Monday, September 14, 2015

ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਫਿਰ ਗੁੰਡਾਗਰਦੀ

ਲੁਧਿਆਣਾ ਦੀ ਨਿਊ ਕੁੰਦਨਪੁਰੀ 'ਚ ਹੋਇਆ ਦੋ ਗੁੱਟਾਂ ਵਿਚਾਲੇ ਟਕਰਾਓ 
ਲੁਧਿਆਣਾ: 14 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਅਮਨ ਕਾਨੂੰਨ ਦੇ ਅਨੇਕ ਪ੍ਰਬੰਧਾਂ ਦੇ ਬਾਵਜੂਦ ਗੁੰਡਾਗਰਦੀ ਦੀਆਂ ਘਟਨਾਵਾਂ ਜਾਰੀ ਹਨ। ਸਿਵਲ ਲਾਈਨਜ਼ ਵਿੱਚ ਪੈਂਦੇ ਥਾਣਾ  ਨੰਬਰ ਚਾਰ ਦੇ ਇਲਾਕੇ ਨਿਊ ਕੁੰਦਨਪੁਰੀ ਵਿਚ ਦੋ ਗੁੱਟਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ ਵਿਚ ਘਟੋਘੱਟ 6 ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਵਿਅਕਤੀਆਂ ਵਿਚ ਕਾਲਾ ਸਹੋਤਾ, ਉਸਦਾ ਲੜਕੇ ਕੁੰਦਨ ਵਿਸ਼ਾਲ ਅਤੇ ਦੋਸਤ ਸ਼ੈਕੀ ਤੋਂ ਇਲਾਵਾ ਦੋ ਹੋਰ ਨੌਜਵਾਨਾਂ ਦੇ ਵੀ ਸੱਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ। ਕੁੰਦਨ ਅਤੇ ਵਿਸ਼ਾਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਲਾ ਸਹੋਤਾ ਦੀ ਪਤਨੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਕੁਝ ਨੌਜਵਾਨ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸਦੇ ਪਤੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਇਹ ਨੌਜਵਾਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਅੱਜ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਆ ਗਏ ਅਤੇ ਘਰ ਦੇ ਬਾਹਰ ਖੜੇ ਉਸਦੇ ਲੜਕੇ ਕੁੰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਸਦੇ ਪਤੀ ਕਾਲਾ ਅਤੇ ਹੋਰ ਲੋਕ ਉਥੇ ਆਏ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਲੜਾਈ ਦੌਰਾਨ ਬੋਤਲਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ | ਇਸ ਲੜਾਈ ਵਿਚ ਹਮਲਾਵਰਾਂ ਦੇ ਵੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਹਮਲਾਵਰ ਉਥੋਂ ਫਰਾਰ ਹੋ ਗਏ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਸੀ ਹੋ ਸਕੀ।ਹੁਣ ਦੇਖਣਾ ਹੈ ਪੁਲਿਸ ਦੇ ਹੱਥ ਅਸਲੀ ਦੋਸ਼ੀਆਂ ਤੱਕ ਕਦੋਂ ਤੱਕ ਪਹੁੰਚਦੇ ਹਨ?   

No comments: