Friday, August 28, 2015

GADVASU Ludhiana: ਚੰਗੇ ਮਨੁੱਖੀ ਸਾਧਨ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ

Fri, Aug 28, 2015 at 5:18 PM
ਵੈਟਨਰੀ ਯੂਨੀਵਰਸਿਟੀ ਤੇ ਭਾਰਤੀ ਕਾਊਂਸਲ ਨੇ ਕੀਤਾ ਸ਼ਾਂਝਾ ਉਪਰਾਲਾ
ਲੁਧਿਆਣਾ:28 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤ ਦੀ ਖੇਤੀਬਾੜੀ ਹੁਨਰ ਕਾਊਂਸਲ ਨੇ ਸਾਂਝੇ ਤੌਰ ਤੇ ਇਕ ਚਾਰ ਦਿਨਾ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ। ‘ਸਿਖਲਾਈਕਾਰਾਂ ਨੂੰ ਸਿੱਖਿਆ’ ਨਾਂ ਅਧੀਨ ਕਰਵਾਏ ਇਸ ਸਿਖਲਾਈ ਕੋਰਸ ਦੇ ਸਮਾਪਨ ਸਮਾਰੋਹ ਵਿੱਚ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ ਹੁਨਰਮੰਦ ਮਨੁੱਖੀ ਸਾਧਨ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਸਿਖਲਾਈ ਵਿੱਚ ਵੈਟਨਰੀ ਯੂਨੀਵਰਸਿਟੀ ਨੇ ਭਿੰਨ-ਭਿੰਨ ਸੂਬਿਆਂ ਤੋਂ ਆਏ ਹੋਏ ਸਿਖਲਾਈਕਾਰਾਂ ਨੂੰ ਡੇਅਰੀ ਫਾਰਮਿੰਗ ਦੇ ਖੇਤਰ ਵਿੱਚ ਸਿੱਖਿਅਤ ਕੀਤਾ। ਮੁੜ ਇਹ ਸਿਖਲਾਈਕਾਰ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਸਿੱਖਿਅਤ ਕਰਨਗੇ। ਇਨ੍ਹਾਂ ਨੂੰ ਵੱਖੋ-ਵੱਖਰੀਆਂ ਪ੍ਰਯੋਗਸ਼ੀਲ ਕਿਰਿਆਵਾਂ, ਪ੍ਰਦਰਸ਼ਨੀਆਂ ਅਤੇ ਭਾਸ਼ਣਾਂ ਰਾਹੀਂ ਗਿਆਨ ਦਿੱਤਾ ਗਿਆ। ਡੇਅਰੀ ਫਾਰਮਿੰਗ ਸਬੰਧੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਇਕ ਫਿਲਮ ਵੀ ਵਿਖਾਈ ਗਈ। ਪਸ਼ੂਆਂ ਦੇ ਪੂਰਨ ਪ੍ਰਬੰਧਨ, ਸੰਤੁਲਿਤ ਖੁਰਾਕ, ਟੀਕਾਕਰਨ, ਮਲ੍ਹੱਪ ਰਹਿਤ ਕਰਨਾ, ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਨਾਲ ਇਨ੍ਹਾਂ ਨੂੰ ਮੰਡੀਕਾਰੀ ਦੇ ਨੁਕਤੇ ਵੀ ਸਿਖਾਏ ਗਏ। ਡਾ. ਵਰਮਾ ਨੇ ਕਿਹਾ ਕਿ ਇਹ ਸਿੱਖਿਆਰਥੀ ਹੁਣ ਯੂਨੀਵਰਸਿਟੀ ਦੇ ਗਿਆਨ ਦੂਤ ਦੇ ਤੌਰ ਤੇ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਯੋਜਨਾ ਦੇ ਤਹਿਤ ਜਿਥੇ ਸਿਖਲਾਈਕਾਰ ਰੋਜ਼ਗਾਰ ਤੇ ਸੇਵਾ ਨੂੰ ਸਮਰਪਿਤ ਹੋਣਗੇ ਉਥੇ ਉਨ੍ਹਾਂ ਤੋਂ ਸਿਖਣ ਵਾਲੇ ਵੀ ਹੁਨਰਮੰਦ ਕਿਰਤੀ ਅਤੇ ਉਦਮੀ ਬਣਨਗੇ। ਪੰਜਾਬ ਅਤੇ ਦੂਜੇ ਸੂਬਿਆਂ ਦੇ ਪਸ਼ੂ ਪਾਲਕ ਭਾਈਚਾਰੇ ਨੂੰ ਇਸ ਦਾ ਚੋਖਾ ਫਾਇਦਾ ਮਿਲੇਗਾ। 
ਭਾਰਤ ਦੀ ਖੇਤੀਬਾੜੀ ਹੁਨਰ ਕਾਊਂਸਲ ਦੇ ਨਿਰਦੇਸ਼ਕ ਅਤੇ ਇਸ ਸਿਖਲਾਈ ਪ੍ਰੋਗਰਾਮ ਦੇ ਸੰਯੋਜਕ ਕਰਨਲ ਕਮਲ ਸੋਢੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਿਸਥਾਨ ਤੋਂ ਆਏ 37 ਸਿੱਖਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਸਥਾਨਕ ਸੰਯੋਜਕ ਡਾ. ਸਿਮਰਿੰਦਰ ਸਿੰਘ ਸੋਢੀ ਨੇ ਜਾਣਕਾਰੀ ਦਿੱਤੀ ਕਿ ਸਿੱਖਿਆਰਥੀਆਂ ਨੂੰ ਹਰ ਤਰ੍ਹਾਂ ਦਾ ਵਿਹਾਰਕ ਗਿਆਨ ਦੇ ਕੇ ਡੇਅਰੀ ਫਾਰਮਿੰਗ ਲਈ ਸਮਰਥ ਬਣਾਉਣ ਦਾ ਯਤਨ ਕੀਤਾ ਗਿਆ। ਉਨ੍ਹਾਂ ਨੂੰ ਡੇਅਰੀ ਫਾਰਮ ’ਤੇ ਲੈ ਜਾ ਕੇ ਪਸ਼ੂਆਂ ਦੀ ਪਛਾਣ ਕਰਨ ਤੋਂ ਇਲਾਵਾ ਉਨ੍ਹਾਂ ਦੇ ਪ੍ਰਬੰਧਨ ਬਾਰੇ ਨੁਕਤੇ ਵੀ ਦੱਸੇ ਗਏ। ਸਿੱਖਿਆਰਥੀਆਂ ਦੇ ਗਿਆਨ ਦੀ ਪਰਖ ਕਰਨ ਅਤੇ ਉਨ੍ਹਾਂ ਦੀ ਜਗਿਆਸਾ ਵਾਸਤੇ ਇਕ ਸਵਾਲਾਂ-ਜੁਆਬਾਂ ਦਾ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਕਈ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੇ ਕੋਲੋਂ ਸੁਝਾਅ ਵੀ ਲਏ ਗਏ ਤਾਂ ਜੋ ਭਵਿੱਖੀ ਸਿਖਲਾਈ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਕੀਤਾ ਜਾ ਸਕੇ।

No comments: