Sunday, August 30, 2015

ਕਾਰਖਾਨਾ ਮਾਲਕ ਵਲੋਂ ਮੁਨਾਫੇ ਖਾਤਰ ਦੋ ਹੋਰ ਹਤਿਆਵਾਂ--ਹੌਜ਼ਰੀ ਕਾਮਗਾਰ ਯੂਨੀਅਨ

Sun, Aug 30, 2015 at 6:58 PM
"ਅਯਾਸ਼ ਮਾਲਕ ਸਮਝਦੇ ਹਨ ਮਜਦੂਰਾਂ ਨੂੰ ਮਸ਼ੀਨਾਂ ਦੇ ਪੁਰਜ਼ੇ"
ਲੁਧਿਆਣਾ: 30 ਮਈ 2015: (ਪੰਜਾਬ ਸਕਰੀਨ ਬਿਊਰੋ): 
ਬੁਆਇਲਰ ਫਟਣ ਨਾਲ ਆਪਣੀ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰ ਕਈ ਦਿਨਾਂ ਤੋਂ ਸੜਕਾਂ ਤੇ ਰੁਲ ਰਹੇ ਹਨ , ਕਦੇ ਫੈਕਟਰੀ ਅਤੇ ਕਦੇ ਥਾਣੇ ਦੇ ਗੇੜੇ ਕਢਦਿਆਂ ਉਹਨਾਂ ਦਾ ਬੁਰਾ ਹਾਲ ਹੋ ਗਿਆ। ਭੁੱਖੇ ਪਿਆਸੇ ਮਜ਼ਦੂਰ ਇੱਕ ਦੂਜੇ ਹੋਂਸਲਾ ਦੇਂਦੇ ਹੋਏ ਹੁਣ ਸੰਘਰਸ਼ ਦੇ ਰਾਹ ਤੁਰ ਪਏ ਹਨ।  ਉਹਨਾਂ ਨੂੰ ਇਹ ਰਾਹ ਹੀ ਚੁਨਣਾ ਪਿਆ ਕਿਓਂਕਿ ਮਾਲਕਾਂ ਦੀਆਂ ਧਮਕੀਆਂ ਸਾਹਮਣੇ ਹੋਰ ਕੋਈ ਰਸਤਾ ਹੀ ਨਹੀਂ ਸੀ। 
ਅੱਜ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਸੈਕੜੇ  ਮਜ਼ਦੂਰਾਂ ਨੇ ਮੇਹਰਬਾਨ ਪੁਲੀਸ ਚੌਂਕੀ ਥਾਣੇ ਦਾ ਘਿਰਾਉ ਕਰਕੇ ਜ਼ੋਰਦਾਰ ਮੁਜ਼ਾਹਰਾ ਕੀਤਾ। ਭਾਰਤੀ ਡਾਈਂਗ, ਮੇਹਰਬਾਨ, ਲੁਧਿਆ" ਵਿੱਚ ਕੁਝ ਦਿਨ ਪਹਿਲਾਂ ਡਾਈਂਗ ਮਸ਼ੀਨ ਵਿੱਚ ਧਮਾਕਾ ਹੋਣ ਨਾਲ਼ ਦੋ ਮਜ਼ਦੂਰਾਂ, ਨਿਰੰਜਨ (22) ਅਤੇ ਸੁਰੇਸ਼ (45) ਦੀ ਮੌਤ ਹੋ ਗਈ ਸੀ। ਮਜਦੂਰਾਂ ਨੇ ਉਸ ਫੈਕਟਰੀ ਦੇ ਗੇਟ ਤੇ ਵੀ ਧਰਨਾ ਲਾਇਆ। ਮਜ਼ਦੂਰਾਂ ਨੇ ਮੰਗ ਕੀਤੀ ਕਿ ਦੋਸ਼ੀ ਕਾਰਖਾਨਾ ਮਾਲਕ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਬਿਨਾ ਕਿਸੇ ਦੇਰੀ ਦੇ ਮੁਆਵਜਾ ਦਿੱਤਾ ਜਾਵੇ।
    ਇਸ ਦੌਰਾਨ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਆਗੂ ਲਖਵਿੰਦਰ ਨੇ ਕਿਹਾ ਕਿ ਇਹ  ਮਾਮਲਾ ਸਿਰਫ਼ ਇੱਕ ਕਾਰਖਾਨੇ ਦਾ ਨਹੀਂ ਹੈ। ਸਾਰੇ ਹੀ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਘਟਨਾ ਨੂੰ ਵੀ ਸਿਰਫ ਹਾਦਸਾ ਨਹੀ ਕਿਹਾ ਜਾ ਸਕਦਾ। ਇਹ ਮੁਨਾਫ਼ੇ ਖਾਤਰ ਹੋਈਆਂ ਹਤਿਆਵਾਂ ਹਨ। ਮਾਲਕਾਂ ਨੂੰ ਸਿਰਫ ਆਪਣੇ ਮੁਨਾਫ਼ੇ ਦੀ ਫ਼ਿਕਰ ਹੈ। ਆਪਣੀਆਂ ਸਹੂਲਤਾਂ, ਅੱਯਾਸ਼ੀ ਤੇ ਧਿਆਨ ਦੇਣ ਵਾਲੇ ਮਾਲਕ ਮਜ਼ਦੂਰਾਂ ਨੂੰ ਮਸ਼ੀਨਾਂ ਦੇ ਪੁਰਜੇ ਸਮਝਦੇ ਹਨ। ਕਿਰਤ ਵਿਭਾਗ, ਪੁਲੀਸ ਪ੍ਰਸ਼ਾਸ਼ਨ, ਸਰਕਾਰ ਕਾਰਖਾਨਾ ਮਾਲਕਾਂ ਦਾ ਹੀ ਸਾਥ ਦਿੰਦੇ ਹਨ। ਸਰਮਾਏਦਾਰਾਂ ਪ੍ਰਬੰਧ ਮਜ਼ਦੂਰਾਂ ਦੀਆਂ ਜਿੰਦਗੀਆਂ ਨਾਲ ਖੇਡ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਰਖਾਨਿਆਂ ਵਿਚ ਹਾਦਸਿਆ ਤੋਂ ਬਚਾਅ ਸਬੰਧੀ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਜਾਣ, ਇਹਨਾਂ ਦੀ ਉਲੰਗਣਾ ਕਰਨ ਵਾਲੇ ਮਾਲਕਾਂ ਨੂੰ ਸਖ਼ਤ ਜੇਲ ਤੋ ਲੈਕੇ ਫਾਸ਼ੀ ਦੀ ਸਜਾ ਦੇ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾਣ। ਮੁਜਾਹਰੇ ਨੂੰ ਮਜ਼ਦੂਰ ਆਗੂਆਂ ਲਖਵਿੰਦਰ, ਮਹੇਸ਼, ਪ੍ਰੇਮਨਾਥ ਆਦਿ ਨੇ ਸੰਬੋਧਨ ਕੀਤਾ। ਕੱਲ ਵੀ ਮਜ਼ਦੂਰਾਂ ਨੇ ਪੁਲੀਸ ਚੌਂਕੀ ਤੇ ਜ਼ੋਰਦਾਰ ਮੁਜ਼ਾਹਰਾ ਕੀਤਾ ਸੀ। ਕੱਲ ਵਾਂਗ ਅੱਜ ਵੀ ਪੁਲੀਸ ਨੇ ਮੁਜ਼ਾਹਰੇ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰ ਡਟੇ ਰਹੇ।
ਹੋਰ ਵੇਰਵੇ ਜਾਂ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰੋ:-ਲਖਵਿੰਦਰ 9646150249

No comments: