Thursday, August 06, 2015

ਸਭ ਤੋਂ ਵਧ ਵਿਕਰੀ ਅੰਗਰੇਜ਼ੀ ਪੁਸਤਕਾਂ ਦੀ--ਅਮਿਤ ਕੁਮਾਰ ਸਿੰਘ

NBT ਵੱਲੋਂ ਲੁਧਿਆਣਾ ਵਿੱਚ ਪੁਸਤਕਾਂ ਦੀ ਨੁਮਾਇਸ਼ ਸ਼ੁਰੂ 
ਲੁਧਿਆਣਾ : 06 ਅਗਸਤ 2015 (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨੈਸ਼ਨਲ ਬੁੱਕ ਟਰੱਸਟ ਤਕਰੀਬਨ ਇੱਕ ਦਹਾਕੇ ਮਗਰੋਂ ਅੱਜ ਫੇਰ ਲੁਧਿਆਣਾ ਵਿੱਚ ਤਰਾਂ ਤਰਾਂ ਦੀਆਂ ਪੁਸਤਕਾਂ ਲੈ ਕੇ ਆਇਆ। ਪੰਜਾਬੀ ਭਵਨ ਦੇ ਵੇਹੜੇ ਵਿੱਚ ਅੱਜ ਕਾਫੀ ਰੌਣਕ ਸੀ। ਦਿਲਚਸਪ ਗੱਲ ਹੈ ਕਿ ਪੁਸਤਕਾਂ ਪ੍ਰਤੀ ਪ੍ਰੇਮ ਦਿਖਾਉਣ ਵਾਲਿਆਂ ਵਿੱਚ ਸਕੂਲੀ ਬੱਚਿਆਂ ਦੀ ਗਿਣਤੀ ਵਧੇਰੇ ਰਹੀ। ਇਹਨਾਂ ਬੱਚਿਆਂ ਦੀ ਗਿਣਤੀ ਦੇਖ ਕੇ ਲੱਗਦਾ ਸੀ ਕਿ ਪੰਜਾਬ ਵਿੱਚ ਪੁਸਤਕ ਸਭਿਆਚਾਰ ਦੀ ਕ੍ਰਾਂਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦਾ ਪਿਛਲਾ ਕੁਝ ਦਹਾਕਿਆਂ ਦਾ ਅਤੀਤ ਭਾਵੇਂ ਖੂਨ ਖਰਾਬੇ ਅਤੇ ਨਸ਼ਿਆਂ ਵਲਾ ਰਿਹਾ ਹੋਵੇ ਪਰ ਆਉਣ ਵਾਲਾ ਭਵਿੱਖ ਸ਼ਬਦਾਂ ਦੀ ਸ਼ਕਤੀ ਦੇ ਚਮਤਕਾਰ ਦਿਖਾਉਣ ਵਾਲਾ ਹੋਵੇਗਾ। ਸ਼ਬਦ ਸ਼ਕਤੀ ਦੀ ਇਹ ਦਸਤਕ ਉਹਨਾਂ ਅਨਸਰਾਂ ਲਈ ਇੱਕ ਜੁਆਬੀ ਚੈਲੰਜ ਬਣ ਕੇ ਆਈ ਜਿਹੜੇ ਕਲਮਕਾਰਾਂ ਨੂੰ, ਬੁਧੀਜੀਵੀਆਂ ਨੂੰ ਅਤੇ ਆਪਣੇ ਵਿਚਾਰਧਾਰਕ ਵਿਰੋਧੀਆਂ ਨੂੰ ਸ਼ਹੀਦ ਕਰਕੇ ਸੋਚਦੇ ਹਨ ਕਿ ਹੁਣ ਇਹ ਵਿਚਾਰ ਕਦੇ ਕਿਤੇ ਨਹੀਂ ਪਹੁੰਚਣਗੇ।  ਅੱਜ ਦੀ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਆਏ ਬੱਚੇ ਜਿਸ ਤਰਾਂ ਕਿਤਾਬਾਂ ਵਿੱਚ ਦਿਲਚਸਪੀ ਲੈ ਰਹੇ ਸਨ ਉਹ ਦਿਲਚਸਪੀ ਦੱਸਦੀ ਸੀ ਕਿ ਸ਼ਬਦ ਸਿਰਫ ਲਿਖੇ ਹੀ ਨਹੀਂ ਜਾਂਦੇ ਓਹ ਪੜ੍ਹੇ ਵੀ ਜਾਂਦੇ ਹਨ ਅਤੇ ਜਦੋਂ ਓਹ ਪੜ੍ਹੇ ਜਾਂਦੇ ਹਨ ਤਾਂ ਓਹ ਸ਼ਬਦ ਬੀਤੇ ਸਮੇਂ ਦੀਆਂ ਧੂੜਾਂ ਵਿੱਚ ਗੁਆਚੇ ਉਹਨਾਂ ਸਾਰੇ ਕਿਰਦਾਰਾਂ ਨੂੰ ਮੁੜ ਕਢ ਲਿਆਂਦੇ ਹਨ ਜਿਹਨਾਂ ਦੇ ਕਰਮਾ ਦਾ ਨਿਬੇੜਾ ਕਰਨ ਲਈ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣਾ ਜਰੂਰੀ ਹੁੰਦਾ ਹੈ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 6 ਤੋਂ 12 ਅਗਸਤ ਤੱਕ ਲਗਾਈ ਗਈ ਇਸ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਅਤੇ ਸ੍ਰੀ ਜੀ. ਕੇ. ਸਿੰਘ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੇ ਕੀਤਾ। ਉਦਘਾਟਨ ਸਮੇਂ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਜੀ ਨੇ ਆਖਿਆ ਕਿ ਪੁਸਤਕਾਂ ਦਾ ਆਉਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਇਹ ਪੁਸਤਕਾਂ ਹੀ ਨੇ ਜਿਹੜੀਆਂ ਸਾਨੂੰ ਹਰ ਸਮੇਂ ਰਾਹ ਦਿਖਾਉਦੀਆਂ ਹਨ। ਸ੍ਰੀ ਜੀ. ਕੇ. ਸਿੰਘ ਜੀ ਨੇ ਸੰਬੋਧਨ ਕਰਦਿਆਂ ਪੁਸਤਕਾਂ ਦੀ ਸਾਡੇ ਜੀਵਨ ਵਿਚ ਮਹੱਤਤਾ ਅਤੇ ਖਾਸ ਕਰ ਬੱਚਿਆਂ ਦੀ ਸਿੱਖਿਆ ਵਿਚ ਯੋਗਦਾਨ ਨੂੰ ਵਿਸਥਾਰ ਵਿਚ ਦਸਿਆ। ਦਰਸ਼ਕ ਅਤੇ ਸਰੋਤੇ ਭਾਵੇਂ ਥੋਹੜੇ ਸਨ ਪਰ ਜਿਹੜੇ ਸਨ ਓਹ ਖਰਾਬ ਮੌਸਮ ਦੇ ਬਾਵਜੂਦ ਉਚੇਚਾ ਸਮਾਂ ਕਢ ਕੇ ਆਏ ਲੱਗਦੇ ਸਨ। ਉਹਨਾਂ ਢਲਦੀਆਂ ਉਮਰ ਅਤੇ ਢਲਦੇ ਸਰੀਰਾਂ ਦਾ ਗਮ ਸ਼ਾਇਦ ਕਿਤਾਬਾਂ ਦੇ ਜਾਦੂ ਨਾਲ ਹੀ ਕਿਤੇ ਦੂਰ ਸੁੱਟ ਦਿੱਤਾ ਸੀ। ਇਹ ਸ਼ਬਦਾਂ ਦੇ ਆਸ਼ਕ ਸਨ, ਕਿਤਾਬਾਂ ਦੇ ਆਸ਼ਕ ਸਨ।  ਇਹ ਸਾਰੇ ਜਾਣਦੇ ਸਨ ਰਸੂਲ ਹਮਜਾਤੋਵ ਦੀ ਉਹ ਗੱਲ ਕਿ ਹਥਿਆਰ ਜਿਹੜੇ ਸਿਰਫ ਇੱਕ ਵਾਰ ਵਰਤੇ ਜਾਣਗੇ ਓਹ ਜ਼ਿੰਦਗੀ ਭਰ ਚੁੱਕਣੇ ਪੈਂਦੇ ਹਨ ਅਤੇ ਕਵਿਤਾ ਜਿਹੜੀ ਕਿ ਬਾਰ ਬਾਰ ਪੜ੍ਹੀ ਜਾਵੇਗੀ ਓਹ ਇੱਕੋ ਵਾਰ ਲਿਖੀ ਜਾਂਦੇ ਹੈ। 
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਨੈਸ਼ਨਲ ਬੁੱਕ ਟਰੱਸਟ ਦਾ ਸੁਆਗਤ ਦਸਿਆ ਕਿ ਨੈਸ਼ਨਲ ਬੁੱਕ ਟਰੱਸਟ ਦੇ ਇਸ ਤਰ੍ਹਾਂ ਪ੍ਰਦਰਸ਼ਨੀਆਂ ਲਗਾਉਣ ਅਤੇ ਪਿੰਡਾਂ ਦੇ ਪਾਠਕਾਂ ਦੀ ਬਰੂਹਾਂ ’ਤੇ ਚਲਦੀ ਫਿਰਦੀ ਪੁਸਤਕ ਪ੍ਰਦਰਸ਼ਨੀ ਰਾਹੀਂ ਪੁਸਤਕਾਂ ਪਹੁੰਚਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਡਾ. ਸ. ਨ. ਸੇਵਕ ਨੇ ਪ੍ਰਧਾਨਗੀ ਮੰਡਲ ਵਿਚੋਂ ਸੰਬੋਧਨ ਕਰਦਿਆਂ ਐਨ.ਬੀ.ਟੀ. ਦਾ ਵਿਸ਼ੇਸ਼ ਕਰਕੇ ਬੱਚਿਆਂ ਅਤੇ ਦੇਸ਼ ਭਗਤਾਂ ਸਬੰਧੀ ਪ੍ਰਕਾਸ਼ਨਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਸਮੇਂ ਨਾਰੰਗਵਾਲ ਪਿੰਡ ਤੋਂ ਲਾਇਬ੍ਰੇਰੀ ਪ੍ਰਬੰਧਕਾਂ ਦੇ ਜਥੇ ਵਿਚ ਸ. ਪੂਰਨ ਸਿੰਘ ਨਾਰੰਗਵਾਲ ਨੇ ਵੀ ਆਪਣੇ ਪੁਸਤਕਾਂ ਸਬੰਧੀ ਤਜਰਬੇ ਸਾਂਝੇ ਕੀਤੇ।
ਨੈਸ਼ਨਲ ਬੁੱਕ ਟਰੱਸਟ ਦੇ ਅਸਿਸਟੈਂਟ ਡਾੲਰੈਕਟਰ ਸ੍ਰੀ ਅਮਿਤ ਕੁਮਾਰ ਨੇ ਦਸਿਆ ਕਿ ਕਿਵੇਂ ਨੈਸ਼ਨਲ ਬੁੱਕ ਟਰੱਸਟ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ 15 ਕੌਮੀ ਮੇਲੇ ਅਤੇ 300 ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਸਾਰੇ ਹਿੰਦੁਸਤਾਨ ਵਿਚ ਯਤਨਸ਼ੀਲ ਹੈ। ਟਰੱਸਟ ਦੇ ਭਾਸ਼ਾ ਸੰਪਾਦਕ ਪੰਜਾਬੀ ਸ੍ਰੀ ਮਿਸਰਦੀਪ ਭਾਟੀਆ ਨੇ ਇਸ ਵਿਸ਼ੇਸ਼ ਪ੍ਰਦਰਸ਼ਨੀ ਬਾਰੇ ਬੋਲਦਿਆਂ ਦਸਿਆ ਕਿ ਇਹ ਪ੍ਰਦਰਸ਼ਨੀ 6 ਅਗਸਤ ਤੋਂ 12 ਅਗਸਤ ਤੱਕ ਪੰਜਾਬੀ ਭਵਨ ਵਿਚ ਲੱਗ ਰਹੀ ਪ੍ਰਦਰਸ਼ਨੀ ਉਸ ਲੜੀ ਵਿਚ ਹੈ ਜਿਹੜੀ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਲੱਗ ਰਹੀਆਂ ਹਨ। ਇਸ ਤੋਂ ਬਾਅਦ ਇਕ ਹੋਰ ਲੜੀ ਵਿਚ ਚੰਡੀਗੜ੍ਹ, ਪਟਿਆਲਾ, ਬਰਨਾਲਾ ਅਤੇ ਫਰੀਦਕੋਟ ਵਿਖੇ ਲਗਾਈਆਂ ਜਾਣਗੀਆਂ। ਇਸ ਪ੍ਰਦਰਸ਼ਨੀ ਸਮੇਂ 1200 ਜਿਲਦਾਂ (ਟਾਈਟਲ) ਪ੍ਰਦਰਸ਼ਨੀ ਦੀ ਸ਼ਾਨ ਵਧਾ ਰਹੀਆਂ ਹਨ। ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਜਿਥੇ ਮੁੱਖ ਮਹਿਮਾਨਾਂ, ਅਕਾਡਮੀ ਦੇ ਅਹੁਦੇਦਾਰਾਂ, ਨੈਸ਼ਨਲ ਬੁੱਕ ਟਰੱਸਟ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਸਤਕਾਂ ਦਾ ਸਾਡੇ ਜੀਵਨ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਮੱਸਿਆਵਾਂ ਗ੍ਰਸਤ ਸਾਡੇ ਸਮਾਜ ਵਿਚ ਇਹ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਕਾਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪੰਜਾਬੀ ਭਵਨ ਦੇ ਵਿਹੜੇ ’ਚ ਪੁਸਤਕਾਂ ਦਾ ਆਉਣਾ ਗਿਆਨ ਦੂਤਾਂ ਦੇ ਆਉਣ ਵਰਗਾ ਹੈ।
ਇਸ ਪ੍ਰਦਰਸ਼ਨੀ ਵਿੱਚ ਅੰਗ੍ਰੇਜ਼ੀ ਪੁਸਤਕਾਂ ਵੀ ਹਨ, ਪੰਜਾਬੀ ਦੀਆਂ ਕਿਤਾਬਾਂ ਵੀ ਅਤੇ ਹਿੰਦੀ ਦੀਆਂ ਦੁਰਲਭ ਪੁਸਤਕਾਂ ਵੀ। ਕਈ ਕਿਤਾਬਾਂ ਬੜੀਆਂ ਮਹਿੰਗੀਆਂ ਹਨ ਅਤੇ ਅਤੇ ਕਈ ਬੜੀਆਂ ਸਸਤੀਆਂ ਵੀ। ਕਿਤਾਬਾਂ ਤੇ 20 ਫੀਸਦੀ ਛੂਟ ਵੀ ਦਿੱਤੀ ਜਾ ਰਹੀ ਹੈ। ਜਿਲਦ ਵਾਲੀਆਂ ਪੁਸਤਕਾਂ ਦੇ ਨਾਲ ਨਾਲ ਪੇਪਰ ਬੈਕ ਐਡੀਸ਼ਨ ਵੀ ਹਨ। ਧਰਮ, ਸਾਹਿਤ, ਵਿਗਿਆਨ, ਜਨਰਲ ਨਾਲਜ ਗੱਲ ਕੀ ਸਰਬ ਪੱਖੀ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਇੱਕੋ ਛੱਤ ਹੇਠ ਮਿਲਣ ਦਾ ਇਹ ਸੁਨਹਿਰੀ ਮੌਕਾ ਪੰਜਾਬੀ ਭਵਨ ਲੁਧਿਆਣਾ ਵਿੱਚ ਰਹੇਗਾ ਹੁਣ 12 ਅਗਸਤ ਤੱਕ। ਬੱਚਿਆਂ ਲਈ ਤਾਂ ਇਸ ਅਦਾਰੇ ਨੇ ਬੜੀ ਉਚੇਚ ਨਾਲ ਕਿਤਾਬਾਂ ਛਪਵਾਈਆਂ ਹਨ। ਰੰਗਦਾਰ ਤਸਵੀਰਾਂ ਵਾਲੀਆਂ ਇਹ ਵੱਖਰੇ ਆਕਾਰ ਦੀਆਂ ਪੁਸਤਕਾਂ ਵੱਡਿਆਂ  ਨੂੰ ਵੀ ਆਕਰਸ਼ਿਤ ਕਰਦਿਆਂ ਹਨ। 
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਡਾ. ਸ.ਨ.ਸੇਵਕ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸੁਰਿੰਦਰ ਕੌਰ, ਡਾ. ਫਕੀਰ ਚੰਦ ਸ਼ੁਕਲਾ, ਇੰਜ. ਸੁਰਜਨ ਸਿੰਘ, ਡਾ. ਸੁਖਚੈਨ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਹਰੀਸ਼ ਮੋਦਗਿਲ, ਕਮਿੱਕਰ ਸਿੰਘ, ਪ੍ਰਵੀਨ ਛਾਬੜਾ, ਅਜਮੇਰ ਸਿੰਘ, ਬੁੱਧ ਸਿੰਘ, ਨਾਰੰਗਵਾਲ ਦ੍ਰਿਸ਼ਟੀ ਪਬਲਿਕ ਸਕੂਲ ਦੇ ਬੱਚੇ ਅਤੇ ਸਟਾਫ ਮੈਂਬਰ ਹਾਜ਼ਰ ਸਨ।

No comments: