Sunday, August 02, 2015

ਕਾਂਗਰਸ ਦੀਆਂ ਨੀਤੀਆਂ ਕਾਰਨ ਵਧਿਆ ਅਮੀਰੀ ਗਰੀਬੀ ਦਾ ਪਾੜਾ

ਖਰੜ ਵਿੱਚ ਮੁੱਖ ਮੰਤਰੀ ਨੇ ਕੀਤੀਆਂ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਗੱਲਾਂ 
ਖਰੜ: 2 ਅਗਸਤ 2015: (ਪੁਸ਼ਪਿੰਦਰ//ਪੰਜਾਬ ਸਕਰੀਨ): 
ਜਵਾਨਾਂ ਨੂੰ ਮਾਤ ਪਾਉਂਦੇ ਬਜੁਰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੂਰੇ ਜਾਹੋ ਜਲਾਲ ਨਾਲ ਸਰਗਰਮ ਹਨ। ਬੋਲਣ ਦੇ ਮਾਮਲੇ ਵਿੱਚ ਵਿੱਚ ਵੀ ਅਤੇ ਤੋਰਾ-ਫੇਰੀ ਦੇ ਮਾਮਲੇ ਵਿੱਚ ਵੀ ਉਹ ਨਿੱਤ ਨਵੇਂ ਰਿਕਾਰਡ ਬਣਾ। ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਸੂਬੇ ਦੀ ਸ਼ਾਂਤੀ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ।  ਇਹ ਐਲਾਨ ਉਹਨਾਂ ਉਸ ਸਮੇਂ ਕੀਤਾ ਜਦੋਂ ਇੱਕ ਵੱਡਾ ਤਬਕਾ ਲੋਕਾਂ ਨੂੰ ਕਿਸੇ ਅੱਤਵਾਦੀ ਹਮਲੇ ਦੇ ਖਦਸ਼ੇ ਨਾਲ ਡਰਾਉਣ ਵਿੱਚ ਰੁਝਿਆ ਹੋਇਆ ਹੈ। ਇਹ ਐਲਾਨ ਉਹਨਾਂ ਦੀ ਹਾਲਾਤ ਉਪਰ ਬਾਜ਼ ਨਜਰ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ।   
ਪਾਰਟੀ ਅਤੇ ਵਰਕਰਾਂ ਦੇ ਦਿਲਾਂ ਤੇ ਆਪਣੀ ਪਕੜ ਹੋਰ ਮਜਬੂਤ ਬਣਾਉਂਦਿਆਂ ਅੱਜ ਅਨਾਜ ਮੰਡੀ ਖਰੜ ਵਿਖੇ ਉਹਨਾਂ ਇੱਕ ਵੱਡੇ ਇਕਠ ਨੂੰ ਸੰਬੋਧਨ ਕੀਤਾ। ਸਵ: ਮਾਨ ਸਿੰਘ ਮਨਹੇੜਾ ਦੀ ਤੀਜੀ ਬਰਸੀ ਮੌਕੇ ਪੱਤਰਕਾਰਾਂ ਵੱਲੋਂ ਦੀਨਾਨਗਰ ਘਟਨਾ ਦੇ ਪਿਛੋਕੜ 'ਚ ਹੋਰ ਘਟਨਾਵਾਂ ਵਾਪਰਨ ਦੇ ਸ਼ੰਕਿਆਂ ਬਾਰੇ ਅਖ਼ਬਾਰੀ ਰਿਪੋਰਟਾਂ ਸੰਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ। ਉਨ੍ਹਾਂ ਅਜਿਹੀਆਂ ਸ਼ੰਕਾਵਾਂ ਨੂੰ ਨਿਰਮੂਲ ਦੱਸਦੇ ਹੋਏ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਬੜੇ ਹੀ ਨਾਜ਼ੁਕ ਮੌਕੇ ਉੱਤੇ ਬੜਾ ਹੀ ਸੰਤੁਲਿਤ ਐਲਾਨ ਉਹਨਾਂ ਦੀ ਦੂਰ ਦ੍ਰ੍ਸ਼ਿਤਾ ਨੂੰ ਇੱਕ ਵਾਰ ਫੇਰ ਸਾਬਿਤ ਕਰ ਰਿਹਾ ਹੈ। 
ਸਿਆਸੀ ਵਿਰੋਧਾਂ ਨੂੰ ਪੂਰੀ ਤਰਾਂ ਚੇਤੇ ਰੱਖਦਿਆਂ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਸਵਰਗੀ ਮਾਨ ਸਿੰਘ ਮਨਹੇੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ 'ਤੇ 6 ਦਹਾਕੇ ਰਾਜ ਕੀਤਾ ਪ੍ਰੰਤੂ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਸਾਡੇ ਮੁਲਕ ਦਾ ਵੱਡਾ ਹਿੱਸਾ ਗੁਰਬਤ ਦੀ ਜ਼ਿੰਦਗੀ ਹੰਢਾਅ ਰਿਹਾ ਹੈ। ਜਜ਼ਬਾਤੀ ਛੋਹਾਂ ਦੇਂਦਿਆਂ ਉਨ੍ਹਾ ਇਸ ਮੌਕੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਵਰਗੇ ਸ਼ਹੀਦਾਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਅਤੇ ਉਨ੍ਹਾ ਵੱਲੋਂ ਅਜ਼ਾਦ ਭਾਰਤ ਲਈ ਸੰਜੋਏ ਗਏ ਸੁਪਨਿਆਂ ਦੇ ਪੂਰਾ ਨਾ ਹੋਣ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦੇ ਗਏ। ਇਸ ਕਾਰਨ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜਾ ਵਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਸੌੜੀ ਸੋਚ ਅਤੇ ਕੁਰਸੀ ਦੀ ਖਾਤਰ ਹਮੇਸ਼ਾ ਹੀ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਿਆ। ਉਨ੍ਹਾ ਕਾਂਗਰਸ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਗਰੀਬੀ ਹਟਾਉਣ ਦੇ ਨਾਅਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨਾਅਰੇ ਗਰੀਬਾਂ ਪੱਖੀ ਲਗਾਉਂਦੀ ਹੈ, ਪਰ ਅਮਲ ਵਿਚ ਇਸ ਨੇ ਗਰੀਬਾਂ ਲਈ ਕੁਝ ਨਹੀਂ ਕੀਤਾ ਅਤੇ ਹਮੇਸ਼ਾ ਗਰੀਬਾਂ ਨਾਲ ਧਰੋਹ ਕਮਾਇਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਅੱਜ ਵੀ ਛੁਰਲੀਆਂ ਛੱਡ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ 'ਤੇ ਤੁਲੀ ਹੋਈ ਹੈ, ਪਰ ਹੁਣ ਲੋਕ ਕਾਂਗਰਸ ਪਾਰਟੀ ਦੀਆਂ ਚਾਲਾਂ ਤੋਂ ਸੁਚੇਤ ਹੋ ਚੁੱਕੇ ਹਨ। ਬਾਦਲ ਨੇ ਇਸ ਮੌਕੇ ਭਾਰਤੀ ਸੰਵਿਧਾਨ ਵਿਚ ਧਰਮ ਨਿਰਪੱਖਤਾ ਅਤੇ ਸਮਾਜਵਾਦ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਧਰਮਾਂ ਦਾ ਸਤਿਕਾਰ ਅਤੇ ਮਾਨਵਤਾ ਦੀ ਭਲਾਈ ਕਰਨ ਦੀ ਪ੍ਰੇਰਨਾ ਗੁਰੂ ਸਾਹਿਬਾਨਾਂ ਦੇ ਸਿੱਖੀ ਸਿਧਾਂਤਾਂ ਤੋਂ ਮਿਲੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸੋਚ ਦਾ ਅਧਾਰ ਬਣਾਇਆ ਹੈ। ਕਾਂਗਰਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਸੋਚਿਆ, ਸਗੋਂ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰਾਂ 'ਚ ਦਖਲ-ਅੰਦਾਜ਼ੀ ਕਰਕੇ ਹਮੇਸ਼ਾ ਸਿੱਖ ਕੌਮ ਦਾ ਘਾਣ ਕੀਤਾ।
ਉਹਨਾਂ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਵੀ ਚਰਚਾ ਕੀਤੀ। ਉਨ੍ਹਾ ਸੂਬੇ ਦੇ ਦੱਬੇ-ਕੁਚਲੇ ਅਤੇ ਗਰੀਬ ਵਰਗਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਸੂਬੇ ਦੇ ਦਲਿਤਾਂ ਅਤੇ ਗਰੀਬਾਂ ਦੇ ਕਲਿਆਣ ਲਈ ਅਨੇਕਾਂ ਕਦਮ ਚੁੱਕੇ ਹਨ ਅਤੇ ਬਹੁਤ ਸਾਰੀਆਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਪੰਜਾਬ ਸਰਕਾਰ ਨੇ ਗਰੀਬਾਂ ਲਈ ਆਟਾ-ਦਾਲ, ਸ਼ਗਨ ਸਕੀਮ, ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਸ਼ੁਰੂ ਕਰਨ ਤੋਂ ਇਲਾਵਾ ਆਪਣੇ ਵਿਰਸੇ ਨੂੰ ਸੰਭਾਲਣ ਲਈ ਕਈ ਯਾਦਗਾਰਾਂ ਵੀ ਬਣਾਈਆਂ ਹਨ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਅਤੇ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੀਆਂ ਯਾਦਗਾਰਾਂ ਤੋਂ ਇਲਾਵਾ ਜਲੰਧਰ ਨੇੜੇ ਕਸਬਾ ਕਰਤਾਰਪੁਰ ਵਿਖੇ ਜੰਗ-ਏ-ਅਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਦੇਸ਼ ਦੀ ਰੱਖਿਆ 'ਚ ਆਪਣਾ ਮਹਾਨ ਯੋਗਦਾਨ ਪਾਉਣ ਵਾਲੇ ਬਹਾਦਰ ਸੈਨਿਕਾਂ ਦੀ ਯਾਦ ਵਿਚ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ। ਯਾਦਗਾਰਾਂ ਦੀ ਗੱਲ ਨਾਲ ਉਹ ਲੋਕਾਂ ਦੇ ਦਿਲਾਂ ਵਿੱਚ ਯਾਦਗਾਰੀ ਥਾਂ ਬਣਾਉਣ ਵਿੱਚ ਕਾਮਯਾਬ ਵੀ ਰਹੇ। 
ਮੁੱਖ ਮੰਤਰੀ ਨੇ ਇਸ ਮੌਕੇ ਸੂਬੇ ਭਰ ਵਿਚ ਗਰੀਬ ਲੋਕਾਂ ਦੀ ਵਰਤੋਂ ਲਈ ਕਮਿਊਨਿਟੀ ਸੈਂਟਰ ਉਸਾਰੇ ਜਾਣ ਦਾ ਐਲਾਨ ਕੀਤਾ ਤਾਂ ਜੋ ਉਹ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀ ਤੋਂ ਇਲਾਵਾ ਹੋਰ ਸਮਾਗਮ ਘੱਟ ਖਰਚੇ ਨਾਲ ਕਰ ਸਕਣ। ਖਰੜ ਵਿਖੇ ਵੀ ਸਵ: ਮਾਨ ਸਿੰਘ ਮਨਹੇੜਾ ਦੇ ਨਾਂਅ 'ਤੇ ਕਮਿਊਨਿਟੀ ਸੈਂਟਰ ਉਸਾਰਨ ਦਾ ਐਲਾਨ ਕੀਤਾ।
ਇਸ ਮੌਕੇ ਹਲਕਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਵਰਗੀ ਮਨਹੇੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵ: ਮਨਹੇੜਾ ਨੇ ਕਿਰਤੀਆਂ ਤੇ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੋਂ ਇਲਾਵਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਹਿੰਦੋਸਤਾਨ ਪੱਧਰ 'ਤੇ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਸਵ: ਮਨਹੇੜਾ ਦਾ ਪਰਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਹੈ।
ਇਸ ਮੌਕੇ ਸਵ: ਮਨਹੇੜਾ ਦੀ ਸੁਪਤਨੀ ਬੀਬੀ ਸਤਵੀਰ ਕੌਰ ਨੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਉਜਾਗਰ ਸਿੰਘ ਬਡਾਲੀ, ਸ੍ਰੀ ਅਰਜਨ ਸਿੰਘ ਕਾਂਸਲ, ਜਥੇਦਾਰ ਬਲਜੀਤ ਸਿੰਘ ਕੁੰਬੜਾ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ । ਸ਼ਰਧਾਂਜਲੀ ਸਮਾਰੋਹ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐੱਨ.ਕੇ. ਸ਼ਰਮਾ, ਵਿਧਾਇਕ ਜਸਟਿਸ ਨਿਰਮਲ ਸਿੰਘ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ, ਮੈਂਬਰ ਸਤਵੰਤ ਕੌਰ ਜੌਹਲ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਕੁਲਦੀਪ ਕੌਰ ਕੰਗ, ਮੈਂਬਰ ਐੱਸ.ਜੀ.ਪੀ.ਸੀ ਚਰਨਜੀਤ ਸਿੰਘ ਕਾਲੇਵਾਲ, ਸਾਹਿਬ ਸਿੰਘ ਬਡਾਲੀ, ਦਰਸ਼ਨ ਸਿੰਘ ਸ਼ਿਵਜੋਤ, ਬੀਬੀ ਕਸ਼ਮੀਰ ਕੌਰ, ਓ.ਐੱਸ.ਡੀ. ਸ੍ਰ: ਹਰਦੇਵ ਸਿੰਘ ਹਰਪਾਲਪੁਰ, ਚੇਅਰਮੈਨ ਬਲਾਕ ਸੰਮਤੀ ਖਰੜ ਰੇਸ਼ਮ ਸਿੰਘ ਬੈਰੋਪੁਰ, ਪਰਮਿੰਦਰ ਸਿੰਘ ਸੋਹਾਣਾ, ਪਰਮਿੰਦਰ ਸਿੰਘ ਮਨਹੇੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

No comments: