Wednesday, August 26, 2015

ਕਸ਼ਮੀਰੀ ਵੱਖਵਾਦੀ ਆਗੂ ਤੀਜੀ ਧਿਰ ਨਹੀਂ ਬਲਕਿ ਅਹਿਮ ਧਿਰ-ਨਵਾਜ਼ ਸ਼ਰੀਫ਼

ਉਨ੍ਹਾ ਦੇ ਭਵਿੱਖ ਬਾਰੇ ਕੋਈ ਵੀ ਫ਼ੈਸਲਾ ਉਨ੍ਹਾ ਦੀ ਰਾਇ ਤੋਂ ਬਗੈਰ ਨਹੀਂ
ਇਸਲਾਮਾਬਾਦ: 25 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਪਾਕਿਸਤਾਨ ਵੱਲੋਂ ਕਸ਼ਮੀਰ ਦਾ ਮੁੱਦਾ ਫਿਰ ਚਰਚਾ ਵਿੱਚ ਹੈ। ਪਾਕਿਸਤਾਨੀ ਮੀਡੀਆ ਦੇ ਮੁਤਾਬਿਕ ਪਾਕਿਸਤਾਨ ਦੀ ਉਚ ਲੀਡਰਸ਼ਿਪ ਫਿਰ ਇਸ ਮੁਦੇ ਤੇ ਸਖਤ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਕਸ਼ਮੀਰੀ ਵੱਖਵਾਦੀ ਆਗੂ ਤੀਜੀ ਧਿਰ ਨਹੀਂ ਹਨ। ਸ਼ਰੀਫ਼ ਨੇ ਇਹ ਵੀ ਕਹਿ ਦਿੱਤਾ ਹੈ ਕਿ ਕਸ਼ਮੀਰ ਮੁੱਦੇ ਤੋਂ ਬਗ਼ੈਰ ਭਾਰਤ ਨਾਲ ਕੋਈ ਵੀ ਗੱਲਬਾਤ ਬੇਅਰਥ ਹੈ। ਉਨ੍ਹਾ ਕਿਹਾ ਕਿ ਕਸ਼ਮੀਰੀਆਂ ਦੀ ਰਾਇ ਅਤੇ ਸਹਿਮਤੀ ਤੋਂ ਬਿਨਾਂ ਕੋਈ ਵੀ ਫ਼ੈਸਲਾ ਨਹੀਂ ਲਿਆ ਜਾ ਸਕਦਾ। ਉਨ੍ਹਾ ਨੇ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰੀ ਵੱਖਵਾਦੀ ਆਗੂ ਤੀਜੀ ਧਿਰ ਨਹੀਂ ਹਨ, ਸਗੋਂ ਇਸ ਮਾਮਲੇ 'ਚ ਅਹਿਮ ਧਿਰ ਹਨ ਅਤੇ ਉਨ੍ਹਾ ਦੇ ਭਵਿੱਖ ਬਾਰੇ ਕੋਈ ਵੀ ਫ਼ੈਸਲਾ ਉਨ੍ਹਾ ਦੀ ਰਾਇ ਅਤੇ ਸਹਿਮਤੀ ਤੋਂ ਬਗੈਰ ਨਹੀਂ ਲਿਆ ਜਾ ਸਕਦਾ।
ਪਾਕਿਸਤਾਨੀ ਅਖ਼ਬਾਰ 'ਦਾ ਡਾਨ' ਦੀ ਖ਼ਬਰ ਮੁਤਾਬਕ ਸ਼ਰੀਫ਼ ਨੇ ਕੈਬਨਿਟ ਮੀਟਿੰਗ 'ਚ ਕਿਹਾ ਕਿ ਬਗ਼ੈਰ ਕਸ਼ਮੀਰ ਮੁੱਦੇ ਦੇ ਭਾਰਤ ਨਾਲ ਕਿਸੇ ਗੱਲਬਾਤ ਦੀ ਕੋਈ ਤੁੱਕ ਨਹੀਂ ਹੈ। ਸ਼ਰੀਫ਼ ਦੀ ਇਸ ਟਿਪਣੀ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਭਾਰਤ ਨਾਲ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਆਖ਼ਰੀ ਮੌਕੇ ਰੱਦ ਕਰ ਦਿੱਤੀ ਸੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੂੰ ਕਸ਼ਮੀਰੀ ਵੱਖਵਾਦੀ ਆਗੂਆਂ ਨੂੰ ਨਹੀਂ ਮਿਲਣਾ ਚਾਹੀਦਾ ਅਤੇ ਗੱਲਬਾਤ ਸਿਰਫ਼ ਅੱਤਵਾਦ ਅਤੇ ਸਰਹੱਦ ਉੱਪਰ ਸ਼ਾਂਤੀ ਬਾਰੇ ਹੀ ਹੋਵੇਗੀ। ਨਵਾਜ਼ ਸ਼ਰੀਫ਼ ਨੇ ਗੱਲਬਾਤ ਦੇ ਰੱਦ ਹੋਣ ਬਾਰੇ ਕੈਬਨਿਟ ਨੂੰ ਜਾਣਕਾਰੀ ਦਿੱਤੀ। ਕੈਬਨਿਟ ਮੀਟਿੰਗ 'ਚ ਦੇਸ਼ ਦੀ ਸੁਰੱਖਿਆ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਗਈ।

No comments: