Tuesday, September 01, 2015

ਤਿੰਨ ਇਨਕਲਾਬੀ ਸੰਗਠਨਾਂ ਨੇ ਕੀਤਾ ਗੁੰਡਾਗਰਦੀ ਵਿਰੁਧ ਸੰਘਰਸ਼ ਦਾ ਐਲਾਨ

ਗੁੰਡਾਗਰਦੀ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ 6 ਸਤੰਬਰ ਨੂੰ
ਲੁਧਿਆਣਾ: 01 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):  
ਟਿੱਬਾ ਰੋਡ ਇਲਾਕੇ (ਥਾਣਾ ਬਸਤੀ ਜੋਧੇਵਾਲ) ਵਿਖੇ ਵੱਧ ਰਹੀ ਗੁੰਡਾਗਰਦੀ ਨੂੰ ਬੰਦ ਕਰਵਾਉਣ ਲਈ ਤਿੰਨ ਇਨਕਲਾਬੀ ਜੱਥੇਬੰਦੀਆਂ ਨੇ 6 ਸਤੰਬਰ ਨੂੰ ਸਵੇਰੇ 10 ਵਜੇ ਬਸਤੀ ਜੋਧੇਵਾਲ ਥਾਣੇ 'ਤੇ ਜ਼ੋਰਦਾਰ ਧਰਨਾ-ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਦਰਸ਼ਨ ਵਿੱਚ ਪੂਰੇ ਲੁਧਿਆਣੇ ਚੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਇਹ ਫੈਸਲਾ ਅੱਜ ਤਾਜਪੁਰ ਰੋਡ 'ਤੇ ਸਥਿਤ ਮਜ਼ਦੂਰ ਲਾਏਬਰੇਰੀ ਦੇ ਭਵਨ ਵਿੱਚ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਵਿਸ਼ੇਸ਼ ਬੈਠਕ ਵਿੱਚ ਲਿਆ ਗਿਆ।
ਕਾਰਖ਼ਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਨੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੂਰੇ ਲੁਧਿਆਣੇ ਦੀ ਤਰਾਂ ਟਿੱਬਾ ਰੋਡ ਇਲਾਕੇ ਵਿੱਚ ਵੀ ਗੁੰਡਾਗਰਦੀ ਵੱਧ ਰਹੀ ਹੈ। ਲੁੱਟ-ਖੋਹ, ਛੁਰੇਬਾਜੀ, ਖਿੱਚ-ਧੂਹ, ਜਾਨਮਾਰੂ ਹਮਲੇ, ਕੁੜੀਆਂ ਨਾਲ਼ ਛੇੜਛਾੜ 'ਤੇ ਹੋਰ ਘਟਨਾਵਾਂ ਜ਼ੋਰਾ 'ਤੇ ਹਨ। ਪੁਲੀਸ ਸਿਰਫ਼ ਦਰਸ਼ਕ ਬਣਕੇ ਤਮਾਸ਼ਾ ਦੇਖ ਹੀ ਨਹੀਂ ਰਹੇ ਸਗੋਂ ਗੁੰਡਿਆਂ 'ਤੇ ਕਾਰਵਾਈ ਕਰਨ ਦੀ ਬਜਾਏ ਗੁੰਡਿਆਂ ਨੂੰ ਹੋਰ ਹਵਾ ਦੇ ਰਹੀ ਹੈ, ਪਾਲ-ਪੋਸ ਰਹੀ ਹੈ। ਗੁੰਡਾਗਰਦੀ ਦਾ ਸ਼ਿਕਾਰ ਤਾਂ ਸਾਰੇ ਲੋਕ ਹੋ ਰਹੇ ਹਨ ਪਰ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੂੰ ਘੇਰ ਕੇ ਉਨਾਂ 'ਤੇ ਜਾਨਲੇਵਾ ਹਮਲੇ ਹੁੰਦੇ ਹਨ ਅਤੇ ਉਨਾਂ ਤੋਂ ਪੈਸੇ, ਮੁਬਾਇਲ ਆਦਿ ਖੋਹ ਲਿਆ ਜਾਂਦਾ ਹੈ। 
ਬਸਤੀ ਜੋਧੇਵਾਲ ਥਾਣੇ ਦੀ ਕਾਰਗੁਜ਼ਾਰੀ 'ਤੇ ਗੱਲ ਰੱਖਦੇ ਹੋਏ ਉਨਾਂ ਕਿਹਾ ਕਿ ਇਸ ਥਾਣੇ ਦੇ ਇਲਾਕੇ ਵਿੱਚ ਹੈਪੀ-ਬਿੱਲਾ ਗੁੰਡਾਗਿਰੋਹ ਨੇ ਲੰਮੇ ਸਮੇਂ ਤੋਂ ਦਹਿਸ਼ਤ ਫੈਲਾ ਰੱਖੀ ਹੈ। ਕਈ ਰਿਪੋਰਟਾਂ ਪੁਲਿਸ ਕੋਲ ਦਰਜ ਹਨ ਪਰ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਲੰਘੀ 28 ਅਗਸਤ ਨੂੰ ਵੀ ਇਸ ਗੁੰਡਾ-ਗਿਰੋਹ ਨੇ ਦੋ ਟੈਕਸਟਾਈਲ ਮਜ਼ਦੂਰਾਂ (ਸ਼ੰਭੂ ਅਤੇ ਕੇਦਾਰਨਾਥ) ਨੂੰ ਘੇਰਕੇ ਉਨਾਂ 'ਤੇ ਹਮਲਾ ਕੀਤਾ ਅਤੇ ਪੈਸੇ ਖੋਹ ਲਏ। ਇਸ ਸਬੰਧ 'ਚ ਜਦ ਟੈਕਸਟਾਈਲ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤਾਂ ਐਫ.ਆਈ.ਆਰ ਤਾਂ ਦਰਜ ਹੋਈ ਪਰ ਚਾਰ ਦਿਨ ਤੱਕ ਦੋਸ਼ੀ ਸ਼ਰੇਆਮ ਅਜਾਦ ਘੁੰਮਦੇ ਰਹੇ। ਦਬਾਅ ਪਾਉਣ ਤੋਂ ਬਾਅਦ ਹੈਪੀ ਨੂੰ ਤਾਂ ਗਿਰਫਤਾਰ ਕਰ ਲਿਆ ਗਿਆ ਪਰ ਬਿੱਲੇ ਨੂੰ ਅਜੇ ਤੱਕ ਗਿਰਫਤਾਰ ਨਹੀਂ ਕੀਤਾ ਗਿਆ। ਹੈਪੀ ਨੂੰ ਬਚਾਉਣ ਲਈ ਪੁਲਿਸ ਮਾਮਲੇ ਨੂੰ ਆਪਸੀ ਝਗੜਾ ਬਣਾਉਣ 'ਤੇ ਲੱਗੀ ਹੋਈ ਹੈ। ਇਲਾਕੇ ਦੀ ਇੱਕ ਰਾਜਨੀਤਕ ਪਾਰਟੀ ਦਾ ਲੀਡਰ ਗੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਗੁੰਡਾ ਗਿਰੋਹ-ਪੁਲੀਸ-ਰਾਜਨੀਤਕ ਲੀਡਰਾਂ ਦਾ ਨਾਪਾਕ ਗੱਠ-ਜੋੜ ਇੱਕ ਵਾਰ ਫਿਰ ਜਗ ਜ਼ਾਹਰ ਹੋਇਆ ਹੈ।
ਲਖਵਿੰਦਰ ਦੇ ਦੱਸਿਆ ਕਿ ਇਹ ਮਸਲਾ ਸਿਰਫ਼ ਦੋ ਮਜ਼ਦੂਰਾਂ ਦਾ ਨਹੀਂ ਹੈ ਬਲਕਿ ਗੁੰਡਾਗਰਦੀ ਦਾ ਸ਼ਿਕਾਰ ਸਾਰਿਆਂ ਲੋਕਾਂ ਦਾ ਹੈ। ਇਹ ਲੜਾਈ ਗੁੰਡਾਗਰਦੀ ਦੇ ਖਾਤਮੇ ਦੀ ਇੱਛਾ ਰੱਖਣ ਵਾਲ਼ੇ ਸਾਰਿਆਂ ਲੋਕਾਂ ਦੀ ਹੈ, ਸਾਰੇ ਗੁੰਡਾਗਿਰੋਹ ਅਤੇ ਗੁੰਡਾ-ਪੁਲੀਸ-ਰਾਜਨੀਤਕ ਲੀਡਰ ਦੇ ਅਟੁੱਟ ਗਠਜੋੜ ਦੀ ਲੜਾਈ ਹੈ। ਬਸਤੀ ਜੋਧੇਵਾਲ ਥਾਣੇ 'ਤੇ ਧਰਨੇ-ਪ੍ਰਦਰਸ਼ਨ ਵਿੱਚ ਨਾ ਸਿਰਫ਼ ਸ਼ੰਭੂ ਅਤੇ ਕੇਦਾਰਨਾਥ ਦੇ ਲਈ ਇਨਸਾਫ, ਬਿੱਲਾ-ਹੈਪੀ ਗੁੰਡਾਗਿਰੋਹ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਲਈ ਪੁਲੀਸ ਉੱਤੇ ਦਬਾਅ ਬਣਾਇਆ ਜਾਏਗਾ। ਬਲਕਿ ਪੂਰੇ ਲੁਧਿਆਣੇ ਵਿੱਚ ਗੁੰਡਾਗਿਰੋਹ ਨੂੰ ਰੁਕਵਾਉਣ ਲਈ ਪੁਲੀਸ-ਪ੍ਰਸ਼ਾਸ਼ਨ-ਸਰਕਾਰ-ਗੁੰਡਾਗਿਰੋਹ-ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਾਵੇਗੀ। ਲਖਵਿੰਦਰ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਰਖਿਆ ਦੇ ਲਈ ਇੱਕਜੁੱਟ ਹੋਕੇ ਖ਼ੁਦ ਅੱਗੇ ਆਉਣਾ ਪਵੇਗਾ, ਸਰਕਾਰੀ ਪ੍ਰਬੰਧ ਤੋਂ ਕੋਈ ਉਮੀਦ ਨਹੀਂ ਰਖਣੀ ਚਾਹੀਦੀ ਕਿ ਇਹ ਆਪਣੇ ਆਪ ਲੋਕਾਂ ਦੀ ਰਖਿਆ ਦੇ ਲਈ ਕੋਈ ਕਦਮ ਚੁੱਕੇਗਾ।
ਲਖਵਿੰਦਰ ਨੇ ਸ਼ਹਿਰ ਦੇ ਸਾਰੇ ਇਨਸਾਫ਼ਪਸੰਦ ਲੋਕਾਂ ਨੂੰ 6 ਸਤੰਬਰ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 
ਉਪਰੋਕਤ ਬੈਠਕ ਵਿੱਚ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖ਼ਾਨਾ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਲਖਵਿੰਦਰ, ਵਿਸ਼ਵਨਾਥ, ਸਮਰ, ਗੁਰਦੀਪ, ਛੋਟੇਲਾਲ, ਦਿਨੇਸ਼, ਇਮਾਨ ਬਹਾਦਰ, ਗੁੱਡੂ, ਜਟਾਸ਼ੰਕਰ ਤਿਵਾੜੀ, ਸ਼ੇਸ਼ਮਨੀ ਪਾਂਡੇ, ਸ਼ੱਭੂ, ਕੇਦਾਰਨਾਥ, ਵਿਸ਼ਾਲ, ਰਾਮਯਤਨ ਆਦਿ ਸ਼ਾਮਲ ਹੋਏ।
ਇਸ ਮੁਹਿੰਮ ਨਾਲ ਜੁੜਨ ਦੇ ਇਛੁਕ ਸੰਪਰਕ ਕਰ ਸਕਦੇ ਹਨ ਕਾਮਰੇਡ ਲਖਵਿੰਦਰ ਨਾਲ ਇਸ ਨੰਬਰ 'ਤੇ--9646150249

No comments: