Sunday, September 13, 2015

18 ਸਤੰਬਰ ਨੂੰ ਮੋਹਾਲੀ ਵਿੱਚ ਹੋਵੇਗਾ ਖੇਤ ਮਜ਼ਦੂਰਾਂ ਦਾ ਸ਼ਕਤੀ ਪ੍ਰਦਰਸ਼ਨ

ਖੇਤ ਮਜ਼ਦੂਰਾਂ ਦੀ 13ਵੀਂ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ 'ਤੇ 
ਚੰਡੀਗੜ੍ਹ: 13 ਸਤੰਬਰ 2015; (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ): 
ਖੇਤ ਮਜ਼ਦੂਰ ਕਿਸੇ ਵੇਲੇ ਲਾਲ ਝੰਡੇ ਦੀ ਸਭ ਤੋਂ ਵੱਡੀ ਤਾਕਤ ਹੋਇਆ ਕਰਦੇ ਸਨ। ਇਹਨਾਂ ਦੀ ਤਾਕਤ ਨਾਲ ਲਾਲ ਝੰਡੇ ਦਾ ਕਾਫਲਾ ਬੜੀ ਸ਼ਾਨ ਨਾਲ ਅੱਗੇ ਤੁਰਿਆ ਕਰਦਾ ਸੀ। ਪਾਰਟੀ ਦੀ ਵੰਡ, ਖੇਤੀ ਦਾ ਮਸ਼ੀਨੀਕਰਨ, ਵੱਖ ਵੱਖ ਨਾਵਾਂ ਥੱਲੇ ਖੜੀਆਂ ਕੀਤੀਆਂ ਗਈ ਹੋਰ ਨਵੀਂ ਨਵੀਆਂ ਜੱਥੇਬੰਦੀਆਂ ਅਤੇ ਅੱਤਵਾਦ ਦਾ ਦੌਰ ਇਹਨਾਂ ਸਾਰੀਆਂ ਗੱਲਾਂ ਨੇ ਇਸ ਤਾਕਤ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਨੂੰ ਕਾਫੀ ਹੱਦ ਤੱਕ ਸਫਲ ਵੀ ਕੀਤਾ। ਇਹਨਾਂ ਸਾਰੀਆਂ ਸਾਜਿਸ਼ਾਂ ਅਤੇ ਔਕੜਾਂ ਦੇ ਬਾਵਜੂਦ ਇਹ ਤਾਕਤ ਕਾਇਮ ਰਹੀ ਅਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਚੁਣੌਤੀ ਬਣੀ ਰਹੀ। ਹੁਣ ਤੋਂ 47 ਸਾਲ ਪਹਿਲਾਂ ਪੰਜਾਬ ਦੇ ਇਤਿਹਾਸਕ ਸ਼ਹਿਰ ਮੋਗਾ ਵਿਚ ਹੀ ਖੇਤ ਮਜ਼ਦੂਰਾਂ ਦੀ ਇਸ ਸੰਘਰਸ਼ਸ਼ੀਲ ਜਥੇਬੰਦੀ ਦੀ ਨੀਂਹ ਰੱਖੀ ਗਈ ਸੀ। ਜਥੇਬੰਦੀ ਦੇ ਸੰਸਥਾਪਕਾਂ ਮਾਸਟਰ ਹਰੀ ਸਿੰਘ, ਰੁਲਦੂ ਖਾਨ ਅਤੇ ਭਾਨ ਸਿੰਘ ਭੌਰਾ ਦੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਅੱਜ 47 ਸਾਲਾਂ ਦੇ ਇਸ ਲੰਮੇ ਅਰਸੇ ਤੋਂ ਬਾਅਦ ਖੇਤ ਮਜ਼ਦੂਰਾਂ ਅਤੇ ਪਾਰਟੀ ਲਈ ਚੁਣੌਤੀਆਂ ਭਰਪੂਰ ਸਮੇਂ ਵਿਚ ਯੂਨੀਅਨ ਦੀ 13ਵੀਂ ਕੌਮੀ ਕਾਨਫਰੰਸ 18 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਹੈ, ਜਿਸ ਦੇ ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਗਿਣਤੀ ਵਿਚ ਖੇਤ ਮਜ਼ਦੂਰ ਚੰਡੀਗੜ੍ਹ ਵਿਚ ਜ਼ੋਰਦਾਰ ਰੈਲੀ ਕਰਕੇ ਇਸ ਕਾਨਫਰੰਸ ਦਾ ਆਗਾਜ਼ ਕਰਨਗੇ, ਜਿਸ ਨੂੰ ਸੀ ਪੀ ਆਈ ਦੇ ਜਨਰਲ ਸਕੱਤਰ ਸੁਧਾਕਰ ਰੈਡੀ, ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਆਗੂ ਅਤੇ ਖੇਤ ਮਜ਼ਦੂਰ ਸਭਾ ਅਤੇ ਪਾਰਟੀ ਦੇ ਸੂਬਾਈ ਆਗੂ ਵੀ ਮੁਖਾਤਬ ਕਰਨਗੇ। ਇਸ ਵਿੱਚ ਹੀ ਹੋਵੇਗਾ ਸੰਘਰਸ਼ਾਂ ਦੀ ਨਵੀਂ ਰੂਪਰੇਖਾ ਦਾ ਐਲਾਨ। 
ਉਹਨਾ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਵਿਚ ਜੁਝਾਰੂ ਅੰਦੋਲਨਾਂ ਸਦਕਾ 1968 ਤੋਂ 1977 ਦਾ ਸਮਾਂ ਖੇਤ ਮਜ਼ਦੂਰਾਂ ਲਈ ਸੁਨਹਿਰੀ ਯੁੱਗ ਸੀ। ਇਸ ਸਮੇਂ ਦੌਰਾਨ ਜ਼ਮੀਨੀ ਸੁਧਾਰਾਂ ਲਈ ਘੋਲ ਹੋਏ, ਘੱਟੋ-ਘੱਟ ਉਜਰਤਾਂ ਤੈਅ ਕੀਤੀਆਂ ਗਈਆਂ, ਭਾਵੇਂ ਮਿਲਦੀਆਂ ਅੱਜ ਵੀ ਨਹੀਂ, ਲੋਕ ਭਲਾਈ ਸਕੀਮਾਂ ਇੰਦਰਾ ਆਵਾਸ ਯੋਜਨਾ, ਬੰਧੂਆ ਮਜ਼ਦੂਰੀ ਦਾ ਖਾਤਮਾ, ਰੁਜ਼ਗਾਰ ਸੰਬੰਧੀ ਜਵਾਹਰ ਰੋਜ਼ਗਾਰ ਯੋਜਨਾ ਵਰਗੇ ਕਦਮ ਆਏ। ਸਾਡਾ ਸੰਗਠਨ ਖੇਤ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਪਾਰਲੀਮੈਂਟ ਆਇਆ ਤੇ ਮਨਰੇਗਾ ਵਰਗੀਆਂ ਸਕੀਮਾਂ ਵੀ ਆਈਆਂ।
ਕਾਮਰੇਡ ਹਰਦੇਵ ਅਰਸ਼ੀ ਦੱਸਦੇ ਹਨ ਕਿ ਭਾਰਤ ਦੀ ਸਭ ਤੋਂ ਵਧ ਦੱਬੀ-ਕੁਚਲੀ ਜਮਾਤ ਖੇਤ ਮਜ਼ਦੂਰਾਂ ਦੀ ਇਸ 13ਵੀਂ ਕੌਮੀ ਕਾਨਫਰੰਸ ਦੀ ਦਹਿਲੀਜ਼ ਤੋਂ ਛੇ ਕਦਮ ਉਰਾਂ, ਜਦ ਆਸੇ-ਪਾਸੇ ਦੇਖਦੇ ਹਾਂ ਤਾਂ ਤਿਆਰੀਆਂ ਨੂੰ ਦੇਖ ਕੇ ਹੁਲਾਰਾ ਆ ਜਾਂਦਾ ਹੈ ਅਤੇ ਨਵੇਂ ਜੋਸ਼ ਨਾਲ ਕਾਰਕੁਨ ਤੇ ਆਗੂ ਰੈਲੀ ਅਤੇ ਫੰਡ ਮੁਹਿੰਮ ਵਿਚ ਕੁੱਦ ਪੈਂਦੇ ਹਨ।
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਤਿਆਰੀਆਂ ਉਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਹੋ ਰਿਹਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ 13ਵਾਂ ਮਹਾਂ-ਸੰਮੇਲਨ ਉਸੇ ਉਤਸ਼ਾਹ ਨੂੰ ਯਾਦ ਕਰਾ ਰਿਹਾ ਹੈ, ਜਿਹੜਾ ਉਤਸ਼ਾਹ 1968 ਵਿਚ ਮੋਗੇ ਵਿਖੇ ਖੇਤ ਮਜ਼ਦੂਰਾਂ ਦੀ ਕੌਮੀ ਜਥੇਬੰਦੀ ਦੀ ਸਥਾਪਨਾ ਕਾਨਫਰੰਸ ਵਿਚ ਨਜ਼ਰ ਆਉਂਦਾ ਸੀ। ਅੱਜ ਉਹ ਸਮਾਂ ਫਿਰ ਪੂਰੇ ਜੋਸ਼ ਨਾਲ ਮੁੜ ਪਰਤਿਆ ਲੱਗਦਾ ਹੈ। 
ਦੱਬੀ-ਕੁਚਲੀ, ਲੁੱਟੀ-ਪੁੱਟੀ ਅਤੇ ਨਾਲ ਹੀ ਛੂਤ-ਛਾਤ ਦੀ ਸ਼ਿਕਾਰ ਖੇਤ ਮਜ਼ਦੂਰ ਜਮਾਤ ਨੂੰ ਸੰਗਠਤ ਕਰਨ ਵਿਚ ਮਾਸਟਰ ਹਰੀ ਸਿੰਘ, ਕਾਮਰੇਡ ਰੁਲਦੂ ਖਾਨ ਅਤੇ ਕਾਮਰੇਡ ਭਾਨ ਸਿੰਘ ਭੌਰਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਉਤਸ਼ਾਹ ਨਾਲ ਮਿਹਨਤ ਕੀਤੀ ਸੀ। ਵਿਛੜ ਗਏ ਇਹਨਾਂ ਆਗੂਆਂ ਦੀ ਯਾਦ 'ਚ ਕਾਨਫਰੰਸ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਲਈ ਵੰਗਾਰ ਵੀ ਦਿੰਦੀ ਹੈ ਅਤੇ ਉਤਸ਼ਾਹ ਵੀ।
ਪੰਜਾਬ ਭਰ ਦਾ ਕਾਨਫਰੰਸ ਦੀ ਤਿਆਰੀ ਲਈ ਦੌਰਾ ਕਰ ਰਹੇ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਸਾਰਿਆਂ ਜ਼ਿਲ੍ਹਿਆਂ ਵਿਚ ਪਾਰਟੀ ਅਤੇ ਖੇਤ ਮਜ਼ਦੂਰ ਸਭਾ ਦੀਆਂ ਤਿਆਰੀ ਮੀਟਿੰਗਾਂ ਹੋ ਚੁੱਕੀਆਂ ਹਨ। ਖੇਤ ਮਜ਼ਦੂਰ ਸਭਾ ਦੀ ਲੀਡਰਸ਼ਿਪ ਦੇ ਨਾਲ ਹੀ ਪਾਰਟੀ, ਏਟਕ, ਕਿਸਾਨ ਸਭਾ ਤੇ ਦੂਜੀਆਂ ਅਵਾਮੀ ਜਥੇਬੰਦੀਆਂ ਦੇ ਆਗੂ ਵੀ ਭਰਪੂਰ ਸਰਗਰਮੀ ਕਰ ਰਹੇ ਹਨ।
18 ਸਤੰਬਰ ਨੂੰ ਮੁਹਾਲੀ ਦੀ ਦੁਸਹਿਰਾ ਗਰਾਊਂਡ ਵਿਚ ਹੋਣ ਵਾਲੀ ਰੈਲੀ ਲਾਮਿਸਾਲ ਹੋਵੇਗੀ, ਜਿਸ ਉਪਰੰਤ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਉਸਰੇ ਕਾਮਰੇਡ ਭਾਨ ਸਿੰਘ ਭੌਰਾ ਨਗਰ ਵਿਚ ਤਿੰਨ ਦਿਨ ਦੇਸ਼ ਭਰ ਵਿਚੋਂ ਪਹੁੰਚੇ ਖੇਤ ਮਜ਼ਦੂਰ ਆਗੂ ਸਿਰ ਜੋੜ ਕੇ ਖੇਤ ਮਜ਼ਦੂਰਾਂ ਨੂੰ ਬਦਤਰ ਹਾਲਤ ਵਿਚੋਂ ਕੱਢਣ ਲਈ ਨਿੱਠਕੇ ਵਿਚਾਰਾਂ ਕਰਨਗੇ ਅਤੇ ਸੰਘਰਸ਼ਾਂ ਤੇ ਐਕਸ਼ਨਾਂ, ਅੰਦੋਲਨਾਂ ਦੇ ਫੈਸਲੇ ਲੈਣਗੇ।

No comments: