Monday, August 10, 2015

ਰਾਜਪਾਲ ਸੋਲੰਕੀ ਲਹਿਰਾਉਣਗੇ ਪੰਚਕੂਲਾ ਵਿੱਚ ਕੌਮੀ ਝੰਡਾ

ਕੁਰਾਲੀ ਵਿੱਚ ਤਿੱਖਾ ਹੋ ਰਿਹਾ ਜ਼ਮੀਨ  ਮਾਲਕਾਂ ਦਾ ਰੋਸ 
ਚੰਡੀਗੜ੍ਹ, 9 ਅਗਸਤ 2015: (ਪੁਸ਼ਪਿੰਦਰ//ਪੰਜਾਬ ਸਕਰੀਨ): 
ਇਸ ਵਾਰ ਫੇਰ 15 ਅਗਸਤ ਆ ਰਹੀ ਹੈ। ਦੇਸ਼ ਭਗਤੀ ਦਾ ਸੁਨੇਹਾ ਦੇਣ ਵਾਲੇ ਇਸ ਦਿਨ ਲਈ ਹਰ ਭਾਰਤੀ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਭਰਿਆ ਹੁੰਦਾ ਹੈ। ਤਿਰੰਗੇ ਲਈ ਲੋਕਾਂ ਦਾ ਪਿਆਰ ਇਸ ਮੌਕੇ ਹੋਰ ਵਧ ਜਾਂਦਾ ਹੈ। ਇਸ ਵਾਰ ਵੀ ਥਾਂ ਥਾਂ ਤੇ ਬੜੇ ਹੀ ਉਮਾਹ ਨਾਲ ਮਨਾਇਆ ਜਾਵੇਗਾ ਇਹ ਦਿਨ। ਲੋਕ ਕੌਮੀ ਉਤਸ਼ਾਹ ਨਾਲ ਰੰਗੇ ਜਾਣਗੇ। ਦੇਸ਼ਭਗਤੀ ਦੇ ਗੀਤ ਗਾਏ ਜਾਣਗੇ ਅਤੇ ਹਰ ਥਾਂ ਤੇ ਲਹਿਰਾਉਂਦਾ ਨਜਰ ਆਵੇਗਾ ਤਿਰੰਗਾ। ਤਿਰੰਗੇ ਨੂੰ ਸਲਾਮੀ ਦਿੱਤੀ ਜਾਵੇਗੀ ਅਤੇ ਲੋਕ ਦੇਸ਼ ਦੇ ਨਾਲ ਦੇਸ਼ ਦੀ ਜਨਤਾ ਦੇ ਨਾਲ ਇੱਕਜੁੱਟਤਾ ਪ੍ਰਗਟ ਕਰਨਗੇ। 
ਰਾਜਪਾਲ ਸੋਲੰਕੀ ਲਹਿਰਾਉਣਗੇ 15 ਅਗਸਤ ਨੂੰ ਪੰਚਕੂਲਾ ਵਿਖੇ ਕੌਮੀ ਝੰਡਾ
ਪੰਚਕੂਲਾ: ਪੰਜਾਬ ਤੇ ਹਰਿਆਣਾ ਦੇ ਸਾਂਝੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ 15 ਅਗਸਤ, 2015 ਨੂੰ ਸੁਤੰਤਰਤਾ ਦਿਵਸ ਦੇ ਮੌਕੇ ਪੰਚਕੂਲਾ ਵਿਖੇ ਕੌਮੀ ਝੰਡਾ ਲਹਿਰਾਉਣਗੇ ਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਉਸੇ ਦਿਨ ਸ਼ਾਮ 5 ਵਜੇ ਉਨ੍ਹਾਂ ਵੱਲੋਂ ਰਾਜ ਭਵਨ ਪੰਜਾਬ 'ਚ ਦੋਹਾਂ ਰਾਜਾਂ ਦੇ ਪਤਵੰਤੇ ਵਿਅਕਤੀਆਂ ਤੇ ਯੂ.ਟੀ. ਚੰਡੀਗੜ੍ਹ ਦੇ ਸ਼ਹਿਰੀਆਂ ਦੇ ਸਨਮਾਨ ਵਿਚ ਐਟ ਹੋਮ ਦੇਣਗੇ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਿਜੇ ਕੁਮਾਰ ਦੇਵ ਉਸੇ ਦਿਨ ਸੈਕਟਰ 17 ਦੀ ਪ੍ਰੇਡ ਗਰਾਊਂਡ ਵਿਚ ਕੌਮੀ ਝੰਡਾ ਲਹਿਰਾਉਣਗੇ।
ਤਰਕਸ਼ੀਲ ਸੋਸਾਇਟੀ ਨੇ ਬੁਲੰਦ ਕੀਤੀ ਪੰਜ ਔਰਤਾਂ ਨੂੰ ਡਾਇਣ ਕਰਾਰ ਦੇ ਕੇ ਮੌਤ ਦੇ ਘਾਟ ਉਤਾਰਨ ਵਿਰੁਧ ਆਵਾਜ਼ 
ਖਰੜ: ਵਹਿਮਾਂ ਭਰਮਾਂ ਦੇ ਖਿਲਾਫ਼ ਲੰਮੇ ਸਮੇਂ ਤੋਂ ਮੁਹਿੰਮ ਚਲਾਉਂਦੀ ਆ ਰਹੀ ਜੱਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਦੀ ਇਕ ਮੀਟਿੰਗ ਇਸਨ ਯੂਨਿਟ ਦੇ ਮੁਖੀ ਬਿਕਰਮਜੀਤ ਸੋਨੀ ਦੀ ਅਗਵਾਈ ਹੇਠ ਹੋਈ। ਅੰਧਵਿਸ਼ਵਾਸ ਅਧੀਨ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀਆਂ ਘਟਨਾਵਾਂ ਦੀ ਤਿੱਖੀ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿਚ ਝਾਰਖੰਡ ਸੂਬੇ ਦੇ ਰਾਂਚੀ ਜ਼ਿਲੇ ਵਿੱਚ ਪੰਜ ਔਰਤਾਂ ਨੂੰ ਡਾਇਣ ਕਰਾਰ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਤਰਕਸ਼ੀਲਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਗਿਆਨ ਦੇ ਅਜੋਕੇ ਯੁੱਗ ਵਿੱਚ ਸਾਡੇ ਦੇਸ਼ ਦੇ ਮੱਥੇ ਉੱੱਤੇ ਕਲੰਕ ਦੀ ਤਰ੍ਹਾਂ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਜਗਤ ਗੁਰੂ ਦਾ ਦਰਜਾ ਦੇਣ ਵਾਲੇ ਸਾਡੇ ਦੇਸ਼ ਵਿੱਚ ਜੇਕਰ 21ਵੀਂ ਸਦੀ ਦੌਰਾਨ ਵੀ ਇਹੋ-ਜਿਹੇ ਸ਼ਰਮਨਾਕ ਮੱਧਯੁਗੀ ਵਰਤਾਰੇ ਜਾਰੀ ਹਨ ਤਾਂ ਸਾਨੂੰ ਆਪਣੀਆਂ  ਮਨੁੱਖਤਾ ਵਿਰੋਧੀ ਮਾਨਤਾਵਾਂ ਦੀ ਪੜਚੋਲ ਕਰਨੀ ਪਵੇਗੀ। ਇਸ ਮੌਕੇ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਇਸੇ ਤਰ੍ਹਾਂ ਦੀਆਂ ਘਟਨਾਵਾਂ ਤੋਂ ਪੀੜ੍ਹਤ ਹੋਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਵਿੱਚੋਂ ਇੱਕ ਮੋਗਾ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਇੱਕ ਅਖੌਤੀ ਤਾਂਤਰਿਕ ਔਰਤ ਵੱਲੋਂ ਚਿਮਟੇ ਮਾਰ ਕੇ ਇੱਕ ਬੱਚੀ ਦੀ ਹੱਤਿਆ ਕਰਨਾ ਵੀ ਸ਼ਾਮਿਲ ਹੈ। ਮੀਟਿੰਗ ਵਿੱਚ ਹਾਜ਼ਰ ਮੀਡੀਆ ਮੁਖੀ ਕੁਲਵਿੰਦਰ ਨਗਾਰੀ, ਕਰਮਜੀਤ ਸਕਰੂਲਾਂਪੁਰੀ, ਸੁਜਾਨ ਬਡਾਲਾ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲਮਾਜਰਾ, ਰਾਜੇਸ਼ ਸਹੌੜਾਂ, ਮਾਸਟਰ ਜਰਨੈਲ ਸਹੌੜਾਂ, ਆਮੀਨ ਤੇਪਲਾ ਆਦਿ ਤਰਕਸ਼ੀਲ ਕਾਮਿਆਂ ਨੇ ਅੰਧ-ਵਿਸ਼ਵਾਸਾਂ ਖਿਲਾਫ਼ ਚੱਲਦੇ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਲੋੜ ਮਹਿਸੂਸ ਕੀਤੀ। ਇਸ ਮੀਟਿੰਗ ਨਾਲ ਗੈਰ ਵਿਗਿਆਨਕ ਸੋਚ ਦੇ ਖਿਲਾਫ਼ ਇੱਕ ਵਾਰ ਫੇਰ ਚੇਤਨਾ ਜਾਗਰੂਕ ਕਰਨ ਦੀ ਮੁਹਿੰਮ ਤੇਜ਼ੀ ਨਾਲ ਸਾਹਮਣੇ ਆਈ ਹੈ।
ਪਹਿਲਾਂ ਜ਼ਮੀਨੀ ਖੋਹੀ ਹੁਣ ਟੀਡੀਐਸ ਵੀ ਕੱਟ ਰਹੇ ਹਨ 
ਕੁਰਾਲੀ: ਜਮੀਨ ਖੋਹਣ ਦੇ ਖਿਲਾਫ਼ ਕਿਸਾਨ ਬੜਾ ਕੁਝ ਆਖ ਸੁਣ ਚੁੱਕੇ ਹਨ। ਹੁਣ ਉਹਨਾਂ ਨੂੰ ਆਪਣੇ ਖਦਸ਼ੇ ਸਹੀ ਹੁੰਦੇ ਨਜਰ ਆ ਰਹੇ ਹਨ। ਕੁਰਾਲੀ-ਖਰੜ ਮਾਰਗ ਨੂੰ ਚੌੜਾ ਕਰਨ ਦੇ ਨਾਲ-ਨਾਲ ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਪਡਿਆਲ ਤੋਂ ਬੰਨ੍ਹਮਾਜਰਾ ਤੱਕ ਬਣਨ ਵਾਲੇ ਬਾਈਪਾਸ ਲਈ ਗ੍ਰਹਿਣ ਕੀਤੀ ਜ਼ਮੀਨ ਦੇ ਮਾਲਕਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਵਿਚੋਂ ਟੀ. ਡੀ. ਐਸ. ਕੱਟਿਆ ਜਾ ਰਿਹਾ ਹੈ। ਟੀ. ਡੀ. ਐਸ. ਕੱਟਣ ਨੂੰ ਲੈ ਕੇ ਰੋਹ ਵਿਚ ਆਏ ਜ਼ਮੀਨ ਮਾਲਕਾਂ ਨੇ ਅੱਜ ਸਥਾਨਕ ਨਗਰ ਖੇੜਾ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ। ਉਨ੍ਹਾਂ ਜ਼ਮੀਨ ਦੀ ਕੀਮਤ ਵਿਚੋਂ ਟੀ. ਡੀ. ਐਸ ਕੱਟਣ ਦੀ ਨਿਖੇਧੀ ਕਰਦੇ ਹੋਏ ਇਨਸਾਫ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪ੍ਰਭਾਵਿਤ ਜ਼ਮੀਨ ਮਾਲਕਾਂ ਪਿਆਰਾ ਸਿੰਘ ਚਰਹੇੜੀ, ਰਣਵੀਰ ਸਿੰਘ, ਜਰਨੈਲ ਸਿੰਘ ਬਡਾਲੀ, ਅਮਰਜੀਤ ਸਿੰਘ ਧਿਆਨਪੁਰਾ, ਸੁਖਵਿੰਦਰ ਸਿੰਘ, ਸ਼ਿਆਮ ਸਿੰਘ, ਮੋਹਨ ਸਿੰਘ, ਪਰਦੀਪ ਸਿੰਘ, ਗੁਰਪ੍ਰੀਤ ਸਿੰਘ ਧਿਆਨਪੁਰਾ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕੁਰਾਲੀ ਕੌਮੀ ਮਾਰਗ ਦੇ ਪਿੰਡ ਪਡਿਆਲਾ ਤੋਂ ਬੰਨ੍ਹਮਾਜਰਾ ਨਿਕਲਣ ਵਾਲੇ ਬਾਈਪਾਸ ਲਈ ਗ੍ਰਹਿਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਲਈ ਕੀਤੀ ਜਾਣ ਵਾਲੀ ਅਦਾਇਗੀ ਵਿਚੋਂ ਸਰਕਾਰ ਵੱਲੋਂ ਹੁਣ ਜਿਹੜੇ ਚੈੱਕ ਦਿੱਤੇ ਜਾ ਰਹੇ ਹਨ ਉਨ੍ਹਾਂ ਵਿਚੋਂ ਟੀ. ਡੀ. ਐਸ. ਦੀ ਕਟੌਤੀ ਕੀਤੀ ਗਈ ਹੈ। ਟੀ. ਡੀ. ਐਸ ਦੀ ਕਟੌਤੀ ਨੂੰ ਗਲਤ ਦੱਸਦਿਆਂ ਜ਼ਮੀਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਖੇਤੀਬਾੜੀ ਵਾਲੀ ਹੈ ਜਿਸ 'ਤੇ ਕੋਈ ਵੀ ਟੈਕਸ ਨਹੀਂ ਲਗਾਇਆ ਜਾ ਸਕਦਾ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਉਨ੍ਹਾਂ ਦਾ ਜ਼ਬਰੀ ਉਜਾੜਾ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਕੋਲੋਂ ਹੀ ਟੀ. ਡੀ. ਐਸ ਦੇ ਰੂਪ ਵਿੱਚ ਜ਼ਬਰੀ ਟੈਕਸ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਟੌਤੀਆਂ ਕਰਕੇ ਸਰਕਾਰ ਜ਼ਮੀਨ ਮਾਲਕਾਂ ਨੂੰ ਬਾਜ਼ਾਰੀ ਕੀਮਤ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸੇ ਦੌਰਾਨ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਪੁੱਜੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਡਵੋਕੇਟ ਵਿਕਰਮ ਰਠੌਰ ਨੇ ਕਿਹਾ ਕਿ ਜ਼ਮੀਨ ਗ੍ਰਹਿਣ ਐਕਟ ਵਿੱਚ ਕਿਧਰੇ ਵੀ ਟੀ. ਡੀ. ਐਸ ਕੱਟੇ ਜਾਣ ਬਾਰੇ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀੜ੍ਹਤ ਜ਼ਮੀਨ ਮਾਲਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਉਹ ਅਗਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕਰਨਗੇ। ਹੁਣ ਦੇਖਣਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਊਂਠ ਕਿਸ ਕਰਵਟ ਬੈਠਦਾ ਹੈ?

No comments: