ਲਾਈ ਗਈ। ''ਪਾਠਕ ਸਮੂਹ'' ਨੂੰ ਟਿੱਚ ਜਾਣਦਿਆਂ, ਗੈਰ-ਜੁੰਮੇਵਾਰਾਨਾ ਰੋਲ ਅਖਤਿਆਰ ਕਰ ਲਿਆ ਗਿਆ। ਪਰਚਾ ''ਪਾਠਕ ਸਮੂਹ'' ਦੀਆਂ ਅਮਲੀ-ਸਿਆਸੀ ਜ਼ਰੂਰਤਾਂ ਦਾ ਤਰਜ਼ਮਾਨ ਹੋਣ ਦੀ ਬਜਾਇ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ ਬਣ ਕੇ ਰਹਿ ਗਿਆ।
ਹੋ ਸਕਦਾ ਹੈ ਕਿ ਸਾਥੀ ਜੱਸੀ ਨੂੰ ਸੰਪਾਦਕ ਦੀਆਂ ਜੁੰਮੇਵਾਰੀਆਂ 'ਤੇ ਪੂਰਾ ਉੱਤਰਨ ਲਈ ਲੋੜੀਂਦਾ ਸਮਾਂ ਅਤੇ ਸ਼ਕਤੀ ਕੱਢਣ ਵਿੱਚ ਕੋਈ ਦਿੱਕਤਾਂ ਆਉਂਦੀਆਂ ਹੋਣ। ਅਜਿਹੀਆਂ ਦਿੱਕਤਾਂ ਦੀ ਵਜਾਹ ਘਰੇਲੂ-ਪਰਿਵਾਰਕ ਰੁਝੇਵੇਂ ਵੀ ਹੋ ਸਕਦੇ ਹਨ। ਕੋਈ ਹੋਰ ਸਮਾਜਿਕ-ਸਿਆਸੀ ਖੇਤਰ ਦੇ ਰੁਝੇਵੇਂ ਵੀ ਹੋ ਸਕਦੇ ਹਨ। ਜੇ ਅਜਿਹਾ ਸੀ, ਤਾਂ ਐਡੇ ਵੱਡੇ ਪਾਠਕ ਸਮੂੰਹ 'ਚੋਂ (ਜਿਸ ਨੂੰ ਉਹ ਅੱਜ ਵੀ ਆਪਣੇ ਨਾਲ ਹੋਣ ਦਾ ਦਾਅਵਾ ਕਰਦਾ ਹੈ) ਕਿਸੇ ਹੋਰ ਨੂੰ ਸੰਪਾਦਕ ਦੀ ਜੁੰਮੇਵਾਰੀ ਸੰਭਾਲੀ ਜਾ ਸਕਦੀ ਸੀ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਇਸਦੇ ਦੋ ਕਾਰਨ ਹੀ ਹੋ ਸਕਦੇ ਹਨ। ਇੱਕ— ਐਡੇ ਵੱਡੇ ਪਾਠਕ ਸਮੂੰਹ ਵਿੱਚ ਸੱਚੀਉਂ ਹੀ ਸੰਪਾਦਕ ਦੀਆਂ ਜੁੰਮੇਵਾਰੀਆਂ ਓਟਣਯੋਗ ਕੋਈ ਇਨਕਲਾਬੀ ਪਾਠਕ ਮੌਜੂਦ ਨਹੀਂ ਸੀ। ਜੇ ਇਹ ਗੱਲ ਸੀ, ਤਾਂ ਇਹ ਖੁਦ-ਬ-ਖੁਦ ਪਰਚੇ ਦੀ ਇਨਕਲਾਬੀ ਭੂਮਿਕਾ ਅਤੇ ਕਾਰਗਰਤਾ ਨੂੰ ਲੱਗੇ ਖੋਰੇ ਦਾ ਇਕਬਾਲ ਬਣਦੀ ਹੈ; ਦੂਜਾ— ''ਪਾਠਕ ਸਮੂਹ'' ਵਿੱਚ ਸੰਪਾਦਕ ਦੀਆਂ ਜੁੰਮੇਵਾਰੀਆਂ ਸੰਭਾਲਣ ਵਾਲੇ ਵਿਕਸਤ ਸਾਥੀ ਤਾਂ ਮੌਜੂਦ ਸਨ, ਪਰ ਸਾਥੀ ਜੱਸੀ ਹੋਰਾਂ ਦੀਆਂ ਸੌੜੀਆਂ ਸਿਆਸੀ ਲੋੜਾਂ ਦੇ ਚੌਖਟੇ ਨੂੰ ਰਾਸ ਆਉਣ ਵਾਲੇ ਨਹੀਂ ਸੀ ਲੱਗਦੇ। ਜਿਸ ਕਰਕੇ ਚਾਹੇ ''ਪਾਠਕ ਸਮੁਹ'' ਜਾਵੇ ਢੱਠੇ ਖੂਹ 'ਚ, ਉਹਨਾਂ ਵੱਲੋਂ ਪਰਚੇ ਦੀ ਸੰਪਾਦਕੀ 'ਤੇ ਜਿਵੇਂ ਕਿਵੇਂ ਜੱਫਾ ਮਾਰ ਕੇ ਰੱਖਣਾ ਜ਼ਰੂਰੀ ਹੋ ਗਿਆ ਸੀ।
ਸਮੇਂ ਦਾ ਪਾਬੰਦ ਹੋਣ ਦੇ ਇਨਕਲਾਬੀ ਗੁਣ ਨੂੰ ਖੋਰਾ
ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਸੁਰਖ਼ ਰੇਖਾ ਦਾ ਜਮਾਤੀ ਜਨਤਕ ਸੰਘਰਸ਼ਾਂ ਅਤੇ ਇਨਕਲਾਬੀ ਲਹਿਰ ਵਿੱਚ ਸਰਗਰਮ ਪਾਠਕ ਹਿੱਸਿਆਂ ਨੂੰ ਇਨਕਲਾਬੀ ਸਿਆਸੀ-ਸਿੱਖਿਆ ਦੇਣ ਅਤੇ ਸੇਧ ਮੁੱਹਈਆ ਕਰਨ ਅਤੇ ਸੰਘਰਸ਼ਸ਼ੀਲ ਜਨਤਾ ਵਿੱਚ ਇਨਕਲਾਬੀ ਸਿਆਸਤ ਦਾ ਛਿੱਟਾ ਦੇਣ ਦੇ ਮਾਮਲੇ ਵਿੱਚ ਬਹੁਤ ਹੀ ਅਹਿਮ ਰੋਲ ਬਣਦਾ ਹੈ। ਇਨਕਲਾਬੀ ਲਹਿਰ ਅਤੇ ਜਨਤਕ ਲਹਿਰ ਵਿੱਚ ਸਰਗਰਮ ਪਾਠਕ ਮੁਲਕ ਅਤੇ ਸੂਬਾਈ ਸਿਆਸੀ ਦ੍ਰਿਸ਼ 'ਤੇ ਵਾਪਰਦੀਆਂ ਘਟਨਾਵਾਂ ਨੂੰ ਜਾਣਨ-ਬੁੱਝਣ ਅਤੇ ਘੋਲ ਸਰਗਰਮੀਆਂ ਵਿੱਚ ਸੇਧ ਹਾਸਲ ਕਰਨ ਲਈ ਪਰਚੇ ਵੱਲ ਝਾਕਦੇ ਹਨ। ਪਰਚੇ ਵੱਲੋਂ ਇਹ ਰੋਲ ਨਿਭਾਉਣ ਲਈ ਤਹਿ ਕੀਤੇ ਮੌਕੇ ਸਿਰ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਣਾ ਸਭ ਤੋਂ ਪਹਿਲੀ ਸ਼ਰਤ ਹੈ। ਇਸ ਲਈ ਸਮੇਂ ਦਾ ਪਾਬੰਦ ਹੋਣਾ ਕਮਿਊਨਿਸਟ ਇਨਕਲਾਬੀ ਪਰਚੇ ਦਾ ਇੱਕ ਲਾਜ਼ਮੀ ਇਨਕਲਾਬੀ ਗੁਣ ਅਤੇ ਲੱਛਣ ਹੈ।
ਪਰ ਜਿਵੇਂ ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਪਰਚੇ ਦੇ ਦੇਰ ਨਾਲ ਆਉਣ ਅਤੇ ਲਗਾਤਾਰਤਾ ਵਿੱਚ ਹੋਈ ਵੱਡੀ ਗੜਬੜ ਨਾਲ ਸੁਰਖ਼ ਰੇਖਾ ਦੇ ਇਸ ਇਨਕਲਾਬੀ ਗੁਣ ਅਤੇ ਲੱਛਣ ਨੂੰ ਗੰਭੀਰ ਜ਼ਰਬ ਆਈ ਹੈ, ਪਾਠਕਾਂ ਦੀ ਪਰਚੇ ਤੋਂ ਰੱਖੀ ਉਮੀਦ ਨੂੰ ਵੱਡੀ ਠੋਕਰ ਵੱਜੀ ਹੈ, ਪਰਚੇ ਵਿੱਚ ਵਿਸ਼ਵਾਸ਼ ਨੂੰ ਖੋਰਾ ਲੱਗਿਆ ਹੈ ਅਤੇ ਬੇਪ੍ਰਤੀਤੀ ਦਾ ਮਾਹੌਲ ਬਣਿਆ ਹੈ।
ਪਾਠਕਾਂ ਮੂਹਰੇ ਜਵਾਬਦੇਹੀ ਤੋਂ ਬੇਪ੍ਰਵਾਹ
ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਇਹ ਆਪਣੇ ਮੌਜੂਦਾ ਪਾਠਕਾਂ ਅਤੇ ਇਨਕਲਾਬੀ ਜੁਝਾਰ ਹਿੱਸਿਆਂ ਦੀਆਂ ਲੋੜਾਂ ਪ੍ਰਤੀ ਜਵਾਬਦੇਹ ਹੈ। ਜਨਤਾ ਮੂਹਰੇ ਜਮਹੂਰੀ ਜਵਾਬਦੇਹੀ ਦਾ ਮਤਲਬ ਹੈ— ਉਹਨਾਂ ਦੀਆਂ ਇਨਕਲਾਬੀ ਲੋੜਾਂ ਨੂੰ ਸਿਰਮੌਰ ਰੱਖਣਾ, ਉਹਨਾਂ ਦੀਆਂ ਆਸਾਂ 'ਤੇ ਪੂਰਾ ਉੱਤਰਨ ਲਈ ਤਾਣ ਲਾਉਣਾ, ਉਹਨਾਂ ਦੀਆਂ ਲੋੜਾਂ ਨੂੰ ਬਾਮੌਕਾ ਹੁੰਗਾਰਾ ਦੇਣਾ, ਸਮੇਂ ਸਮੇਂ ਖੜ੍ਹੀਆਂ ਹੁੰਦੀਆਂ ਸਮੱਸਿਆਵਾਂ ਪਾਠਕ ਸਮੁਹ ਨਾਲ ਸਾਂਝੀਆਂ ਕਰਨਾ ਅਤੇ ਇਹਨਾਂ ਦੇ ਹੱਲ ਲਈ ਉਹਨਾਂ ਦੀ ਰਾਇ ਲੈਣੀ, ਮੱਦਦ ਲੈਣੀ ਅਤੇ ਉਹਨਾਂ ਦੀ ਸਮੂਹਿਕ ਲਿਆਕਤ ਦੀ ਵਰਤੋਂ ਕਰਨਾ ਅਤੇ ਸਮੂਹਿਕ ਰਜ਼ਾ ਦਾ ਸਤਿਕਾਰ ਕਰਨਾ। ਸ਼ੁਰੂ ਵਿੱਚ ਪਾਠਕਾਂ ਦੀਆਂ ਲੋੜਾਂ ਅਤੇ ਪਰਚੇ ਦੀ ਸਮੱਗਰੀ ਬਾਰੇ ਰਾਇ ਦੇ ਇੱਕ ਢੰਗ ਵਜੋਂ ''ਪਾਠਕਾਂ ਦੀ ਸੱਥ'' ਕਾਲਮ ਸ਼ੁਰੂ ਕੀਤਾ ਗਿਆ ਸੀ। ਇਹ ਕਾਲਮ ਬੜੀ ਮੁਸ਼ਕਲ ਨਾਲ 2004 ਤੱਕ ਚੱਲਿਆ ਅਤੇ ਉਸ ਤੋਂ ਬਾਅਦ ਇਹ ਕਾਲਮ ਬੰਦ ਕਰ ਦਿੱਤਾ ਗਿਆ। ਸਾਥੀ ਸੰਪਾਦਕ ਵੱਲੋਂ ਪਿਛਲੇ ਵਰ੍ਹਿਆਂ ਵਿੱਚ ਪਾਠਕਾਂ ਦੀਆਂ ਲੋੜਾਂ ਦਾ ਖਿਆਲ ਰੱਖਣ ਤੇ ਉਹਨਾਂ ਨੂੰ ਬਾਮੌਕਾ ਹੁੰਗਾਰਾ ਦੇਣ ਦੀ ਲੋੜ ਤੋਂ ਬੇਪ੍ਰਵਾਹ ਹੁੰਦਿਆਂ, ਪਰਚੇ ਨੂੰ ਸਮੇਂ ਦੀ ਪਾਬੰਦੀ ਤੋਂ ਮੁਕਤ ਕਰਦਿਆਂ, ਮਨਮਰਜ਼ੀ ਦੀ ਤਾਰੀਕ 'ਤੇ ਜਾਰੀ ਕਰਨ ਦਾ ਅਮਲ ਵਿੱਢ ਲਿਆ ਗਿਆ ਅਤੇ ਇਸਦੀ ਲਗਾਤਾਰਤਾ ਨੂੰ ਭੰਗ ਕਰ ਦਿੱਤਾ ਗਿਆ। ਇਸ ਤੋਂ ਅੱਗੇ, ਪਰਚਾ ਕੱਢਣ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਹੋ ਰਹੀ ਗੜਬੜਚੌਥ ਨੂੰ ਪਾਠਕਾਂ ਨਾਲ ਸਾਂਝੀ ਕਰਨ ਦੀ ਲੋੜ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ। ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉਹਨਾਂ ਦੀ ਰਾਇ ਲੈਣ ਅਤੇ ਲਿਆਕਤ ਦੀ ਵਰਤੋਂ ਕਰਨ ਨੂੰ ਨਜ਼ਰਅੰਦਾਜ਼ ਕਰਦਿਆਂ, ਜਮਹੂਰੀ ਜਵਾਬਦੇਹੀ ਤੋਂ ਮੁਨਕਰ ਹੋਣ ਦਾ ਰਾਹ ਚੁਣਿਆ ਗਿਆ। 
ਪਰਚੇ ਦੀ ਸਿਆਸੀ ਦੁਰਵਰਤੋਂ 
ਕਾਮਰੇਡ ਹਰਭਜਨ ਸੋਹੀ ਦੀ ਜੂਨ 2009 ਵਿੱਚ ਹੋਈ ਮੌਤ ਤੋਂ ਬਾਅਦ ਵਿੱਚ ਸੰਪਾਦਕ ਸਾਥੀ ਵੱਲੋਂ ਉਸਦੇ ਵਿਵਾਦਤ ਰੋਲ ਨੂੰ ਉਭਾਰਨ ਲਈ ਜਿਵੇਂ ਪਰਚੇ ਦੀ ਦੁਰਵਰਤੋਂ ਕੀਤੀ ਗਈ, ਇਹ ਇੱਕ ਸਿਰੇ ਦਾ ਗੈਰ-ਜੁੰਮੇਵਾਰਾਨਾ ਅਤੇ ਨਿੰਦਣਯੋਗ ਕਦਮ ਸੀ। ਉਸਦੀ ਮੌਤ 'ਤੇ ਅਫਸੋਸ ਜ਼ਾਹਰ ਕਰਦਿਆਂ ਉਸਦੇ 1994 ਤੋਂ ਪਹਿਲਾਂ ਦੇ ਰੋਲ ਬਾਰੇ ਇੱਕ ਆਮ ਚਲੰਤ ਜ਼ਿਕਰ ਸ਼ੋਕ ਨੋਟ 'ਚ ਦਿੱਤਾ ਜਾ ਸਕਦਾ ਸੀ। ਸਾਡੀ ਜਾਣਕਾਰੀ ਮੁਤਾਬਿਕ ਉਹ 1994 ਵਿੱਚ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਜਥੇਬੰਦੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ.ਲ.) ਦੀ ਕੇਂਦਰੀ ਕਮੇਟੀ ਦਾ ਸਕੱਤਰ ਬਣਿਆ ਸੀ ਅਤੇ ਮਾਰਚ 2009 ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਿਹਾ ਸੀ। ਉਸਦੀ ਸਕੱਤਰਸ਼ਿੱਪ ਹੇਠ ਇਹ ਜਥੇਬੰਦੀ ਬੁਰੀ ਤਰ੍ਹਾਂ ਖੜੋਤ ਅਤੇ ਸੰਕਟ ਦਾ ਸ਼ਿਕਾਰ ਹੋ ਗਈ। ਜਥੇਬੰਦੀ ਵੱਲੋਂ ਆਪਣੀ ਕਾਨਫਰੰਸ 2000 ਵਿੱਚ ਕੀਤੀ ਜਾਣੀ ਸੀ, ਪਰ ਕਾਮਰੇਡ ਸੋਹੀ ਬਤੌਰ ਸਕੱਤਰ 2009 ਤੱਕ ਕੇਂਦਰੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾਜੋਖਾ ਕਰਨ ਅਤੇ ਕੇਂਦਰੀ ਕਾਨਫਰੰਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਂਦਰੀ ਕਮੇਟੀ ਦੀ ਅਗਵਾਈ ਕਰਨ ਤੋਂ ਨਾਕਾਮ ਨਿੱਬੜਿਆ। ਉਸ ਵੱਲੋਂ ਕੇਂਦਰੀ ਕਮੇਟੀ ਦੇ ਕਾਰਵਿਹਾਰ ਨੂੰ 6 ਸਾਲਾਂ ਲਈ ਜਾਮ ਕਰਕੇ ਰੱਖਣ ਵਿੱਚ 'ਸਿਰਕੱਢ' ਰੋਲ ਨਿਭਾਇਆ ਗਿਆ ਅਤੇ ਉਹ ਖੁਦ 6 ਸਾਲਾਂ ਲਈ ਉਖੜੇਵੇਂ ਅਤੇ ਗੈਰ-ਸਰਗਰਮੀ ਦੇ ਦੌਰ 'ਚੋਂ ਗੁਜ਼ਰਿਆ। ਸਿੱਟੇ ਵਜੋਂ ਇਹਨਾਂ 6 ਸਾਲਾਂ ਦੌਰਾਨ ਕੇਂਦਰੀ ਕਮੇਟੀ ਵੱਲੋਂ ਹੇਠਾਂ ਜਥੇਬੰਦੀ ਨੂੰ ਅਗਵਾਈ ਦੇਣ ਦਾ ਕਾਰਜ ਠੱਪ ਹੋ ਕੇ ਰਹਿ ਗਿਆ। ਉਸਦੀ ਸਕੱਤਰਸ਼ਿੱਪ ਹੇਠ ਜਦੋਂ ਕੇਂਦਰੀ ਕਮੇਟੀ ਦਾ ਕੰਮ ਕਰਨਾ ਦੁੱਭਰ ਤੇ ਅਸੰਭਵ ਹੋ ਗਿਆ ਤਾਂ ਉਸਨੂੰ ਆਪਣੇ ਇਸ ਨਾਕਸ ਤੇ ਨਖਿੱਧ ਰੋਲ ਸਦਕਾ ਸਕੱਤਰਸ਼ਿੱਪ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਪਿਆ। ਉਸਦੇ ਅਸਤੀਫੇ ਤੋਂ ਬਾਅਦ ਅਤੇ ਨਵੇਂ ਸਕੱਤਰ ਦੀ ਅਗਵਾਈ ਹੇਠ ਹੀ ਜਥੇਬੰਦੀ ਅੰਦਰ ਲੇਖੇਜੋਖੇ ਦਾ ਕੰਮ ਰੇੜ੍ਹੇ ਪਿਆ। 1994 ਤੋਂ ਲੈ ਕੇ 2009 ਤੱਕ ਉਸ ਵੱਲੋਂ ਬਤੌਰ ਕੇਂਦਰੀ ਕਮੇਟੀ ਸੱਕਤਰ ਨਿਭਾਇਆ ਗਿਆ ਰੋਲ ਅਜੇ ਲੇਖੇਜੋਖੇ ਅਧੀਨ ਸੀ। ਉਸਦਾ ਰੋਲ ਅਜੇ ਕੇਂਦਰੀ ਕਮੇਟੀ ਅਤੇ ਜਥੇਬੰਦੀ ਅੰਦਰ ਵਾਦ-ਵਿਵਾਦ ਦਾ ਮੁੱਦਾ ਸੀ। ਜਿੱਥੋਂ ਤੱਕ 1994 ਤੋਂ ਪਹਿਲਾਂ ਉਸ ਵੱਲੋਂ ਨਿਭਾਏ ਗਏ ਚੰਗੇ-ਮਾੜੇ ਰੋਲ ਦਾ ਸਬੰਧ ਹੈ, ਇਸਦਾ ਨਾ ਸਿਰਫ 1994 ਦੀ ਏਕਤਾ ਤੋਂ ਬਾਅਦ ਹੋਂਦ ਵਿੱਚ ਆਈ ਨਵੀਂ ਸਿਆਸੀ ਜਥੇਬੰਦੀ ਨਾਲ ਕੋਈ ਲਾਗਾ-ਦੇਗਾ ਨਹੀਂ ਸੀ, ਉਸਦਾ ਇਹ ਰੋਲ 1994 ਵਿੱਚ ਇੱਕ ਹੋਈਆਂ ਜਥੇਬੰਦੀਆਂ ਅਤੇ ਪੰਜਾਬ ਦੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਤਿੱਖੇ ਵਿਵਾਦ ਦਾ ਮਾਮਲਾ ਵੀ ਸੀ।
ਸਾਥੀ ਸੰਪਾਦਕ ਵੱਲੋਂ ਉਪਰੋਕਤ ਬਿਆਨ ਕੀਤੀ ਹਾਲਤ ਤੋਂ ਬੇਪ੍ਰਵਾਹ ਹੁੰਦਿਆਂ, ਕਾਮਰੇਡ ਹਰਭਜਨ ਸੋਹੀ ਦੀ ਬੇਲੋੜੀ, ਨਿਰਆਧਾਰ, ਮਨਚਾਹੀ ਅਤੇ ਬੜਬੋਲੀ ਪ੍ਰਸੰਸਾ ਦੇ ਪੜੁੱਲ ਬੰਨ੍ਹਣ ਲਈ ਸੁਰਖ਼ ਰੇਖਾ ਨੂੰ ਝੋਕ ਦਿੱਤਾ ਗਿਆ ਅਤੇ ਉਸ ਬਾਰੇ ਇੱਕ ਵਿਸ਼ੇਸ਼ ਅੰਕ ਜਾਰੀ ਕਰ ਮਾਰਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਪਰਚੇ ਦੇ ਸਫਿਆਂ 'ਤੇ ਕਾਮਰੇਡ ਸੋਹੀ ਨੂੰ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਪੇਸ਼ ਕਰਨ ਦਾ ਝੂਠ ਵੀ ਬੋਲਿਆ ਗਿਆ। ਇਹ ਸਾਰਾ ਕੁੱਝ ਕਾਮਰੇਡ ਸੋਹੀ ਵੱਲੋਂ 1994 ਤੋਂ 2009 ਤੱਕ ਕੇਂਦਰੀ ਕਮੇਟੀ ਦੇ ਸਕੱਤਰ ਵਜੋਂ ਨਿਭਾਏ ਨਾਕਾਮ ਅਤੇ ਨਖਿੱਧ ਰੋਲ 'ਤੇ ਪਰਦਾ ਪਾਉਣ, ਉਸਦੇ ਇਸ ਰੋਲ ਨੂੰ ਬੜਬੋਲੀ ਅਤੇ ਗੁਮਰਾਹੀ ਲਫਾਜ਼ੀ ਨਾਲ ਸ਼ਿੰਗਾਰਦਿਆਂ ਸਫਾਂ ਵਿੱਚ ਉਸਦੇ ਰੋਲ ਦਾ ਭਰਮਾਊ ਨਕਸ਼ਾ ਬੰਨ੍ਹਣ ਦੀ ਸੋਚੀ-ਸਮਝੀ ਚਾਲ ਵਜੋਂ ਕੀਤਾ ਗਿਆ। ਇਸ ਤਰ੍ਹਾਂ ਪਰਚੇ ਨੂੰ ਸਿਆਸੀ ਜਥੇਬੰਦੀ ਅੰਦਰ ਕਾਮਰੇਡ ਸੋਹੀ ਦੀ ਧਿਰ ਦਾ ਨੰਗਾ-ਚਿੱਟਾ (ਪਰ ਅਣ-ਐਲਾਨਿਆ) ਬੁਲਾਰਾ ਬਣਾਇਆ ਗਿਆ। ਇਸਦਾ ਮਨੋਰਥ ਕੇਂਦਰੀ ਕਮੇਟੀ ਦੀ ਪਿਛਲੇ ਲੱਗਭੱਗ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਤੋਂ ਬਦਜ਼ਨ ਅਤੇ ਬੇਚੈਨ ਸਫਾਂ ਨੂੰ ਅਸਰਅੰਦਾਜ਼ ਕਰਨਾ ਅਤੇ ਕਾਮਰੇਡ ਸੋਹੀ ਦੀ ਧਿਰ ਨਾਲ ਰੌਲੇ-ਰੱਟੇ ਦਾ ਪ੍ਰਗਟਾਅ ਕਰ ਰਹੀ ਧਿਰ ਖਿਲਾਫ ਮਾਹੌਲ ਤੇ ਨਾ-ਮੁਆਫਿਕ ਹਾਲਤਾਂ ਸਿਰਜਣ ਦੀ ਕੋਸ਼ਿਸ਼ ਕਰਨਾ ਸੀ। ਸਾਥੀ ਜੱਸੀ ਦੀ ਇਹ ਚਾਲ ਪਰਚੇ ਦੀ ਦੁਰਵਰਤੋਂ ਦੀ ਇੱਕ ਜ਼ਾਹਰਾ ਮਿਸਾਲ ਸੀ।
ਇਨਕਲਾਬੀ ਧਿਰਾਂ/ਪਰਚਿਆਂ ਪ੍ਰਤੀ ਤੰਗਨਜ਼ਰ ਪਹੁੰਚ
ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਵੀ ਸਾਥੀ ਸਾਬਕਾ ਸੰਪਾਦਕ ਦੀ ਇਹੋ ਪਹੁੰਚ ਅਤੇ ਰਵੱਈਆ ਸਾਹਮਣੇ ਆਇਆ ਹੈ। ਇੱਕ ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਇਸਦਾ ਮਕਸਦ ਜਿੱਥੇ ਆਪਣੀ ਸੋਚ ਅਨੁਸਾਰ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ, ਸਮਝਾਂ-ਪਹੁੰਚਾਂ ਅਤੇ ਸੇਧਾਂ ਨੂੰ ਹਾਂ-ਪੱਖੀ ਢੰਗ ਨਾਲ ਪ੍ਰਚਾਰਨਾ-ਉਭਾਰਨਾ ਸੀ, ਉੱਥੇ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਲਹਿਰ ਅੰਦਰਲੀਆਂ ਵੱਖ ਵੱਖ ਧਿਰਾਂ ਦੇ ਅਮਲ ਅੰਦਰ ਸਾਹਮਣੇ ਆ ਰਹੇ ਨਰੋਏ ਅਤੇ ਹਾਂ-ਪੱਖਾਂ ਨੂੰ ਉਜਾਗਰ ਕਰਨਾ ਸੀ। ਉਹਨਾਂ ਦਰਮਿਆਨ ਪ੍ਰਸਪਰ ਸਾਂਝ ਅਤੇ ਸਹਿਯੋਗ ਦੇ ਪੱਖਾਂ ਨੂੰ ਉਘਾੜਨਾ ਸੀ। ਇਹ ਪਹੁੰਚ ਵੱਖ ਵੱਖ ਪਰਚਿਆਂ ਦਰਮਿਆਨ ਸਾਂਝ ਅਤੇ ਸਹਿਯੋਗ ਦੇ ਆਧਾਰ ਨੂੰ ਉਭਾਰਨ ਤੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦਿਆਂ, ਉਹਨਾਂ ਦਰਮਿਆਨ ਅਤੇ ਇਨਕਲਾਬੀ ਲਹਿਰ ਅੰਦਰ ਭਾਈਚਾਰਕ ਰਸਨਾ ਅਤੇ ਸਹਿਯੋਗ ਨੂੰ ਪ੍ਰਫੁੱਲਤ ਕਰਨ ਵੱਲ ਸੇਧਤ ਸੀ। ਇਹ ਪਹੁੰਚ ਪਾਟਕ ਦਾ ਸ਼ਿਕਾਰ ਇਨਕਲਾਬੀ ਲਹਿਰ ਨੂੰ ਅੰਤਿਮ ਤੌਰ 'ਤੇ ਏਕਤਾ ਵਿੱਚ ਪਰੋਣ ਦੇ ਭਵਿੱਖ-ਨਕਸ਼ੇ ਅਨੁਸਾਰ ਚੱਲਣ ਦਾ ਠੋਸ ਇਜ਼ਹਾਰ ਬਣਦੀ ਸੀ। ਇਹ ਪਹੁੰਚ ਪਰਚੇ ਦੇ ਪਲੇਟਫਾਰਮ ਤੋਂ ਵੱਖ ਵੱਖ ਇਨਕਲਾਬੀ ਧਿਰਾਂ/ਜਨਤਕ ਜਥੇਬੰਦੀਆਂ ਦਰਮਿਆਨ ਅਭਿਆਸ ਅੰਦਰ ਜ਼ਾਹਰ ਹੋ ਰਹੇ ਰੱਟਿਆਂ ਤੇ ਮੱਤਭੇਦਾਂ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਅਤੇ ਕਿਸੇ ਇੱਕ ਜਾਂ ਦੂਜੀ ਧਿਰ/ਜਥੇਬੰਦੀ ਦੇ ਪੱਖ ਜਾਂ ਵਿਰੋਧ ਵਿੱਚ ਖੜ੍ਹਨ ਤੋਂ ਬਚਾਅ ਕਰਨ ਦੀ ਮੰਗ ਕਰਦੀ ਸੀ।
ਪਰ ਸਾਬਕਾ ਸੰਪਾਦਕ ਵੱਲੋਂ ਇਸ ਪਹੁੰਚ 'ਤੇ ਖੜ੍ਹਨ ਦੀ ਬਜਾਇ, ਸੂਬੇ ਵਿੱਚ ਨਿਕਲਦੇ ਸਭਨਾਂ ਇਨਕਲਾਬੀ ਪਰਚਿਆਂ ਨਾਲ ਤਿੱਖੀ ਬਹਿਸ-ਭੇੜ ਦਾ ਆਢਾ ਲਾਇਆ ਗਿਆ। ਲਾਲ ਤਾਰਾ, ਚਮਕਦਾ ਲਾਲ ਤਾਰਾ, ਸਮਕਾਲੀ ਦਿਸ਼ਾ, ਹਿਰਾਵਲ ਦਸਤਾ ਦੇ ਨਾਂ ਬਦਲੀ ਹੋਣ ਤੋਂ ਬਾਅਦ 'ਚ ਨਿਕਲ ਰਹੇ ''ਇਨਕਲਾਬੀ ਸਾਡਾ ਰਾਹ'' ਅਤੇ ਲਾਲ ਪਰਚਮ ਨਾਲ ਵੱਖ ਵੱਖ ਜਨਤਕ ਜਥੇਬੰਦੀਆਂ/ਥੜ੍ਹਿਆਂ ਅਤੇ ਇਨਕਲਾਬੀ ਲਹਿਰ ਅੰਦਰ ਵੱਖ ਵੱਖ ਧਿਰਾਂ ਦੀ ਅਮਲਦਾਰੀ ਵਿੱਚ ਜ਼ਾਹਰ ਹੁੰਦੇ ਵਖਰੇਵਿਆਂ/ਰੱਟਿਆਂ 'ਤੇ ਸ਼ਰੇਆਮ ਬੇਲੋੜੀ, ਕਾਟਵੀਂ, ਭਖਵੀਂ ਅਤੇ ਰਗੜ-ਮਾਂਜਾ ਲਾਊ ਲਹਿਜੇਦਾਰ ਬਹਿਸ ਦੀ ਨੁਮਾਇਸ਼ ਲਾਈ ਗਈ। ਇਉਂ, ਪਰਚੇ ਨੂੰ ਵੱਖ ਵੱਖ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਧਿਰਾਂ ਦਰਮਿਆਨ ਵਖਰੇਵਿਆਂ/ਰੱਟਿਆਂ ਵਿੱਚ ਸਿੱਧਮ-ਸਿੱਧੀ ਦਖਲਅੰਦਾਜ਼ੀ ਕਰਨ ਅਤੇ ਕਿਸੇ ਇੱਕ ਜਾਂ ਦੂਜੀ ਜਨਤਕ ਜਥੇਬੰਦੀ ਅਤੇ ਇਨਕਲਾਬੀ ਧਿਰ ਦੇ ਹੱਕ/ਵਿਰੋਧ ਵਿੱਚ ਖੜ੍ਹਨ ਦੀ ਨੌਬਤ ਤੱਕ ਪੁਚਾਇਆ ਗਿਆ। ਦੂਸਰੇ ਲਫਜ਼ਾਂ ਵਿੱਚ— ਪਰਚੇ ਨੂੰ ਕਿਸੇ ਵਿਸ਼ੇਸ਼ ਜਨਤਕ ਜਥੇਬੰਦੀ/ਜਥੇਬੰਦੀਆਂ ਅਤੇ ਇਨਕਲਾਬੀ ਧਿਰ ਦੀ ਸਮਝ ਦੇ ਗੱਜਵੱਜਵੇਂ ਬੁਲਾਰੇ ਵਿੱਚ ਤਬਦੀਲ ਕਰਨ ਦੀ ਦਿਸ਼ਾ ਅਖਤਿਆਰ ਕੀਤੀ ਗਈ। ਇਸ ਦਾ ਨਤੀਜਾ ਵੱਖ ਵੱਖ ਇਨਕਲਾਬੀ ਪਰਚਿਆਂ ਅਤੇ ਇਨਕਲਾਬੀ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਦਰਮਿਆਨ ਆਪਸੀ ਭਾਈਚਾਰਕ ਰਸਨਾ, ਸਾਂਝ ਅਤੇ ਸਹਿਯੋਗ ਦੀ ਭਾਵਨਾ ਦੇ ਪ੍ਰਫੁੱਲਤ ਹੋਣ ਦੀ ਬਜਾਇ, ਆਪਸੀ ਕੁੜੱਤਣ, ਵਿੱਥ ਅਤੇ ਟਕਰਾਅ ਵਾਲੇ ਮੰਦਭਾਗੇ ਮਾਹੌਲ ਦੇ ਹੋਰ ਵੀ ਮਾੜੇ ਰੁਖ਼ ਵਧਾਰੇ ਵਿੱਚ ਨਿੱਕਲਿਆ।
ਦੂਸਰੀਆਂ ਇਨਕਲਾਬੀ ਧਿਰਾਂ ਪ੍ਰਤੀ ਧਾਰੀ ਗੈਰ-ਸਾਥੀਆਨਾ ਅਤੇ ਤੰਗਨਜ਼ਰ ਪਹੁੰਚ ਦਾ ਹੀ ਲਾਜ਼ਮੀ ਸਿੱਟਾ ਸੀ ਕਿ ਉਸ ਵੱਲੋਂ ਇਨਕਲਾਬੀ ਲਹਿਰ ਦੀਆਂ ਵੱਖ ਵੱਖ ਧਿਰਾਂ ਦੀਆਂ ਹਾਂ-ਪੱਖੀ ਅਤੇ ਉਸਾਰੂ ਸਰਗਰਮੀਆਂ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਲੜੇ ਗਏ ਜ਼ਿਕਰਯੋਗ ਘੋਲਾਂ ਨੂੰ ਪਰਚੇ ਅੰਦਰ ਬਣਦੀ ਥਾਂ ਦੇਣ ਦੀ ਬਜਾਇ, ਉਹਨਾਂ ਨੂੰ ਅਕਸਰ ਨਜ਼ਰਅੰਦਾਜ਼ ਕਰਨ ਦਾ ਰਵੱਈਆ ਅਖਤਿਆਰ ਕੀਤਾ ਗਿਆ ਅਤੇ ਪਰਚੇ ਨੂੰ ਨਿਰੋਲ ਸ਼ਰੇਆਮ ਇੱਕੋ ਇੱਕ ਵਿਸ਼ੇਸ਼ ਇਨਕਲਾਬੀ ਧਿਰ ਅਤੇ ਵਿਸ਼ੇਸ਼ ਜਨਤਕ ਜਥੇਬੰਦੀਆਂ/ਥੜ੍ਹਿਆਂ ਦੀਆਂ ਸਰਗਰਮੀਆਂ ਨੂੰ ਉਭਾਰਨ ਦੇ ਸਾਧਨ ਵਿੱਚ ਤਬਦੀਲ ਕਰਨ ਦਾ ਰੁਖ ਅਖਤਿਆਰ ਕੀਤਾ ਗਿਆ।
ਏਕਤਾ ਪਹੁੰਚ ਨਾਲ ਬੇਮੇਲ ਤੰਗ-ਨਜ਼ਰ ਪਹੁੰਚ
''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ''— ਦੋਵਾਂ ਪਰਚਿਆਂ ਦੀ ਏਕਤਾ ਬਰਾਬਰਤਾ ਦੇ ਆਧਾਰ 'ਤੇ ਹੋਈ ਸੀ। ਜਿਹਨਾਂ ਸਾਂਝੀਆਂ ਵਿਚਾਰਧਾਰਕ-ਸਿਆਸੀ ਸੇਧਾਂ ਅਤੇ ਮਨੋਰਥਾਂ ਦੇ ਆਧਾਰ 'ਤੇ ਇਹ ਇੱਕਮਿੱਕਤਾ ਹੋਈ ਸੀ, ਸਾਂਝੇ ਪਰਚੇ ਸੁਰਖ਼ ਰੇਖਾ— ਨੇ ਉਹਨਾਂ ਅਨੁਸਾਰ ਚੱਲਣਾ ਸੀ। ਦੋਵਾਂ ਪਰਚਿਆਂ ਦੀ ਵੱਖੋਂ ਵੱਖਰੀ ਕਾਰਗੁਜ਼ਾਰੀ ਦਾ ਅਤੇ ਇਹਨਾਂ 'ਚ ਛਪਦੀਆਂ ਰਹੀਆਂ ਲਿਖਤਾਂ ਦਾ ਲੇਖਾਜੋਖਾ ਕਰਨਾ, ਇਹਨਾਂ ਬਾਰੇ ਸਿੱਧਾ/ਅਸਿੱਧਾ ਫਤਵਾ ਦੇਣਾ ਜਾਂ ਇੱਕ/ਦੂਜੇ ਪਰਚੇ ਦੀਆਂ ਲਿਖਤਾਂ ਦੀ ਪੈਰਵਾਈ ਕਰਨਾ ਇਸ ਪਰਚੇ ਦਾ ਕਾਰਜ ਨਹੀਂ ਸੀ। ਪਰ ਇਸਦਾ ਮਤਲਬ ਇਹ ਨਹੀਂ ਸੀ, ਕਿ 1993 ਤੋਂ ਪਹਿਲਾਂ ਦੋਵਾਂ ਪਰਚਿਆਂ 'ਚ ਛਪੀਆਂ ਹੋਈਆਂ ਲਿਖਤਾਂ 'ਚੋਂ ਅੱਜ ਦੇ ਪ੍ਰਸੰਗ ਵਿੱਚ ਢੁਕਵੀਆਂ ਅਤੇ ਸਾਰਥਿਕ ਬਣਦੀਆਂ ਚੋਣਵੀਆਂ ਲਿਖਤਾਂ ਦੀ ਵਰਤੋਂ ਵਰਜ਼ਿਤ ਸੀ। ਬਿਨਾ ਸ਼ੱਕ, ਦੋਵਾਂ ਪਰਚਿਆਂ 'ਚੋਂ ਅਜਿਹੀਆਂ ਲਿਖਤਾਂ ਦੁਹਰਾਈਆਂ ਜਾ ਸਕਦੀਆਂ ਸਨ। ਪਰ 1993 ਤੋਂ ਅੱਜ ਤੱਕ ਜਿਹੜੀਆਂ ਵੀ ਲਿਖਤਾਂ ਦੁਹਰਾ ਕੇ ਛਾਪੀਆਂ ਗਈਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਵੱਲੋਂ ਛਾਪੀਆਂ ਹੋਈਆਂ ਹਨ। 1993 ਤੋਂ ਪਹਿਲਾਂ ''ਸੁਰਖ਼ ਰੇਖਾ'' ਦੇ ਥੜ੍ਹੇ ਤੋਂ ਛਪੀਆਂ ਹੋਈਆਂ ਲਿਖਤਾਂ 'ਚੋਂ ਇੱਕ ਵੀ ਲਿਖਤ ਨਹੀਂ ਛਾਪੀ ਗਈ। ਕੀ 1993 ਤੋਂ ਪਹਿਲਾਂ ਸੁਰਖ਼ ਰੇਖਾਵਿੱਚ ਛਪਦੀ ਰਹੀ ਸਾਰੀ ਦੀ ਸਾਰੀ ਸਮੱਗਰੀ 'ਚ ਅਜਿਹੀਆਂ ਲਿਖਤਾਂ ਮੌਜੂਦ ਨਹੀਂ ਹਨ, ਜਿਹੜੀਆਂ 1993 ਤੋਂ ਬਾਅਦ ਵੀ ਪੜ੍ਹਨਯੋਗ, ਢੁਕਵੀਆਂ ਅਤੇ ਸਾਰਥਿਕ ਸਨ, ਜਿਹੜੀਆਂ ਦਰੁਸਤ ਇਨਕਲਾਬੀ ਸਮਝ ਦੀ ਤਰਜ਼ਮਾਨੀ ਕਰਦੀਆਂ ਸਨ ਅਤੇ ਲਟ ਲਟ ਬਲ਼ਦੀ ਇਨਕਲਾਬੀ ਭਾਵਨਾ ਨਾਲ ਸ਼ਰਸ਼ਾਰ ਸਨ। ਅਸੀਂ ਸਮਝਦੇ ਹਾਂ ਕਿ ਅਜਿਹੀ ਇਨਕਲਾਬੀ ਸਮਝ ਅਤੇ ਭਾਵਨਾ ਨਾਲ ਭਰਪੂਰ ਲਿਖਤਾਂ ਮੌਜੂਦ ਸਨ। ਪਰ ਫਿਰ ਵੀ ਇਹਨਾਂ ਲਿਖਤਾਂ 'ਚੋਂ ਇੱਕ ਵੀ ਲਿਖਤ ਦੇ ਕਦੇ ਪਾਠਕਾਂ ਨੂੰ ਦੀਦਾਰ ਨਹੀਂ ਕਰਵਾਏ ਗਏ। 1993 ਤੋਂ ਪਹਿਲਾਂ ਦੇ ''ਸੁਰਖ਼ ਰੇਖਾ'' ਨੂੰ ਮੁਕੰਮਲ ਤੌਰ 'ਤੇ ਵਿਸਾਰਦਿਆਂ, ਕਿੰਨੀਆਂ ਹੀ ਲਿਖਤਾਂ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਦੀ ਪੁਰਾਣੀ ਸਮੱਗਰੀ 'ਚੋਂ ਚੁੱਕ ਕੇ ਦੁਹਰਾਈਆਂ ਗਈਆਂ।
ਅਜਿਹੀ ਇੱਕਪਾਸੜ ਧੁੱਸ ਅਖਤਿਆਰ ਕਰਨ ਦੀ ਵਜਾਹ ਕੀ ਬਣੀ ਹੈ? ਇਹ ਵਜਾਹ ਕੋਈ ਹੋਰ ਨਹੀਂ, ਸਗੋਂ 1993 ਤੋਂ ਪਹਿਲਾਂ ਦੇ ਸੁਰਖ਼ ਰੇਖਾ ਅਤੇ ਉਸਦੇ ਪਾਠਕਾਂ ਪ੍ਰਤੀ ਉਹ ਹੀ ਸੌੜੀ ਤੇ ਤੰਗਨਜ਼ਰ ਪਹੁੰਚ ਅਖਤਿਆਰ ਕਰਨਾ ਹੈ, ਜਿਹੜੀ ਬਾਅਦ ਵਿੱਚ ਦੂਸਰੇ ਇਨਕਲਾਬੀ ਪਰਚਿਆਂ ਪ੍ਰਤੀ ਅਖਤਿਆਰ ਕੀਤੀ ਗਈ ਹੈ। ਇਸਦੀ ਅਰਥ-ਸੰਭਾਵਨਾ ਇਹ ਪ੍ਰਭਾਵ ਸਿਰਜਣਾ ਹੈ ਕਿ 1993 ਤੋਂ ਬਾਅਦ ਦਾ ਸੁਰਖ਼ ਰੇਖਾ ''ਜਫ਼ਰਨਾਮਾ'' ਅਤੇ ''ਇਨਕਲਾਬੀ ਜਨਤਕ ਲੀਹ'' ਦਾ ਜਾਰੀ ਰੂਪ ਹੈ ਨਾ ਕਿ ਇੱਕਮਿੱਕ ਹੋਏ ''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ'' ਦੀ ਸਾਂਝੀ ਇਨਕਲਾਬੀ ਵਿਰਾਸਤ ਦਾ ਤਰਜ਼ਮਾਨ ਹੈ। ਇਸ ਦੀ ਅਰਥ-ਸੰਭਾਵਨਾ ਇਹ ਇਹ ਪ੍ਰਭਾਵ ਸਿਰਜਣਾ ਵੀ ਹੈ ਕਿ 1993 ਤੋਂ ਪਹਿਲਾਂ ਦੇ ''ਸੁਰਖ਼ ਰੇਖਾ'' ਅਤੇ ''ਇਨਕਲਾਬੀ ਜਨਤਕ ਲੀਹ'' ਦਰਮਿਆਨ ਏਕਤਾ ਦੀ ਬਜਾਇ ''ਸੁਰਖ਼ ਰੇਖਾ'' ਵੱਲੋਂ ''ਇਨਕਲਾਬੀ ਜਨਤਕ ਲੀਹ'' ਵਿੱਚ ਸ਼ਾਮਲ ਹੋਇਆ ਗਿਆ ਸੀ।
ਲਮਕਵੇਂ ਲੋਕ-ਯੁੱਧ ਬਾਰੇ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣਾ
ਇੱਕ ਕਮਿਊਨਿਸਟ ਇਨਕਲਾਬੀ ਪਰਚਾ ਹੋਣ ਕਰਕੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ, ਵਿਸ਼ੇਸ਼ ਕਰਕੇ ਮਾਓ ਵਿਚਾਰਧਾਰਾ ਬਾਰੇ ਇਨਕਲਾਬੀ ਪਾਠਕਾਂ ਨੂੰ ਸਿੱਖਿਅਤ ਕਰਨਾ ਇੱਕ ਅਹਿਮ ਤੇ ਲਾਜ਼ਮੀ ਕਾਰਜ ਬਣਦਾ ਸੀ। ਅਦਾਰਾ ਸੁਰਖ਼ ਰੇਖਾ ਪ੍ਰਕਾਸ਼ਨ ਵੱਲੋਂ ਬਹੁਤ ਸਾਰੀਆਂ ਮਾਰਕਸੀ-ਲੈਨਿਨੀ ਲਿਖਤਾਂ, ਖਾਸ ਕਰਕੇ ਮਾਓ-ਜ਼ੇ-ਤੁੰਗ ਦੀਆਂ ਲਿਖਤਾਂ ਨੂੰ ਛਪਵਾਇਆ ਵੀ ਗਿਆ। ਜਿਵੇਂ ਨਵ-ਜਮਹੂਰੀ ਇਨਕਲਾਬ ਦੀ ਆਮ ਸੇਧ ਬਾਰੇ, ਫਲਸਫਾਨਾ ਲਿਖਤਾਂ, ਚੀਨ ਦੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਆਦਿ। ਇਸ ਤੋਂ ਇਲਾਵਾ ਚੀਨੀ ਸਮਾਜਵਾਦ ਦੀਆਂ ਬਰਕਤਾਂ ਦਾ ਇਜ਼ਹਾਰ ਬਣਦੀਆਂ ਲਿਖਤਾਂ ਵੀ ਪਰਚੇ ਵਿੱਚ ਸਮੇਂ ਸਮੇਂ ਛਪਦੀਆਂ ਰਹੀਆਂ ਹਨ। ਲਿਖਤਾਂ ਦੀ ਸੂਚੀ 'ਤੇ ਸਰਸਰੀ ਝਾਤ ਮਾਰਿਆਂ ਲੱਗ ਸਕਦਾ ਹੈ ਕਿ ਸੰਪਾਦਕੀ ਅਦਾਰੇ ਵੱਲੋਂ ਇਹ ਕਾਰਜ ਬਾਖੂਬੀ ਨਿਭਾਇਆ ਗਿਆ ਹੈ।
ਪਰ ਇਹਨਾਂ ਲਿਖਤਾਂ ਦੀ ਸੂਚੀ ਨੂੰ ਗਹੁ ਨਾਲ ਵਾਚਿਆਂ ਇਹ ਬੁੱਝਿਆ ਜਾ ਸਕਦਾ ਹੈ ਕਿ ਇਹਨਾਂ 'ਚੋਂ ਲਮਕਵੇਂ ਲੋਕ-ਯੁੱਧ ਦੇ ਸਿਧਾਂਤ, ਯੁੱਧਨੀਤੀ ਤੇ ਦਾਅਪੇਚਾਂ ਨਾਲ ਸਬੰਧਤ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਲਿਖਤਾਂ ਨੂੰ ਗਾਇਬ ਕਰ ਦਿੱਤਾ ਗਿਆ ਹੈ। ਲਮਕਵੇਂ ਲੋਕ-ਯੁੱਧ ਦਾ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚ ਮਾਰਕਸੀ-ਲੈਨਿਨੀ ਫੌਜੀ ਵਿਗਿਆਨ ਦਾ ਸਿਖਰ ਬਣਦੇ ਹਨ। ਇਹ ਮਾਓ ਵਿਚਾਰਧਾਰਾ ਦੇ ਅਜਿੱਤ ਸਿਧਾਂਤਕ ਖਜ਼ਾਨੇ ਦਾ ਬੇਹੱਦ ਅਹਿਮ ਅਤੇ ਅਨਿੱਖੜਵਾਂ ਅੰਗ ਬਣਦੇ ਹਨ।
ਸਭਨਾਂ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਾਂਗ ਕਾਮਰੇਡ ਮਾਓ-ਜ਼ੇ-ਤੁੰਗ ਵੱਲੋਂ ਘੜਿਆ ਲਮਕਵੇਂ ਲੋਕ-ਯੁੱਧ ਦਾ ਰਾਹ ਭਾਰਤੀ ਇਨਕਲਾਬ ਲਈ ਵੀ ਐਨ ਢੁਕਵਾਂ ਅਤੇ ਅਮਲਯੋਗ ਹੈ। ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦੇ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚਾਂ ਦੇ ਆਧਾਰ 'ਤੇ ਹੀ ਭਾਰਤ ਦੇ ਨਵ-ਜਮਹੂਰੀ ਇਨਕਲਾਬ ਨੂੰ ਅੱਗੇ ਵਧਾਉਣ ਤੇ ਸਿਰੇ ਲਾਉਣ ਲਈ ਦਰੁਸਤ ਤੇ ਢੁਕਵੀਂ ਮਾਰਕਸੀ-ਲੈਨਿਨੀ ਫੌਜੀ ਲੀਹ ਘੜੀ ਤੇ ਵਿਕਸਤ ਕੀਤੀ ਜਾ ਸਕਦੀ ਹੈ। ਜਿਵੇਂ ਕਾਮਰੇਡ ਮਾਓ-ਜ਼ੇ-ਤੁੰਗ ਦਾ ਕਥਨ ਹੈ ਕਿ ''ਸਾਡੀ ਇਨਕਲਾਬੀ ਜੰਗ ਨੇ ਸਾਬਤ ਕੀਤਾ ਹੈ ਕਿ ਸਾਨੂੰ ਇੱਕ ਦਰੁਸਤ ਮਾਰਕਸਵਾਦੀ ਫੌਜੀ ਲੀਹ ਅਤੇ ਇੱਕ ਦਰੁਸਤ ਸਿਆਸੀ ਲੀਹ ਦੀ ਜ਼ਰੂਰਤ ਹੈ। ਇਨਕਲਾਬ ਅਤੇ ਜੰਗ ਦੇ ਪੰਦਰਾਂ ਸਾਲਾਂ ਦੇ ਅਮਲ ਵਿੱਚ ਅਜਿਹੀਆਂ ਸਿਆਸੀ ਅਤੇ ਫੌਜੀ ਲੀਹਾਂ ਘੜੀਆਂ ਗਈਆਂ ਹਨ। ਇਤਿਹਾਸ ਦੱਸਦਾ ਹੈ ਕਿ ਦਰੁਸਤ ਸਿਆਸੀ ਅਤੇ ਫੌਜੀ ਲੀਹਾਂ ਆਪਮੁਹਾਰੇ ਅਤੇ ਅਮਨ-ਅਮਾਨ ਨਾਲ ਨਹੀਂ ਸਗੋਂ ਸਿਰਫ ਸੰਘਰਸ਼ ਦੇ ਅਮਲ 'ਚੋਂ ਉੱਭਰਦੀਆਂ ਅਤੇ ਵਿਕਸਤ ਹੁੰਦੀਆਂ ਹਨ।'' (ਮਾਓ-ਜ਼ੇ-ਤੁੰਗ, ਚੀਨ ਦੀ ਇਨਕਲਾਬੀ ਜੰਗ ਵਿੱਚ ਯੁੱਧਨੀਤੀ, ਗਰੰਥ-1, ਸਫਾ 194) ਇੱਕ ਦਰੁਸਤ ਮਾਰਕਸੀ-ਲੈਨਿਨੀ ਸਿਆਸੀ ਲੀਹ ਅਤੇ ਦਰੁਸਤ ਫੌਜੀ ਲੀਹ ਇੱਕ-ਦੂਜੇ ਨਾਲ ਜੜੁੱਤ, ਪ੍ਰਸਪਰ ਅੰਤਰਕਰਮ ਅਤੇ ਇੱਕਦੇਹ ਰੂਪ ਵਿੱਚ ਘੜੀਆਂ ਅਤੇ ਵਿਕਸਤ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਦੀ ਹੋਂਦ ਨੂੰ ਇੱਕ ਦੂਜੇ ਤੋਂ ਬਗੈਰ ਚਿਤਵਿਆ ਹੀ ਨਹੀਂ ਜਾ ਸਕਦਾ।
ਪਰਚੇ ਦੇ ਸੰਪਾਦਕੀ ਅਦਾਰੇ ਵੱਲੋਂ ਭਾਰਤ ਦੇ ਨਵ-ਜਮਹੁਰੀ ਇਨਕਲਾਬ ਦੀ ਸਿਆਸੀ ਲੀਹ ਨੂੰ ਘੜਨ ਦਾ ਆਧਾਰ ਬਣਦੀਆਂ ਮਾਓ ਦੀਆਂ ਲਿਖਤਾਂ ਤਾਂ ਪ੍ਰਕਾਸ਼ਤ ਕੀਤੀਆਂ ਗਈਆਂ, ਪਰ ਇੱਕ ਦਰੁਸਤ ਫੌਜੀ ਲੀਹ ਦਾ ਆਧਾਰ ਬਣਦੀਆਂ ਲਮਕਵੇਂ ਲੋਕ-ਯੁੱਧ ਨਾਲ ਸਬੰਧਤ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਸੈਨਿਕ ਲਿਖਤਾਂ ਨੂੰ ਮੁਕੰਮਲ ਰੂਪ ਵਿੱਚ ਨਜ਼ਰਅੰਦਾਜ਼ ਕਰਦਿਆਂ ਪਾਠਕਾਂ ਤੋਂ ਦੂਰ ਰੱਖਿਆ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਸਾਥੀ ਸੰਪਾਦਕ ਹੋਰਾਂ ਨੂੰ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਇੱਕ ਅਣਧਿਕਾਰਤ ਤੇ ਰੱਦ ਸਮਝੀ ਜਾਂਦੀ ਅਤੇ ਸੋਧਵਾਦੀ ਲਿਨ-ਪਿਆਓ ਵੱਲੋਂ ਲਮਕਵੇਂ ਲੋਕ-ਯੁੱਧ ਬਾਰੇ ਲਿਖੀ ਲਿਖਤ ਛਪਵਾ ਕੇ ਵੰਡਣ ਦਾ ਫੁਰਨਾ ਜ਼ਰੂਰ ਫੁਰਿਆ ਅਤੇ ਇਸ 'ਤੇ ਫੁੱਲ ਵੀ ਚੜ੍ਹਾਏ ਗਏ। ਲਮਕਵੇਂ ਲੋਕ-ਯੁੱਧ ਬਾਰੇ ਇਸ ਲਖਿਤ ਦੀ ਵਿਆਖਿਆ ਅਤੇ ਤੱਤ ਦਾ ਕਾਮਰੇਡ ਮਾਓ ਦੇ ਲਮਕਵੇਂ ਲੋਕ-ਯੁੱਧ ਦੇ ਸਿਧਾਂਤ ਤੇ ਯੁੱਧਨੀਤੀ ਨਾਲ ਕੋਈ ਸਬੰਧ ਨਹੀਂ ਹੈ।
ਲਮਕਵੇਂ ਲੋਕ-ਯੁੱਧ ਸਬੰਧੀ ਕਾਮਰੇਡ ਮਾਓ ਦੀਆਂ ਲਿਖਤਾਂ ਕਿਉਂ ਨਹੀਂ ਛਾਪੀਆਂ ਗਈਆਂ? ਇੱਕ ਸਾਜਸ਼ੀ ਸੋਧਵਾਦੀ ਲਿਨ-ਪਿਆਓ ਦੀ ਗਲਤ ਅਤੇ ਅਣਅਧਿਕਾਰਤ ਲਿਖਤ ਨੂੰ ਕਿਉਂ ਛਾਪਿਆ ਗਿਆ? ਵਿਚਲੀ ਗੱਲ ਤਾਂ ਸਾਥੀ ਜੱਸੀ ਹੀ ਦੱਸ ਸਕਦਾ ਹੈ, ਪਰ ਇਹ ਗੱਲ ਸਾਫ ਹੈ ਕਿ ਕਾਮਰੇਡ ਮਾਓ ਦੀਆਂ ਇਹਨਾਂ ਲਿਖਤਾਂ ਦੀ ਕਦਰ-ਘਟਾਈ ਕੀਤੀ ਗਈ ਹੈ। ਇੱਕ ਦਰੁਸਤ ਮਾਰਕਸੀ-ਲੈਨਿਨੀ ਫੌਜੀ ਲੀਹ ਅਤੇ ਇੱਕ ਦਰੁਸਤ ਸਿਆਸੀ ਲੀਹ ਦੇ ਇੱਕਦੇਹ ਰਿਸ਼ਤੇ ਨੂੰ ਨਜ਼ਰਅੰਦਾਜ਼ ਕਰਦਿਆਂ, ਸਿਆਸੀ ਲੀਹ ਘੜਨ ਦੀ ਲੋੜ 'ਤੇ ਇੱਕਪਾਸੜ ਜ਼ੋਰ ਪਾਇਆ ਗਿਆ ਹੈ ਅਤੇ ਫੌਜੀ ਲੀਹ ਘੜਨ ਦੀ ਲੋੜ ਤੇ ਮਹੱਤਤਾ ਨੂੰ ਉਭਾਰਨ ਤੋਂ ਸਪਸ਼ਟ ਟਾਲਾ ਵੱਟਿਆ ਗਿਆ ਹੈ।
ਕਮਿਊਨਿਸਟ ਇਨਕਲਾਬੀ ਕੈਂਪ ਨੂੰ ਪਰਚੇ 'ਚ ਲੋੜੀਂਦੀ ਥਾਂ ਦੇਣ ਤੋਂ ਟਾਲਾ ਵੱਟਣਾ
ਅੱਜ ਕੱਲ੍ਹ ਇਹ ਗੱਲ ਇਨਕਲਾਬੀ ਅਤੇ ਲੋਕ-ਹਿਤੈਸ਼ੀ ਪ੍ਰਚਾਰ ਸਾਧਨਾਂ ਅਤੇ ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵਿੱਚ ਉੱਭਰਵੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਭਾਰਤ ਦੇ ਕਈ ਸੂਬਿਆਂ (ਛੱਤੀਸ਼ਗੜ੍ਹ, ਝਾਰਖੰਡ, ਬਿਹਾਰ, ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ) 'ਚ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਵਿੱਚ ਹਥਿਆਰਬੰਦ ਗੁਰੀਲਾ ਲੜਾਈ ਚੱਲ ਰਹੀ ਹੈ। ਭਾਰਤੀ ਹਾਕਮਾਂ ਵੱਲੋਂ ਇਸ ਹਥਿਆਰਬੰਦ ਘੋਲ ਨੂੰ ''ਖੱਬੇਪੱਖੀ ਅੱਤਵਾਦ'' ਦਾ ਨਾਂ ਦਿੰਦਿਆਂ ਅਤੇ ਇਸ ਨੂੰ ਮੁਲਕ ਦੀ ''ਅੰਦਰੂਨੀ ਸੁਰੱਖਿਆ ਲਈ ਪ੍ਰਮੁੱਖ ਖਤਰਾ'' ਗਰਦਾਨਦਿਆਂ ਇਸ ਨੂੰ ਕੁਚਲਣ ਲਈ ''ਅਪ੍ਰੇਸ਼ਨ ਗਰੀਨ ਹੰਟ'' ਨਾਂ ਦਾ ਫੌਜੀ ਹੱਲਾ ਵਿੱਢਿਆ ਹੋਇਆ ਹੈ। ਭਾਰਤੀ ਹਾਕਮਾਂ ਅਤੇ ਉਹਨਾਂ ਦੇ ਪ੍ਰਚਾਰ ਸਾਧਨਾਂ ਵੱਲੋਂ ਸੀ.ਪੀ.ਆਈ.(ਮਾਓਵਾਦੀ) ਨੂੰ ਲੋਕਾਂ ਵਿੱਚ ਬੱਦੂ ਕਰਕੇ ਨਿਖੇੜਨ ਤੇ ਹੋਰ ਵੀ ਤਿੱਖੀ ਮਾਰ ਹੇਠ ਲਿਆਉਣ ਲਈ ਕੂੜ-ਪ੍ਰਚਾਰ ਦਾ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ। ਸੀ.ਪੀ.ਆਈ.(ਮਾਓਵਾਦੀ) ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਭਾਰਤ ਦੇ ਨਵਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਲਮਕਵਾਂ ਲੋਕ-ਯੁੱਧ ਲੜਿਆ ਜਾ ਰਿਹਾ ਹੈ, ਜਿਹੜਾ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਅਨੁਸਾਰ ਹੈ।
ਸਾਥੀ ਸੰਪਾਦਕ ਵੱਲੋਂ ''ਅਪ੍ਰੇਸ਼ਨ ਗਰੀਨ ਹੰਟ'' ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ ਆਦਿਵਾਸੀਆਂ 'ਤੇ ਢਾਹੇ ਜਾ ਰਹੇ ਜਬਰੋ-ਜ਼ੁਲਮਾਂ ਬਾਰੇ ਜਮਹੂਰੀ ਪੈਂਤੜੇ ਤੋਂ ਕਦੇ ਕਦੇ ਬੋਲਿਆ ਗਿਆ ਹੈ ਅਤੇ ਕਦੇ ਕਦੇ ਜਮਹੂਰੀ/ਜਨਤਕ-ਸਿਆਸੀ ਜਥੇਬੰਦੀਆਂ/ਵਿਅਕਤੀਆਂ ਦੀਆਂ ਰਿਪੋਰਟਾਂ ਵੀ ਛਾਪੀਆਂ ਗਈਆਂ ਹਨ। ਇਸੇ ਤਰ੍ਹਾਂ, ਸੁਰੱਖਿਆ ਬਲਾਂ ਵੱਲੋਂ ਸ਼ਹੀਦ ਹੋਏ ਸਾਥੀਆਂ (ਆਜ਼ਾਦ ਅਤੇ ਕ੍ਰਿਸ਼ਨ ਜੀ) ਬਾਰੇ ਵੀ ਉਹਨਾਂ ਦੀ ਸ਼ਹਾਦਤ 'ਤੇ ਆਮ ਇਨਕਲਾਬੀ ਰੋਲ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਸੰਪਾਦਕ ਆਪਣਾ ਸਿਆਸੀ ਰੋਲ ਨਿਭਾਉਣ ਵਿੱਚ ਨਾਕਾਮ ਨਿੱਬੜੇ ਅਤੇ ਅਸਤੀਫਾ ਦੇ ਕੇ ਲਾਂਭੇ ਹੋਏ ਹਰਭਜਨ ਸੋਹੀ ਦੇ ਰੋਲ ਨੂੰ ਸ਼ਿੰਗਾਰ ਕੇ ਪੇਸ਼ ਕਰਨ ਲਈ ਉਸਦੀ ਸਿਆਸੀ ਜਨਮ-ਪੱਤਰੀ ਫਰੋਲਣ ਤੱਕ ਗਿਆ ਹੈ, ਉਸ ਨੇ ਕਿੰਨੇ ਵਰ੍ਹਿਆਂ ਤੋਂ ਸੀ.ਪੀ.ਆਈ.(ਮਾਓਵਾਦੀ) ਵੱਲੋਂ ਲੜੇ ਜਾ ਰਹੇ ਹਥਿਆਰਬੰਦ ਘੋਲ ਬਾਰੇ ਦੜ ਵੱਟ ਕੇ ਵਕਤ ਲੰਘਾਉਣ ਦਾ ਰਾਹ ਚੁਣਿਆ ਹੈ। ਸੀ.ਪੀ.ਆਈ.(ਮਾਓਵਾਦੀ) ਵੱਲੋਂ ਅਖਤਿਆਰ ਕੀਤੀ ਸਿਆਸੀ ਲੀਹ ਅਤੇ ਫੌਜੀ ਲੀਹ ਦੇ ਦਰੁਸਤ/ਨੁਕਸਦਾਰ ਹੋਣ (ਜਦੋਂ ਕਿ ਪੰਜਾਬ ਅੰਦਰ ਸਭਨਾਂ ਇਨਕਲਾਬੀ ਧਿਰਾਂ/ਪਰਚਿਆਂ ਨਾਲ ਖੁੱਲ੍ਹਾ ਆਢਾ ਲਾਇਆ ਗਿਆ ਹੈ) ਦੀ ਵਜਾਹਤ/ਖੰਡਨ ਕਰਨ ਨੂੰ ਪਾਸੇ ਛੱਡਦਿਆਂ ਵੀ ਉਸ ਪਾਰਟੀ ਦੀ ਅਗਵਾਈ ਵਿੱਚ ਲੜੇ ਜਾ ਰਹੇ ਹਥਿਆਰਬੰਦ ਘੋਲ, ਕੀਤੀਆਂ ਜਾ ਰਹੀਆਂ ਸਰਗਰਮੀਆਂ ਅਤੇ ਵੱਖ ਵੱਖ ਇਲਾਕਿਆਂ ਵਿੱਚ ਇਨਕਲਾਬੀ ਲਹਿਰ ਦੀ ਹਾਲਤ ਦੀ ਬਾਹਰਮੁਖੀ ਪੇਸ਼ਕਾਰੀ ਕਰਨ ਤੋਂ ਕੰਨੀ ਕਤਰਾਈ ਹੈ। ਇਸਦਾ ਸਿੱਟਾ ਇਹ ਹੈ ਕਿ ਅੱਜ ਤੱਕ ਸੁਰਖ਼ ਰੇਖਾ ਦੇ ਪਾਠਕ ਸੀ.ਪੀ.ਆਈ.(ਮਓਵਾਦੀ) ਬਾਰੇ ਲੋੜੀਂਦੀ ਅਤੇ ਭਰੋਸੇਯੋਗ ਜਾਣਕਾਰੀ ਤੋਂ ਸੱਖਣੇ ਹਨ। ਉਸਦੀ ਠੋਸ ਸਿਆਸੀ ਲੀਹ ਅਤੇ ਫੌਜੀ ਲੀਹ ਦੇ ਅਭਿਆਸ ਦੇ ਵੱਖ ਵੱਖ ਪੱਖਾਂ 'ਚੋਂ ਉੱਘੜ ਰਹੇ ਮੂੰਹ-ਮੁਹਾਂਦਰੇ ਬਾਰੇ ਉੱਕਾ ਹੀ ਕੋਰੇ ਹਨ। ਜਿਸ ਕਰਕੇ ਉਸ ਬਾਰੇ ਤਰ੍ਹਾਂ ਤਰ੍ਹਾਂ ਦੇ ਭਰਮ-ਭੁਲੇਖਿਆਂ, ਰੋਲ-ਘਚੋਲਿਆਂ ਅਤੇ ਭੰਡੀ-ਪ੍ਰਚਾਰ ਦਾ ਸ਼ਿਕਾਰ ਹੋਣ ਕਰਕੇ ਸਹੀ ਨਿਰਣਾ ਕਰਨ ਅਤੇ ਸਮਝ ਬਣਾਉਣ ਤੋਂ ਕੋਹਾਂ ਦੂਰ ਖੜ੍ਹੇ ਹਨ। ਇਹੀ ਹਾਲਤ ਸਾਡੇ ਗੁਆਂਢੀ ਮੁਲਕ ਨਿਪਾਲ ਅੰਦਰ ਲੱਗਭੱਗ ਇੱਕ ਦਹਾਕਾ ਲੰਮਾ ਚੱਲੇ ਹਥਿਆਰਬੰਦ ਘੋਲ ਦੇ ਮਾਮਲੇ ਵਿੱਚ ਪਾਠਕਾਂ ਦੀ ਉਤਸੁਕਤਾ ਅਤੇ ਜਗਿਆਸਾ ਨੂੰ ਸੰਬੋਧਨ ਹੋਣ ਦੇ ਮਾਮਲੇ ਵਿੱਚ ਸਾਹਮਣੇ ਆਈ ਹੈ। ਪਾਠਕਾਂ ਵੱਲੋਂ ਵਾਰ ਵਾਰ ਮੰਗ ਕਰਨ 'ਤੇ ਸੁਰਖ਼ ਰੇਖਾ ਵਿੱਚ ਇੱਕ-ਦੋ ਚਲੰਤ ਤੇ ਡੰਗ-ਟਪਾਊ ਟਿੱਪਣੀਆਂ ਕਰਨ ਤੋਂ ਸਿਵਾਏ ਇਸ ਵਿਸ਼ੇ ਨੂੰ ਘੱਟੋ ਘੱਟ ਤਸੱਲੀਬਖਸ਼ ਢੰਗ ਨਾਲ ਸੰਬੋਧਤ ਹੋਣ ਤੋਂ ਟਾਲਾ ਵੱਟਿਆ ਗਿਆ।
ਯਾਦ ਰਹੇ ਕਿ ਸੀ.ਪੀ.ਆਈ.(ਮਾਓਵਾਦੀ) ਭਾਰਤ ਦੇ ਕਮਿਊਨਿਸਟ ਇਨਕਲਾਬੀ ਕੈਂਪ ਦੀ ਸਭ ਤੋਂ ਵੱਡੀ ਅਤੇ ਜਾਨਦਾਰ ਜਥੇਬੰਦੀ ਹੈ। (ਕਮਿਊਨਿਸਟ ਇਨਕਲਾਬੀ ਕੈਂਪ ਦੀਆਂ ਵੱਖ ਵੱਖ ਟੁਕੜੀਆਂ ਅਤੇ ਉਹਨਾਂ ਦੀ ਅਗਵਾਈ ਹੇਠਲੀ ਲਹਿਰ ਬਾਰੇ ਰਿਪੋਰਟਾਂ ਦੇਣ ਦੀ ਗੱਲ ਤਾਂ ਪਾਸੇ ਰਹੀ) ਜੇ ਕੋਈ ਇਨਕਲਾਬੀ ਪਰਚੇ ਦਾ ਸੰਪਾਦਕ ਪਰਚੇ ਦੇ ਇਨਕਲਾਬੀ ਪਾਠਕਾਂ ਨੂੰ ਕਮਿਊਨਿਸਟ ਇਨਕਲਾਬੀ ਕੈਂਪ ਦੀ ਅਜਿਹੀ ਟੁਕੜੀ ਬਾਰੇ ਜਾਣੇ/ਅਣਜਾਣੇ ਲੋੜੀਂਦੀ, ਭਰਵੀਂ ਅਤੇ ਭਰੋਸੇਯੋਗ ਸਿਆਸੀ ਜਾਣਕਾਰੀ ਦੇਣ ਤੋਂ ਦੜ ਵੱਟ ਕੇ ਵਕਤ ਲੰਘਾਉਂਦਾ ਹੈ ਤਾਂ ਉਸਦਾ ਇਸ ਪਿੱਛੇ ਕੰਮ ਕਰਦਾ ਮੰਤਵ ਕੀ ਹੈ? ਇਹ ਤਾਂ ਉਹ ਖੁਦ ਹੀ ਦੱਸ ਸਕਦਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਇਹ ਅਮਲ ਨਾ ਸਿਰਫ ਇਨਕਲਾਬੀ ਪਾਠਕਾਂ ਨੂੰ ਸੂਬੇ, ਮੁਲਕ ਅਤੇ ਸੰਸਾਰ ਅੰਦਰ ਵਾਪਰਦੀਆਂ ਘਟਨਾਵਾਂ, ਵਿਸ਼ੇਸ਼ ਕਰਕੇ ਮੁਲਕ ਦੇ ਕਮਿਊਨਿਸਟ ਇਨਕਲਾਬੀ ਕੈਂਪ ਦੀ ਠੋਸ ਹਾਲਤ ਅਤੇ ਚਾਲ-ਢਾਲ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਹੱਕ ਤੋਂ ਵਾਂਝਿਆ ਕਰਦਾ ਹੈ, ਸਗੋਂ ਉਹਨਾਂ ਦੀ ਸੋਚ, ਨਜ਼ਰੀਏ ਅਤੇ ਅਮਲ ਨੂੰ ਖੂਹ ਦੇ ਡੱਡੂ ਵਾਂਗ ਸੌੜੀਆਂ ਵਲਗਣਾਂ ਤੱਕ ਸੁੰਗੇੜ ਕੇ ਰੱਖਣ ਦਾ ਰੋਲ ਵੀ ਨਿਭਾਉਂਦਾ ਹੈ।
ਇਨਕਲਾਬੀ ਨੈਤਿਕਤਾ ਦਾ ਲੜ ਛੱਡਣਾ
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਸਾਥੀ ਜੱਸੀ ਸੁਰਖ਼ ਰੇਖਾ ਦੇ ਵਡੇਰੇ ਇਨਕਲਾਬੀ ਮਨਰੋਥਾਂ ਅਤੇ ਸੇਧ ਤੋਂ ਭਟਕ ਗਿਆ ਸੀ ਅਤੇ ਉਸ ਵੱਲੋਂ ਸੌੜੀ ਸਿਆਸਤ ਅਤੇ ਪਹੁੰਚ ਦਾ ਲੜ ਫੜ ਲਿਆ ਸੀ। ਅਦਾਰਾ ਸੁਰਖ਼ ਰੇਖਾ ਵੱਲੋਂ ਉਸਨੂੰ ਵਰਜਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਵੱਲੋਂ ਦਰੁਸਤੀ ਵੱਲ ਮੋੜਾ ਕੱਟਣ ਤੋਂ ਮੁਨਕਰ ਹੋਇਆ ਗਿਆ। ਜਿਸ ਕਰਕੇ ਉਸ ਨੂੰ ਪਰਚੇ ਦੀ ਸੰਪਾਦਕੀ ਤੋਂ ਹਟਾਉਣ ਦਾ ਫੈਸਲਾ ਕਰਨਾ ਪਿਆ। ਇਹ ਫੈਸਲਾ ਸੁਣਨ ਤੋਂ ਬਾਅਦ ਉਸਨੂੰ ਇਹ ਫੈਸਲਾ ਹਜ਼ਮ ਨਾ ਆਇਆ ਅਤੇ ਉਹ ਸਾਥੀ ਕਰੋੜਾ ਸਿੰਘ ਦੇ ਸਮਾਗਮ 'ਤੇ ਸੰਪਾਦਕ ਤੋਂ ਹਟਾਏ ਜਾਣ ਦੇ ਫੈਸਲੇ ਬਾਰੇ ਜਾਣਦੇ ਹੋਏ ਵੀ ਸਟੇਜ ਤੋਂ ਪਰਚੇ ਦੇ ਸੰਪਾਦਕ ਵਜੋਂ ਬੋਲਿਆ। ਇਸ ਤੋਂ ਵੀ ਅੱਗੇ, ਉਸ ਵੱਲੋਂ ਬੁਖਲਾਹਟ ਵਿੱਚ ਆਉਂਦਿਆਂ, ਨਾ ਸਿਰਫ ਇਨਕਲਾਬੀ ਨੈਤਿਕਤਾ ਦਾ ਲੜ ਛੱਡ ਕੇ ਸੁਰਖ਼ ਰੇਖਾ ਦੀ ਈ-ਮੇਲ, ਬਲਾਗ ਅਤੇ ਫੇਸਬੁੱਕ ਅਕਾਊਂਟ ਆਦਿ ਨੂੰ ਚੋਰੀ (ਹੈਕ) ਕਰ ਲਿਆ ਗਿਆ, ਸਗੋਂ ਸਾਥੀ ਨਾਜ਼ਰ ਸਿੰਘ ਦੀ ਨਿੱਜੀ ਈ-ਮੇਲ ਅਤੇ ਫੇਸ-ਬੁੱਕ ਦੇ ਖਾਤਿਆਂ ਨੂੰ ਵੀ ਆਪਣੇ ਕੋਝੇ ਮਨੋਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ।
ਸਾਥੀ ਜੱਸੀ ਜੀ, ਤੁਹਾਡੇ ਵੱਲੋਂ ਵਰਤੇ ਗਏ ਇਹਨਾਂ ਅਨੈਤਿਕ ਢੰਗ-ਤਰੀਕਿਆਂ ਨਾਲ ਸਾਡਾ ਕੁੱਝ ਵਿਗੜਨਾ ਨਹੀਂ ਅਤੇ ਤੁਹਾਡਾ ਕੁੱਝ ਵੀ ਸੰਵਰਨਾ ਨਹੀਂ। ਪਰਚਾ ਕਿਹਨਾਂ ਸ਼ਕਤੀਆਂ ਦੇ ਹੱਥਾਂ ਵਿੱਚ ਹੋਵੇ? ਇਹ ਕਾਨੂੰਨੀ/ਤਕਨੀਕੀ ਨੁਕਤਾ ਨਹੀਂ ਹੈ। ਇਹ ਪਰਚੇ ਦੀ ਸੇਧ ਅਤੇ ਮਨੋਰਥਾਂ 'ਤੇ ਡਟਣ ਦਾ ਸੁਆਲ ਹੈ, ਜਿਹਨਾਂ ਤੋਂ ਤੁਸੀਂ ਭਟਕ ਗਏ ਹੋ। ਜਿੱਥੋਂ ਤੱਕ ਭਾਰਤੀ ਨਿਆਂਪਾਲਿਕਾ ਤੋਂ ਮੱਦਦ ਲੈਣ ਦਾ ਸੁਆਲ ਹੈ, ਇਹ ਅਸੀਂ ਨਹੀਂ, ਸਾਥੀ ਜੱਸੀ ਜੀ, ਇਹ ਤੁਸੀਂ ਹੀ ਹੋ ਜਿਹੜੇ ਭਾਰਤੀ ਨਿਆਂਪਾਲਿਕਾ ਤੇ ਕਾਨੂੰਨ ਦੀ ਮੱਦਦ ਨਾਲ ਸੁਰਖ਼ ਰੇਖਾ ਦੀ ਲੱਖਾਂ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾਈ ਫਿਰਦੇ ਹੋ। ਇਹ ਤੁਸੀਂ ਹੀ ਹੋ, ਜਿਹਨਾਂ ਦੀ ਸੋਚ ਤੇ ਸਰਗਰਮੀ ਭਾਰਤੀ ਨਿਆਂਪਾਲਿਕਾ ਤੇ ਇਸਦੇ ਕਾਨੂੰਨ ਦੀਆਂ ਲਛਮਣ ਰੇਖਾਵਾਂ ਦੀ ਮੁਥਾਜ ਬਣ ਕੇ ਰਹਿ ਗਈ ਹੈ।
(ਨੋਟ- ਉਪਰੋਕਤ ਵਿਆਖਿਆ ਸਾਥੀ ਜੱਸੀ ਵੱਲੋਂ ਸੰਪਾਦਕ ਵਜੋਂ ਨਿਭਾਏ ਗੈਰ-ਜਿੰਮੇਵਾਰਾਨਾ ਅਤੇ ਨਾਂਹ-ਪੱਖੀ ਰੋਲ ਨੂੰ ਦਿਖਾਉਂਦੀਆਂ ਕੁੱਝ ਰੜਕਵੀਆਂ ਅਤੇ ਉੱਭਰਵੀਆਂ ਨਿਰਖਾਂ 'ਤੇ ਆਧਾਰਤ ਹੈ। ਇਹ ਵਿਆਖਿਆ ਸਾਥੀ ਜੱਸੀ (ਅਤੇ ਸੁਰਖ਼ ਰੇਖਾ ਅਦਾਰੇ) ਦੇ ਰੋਲ ਦਾ ਲੇਖਾ-ਜੋਖਾ ਨਹੀਂ ਹੈ।)
ਵੱਲੋਂ:    
ਅਦਾਰਾ ਸੁਰਖ਼ ਰੇਖਾ
ਪ੍ਰਕਾਸ਼ਕ: ਬਲਵਿੰਦਰ ਮੰਗੂਵਾਲ
ਪਤਾ: ਪਿੰਡ ਤੇ ਡਾਕਘਰ ਮੰਗੂਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ: 97805 67027
———————————————————————————————

No comments: