Friday, August 28, 2015

ਬੇਲੋੜੀ ਹੈ ਧਾਰਮਿਕ ਪੱਖੋਂ ਆਬਾਦੀ ਦੇ ਅੰਕੜਿਆਂ ਦੀ ਬਹਿਸ

ਉਨ੍ਹਾਂ ਨੂੰ ਹੁਣ ਪੇਸ਼ ਕਰਨ ਦੀ ਪਤਾ ਨਹੀਂ ਕੀ ਲੋੜ ਪੈ ਗਈ ਸੀ?
ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਵੱਖੋ-ਵੱਖ ਧਰਮਾਂ ਦੇ ਮੰਨਣ ਵਾਲਿਆਂ ਦੀ ਗਿਣਤੀ ਦੇ ਅੰਕੜਿਆਂ ਦਾ ਖੁਲਾਸਾ ਕੀਤੇ ਜਾਣ ਨਾਲ ਇੱਕ ਵਾਰੀ ਫਿਰ ਵੱਖੋ-ਵੱਖੋ ਧਰਮਾਂ ਦੇ ਤਿੱਖੇ ਉਪਾਸ਼ਕ ਆਪੋ ਆਪਣੇ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੂੰ ਉਕਸਾਉਣ ਦੇ ਰਾਹ ਪੈ ਗਏ ਹਨ। ਆਮ ਤੌਰ ਉੱਤੇ ਇਹ ਅੰਕੜੇ ਜਨਗਣਨਾ ਵਾਲੇ ਸਾਲ ਹੀ ਲੋਕਾਂ ਸਾਹਮਣੇ ਆ ਜਾਂਦੇ ਹਨ ਅਤੇ ਇਸ ਵਾਰੀ ਵੀ ਚਾਰ ਕੁ ਸਾਲ ਪਹਿਲਾਂ ਹੋਈ ਜਨਗਣਨਾ ਦੇ ਬਾਅਦ ਇਸ ਦਾ ਵੱਡਾ ਹਿੱਸਾ ਲੋਕਾਂ ਕੋਲ ਪਹੁੰਚ ਚੁੱਕਾ ਸੀ। ਜਿਹੜੇ ਅੰਕੜੇ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਨ੍ਹਾਂ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ ਬਹੁਤਾ ਕੁਝ ਇਸ ਵਿੱਚ ਨਵਾਂ ਨਹੀਂ ਲੱਭ ਰਿਹਾ। ਬਹੁਤੀਆਂ ਮੱਦਾਂ ਇੰਟਰਨੈੱਟ ਉੱਤੇ ਪਹਿਲਾਂ ਹੀ ਮੌਜੂਦ ਹਨ। ਜਿਹੜੇ ਅੰਕੜੇ ਇੰਟਰਨੈੱਟ ਉੱਤੇ ਪਹਿਲਾਂ ਹੀ ਉੱਨੀ-ਇੱਕੀ ਦੇ ਫ਼ਰਕ ਨਾਲ ਲੋਕਾਂ ਲਈ ਮੌਜੂਦ ਹਨ, ਹੁਣ ਜਾਰੀ ਕੀਤੇ ਗਏ ਅੰਕੜੇ ਵੀ ਪੂਰੇ ਸਹੀ ਹੋਣ ਦੀ ਥਾਂ ਕਿਆਫੇ ਹਨ ਅਤੇ ਕੱਲ੍ਹ ਨੂੰ ਬਦਲਣ ਦੀ ਸੰਭਾਵਨਾ ਮੌਜੂਦ ਹੈ, ਉਨ੍ਹਾਂ ਨੂੰ ਹੁਣ ਪੇਸ਼ ਕਰਨ ਦੀ ਪਤਾ ਨਹੀਂ ਕੀ ਲੋੜ ਪੈ ਗਈ ਸੀ? 
ਪਿਛਲੇ ਸਾਲ ਕੇਂਦਰ ਦੀ ਸਰਕਾਰ ਬਦਲੀ ਤੋਂ ਬਾਅਦ ਭਾਰਤ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਧਰੁਵੀਕਰਨ ਹੁੰਦਾ ਮਹਿਸੂਸ ਕੀਤਾ ਜਾ ਰਿਹਾ ਹੈ। ਕਾਫ਼ੀ ਦੇਰ ਤੋਂ ਕੁਝ ਸਿਆਸੀ ਨੇੜ ਅਤੇ ਸਰਪ੍ਰਸਤੀ ਵਾਲੀਆਂ ਸਾਧਵੀਆਂ ਤੇ ਸਾਧੂਆਂ ਵੱਲੋਂ ਇਹ ਸੁਰ ਚੁੱਕੀ ਜਾ ਰਹੀ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਖ਼ਤਰੇ ਵਿੱਚ ਹੈ ਤੇ ਇਸ ਦੇ ਭਵਿੱਖ ਦੇ ਲਈ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰ ਕੇ ਧਰਮ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਵਾਲੇ ਇਹ ਸਾਧੂ ਅਤੇ ਸਾਧਵੀਆਂ ਆਪ ਉਹ ਲੋਕ ਹਨ, ਜਿਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੇ ਵਿਆਹ ਹੀ ਨਹੀਂ ਕਰਵਾਏ ਅਤੇ ਸੰਸਾਰੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਭਗੌੜੇ ਹੋ ਗਏ ਹਨ। ਹੁਣ ਜਦੋਂ ਇਸ ਤਰ੍ਹਾਂ ਦੇ ਅੰਕੜੇ ਪੇਸ਼ ਹੋਏ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹਨ ਤਾਂ ਇਹ ਸਹਿਜ ਸੁਭਾਅ ਨਹੀਂ ਹੋ ਰਿਹਾ। ਇਸ ਦੇ ਪਿੱਛੇ ਕੋਈ ਗਹਿਰੀ ਚਾਲ ਹੋ ਸਕਦੀ ਹੈ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ। ਦੰਗੇ ਮੁਜ਼ੱਫ਼ਰ ਨਗਰ ਵਾਲੇ ਹੋਣ ਜਾਂ ਭਾਗਲਪੁਰ ਦੇ, ਦਿੱਲੀ ਵਾਲੇ ਜਾਂ ਗੁਜਰਾਤ ਦੇ, ਹਰ ਵਾਰੀ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਮਹਿਸੂਸ ਕੀਤੀ ਜਾਂਦੀ ਹੈ। ਇਸ ਤੋਂ ਸੂਝਵਾਨ ਲੋਕਾਂ ਨੂੰ ਸੁਚੇਤ ਹੋਣ ਦੀ ਇਸ ਵਾਰ ਵੀ ਲੋੜ ਹੈ। 
ਸਾਡੇ ਪੰਜਾਬ ਵਿੱਚ ਇਸ ਗੱਲ ਬਾਰੇ ਬੜੀ ਦੁਹਾਈ ਪਾਈ ਜਾ ਰਹੀ ਹੈ ਕਿ ਏਥੇ ਹਿੰਦੂ ਤੇ ਮੁਸਲਮਾਨ ਤਾਂ ਵਧੀ ਜਾ ਰਹੇ ਹਨ ਅਤੇ ਸਿੱਖਾਂ ਦੀ ਗਿਣਤੀ ਘਟੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਵਿੱਚ ਹਿੰਦੂ ਆਬਾਦੀ ਪੰਜਾਬ ਵਿੱਚ ਘਟਣ ਦਾ ਅਮਲ ਦਹਿਸ਼ਤਗਰਦੀ ਦੇ ਕਾਰਨ ਜਾਰੀ ਰਿਹਾ ਸੀ। ਉਨ੍ਹਾਂ ਵਿੱਚੋਂ ਕੁਝ ਲੋਕ ਵਾਪਸ ਵੀ ਆ ਸਕਦੇ ਹਨ। ਮੁਸਲਿਮ ਆਬਾਦੀ ਵਧਣ ਪਿੱਛੇ ਕਾਰਨ ਦੂਸਰੇ ਰਾਜਾਂ ਤੋਂ ਉਨ੍ਹਾਂ ਦਾ ਏਥੇ ਆਉਣਾ ਹੈ। ਪੰਜਾਬ ਵਿੱਚ ਸਿੱਖ ਆਬਾਦੀ ਦੇ ਘਟਣ ਦੀ ਦਰ ਓਨੀ ਵੱਡੀ ਨਹੀਂ, ਜਿੰਨੀ ਉਭਾਰ ਕੇ ਪੇਸ਼ ਕੀਤੀ ਜਾ ਰਹੀ ਹੈ, ਪਰ ਇਹ ਹਕੀਕਤ ਅੱਖੋਂ ਪਰੋਖੇ ਕੀਤੀ ਜਾਂਦੀ ਹੈ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਜਦੋਂ ਦੇਸ਼ ਤੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਵੀ ਵੱਡੀ ਗਿਣਤੀ ਸਿੱਖਾਂ ਦੀ ਹੁੰਦੀ ਹੈ। ਉਹ ਵੀ ਕਿਤੇ ਨਾ ਕਿਤੇ ਜਾ ਕੇ ਵੱਸਦੇ ਹਨ ਅਤੇ ਓਥੋਂ ਵਾਲੇ ਕੁਝ ਨਸਲਵਾਦੀ ਤੱਤਾਂ ਦੀ ਅੱਖ ਵਿੱਚ ਸਾਡੇ ਇਨ੍ਹਾਂ ਲੋਕਾਂ ਦਾ ਜਾਣਾ ਵੀ ਰੜਕਦਾ ਹੈ। ਇਹ ਤਾਂ ਹਰ ਥਾਂ ਹੁੰਦਾ ਹੈ। 
ਭਾਰਤ ਬੜੇ ਅਜੀਬ ਕਿਸਮ ਦੇ ਵਿਕਾਸ ਦੇ ਮੋੜਾਂ ਤੋਂ ਗੁਜ਼ਰਦਾ ਆਇਆ ਹੈ। ਕਦੀ ਇਸ ਦੀ ਤੋਰ ਕਾਫ਼ੀ ਤਿੱਖੀ ਹੁੰਦੀ ਹੈ ਤੇ ਕਦੀ ਇਸ ਨੂੰ ਬਰੇਕਾਂ ਲੱਗਣ ਲੱਗ ਜਾਂਦੀਆਂ ਹਨ। ਤੋਰ ਤਿੱਖੀ ਹਮੇਸ਼ਾ ਓਦੋਂ ਹੁੰਦੀ ਹੈ, ਜਿਸ ਵੇਲੇ ਭਾਰਤ ਦੇ ਲੋਕ ਇੱਕ ਵਾਰੀ ਜਾਲ ਵਿੱਚ ਫਸ ਗਏ ਕਬੂਤਰਾਂ ਦੀ ਢਾਣੀ ਵਾਂਗ ਇਕੱਠਾ ਹੰਭਲਾ ਮਾਰਦੇ ਹਨ ਅਤੇ ਅੜਿੱਕੇ ਓਦੋਂ ਲੱਗਦੇ ਹਨ, ਜਦੋਂ ਅਸੀਂ ਨਾਲ ਖੜੇ ਭਾਰਤੀ ਬੰਦੇ ਦੀ ਸ਼ਕਲ ਵਿੱਚੋਂ ਹਿੰਦੂ, ਮੁਸਲਮਾਨ ਅਤੇ ਸਿੱਖ ਨੂੰ ਲੱਭਣ ਲੱਗ ਜਾਂਦੇ ਹਾਂ। ਇੱਕ ਦੂਸਰੇ ਨਾਲ ਭਿੜਨ ਲਈ ਅਸੀਂ ਹਰ ਵੇਲੇ ਤਿਆਰ ਹੁੰਦੇ ਹਾਂ, ਪਰ ਭਾਰਤ ਵਿੱਚ ਇੱਕ ਵੀ ਧਰਮ ਇਹੋ ਜਿਹਾ ਨਹੀਂ ਲੱਭ ਰਿਹਾ, ਜਿਸ ਨੇ ਕਦੀ ਆਪਣੇ ਅੰਦਰਲੇ ਉਨ੍ਹਾਂ ਕਿਟਾਣੂਆਂ ਦੇ ਨਾਲ ਵੀ ਲੜਾਈ ਕੀਤੀ ਹੋਵੇ, ਜਿਹੜੇ ਦੇਸ਼ ਤੇ ਸਮਾਜ ਲਈ ਖ਼ਤਰਾ ਹਨ। ਸਿੱਖੀ ਵਿੱਚ ਸਿੱਖਾਂ ਨਾਲ ਸਿੱਖਾਂ ਦੇ ਮੱਤਭੇਦ ਹਨ ਤੇ ਹਿੰਦੂਆਂ ਵਿੱਚ ਆਪਣੇ ਛੱਤੀ ਕਿਸਮ ਦੇ ਵਿਵਾਦ ਚੱਲਦੇ ਹਨ। ਮੁਸਲਮਾਨਾਂ ਵਿੱਚ ਸੁੰਨੀ ਤੇ ਸ਼ੀਆ ਤੋਂ ਸ਼ੁਰੂ ਹੋ ਕੇ ਕਈ ਫ਼ਿਰਕੇ ਬਣੇ ਪਏ ਹਨ ਅਤੇ ਆਪੋ ਵਿੱਚ ਕੋਈ ਸਾਂਝ ਵਾਲੀ ਗੱਲ ਨਹੀਂ ਲੱਭਦੀ। ਈਸਾਈ ਥੋੜ੍ਹੇ ਜਿਹੇ ਹਨ ਅਤੇ ਇਹ ਥੋੜ੍ਹੇ ਜਿਹੇ ਵੀ ਆਪੋ ਵਿੱਚ ਨਾ ਸਿਰਫ਼ ਕੈਥੋਲਿਕ ਤੇ ਪ੍ਰੋਟੈੱਸਟੈਂਟ ਵਿੱਚ ਵੰਡੇ ਹੋਏ ਹਨ, ਸਗੋਂ ਕਈ ਮਾਮਲਿਆਂ ਵਿੱਚ ਆਪੋ ਆਪਣੇ ਫ਼ਿਰਕੇ ਵਿੱਚ ਵੀ ਝਗੜੇ ਪਾਈ ਫਿਰਦੇ ਹਨ। ਜੈਨੀ ਬਹੁਤੀ ਗਿਣਤੀ ਵਿੱਚ ਨਹੀਂ, ਪਰ ਉਹ ਦਿਗਾਂਬਰ ਅਤੇ ਸ਼ਵੇਤਾਂਬਰ ਦਾ ਵਖਰੇਵਾਂ ਆਪਣੇ ਵਿਚਾਲੇ ਸੰਭਾਲੀ ਫਿਰਦੇ ਹਨ। 
ਇਸ ਦੇਸ਼ ਵਿੱਚ ਨਸ਼ੇ ਘਰ-ਘਰ ਪਹੁੰਚ ਗਏ, ਪਰ ਧਰਮਾਂ ਦੇ ਮਹਾਂਰਥੀਆਂ ਵਿੱਚੋਂ ਕਿਸੇ ਨੇ ਵੀ ਇਸ ਦੇ ਖ਼ਿਲਾਫ਼ ਲਹਿਰ ਨਹੀਂ ਚਲਾਈ। ਦਾਜ ਪਿੱਛੇ ਕੁੜੀਆਂ ਦੇ ਕਤਲ ਹੋ ਰਹੇ ਹਨ, ਪਰ ਇਹ ਲੋਕ ਚੁੱਪ ਹਨ। ਦੁਨੀਆ ਵਿੱਚ ਆਉਣ ਤੋਂ ਪਹਿਲਾਂ ਕੰਨਿਆ ਦੀ ਭਰੂਣ ਹੱਤਿਆ ਦੇ ਵਿਰੁੱਧ ਵੀ ਇਹ ਲੋਕ ਓਦੋਂ ਬੋਲੇ, ਜਦੋਂ ਸਾਰਾ ਭਾਰਤ ਬੋਲਣ ਲੱਗ ਪਿਆ ਸੀ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਹ ਨਹੀਂ ਬੋਲਦੇ। ਵੱਡੇ ਤੋਂ ਵੱਡਾ ਚੋਰ ਵੀ ਆ ਜਾਵੇ ਤਾਂ ਉਸ ਦੀ ਮਨੋ-ਕਾਮਨਾ ਪੂਰੀ ਹੋਣ ਦਾ ਆਸ਼ੀਰਵਾਦ ਦੇ ਕੇ ਤੋਰਦੇ ਹਨ ਅਤੇ ਇਹ ਆਸ ਰੱਖਦੇ ਹਨ ਕਿ ਜਿਹੜਾ ਵੀ ਪੁੱਠਾ-ਸਿੱਧਾ ਕੰਮ ਇਹ ਬੰਦਾ ਕਰੇ, ਉਸ ਵਿੱਚੋਂ ਸਾਡੇ ਲਈ ਦਸਵੰਧ ਕੱਢੀ ਜਾਵੇ। 
ਧਰਮਾਂ ਦੇ ਨਾਂਅ ਉੱਤੇ ਆਪੋ ਵਿੱਚ ਭਿੜ ਕੇ ਭਾਰਤ ਦੇ ਲੋਕ ਬੜਾ ਨੁਕਸਾਨ ਕਰਵਾ ਚੁੱਕੇ ਹਨ। ਇਸ ਦੇਸ਼ ਦੇ ਲੋਕ ਜੇ ਹੋਰ ਨੁਕਸਾਨ ਤੋਂ ਬਚਣਾ ਚਾਹੁੰਦੇ ਹਨ ਤਾਂ ਇਸ ਤਰ੍ਹਾਂ ਦੀ ਬੇਲੋੜੀ ਬਹਿਸ ਛੱਡਣੀ ਪਵੇਗੀ।

No comments: