Wednesday, August 12, 2015

ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੈਟਮ

15 ਅਗਸਤ ਨੂੰ ਖੋਲ੍ਹਾਂਗਾ ਮਨ ਦੀ ਘੁੰਡੀ 
ਜਗਾਵਾਂਗਾ ਕੌਮ ਦੀਆਂ ਸੁੱਤੀਆਂ ਜ਼ਮੀਰਾਂ-ਸੂਰਤ ਸਿੰਘ ਖਾਲਸਾ ਵੱਲੋਂ ਐਲਾਨ 
ਹਸਨਪੁਰ (ਲੁਧਿਆਣਾ): 11 ਅਗਸਤ 2015: (ਸਰਬਜੀਤ ਸਿੰਘ ਲੁਧਿਆਣਵੀ//ਪੰਜਾਬ ਸਕਰੀਨ ):
ਪਿੰਡ ਹਸਨਪੁਰ ਦੇ  ਗੁਰਦੁਆਰਾ ਵਿਖੇ ਕੌਮ ਦੀ ਚੜ੍ਹਦੀ ਕਲਾ ਲਈ 9 ਅਗਸਤ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਸੀ। ਜਿਸਦੇ ਭੋਗ ਅੱਜ ਪਾਏ ਗਏ। ਇਸ ਮੌਕੇ ਸੂਰਤ ਸਿੰਘ ਖਾਲਸਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 3 ਦਿਨ ਦਾ ਅਲਟੀਮੈਟਮ ਦਿੱਤਾ ਹੈ। 
            ਬਾਪੂ ਖਾਲਸਾ ਅਨੁਸਾਰ ਜੇਕਰ 15 ਅਗਸਤ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਆਪਣੇ ਮਨ ਦੀ ਘੁੰਡੀ ਖੋਲ੍ਹਕੇ ਸੂਬੇ ਅੰਦਰ ਕੌਮ ਦੀਆ ਸੁੱਤੀਆ ਜਮੀਰਾਂ ਜਗਾ ਦੇਣਗੇ। ਇਸ ਤੋਂ ਨਿਕਲਣ ਵਾਲੇ ਨਤੀਜਿਆ ਲਈ ਸਰਕਾਰ ਖੁਦ ਜੁੰਮੇਵਾਰ ਹੋਵੇਗੀ।
        ਇਸ ਤੋਂ ਪਹਿਲਾ ਪੁਲਿਸ ਨੇ ਅਖੰਡ ਪਾਠ ਦੇ ਮੱਧ ਵਿੱਚ ਖਾਲਸਾ ਨੂੰ ਗੁਰਦੁਆਰਾ ਸਾਹਿਬ ਵਿਖੇ ਜਾਣ ਤੋਂ ਰੋਕ ਦਿੱਤਾ ਸੀ। ਅੱਜ ਫਿਰ ਪੁਲਿਸ ਨੇ ਪਹਿਲਾ ਖਾਲਸਾ ਨੂੰ ਭੋਗ ਸਮੇਂ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰਨ ਤੋਂ ਰੋਕ ਦਿੱਤਾ। ਮਗਰੋਂ ਕੁੱਝ ਸੰਘਰਸ਼ ਕਮੇਟੀ ਦੇ ਮੈਂਬਰ ਧਿਆਨ ਸਿੰਘ ਮੰਡ, ਜਸਪਾਲ ਸਿੰਘ ਹੇਰਾਂ ਨੇ ਆਪਣੀ ਜੁੰਮੇਵਾਰੀ ਤੇ ਬਾਪੂ ਗੁਰਦੁਆਰਾ ਸਾਹਿਬ ਲੈ ਗਏ।
          ਗੁਰੁਦਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਬੋਲਣ ਵਾਲਿਆ ਬੁਲਾਰਿਆ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ, ਸਤਿਕਾਰ ਕਮੇਟੀ ਦੇ ਆਗੂ ਸੁਖਦੀਪ ਸਿੰਘ ਖੋਸਾਂ, ਜਸਪਾਲ ਸਿੰਘ ਹੇਰਾਂ, ਧਿਆਨ ਸਿੰਘ ਮੰਡ, ਦਰਸ਼ਨ ਸਿੰਘ ਰਕਬਾ, ਲਖਵੀਰ ਸਿੰਘ ਮਹਾਲਮ, ਅਮਰਜੀਤ ਸਿੰਘ ਕਾਹਨ ਸਿੰਘ ਵਾਲਾ ਅਤੇ ਤਰਲੋਕ ਸਿੰਘ ਡੱਲਾ ਆਦਿ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
               ਇਸ ਮੌਕੇ ਜੋਗਾ ਸਿੰਘ ਲੁਧਿਆਣਾ, ਬਾਪੂ ਸੂਰਤ ਸਿੰਘ ਖਾਲਸਾ ਦੇ ਸੁਪੱਤਰ ਰਵਿੰਦਰਜੀਤ ਸਿੰਘ ਗੋਗੀ, ਕੁਲਦੀਪ ਸਿੰਘ ਈਸੇਵਾਲ ਅਤੇ ਹੋਰ ਹਾਜਿਰ ਸਨ।
         ਇਸ ਦੌਰਾਨ ਬਾਹਰੋਂ ਕੁੱਝ ਪੰਥਕ ਜੱਥੇਬੰਦੀਆ ਨੇ ਹਾਜਰੀ ਭਰੀ ਮੁਕਾਮੀ ਸੰਗਤ ਨੇ ਬਹੁਤਾਂ ਉਤਸ਼ਾਹ ਨਹੀ ਦਿਖਾਇਆ। 11 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਸਿਰਫ ਤਿੰਨ ਮੈਂਬਰ ਹਾਜਿਰ ਸਨ। ਪੁਲਿਸ ਨੇ ਆਵਾਜਾਈ ਵਿੱਚ ਕੋਈ ਵਿਘਨ ਨਹੀ ਪਾਇਆ। ਸਭ ਕੁੱਝ ਸ਼ਾਂਤੀ ਪੂਰਵਕ ਸੰਪੰਨ ਹੋਇਆ।

No comments: