Friday, September 18, 2015

ਜਵਾਨੀ ਦੇ ਗੀਤ ਕੁਝ ਇਸ ਤਰ੍ਹਾਂ ਵੀ

ਇਕੱਠੇ ਮਰਨ ਦਾ ਨਹੀਂ ਜੀਣ ਦਾ ਅਹਿਦ ਲਿਆ ਜਾਵੇ
ਜ਼ਿੰਦਗੀ ਜਿਊਣ ਦੀ ਜ਼ਮੀਨ ਕਦਮ ਕਦਮ 'ਤੇ ਤੰਗ ਹੁੰਦੀ ਜਾ ਰਹੀ ਹੈ। ਖੁਦਕੁਸ਼ੀਆਂ ਰੋਜ਼ ਦੀ ਗੱਲ ਬਣ ਗਈਆਂ ਹਨ। ਲੁੱਟਾਂ ਖੋਹਾਂ ਅਤੇ ਬਲਾਤਕਾਰ ਇੱਕ ਆਮ ਜਿਹੀ ਗੱਲ ਬਣ ਗਏ ਹਨ। ਇਹ ਸਾਰਾ ਕੁਝ ਸਿਰਫ ਅਮਨ ਕਨੂੰਨ ਦੀ ਸਮੱਸਿਆ ਨਹੀਂ। ਸਾਡੇ ਟੀਵੀ ਚੈਨਲ ਹਰ ਪਲ ਜੋ ਦਿਖਾ ਰਹੇ ਹਨ ਉਸਨੂੰ ਨਜਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁੜੀਆਂ ਨੂੰ ਇੱਕ ਵਸਤੂ ਬਣਾ ਕੇ ਪੇਸ਼ ਕਰਨ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ। ਸਿੱਖਿਆ ਨੂੰ ਕਾਰੋਬਾਰ ਬਣਾਉਣ ਦੇ ਸਿੱਟੇ ਵੀ ਸਾਡੇ ਸਾਹਮਣੇ ਹਨ। ਇਹ ਸਭ ਕੁਝ ਪੂੰਜੀਵਾਦ ਵੱਲੋਂ ਪੈਦਾ ਕੀਤੀ ਬੁਰਾਈਆਂ ਭਰੇ ਆਰਥਿਕ ਲਾਈਫ ਸਟਾਈਲ ਦਾ ਹੀ ਨਤੀਜਾ ਹੈ ਜਿਸ ਵਿੱਚ ਸਿਰਫ ਮੁਨਾਫਾ ਦੇਖਿਆ ਜਾਂਦਾ ਹੈ। ਜਨਾਬ ਸਾਹਿਰ ਸਾਹਿਬ ਦੇ ਸ਼ਬਦਾਂ ਵਿੱਚ 
ਮਾਟੀ ਕਾ ਭੀ ਹੈ ਕੁਛ ਮੋਲ ਮਗਰ--ਇਨਸਾਨ ਕੀ ਕੀਮਤ ਕੁਛ ਭੀ ਨਹੀਂ 
ਹਰ ਗੱਲ ਵਿੱਚ ਮੁਨਾਫਾ-ਹਰ ਗੱਲ ਵਿੱਚ ਪੈਸਾ ਬਦ ਇਹੀ ਹੈ ਅੱਜ ਦਾ ਦਸਤੂਰ।  ਬਾਪ ਬੜਾ ਨ ਭਈਆ ਸਭ ਸੇ ਬੜਾ ਰੁਪਈਆ।  ਇਹੀ ਜਿਹੀ ਹਾਲਤ ਵਿੱਚ ਪ੍ਰੇਮ ਪਿਆਰ ਵੀ ਇਹੀ ਜਿਹਾ ਹੈ। ਪੈਸੇ ਬਿਨਾ ਪਿਆਰ ਫਜੂਲ ਗਿਣਿਆ ਜਾਂਦਾ ਹੈ। ਇਸ ਹਾਲਤ ਨੂੰ ਬਦਲਣ ਲਈ ਕਿਸੇ ਵੱਡੇ ਇਨਕ਼ਲਾਬ ਦੀ ਲੋੜ ਹੈ। ਅਗਾਂਹਵਧੂ ਸਫਾਂ ਦੇ ਸਰਗਰਮ ਕਾਰਕੁੰਨ ਐਮ ਐਸ ਭਾਟੀਆ ਜੀ ਨੇ ਹਰਪ੍ਰੀਤ ਬਾਵਾ ਜੀ ਦੀ ਇੱਕ ਰਚਨਾ ਪੋਸਟ ਕੀਤੀ ਹੌ ਜਿਹੜੀ ਪੰਜਾਬ ਸਕਰੀਨ ਦੇ ਪਾਠਕਾਂ ਨਾਲ ਵੀ ਸ਼ੇਅਰ ਕੀਤੀ ਜਾ ਰਹੀ ਹੈ। 
ਜਵਾਨੀ ਦੇ ਗੀਤ
ਕੁਝ ਇਸ ਤਰ੍ਹਾਂ ਵੀ
ਗਾਏ ਜਾਂਦੇ ਆ!
ਜਰੂਰੀ ਨਹੀਂ ਮਹਿਬੂਬ ਦੀ
ਗੋਦ ਚ' ਸਿਰ ਰੱਖ ਕੇ ਸੌਂ ਜਾਈਏ!
ਜਰੂਰੀ ਤਾਂ ਇਹ ਹੈ
ਕਿ ਹਲੂਣ ਦਿਤਾ ਜਾਏ
ਓਸ ਦਾ ਮੋਢਾ,
ਤੇ ਖੋਲ ਦਿਤੀ ਜਾਏ
ਸਦੀਆਂ ਦੀ ਨੀਂਦ,
ਇਕੱਠੇ ਮਰਨ ਦਾ ਨਹੀਂ
ਜੀਣ ਦਾ ਅਹਿਦ ਲਿਆ ਜਾਵੇ।
ਸੱਤਰ ਹਜਾਰ ਦੇ ਬੁਲਟ ਦੇ
ਗੇੜਿਆਂ ਚੋਂ ਬਾਹਰ ਨਿਕਲ ਕੇ,
ਸੱਤਰ ਲੱਖ ਬੇਰੁਜਗਾਰਾਂ ਦੀ
ਲਾਈਨ ਵਿੱਚ ਆਪਣੀ
ਪਛਾਣ ਕੀਤੀ ਜਾਵੇ।
ਬਾਪੂ ਦੇ ਸਿਰ ਤੇ ਕੀਤੀ ਐਸ਼
ਦਾ ਮੁੱਲ ਮੋੜਿਆ ਜਾਵੇ,
ਓਸ ਦੇ ਗਲ ਪੈਣ ਵਾਲੇ ਹਰ
ਫਾਹੇ ਦਾ ਹਿਸਾਬ ਲਿਆ ਜਾਵੇ।
ਲੋੜ ਹੈ, ਜਵਾਨੀ ਦਾ ਕੋਈ
ਐਸਾ ਗੀਤ ਗਾਈਏ
ਬੇਅਣਖਿਆਂ ਵਿਚ ਅਣਖ
ਭਰ ਜਾਏ। ਸੌਂ ਗਿਆਂ ਲਈ
ਹਲੂਣਾਂ ਹੋਵੇ,
ਖੁਦਕਸ਼ੀ ਵੱਲ ਵਧ ਰਹੇ ਲਈ
ਜਿੰਦਗੀ ਹੋਵੇ।
ਮਰ ਚੁਕੀਆਂ ਜਮੀਰਾਂ ਲਈ
ਭਰਭੂਰ ਜਿੰਦਗੀ ਹੋਵੇ।
ਜਵਾਨੀ ਦੀ ਲੋੜ ਅਜਿਹਾ
ਗੀਤ ਹੈ।
      Harpreet ਬawa

No comments: