Tuesday, September 01, 2015

ਭ੍ਰਿਸ਼ਟ ਸੱਤਾ ਦੀ ਮਿਲੀਭੁਗਤ ਕਾਰਣ ਵਗਿਆ ਹੈ ਨਸ਼ਿਆਂ ਦਾ 6ਵਾਂ ਦਰਿਆ

Tue, Sep 1, 2015 at 6:41 PM
ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਦੀ ਤਸਕਰੀ ਦੇ ਖਿਲਾਫ ਰੋਸ ਵਖਾਵਾ 
ਲੁਧਿਆਣਾ: 1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਆਮ ਆਦਮੀ ਪਾਰਟੀ ਵਲੋਂ ਅੱਜ ਸੁਬੇ ਭਰ ਵਿੱਚ ਵੱਖ-ਵੱਖ ਥਾਂਵਾਂ ਤੇ ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵਾਲੰਟੀਅਰਜ਼ ਨੇ ਅੱਜ ਡਿਪਟੀ ਕਮੀਸ਼ਨਰ ਦੇ ਦਫਤਰ ਦੇ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਸੁਬੇ ਵਿੱਚ ਅਕਾਲੀ/ਭਾਜਪਾ ਦੇ ਸੱਤਾਧਾਰੀ ਗਠਬੰਧਨ ਦਾ ਨਸ਼ਾਖੋਰੀ ਵਿੱਚ ਹੱਥ ਹੋਣ ਕਰਕੇ ਪਾਰਟੀ ਨਿਸ਼ਾਨ ਵਾਲੀਆਂ ਟੋਪੀਆਂ ਪਾ ਕੇ ਅਤੇ ਨਸ਼ਿਆਂ ਦੇ ਖਿਲਾਫ ਹੱਥ ਵਿੱਚ ਵੱਖ-ਵੱਖ ਬੈਨਰ ਫੜ੍ਹ ਕੇ ਪਾਰਟੀ ਵਾਲੰਟੀਅਰਜ਼ ਵਲੋਂ ਸੱਤਾਧਾਰੀ ਗਠਬੰਧਨ ਨੂੰ ਸ਼ੀਸ਼ਾ ਵਖਾਇਆ ਗਿਆ।
ਪਾਰਟੀ ਦੇ ਲੁਧਿਆਣਾ ਜ਼ੋਨ ਦੇ ਕੋ-ਆਰਡੀਨੇਟਰ ਸਾਬਕਾ ਕਰਨਲ ਸੀ. ਐੱਮ. ਲਖਨਪਾਲ ਨੇ ਕਿਹਾ, "ਭ੍ਰਿਸ਼ਟ ਸੱਤਾਧਾਰੀ ਅਕਾਲੀ/ਬੀਜੇਪੀ ਗਠਬੰਧਨ ਦੀ ਮਿਲੀਭੁਗਤ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਪਿਆ ਹੈ। ਪਹਿਲਾਂ-ਪਹਿਲ ਡਰੱਗ ਮਾਫੀਆ ਦਾ ਹਿੱਸਾ ਹੋਣ ਕਰਕੇ ਸੁਬੇ ਵਿੱਚ ਅਕਾਲੀ ਆਗੂਆਂ ਤੇ ਉਂਗਲੀ ਉੱਠੀ ਸੀ। ਪਰ ਹਾਲ ਹੀ ਵਿੱਚ ਹੋਈਆਂ ਗ੍ਰਿਫਤਾਰੀਆਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਬੀਜੇਪੀ ਲੀਡਰ ਵੀ ਨਸ਼ਿਆਂ ਦੀ ਤਸਕਰੀ ਵਿੱਚ ਬਰਾਬਰ ਦੇ ਭਾਗੀਦਾਰ ਹਨ। ਅਕਾਲੀ/ਬੀਜੇਪੀ ਦੇ ਇਹਨਾਂ ਲੀਡਰਾਂ ਦੀਆਂ ਅਪਰਾਧਿਕ ਅਤੇ ਨਾਪਾਕ ਗਤੀਵਿਧੀਆਂ  ਕਰਕੇ ਪੰਜਾਬ ਦੀ ਜਵਾਨੀ ਪੂਰੀ ਤਰਾਂ ਤਬਾਹ ਹੋ ਚੁੱਕੀ ਹੈ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਜਿਹਨਾਂ ਨੂੰ ਪੰਜਾਬ ਦੇ ਰਾਖੇ ਬਣਨਾ ਚਾਹੀਦਾ ਸੀ ਉਹ ਪਿਸ਼ਾਚ ਬਣ ਚੁੱਕੇ ਹਨ ਅਤੇ ਆਪਣੇ ਲਾਲਚ ਕਰਕੇ ਪੰਜਾਬ ਦੀ ਪੂਰੀ ਇੱਕ ਪੀੜ੍ਹੀ ਨੂੰ ਨਿਗਲ ਚੁੱਕੇ ਹਨ। ਪੰਜਾਬ ਦੇ ਲੋਕ ਹੁਣ ਇਹਨਾਂ ਲੀਡਰਾਂ ਦੀ ਕਪਟੀਪੁਣੇ ਤੋਂ ਚੰਗੀ ਤਰਾਂ ਵਾਕਫ ਹਨ ਅਤੇ 2017 ਵਿੱਚ ਲੋਕ ਇਹਨਾਂ ਨੂੰ ਨਾ ਭੁੱਲਣ ਵਾਲਾ ਪਾਠ ਜ਼ਰੂਰ ਪੜਾਉਣਗੇ"।
ਪਰ ਦੇਖਣਾ ਇਹ ਵੀ ਹੈ ਭੰਗ ਅਤੇ ਸ਼ਰਾਬ ਦੇ ਖਿਲਾਫ਼ ਸਿਆਸੀ ਪਾਰਟੀਆਂ ਕਦੋਂ ਖੁਲ੍ਹ ਕੇ ਬੋਲਣਗੀਆਂ ? ਹੁਣ ਤੱਕ ਇਸ ਮਾਮਲੇ ਤੇ ਸਿਰਫ ਅਨੀਤਾ ਸ਼ਰਮਾ ਦੀ ਅਗਵਾਈ ਵਾਲਾ ਬੇਲਨ ਬ੍ਰਿਗੇਡ ਹੀ ਸਾਹਮਣੇ ਆਇਆ ਹੈ। ਇਸ ਸੰਸਥਾ ਨੂੰ ਓਨਾ ਸਮਰਥਨ ਨਹੀਂ ਮਿਲ ਸਕਿਆ ਜਿੰਨਾ ਮਿਲਣਾ ਚਾਹਿਦਾ ਸੀ। ਹਾਰ ਕੇ ਇਸ ਸੰਗਠਨ ਨੇ ਇਹ ਸੁਆਲ ਵੀ ਕੀਤਾ ਸੀ ਕਿ ਕੀ ਸ਼ਰਾਬ ਨਸ਼ਾ  ਹੈ ਜਾਂ ਨਹੀਂ? ਇਸ ਗੱਲ ਨੂੰ ਲੈ ਕੇ ਜੇ ਵਿਆਪਕ ਬਹਿਸ ਛਿੜਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੀ ਹੁੰਦੇ। ਸ਼ਰਾਬ ਦੇ ਠੇਕੇ ਧਾਰਮਿਕ ਥਾਵਾਂ ਦੇ ਆਈਂ ਨੇੜੇ ਹਨ ਪਰ ਉਹਨਾਂ ਧਾਰਮਿਕ ਥਾਵਾਂ ਵਾਲੇ ਕੁਝ ਨਹੀਂ ਬੋਲਦੇ।  ਕਈ ਠੇਕੇ ਵਿਦਿਅਕ ਸੰਸਥਾਵਾਂ ਦੇ ਨਜਦੀਕ ਹਨ ਪਰ ਓਹ ਵੀ ਅਕਸਰ ਨਹੀਂ ਬੋਲਦੇ। ਨਾ ਬੋਲਣ ਦਾ ਕਾਰਣ ਗੁੰਡਾਗਰਦੀ ਦੀ ਸੰਭਾਵਨਾ ਹੋ ਸਕਦਾ ਹੈ ਪਰ ਪੰਜਾਬ ਨੂੰ ਖੋਖਲਾ ਕਰ ਰਹੀ ਇਸ ਬੁਰਾਈ ਵਿਰੁਧ ਜਿੰਨੀ ਦੇਰ ਸਮਾਜ ਖੁਲ੍ਹ ਕੇ ਸਾਹਮਣੇ ਨਹੀਂ ਆਉਂਦਾ ਓਨੀ ਦੇਰ ਕੁਝ ਹੋ ਸਕੇਗਾ ਇਹ ਇੱਕ ਸ਼ੰਕਾ ਵਾਲੀ ਗੱਲ ਹੈ। ਕੁਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਰੋਸ ਵਿਖਾਵਾ ਕਾਮਯਾਬ ਰਿਹਾ। 

No comments: