Saturday, August 22, 2015

RSS ਦੀ ਮੁਹਿੰਮ ਦੇ ਖਿਲਾਫ਼ ਹੁਣ ਖੱਬੇਪੱਖੀ ਜੁਆਬੀ ਮੁਹਿੰਮ

Sat, Aug 22, 2015 at 4:46 PM
ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਵਲੋਂ ਫਿਰ੍ਕਪ੍ਰ੍ਸਤੀ ਵਿਰੋਧੀ ਵਿਸ਼ੇਸ਼ ਕਨਵੈਨਸ਼ਨ 
ਆਉਣ ਵਾਲਾ ਸਮਾਂ ਭਿਆਨਕ ਤੇ ਭਾਰਤੀ ਰਾਸ਼ਟਰਵਾਦ ਲਈ ਖਤਰਾ ਵੀ
ਲੋਕ ਵਿਰੋਧੀ ਨੀਤੀਆਂ ਨੇ ਅੱਛੇ ਦਿੱਨ ਦੇ ਦਾਅਵੇ ਝੂਠੇ ਸਾਬਿਤ ਕਰ ਦਿੱਤੇ
ਲੁਧਿਆਣਾ: 22 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਵਲੋਂ ਅੱਜ  ਲੁਧਿਆਣਾ ਵਿਖੇ ਆਯੋਜਿਤ ਫ਼ਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਨੇ ਰਾਸ਼ਟ੍ਰੀ ਸਵੈਮਸੇਵਕ ਸੰਘ ਵਲੋਂ ਫ਼ੈਲਾਈ ਜਾ ਰਹੀ ਫ਼ਿਰਕਾਪ੍ਰਸਤੀ, ਰੂੜ੍ਹੀਵਾਦੀ ਸੋਚ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀਆਂ ਚਾਲਾਂ ਦੇ ਖ਼ਿਲਾਫ਼ ਵਿਚਾਰਕ, ਰਾਜਨੀਤਿਕ ਅਤੇ ਸਮਾਜਿਕ ਸੰਘਰਸ਼ ਨੂੰ ਤਿੱਖਾ ਕਰਨ ਲਈ ਸਾਰੀਆਂ ਦੇਸ਼ ਭਗਤ, ਧਰਮ ਨਿਰਪੱਖ ਅਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੇ ਇੱਕ ਧਰਮ ਨਿਰਪੱਖ ਅਤੇ ਬਰਾਬਰਤਾ ਤੇ ਅਧਾਰਿਤ ਭਾਰਤ ਦਾ ਸੁਪਨਾ ਸਿਰਜਿਆ ਸੀ। ਪਰ ਜਿਸ ਢੰਗ ਦੇ ਨਾਲ  2014 ਵਿੱਚ ਕਾਰਪੋਰੇਟ ਜਗਤ ਦੇ ਨੰਗੇ ਚਿੱਟੇ ਸਮਰਥਨ ਦੇ ਨਾਲ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਲਿਆਂਦੀ ਗਈ ਉਸਨੇ ਇਹ ਸਾਰੇ ਸੁਪਨੇ ਖੇਰੂ ਖੇਰੂ ਕਰ ਦਿੱਤੇ ਹਨ। ਇਤਿਹਾਸ ਗਵਾਹ ਹੈ ਕਿ ਫ਼ਾਸ਼ੀਵਾਦ ਨੂੰ ਸਦਾ ਕਾਰਪੋਰੇਟ ਜਗਤ ਨੇ ਅਪਣੇ ਲਾਭ ਦੇ ਲਈ ਪ੍ਰਫ਼ੁਲਿੱਤ ਕੀਤਾ ਹੈ। ਇਹੋ ਗੱਲ ਸਾਡੇ ਦੇਸ਼ ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਮੌਜੂਦਾ ਸਰਕਾਰ ਨੇ ਦੇਸ਼ ਦੀਆਂ ਪਰੰਪਰਾਗਤ ਸਾਮਰਾਜ ਵਿਰੋਧੀ ਨੀਤੀਆਂ ਨੂੰ ਬਦਲ ਕੇ ਸਿੱਧੋ ਸਿੱਧੀ ਕਾਰਪੋਰੇਟਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਕੱਟੜਪੰਥੀ ਰੂੜ੍ਹਵਾਦੀ ਵਿਚਾਰ ਥੋਪਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਇੱਡੀਅਨ ਸਾਇੰਸ ਕਾਂਗਰਸ ਤੇ ਇਤਿਹਾਸਕਾਰਾਂ ਦੀ ਇੰਡੀਅਨ ਕੌਂਸਲ ਫ਼ਾਰ ਹਿਸਟਾਰੀਕਲ ਰਿਸਰਚ ਤੇ ਕਬਜ਼ਾ ਕਰਕੇ ਇੱਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਭਗਵਾ ਰੰਗ ਦਿੱਤਾ ਜਾ ਰਿਹਾ ਹੈ। ਪੁਰਾਤਨ ਸਮੇਂ ਵਿੱਚ ਪਲਾਸਟਿਕ ਸਰਜਰੀ ਤੇ ਅੰਤਰਗ੍ਰਹੀ ਪੁਲਾੜ ਯਾਨਾਂ ਦੀਆਂ ਗੱਲਾਂ ਕਰਕੇ ਵਿਗਿਆਨ ਨੂੰ ਪੂਰੀ ਤਰਾਂ ਝੁਠਲਾਇਆ ਜਾ ਰਿਹਾ ਹੈ। ਤਰਕਸ਼ੀਲ ਸੋਚ ਨੂੰ ਖਤਮ ਕਰਨ ਦੇ ਲਈ ਹਰ ਹਰਬਾ  ਵਰਤਿਆ ਜਾ ਰਿਹਾ ਹੈ। ਤਰਕਸ਼ੀਲ ਸੋਚ ਰੱਖਣ ਵਾਲੇ ਦਬੋਲਕਰ ਤੇ ਕਾਮਰੇਡ ਪੰਸਾਰੇ ਦੀ ਹੱਤਿਆ ਇਸੇ ਤਹਿਤ ਕੀਤੀ ਗਈ। ਕੱਟੜਪੰਥੀ ਵਿਚਾਰ ਵਾਲੇ ਨਾਕਾਬਿਲ ਲੋਕ ਉੱਚੇ ਪੱਦਾਂ ਤੇ ਨਿਯੁਕਤ ਕੀਤੇ ਜਾਣ ਲੱਗ ਪਏ ਹਨ। ਪੁਣੇ ਦੀ ਫ਼ਿਲਮ ਇੰਸਟੀਚਯੂਟ ਇਸਦੀ ਇੱਕ ਭਖਦੀ ਮਿਸਾਲ ਹੈ। ਜਿਸਨੇ ਵੀ ਵਿਰੋਧ ਕੀਤਾ ਉਸਦੀ ਅਵਾਜ਼ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਮੱਧ ਪ੍ਰਦੇਸ਼ ਵਿੱਚ ਵਿਆਪਮ ਘੋਟਾਲੇ ਵਿੱਚ 47 ਲੋਕਾਂ ਦਾ ਕਤਲ ਇੱਕ ਦਿੱਲ ਹਿਲਾਊ ਘਟਨਾ ਹੈ। ਤੀਸਤਾ ਸੀਤਲਵਾੜ ਤੇ ਝੂਠੇ ਕੇਸ ਤੇ ਹੁਣ ਗੁਜਰਾਤ ਵਿੱਚ 2002 ਵਿੱਚ ਹੋਏ ਦੰਗਿਆਂ ਵਿੱਚ ਮੋਦੀ ਦੀ ਭੂਮਿਕਾ ਦਾ ਭਾਂਡਾ ਫ਼ੋੜਨ ਵਾਲੇ ਆਈ ਪੀ ਐਸ ਅਧਿਕਾਰੀ ਸੰਜੀਵ ਭੱਟ ਦੀ ਬਰਖ਼ਾਤਗੀ ਸਾਡੇ ਸ੍ਹਾਮਣੇ ਹੱਨ।

ਮਹਿੰਗਾਈ ਤਾਂ ਕਾਬੂ ਹੋਈ ਨਹੀਂਂ, ਪਰ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਹੜੱਪਨ ਦੇ ਲਈ ਆਰਡੀਨੈੰਸ ਜਾਰੀ ਕਰ ਦਿੱਤੇ। ਸਿਹਤ ਸੇਵਾਵਾਂ ਤੇ ਸਿੱਖਿਆ ਤੇ ਸਰਕਾਰੀ ਖਰਚ ਵਿੰਚ ਕਟੌਤੀ ਕਰ ਦਿੱਤੀ ਗਈ। ਮਜ਼ਦੂਰਾਂ ਦੇ ਹੱਕ ਨਵੇਂ ਕਾਨੂੰਨ ਲਿਆ ਕੇ ਸਮਾਪਤ ਕੀਤੇ ਜਾ ਰਹੇ ਹਨ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਅੱਛੇ ਦਿੱਨ ਦੇ ਦਾਅਵੇ ਝੂਠੇ ਸਾਬਿਤ ਕਰ ਦਿੱਤੇ।

ਇਤਿਹਾਸ ਗਵਾਹ ਹੈ ਕਿ ਆਰ ਐਸ ਐਸ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਦੀ ਅਜ਼ਾਦੀ ਸੰਗਰਾਮ ਵਿੱਚ ਕੋਈ ਭੂਮਿਕਾ ਨਹੀਂ ਰਹੀ। ਅੰਗ੍ਰੇਜ਼ਾਂ ਦੇ ਅਉਣ ਤੋਂ ਪਹਿਲਾਂ ਇਤਿਹਾਸ ਵਿੱਚ ਹਿੰਦੂ ਮੁਸਲਮਾਨ ਫ਼ਸਾਦ ਦੀ ਕੋਈ ਮਿਸਾਲ ਨਹੀਂ ਹੈ। ਉਸ ਵੇਲੇ ਦੇ ਹਿੰਦੂ ਕੱਟੜਪੰਥੀਆਂ ਨੇ ਪਹਿਲਾਂ ਹਿੰਦੂ ਸਭਾ, ਫ਼ਿਰ ਮਹਾ ਸਭਾ ਤੇ ਬਾਅਦ ਵਿੱਚ 1925 ਵਿੱਚ ਰਾਸ਼ਟ੍ਰੀ ਸਵੈਮਸੇਵਕ ਸੰਘ ਦੀ ਸਥਾਪਨਾ ਕੀਤੀ। ਉਸੇ ਵੇਲੇ ਬਰਤਾਨਵੀ ਸਰਕਾਰ ਨੇ ਭਾਰਤ ਦੇ ਲੋਕਾਂ ਨੂੰ ਵੰਡ ਕੇ ਰੱਖਣ ਲਈ ਫ਼ਿਰਕਿਆਂ ਤੇ ਅਧਾਰਿਤ ਚੋਣ ਰਾਖਵਾਂ ਕਰਣ ਦੀ ਸਾਜ਼ਿਸ਼ ਰਚੀ। ਹਿੰਦੂ ਕੱਟੜਪੰਥੀਆਂ ਨੇ ਇਸਦਾ ਲਾਭ ਉਠਾ ਕੇ ਹਿੰਦੂਤਵ ਦੀ ਵਿਚਾਰਧਾਰਾ ਤੇਜੀ ਨਾਲ ਫ਼ੈਲਾਣੀ ਸ਼ੁਰੂ ਕਰ ਦਿੱਤੀ। ਨਾਗਪੁਰ ਵਿੱਖੇ 1927 ਵਿੱਚ ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਸੰਸਥਾਪਕ ਹੈਡਗੇਵਾਰ ਨੇ ਇੱਕ ਮਸਜਿਦ ਦੇ ਸਾਹਮਣੇ ਤੋਂ ਢੋਲ ਨਗਾੜੇ ਵਜਾ ਕੇ ਅਤੇ ਲਊਡ ਸਪੀਕਰ ਤੇ ਉੱਚੀ ਉੱਚੀ ਬੋਲ ਕੇ ਜਲੂਸ ਕੱਢਿਆ ਅਤੇ ਦੂਸਰੇ ਫ਼ਿਰਕਿਆਂ ਦੀ ਧਾਰਮਿਕ ਅਜ਼ਾਦੀ ਤੇ ਪੁਰਜ਼ੋਰ ਵਾਰ ਕੀਤਾ। ਇਸੇ ਦੌਰਾਨ 1930 ਵਿੱਚ ਯੂਰਪ ਦੀਆਂ ਫ਼ਾਸੀਵਾਦੀ ਤਾਕਤਾਂ ਦੇ ਨਾਲ ਇਹਨਾਂ ਦੇ ਸਬੰਧ ਬਣੇ ਅਤੇ ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਇੱਕ ਆਗੂ ਮੁੰਜੇ ਇਟਲੀ ਦੇ ਫ਼ਾਸੀਵਾਦੀ ਆਗੂ ਮੁਸੋਲਿਨੀ ਨੂੰ ਮਿਲੇ। ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਪ੍ਰਮੁੱਖ ਗੋਲਵਾਲਕਰ ਨੇ ਹਿਟਲਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਹਿਟਲਰ ਨੇ ਸਮਾਜ ਦੀ ਸਫ਼ਾਈ ਕੀਤੀ ਹੈ ਉਸਤੋਂ ਸਿੱਖਣਾ ਤੇ ਲਾਭ ਉਠਾਉਣਾ ਚਾਹੀਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਮੂਲ ਦੀਆਂ ਜਾਤੀਆਂ ਨੇ ਅਗਰ ਭਾਰਤ ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਹਿੰਦੂ ਜਾਤੀ ਅਤੇ ਸਭਿਆਚਾਰ ਨੂੰ  ਸ੍ਰੇਸ਼ਠ ਮੰਨ ਕੇ ਅਪਨਾਉਣਾ ਪਏਗਾ ਤੇ ਉਸਦਾ ਆਦਰ ਕਰਨਾ ਪਏਗਾ।

ਕੰਨਵੈਨਸ਼ਨ ਨੇ ਦਰਪੇਸ਼ ਵਰਤਾਰਿਆਂ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ  ਸਭ ਨੂੰ ਇੱਕਤਰ ਹੋ ਕੇ ਇਹਨਾਂ ਦੇ ਵਿਰੁੱਧ ਸੰਘਰਸ਼ ਵਿਢੱਣ ਦੀ ਲੋੜ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਹਰ ਕਿਸਮ ਦੀ ਫ਼ਿਰਕਾਪ੍ਰਸਤੀ ਇੱਕ ਦੂਸਰੇ ਦੀ ਪੂਰਕ ਹੁੰਦੀ ਹੈ। ਇਸਨੂੰ ਜੇਕਰ ਹੁਣ ਨਾਂ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ ਤੇ ਭਾਰਤੀ ਰਾਸ਼ਟਰਵਾਦ ਲਈ ਖਤਰਾ ਹੋ ਸਕਦਾ ਹੈ। ਪੰਜਾਬ ਵਿੱਚ ਅਸੀਂ ਫ਼ਿਰਕਾਪ੍ਰਸਤੀ ਫ਼ੈਲਾਉਣ ਦੇ ਯਤਨਾਂ ਦਾ ਤੇ ਬਾਅਦ ਵਿੱਚ ਸਿੱਖ ਵਿਰੋਧੀ ਦੰਗਿਆਂ ਦਾ ਸੰਤਾਪ ਭੋਗ ਚੁੱਕੇ ਹਾਂ। ਗੋਧਰਾ ਤੇ ਗੁਜਰਾਤ ਤੇ ਮੁੱਜ਼ਫ਼ਰ ਨਗਰ ਦੇ ਦੰਗੇ ਦੇਖ ਚੁੱਕੇ ਹਾਂ। ਇਸਨੂੰ ਦੁਹਰਾਉਣ ਨਹੀਂ ਦੇਣਾ। 
ਕਨਵੈਨਸ਼ਨ ਨੇ ਮੰਗ ਕੀਤੀ ਕਿ ਘੱਟ ਗਿਣਤੀ ਵਰਗਾਂ, ਦਲਿਤਾਂ ਤੇ ਆਦਿਵਾਸੀਆਂ ਵਿਰੁੱਧ ਕਾਤਿਲੀ ਸਾਜ਼ਿਸ਼ਾਂ ਦੇ ਹੁਕਮ ਦੇਣ ਵਾਲੇ ਆਰ ਐਸ ਐਸ ਦੇ ਗੁਪਤ ਸਰਕੂਲਰ ਕੋਡ ਨੰ 411/300311/CO3 ਬਾਰੇ ਕੇਂਦਰ ਸਰਕਾਰਤੋਂ ਮੰਗ ਕੀਤੀ ਕਿ ਇਸਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਕਰਵਾਈ ਜਾਏ।
ਇਸਤੋਂ ਇਲਾਵਾ ਹੋਰ ਮਤਿਆ ਰਾਹੀਂ ਭਗਵਾਕਰਨ ਤੇ ਨੱਥ ਪਾਣ ਦੀ ਮੰਗ ਕੀਤੀ।
ਕਨਵੈਨਸ਼ਨ ਦੀ ਪ੍ਰਧਨਗੀ ਕਾਮਰੇਡ  ਕੁਲਦੀਪ ਸਿੰਘ ਐਡਵੋਕੇਟ, ਕਾਮਰੇਡ  ਗੁਰਨਾਮ ਸਿੱਧੂ, ਕਾਮਰੇਡ ਉਜਾਗਰ ਸਿੰਘ ਬੱਦੋਵਾਲ, ਕਾਮਰੇਡ ਜਸਦੇਵ ਸਿੰਘ ਲਲਤੋਂ, ਕਾਮਰੇਡ ਜਸਵੰਤ ਜ਼ੀਰਖ ਤੇ ਕਾਮਰੇਡ ਕਸਤੂਰੀ ਲਾਲ ਨੇ ਕੀਤੀ।

ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸੱਨ ਡਾ ਅਰੁਣ ਮਿੱਤਰਾ, ਕਾਮਰੇਡ ਕਮਲਜੀਤ ਖੰਨਾ, ਕਾਮਰੇਡ  ਪਵਨ ਕੌਸ਼ਲ ਅਦਿ ਨੇ ਕੀਤੀ। ਕਾਮਰੇਡ ਡੀ ਪੀ ਮੌੜ,  ਪ੍ਰੋਫੈਸਰ ਏ ਕੇ ਮਲੇਰੀ, ਡਾ ਗੁਲਜ਼ਾਰ ਪੰਧੇਰ, ਕਾਮਰੇਡ ਮਨਿੰਦਰ ਭਾਟੀਆ ਉੱਚੇਚੇ ਤੌਰ ਤੇ ਸ਼ਾਮਿਲ ਹੋਏ।

No comments: