Saturday, August 08, 2015

ਲਗਾਤਾਰ ਵਧ ਰਹੇ ਹਨ ਬਲਾਗਰਾਂ 'ਤੇ ਹਮਲੇ

ਬੰਗਲਾਦੇਸ਼ 'ਚ ਬੇਰਹਿਮੀ ਨਾਲ ਕੀਤਾ ਗਿਆ ਇੱਕ ਹੋਰ ਬਲਾਗਰ ਦਾ ਕਤਲ
ਸ਼ਹੀਦ ਬਲਾਗਰ ਨਿਲਾਅ ਨੀਲ
ਮੇਨ ਸਟਰੀਮ ਮੀਡੀਆ ਕਾਰਪੋਰੇਟ ਮੀਡੀਆ ਵਿੱਚ ਤਬਦੀਲ ਹੋ ਜਾਣ ਤੋਂ ਬਾਅਦ ਹਕੀਕਤ ਬਿਆਨ ਕਰਨ ਦਾ ਮੋਰਚਾ ਸੰਭਾਲਿਆ ਹੈ ਸੋਸ਼ਲ ਮੀਡੀਆ ਨੇ।  ਸੋਸ਼ਲ ਮੀਡੀਆ ਵਿੱਚ ਵੀ ਜਿਆਦਾ ਹਰਮਨਪਿਆਰੇ ਹੋ ਰਹੇ ਹਨ ਬਲਾਗ ਕਿਓਂਕਿ ਆਮਤੌਰ ਤੇ ਇਹਨਾਂ ਵਿੱਚ ਜ਼ਿੰਮੇਦਾਰੀ ਦਾ ਅਹਿਸਾਸ ਵੀ ਹੁੰਦਾ ਹੈ। ਜਿਸ ਗੱਲ ਨੂੰ ਮੇਨ ਸਟਰੀਮ ਮੀਡੀਆ ਵਾਲੇ ਜਾਣੇ ਅਨਜਾਨੇ ਲੁਕਾਉਂਦੇ ਹਨ ਉਸਨੂੰ ਸੋਸ਼ਲ ਮੀਡੀਆ ਪੂਰੀ ਤਰਾਂ ਨਸ਼ਰ ਕਰਕੇ ਬੇਨਕਾਬ ਕਰ ਦੇਂਦਾ ਹੈ। ਮੁੱਖ ਧਾਰਾ ਦੇ ਮੀਡੀਆ ਵੱਲੋਂ ਕੀਤੀ ਗਈ ਕਿਸੇ ਵੀ ਸੰਭਾਵਿਤ ਸੌਦੇਬਾਜ਼ੀ ਵੀ ਹੁਣ ਹਕੀਕਤ ਨੂੰ ਦਬਾਉਣ ਦੀ ਗਾਰੰਟੀ ਨਹੀਂ ਰਹੀ। ਬੜੇ ਹੀ ਸੀਮਿਤ ਸਾਧਨਾਂ ਨਾਲ ਕੰਮ ਕਰਦੇ ਬਲਾਗਰ  ਝੱਟ ਦੇਣੀ ਸਾਰਾ ਕੁਝ ਲੋਕਾਂ ਸਾਹਮਣੇ ਲਿਆ ਰੱਖਦੇ ਹਨ।  ਇਸ ਕਰਕੇ ਬਲਾਗਰਾਂ ਦੇ ਦੁਸ਼ਮਨ ਵੀ ਵਧ ਰਹੇ ਹਨ। ਹੁਣ ਨਵੀਂ ਖਬਰ ਮਿਲੀ ਹੈ ਬੰਗਲਾ ਦੇਸ਼ ਤੋਂ। ਬੰਗਲਾਦੇਸ਼ 'ਚ ਕੱਟੜਪੰਥੀਆਂ ਨੇ ਇੱਕ ਹੋਰ ਬਲਾਗਰ ਦਾ ਕਤਲ ਕਰ ਦਿੱਤਾ ਹੈ। ਕੱਟੜਪੰਥੀਆਂ ਨੇ ਬਲਾਗਰ ਨੂੰ ਢਾਕਾ 'ਚ ਚਾਕੂਆਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇੱਕ ਸਮਾਜਿਕ ਜਥੇਬੰਦੀ ਅਤੇ ਪੁਲਸ ਮੁਤਾਬਕ ਬੰਗਲਾਦੇਸ਼ 'ਚ ਕੱਟੜਪੰਥੀਆਂ ਵੱਲੋਂ ਬਲਾਗਰਾਂ ਨੂੰ ਕਤਲ ਕੀਤੇ ਜਾਣ ਦੀ ਇਸ ਸਾਲ ਇਹ ਚੌਥੀ ਘਟਨਾ ਹੈ। ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਦਸਿਆ ਕਿ ਕੱਟੜਪੰਥੀਆਂ ਦਾ ਇੱਕ ਟੋਲਾ ਨਿਲਾਅ ਨੀਲ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਸੀ। ਬਲਾਗਰ ਨੂੰ ਪਹਿਲਾਂ ਹੀ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ। ਨਿਲਾਅ ਨੀਲ ਦੇ ਸਾਥੀ ਅਤੇ ਬਲਾਗਿੰਗ ਨੈੱਟਵਰਕ ਦੇ ਮੁਖੀ ਇਮਰਾਨ ਐਚ ਸਰਕਾਰ ਨੇ ਦਸਿਆ ਹੈ ਕਿ ਕੱਟੜਪੰਥੀ ਨਿਲਾਅ ਦੇ ਬਿਲਡਿੰਗ ਦੀ ਪੰਜਵੀਂ ਮੰਜ਼ਿਲ ਸਥਿਤ ਘਰ 'ਚ ਦਾਖ਼ਲ ਹੋਏ ਅਤੇ ਮੌਕੇ 'ਤੇ ਮੌਜੂਦ ਨੀਲ ਦੇ ਇੱਕ ਦੋਸਤ ਨੂੰ ਧੱਕਾ ਦੇ ਕੇ ਚਾਕੂਆਂ ਨਾਲ ਕਈ ਵਾਰ ਕੀਤੇ। ਨਿਲਾਅ ਇਸਲਾਮਿਕ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਸਨ। ਪੁਲਸ ਨੇ ਨਿਲਾਅ ਦੀ ਮੌਤ ਦੀ ਪੁਸ਼ਟੀ ਕੀਤੀ, ਪਰ ਇਸ ਬਾਰੇ ਹੋਰ ਕੁਝ ਦੱਸਣ ਤੋਂ ਇਨਕਾਰ ਕੀਤਾ ਹੈ। ਹੁਣ ਦੇਖਣਾ ਹੈ ਕਿ ਖੁਦ ਬਲਾਗਰ ਅਤੇ ਸਮਾਜ ਇਸ ਸੁਤੰਤਰ ਆਵਾਜ਼ ਦੀ ਰਾਖੀ ਲਈ ਕੀ ਕੀ ਕਦਮ ਚੁੱਕਦੇ ਹਨ। 

No comments: