Saturday, August 15, 2015

ਮੁੱਖ ਮੰਤਰੀ ਬਾਦਲ ਨੇ ਫਿਰ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ

ਭਾਸ਼ਣ ਦੌਰਾਨ ਕੇਂਦਰ ਸਰਕਾਰਾਂ ਨੂੰ ਰੱਖਿਆ ਨਿਸ਼ਾਨੇ 'ਤੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਈਸੜੂ ਵਿਖੇ  ਪੱਤਰਕਾਰਾਂ ਨਾਲ ਗੱਲ ਕਰਦਿਆਂ 
ਮੋਹਾਲੀ : 15 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਆਜ਼ਾਦੀ ਦਿਵਸ ਦੇ ਮੌਕੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਕੁਰਬਾਨੀਆਂ ਦੀ ਗੱਲ ਫਿਰ ਉਠਾਈ ਅਤੇ ਸਪਸ਼ਟ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਬਹਾਦਰ ਪੰਜਾਬੀਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਪਰ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਬਣਦੀ ਕਦਰ ਨਹੀਂ ਕੀਤੀ ਤੇ ਹਮੇਸ਼ਾਂ ਪੰਜਾਬ ਨਾਲ ਅਨਿਆਂ ਕੀਤਾ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦੀ ਦਿਹਾੜੇ ‘ਤੇ ਮੋਹਾਲੀ ‘ਚ ਭਾਸ਼ਨ ਦਿੰਦਿਆਂ ਕਹੀ ਹੈ। ਆਪਣੇ ਇਸ ਦਿਲ ਛੂਹੰਦੇ ਭਾਸ਼ਣ ਵਿੱਚ ਉਹਨਾਂ ਆਪਣਾ ਰੋਸ ਬੜੇ ਸੰਤੁਲਿਤ ਸ਼ਬਦਾਂ ਵਿੱਚ ਬਿਆਨ ਕੀਤਾ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼, ਕੌਮੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਅਤੇ ਅਨਾਜ ਉਤਪਾਦਨ ਵਿੱਚ ਮੁਲਕ ਨੂੰ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਵੱਲੋਂ ਪਾਏ ਵਿਲੱਖਣ ਯੋਗਦਾਨ ਦੇ ਬਾਵਜੂਦ ਆਜ਼ਾਦੀ ਉਪਰੰਤ ਕੇਂਦਰ ਵਿੱਚ ਬਣੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਤੇ ਘੋਰ ਅਨਿਆਂ ਕੀਤੇ ਹਨ। ਆਪਣੇ ਰੋਸ ਨੂੰ ਗੋਲੇ ਸ਼ਿਕਵੇ ਵਾਲੇੰਦਾਜ਼ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਬਾਰੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ ਤਾਂਕਿ ਪੰਜਾਬੀਆਂ ਨੂੰ ਰਾਹਤ ਮਿਲ ਸਕੇ।
ਮੋਹਾਲੀ ਵਿੱਚ ਮੁੱਖ ਮੰਤਰੀ ਬਾਦਲ ਨੇ ਇਲਾਕਿਆਂ ਅਤੇ ਪਾਣੀਆਂ ਦੀ ਵੰਡ ਦੇ ਮੁੱਦੇ ਵੀ ਚੁੱਕੇ। ਉਹਨਾਂ ਕਿਹਾ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਤੁਰੰਤ ਦਿੱਤੇ ਜਾਣ ਅਤੇ ਦਰਿਆਈ ਪਾਣੀਆਂ ਦਾ ਮਸਲਾ ਕੌਮਾਂਤਰੀ ਪੱਧਰ ‘ਤੇ ਪ੍ਰਵਾਨਤ ਰਿਪੇਰੀਅਨ ਸਿਧਾਂਤਾਂ ਦੇ ਅਨੁਸਾਰ ਸੁਲਝਾਉਣ ਵਰਗੇ ਖੇਤਰੀ ਮੁੱਦਿਆਂ ਦੇ ਨਿਆਂ ਤੋਂ ਵੀ ਪੰਜਾਬ ਨੂੰ ਜਾਣ ਬੁੱਝ ਕੇ ਵਾਂਝਾ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਇਸ ਧੱਕੇਸ਼ਾਹੀ ਬਾਰੇ ਅਕਾਲੀ ਸਰਕਾਰਾਂ ਦੇ ਨਾਲ ਨਾਲ ਕਾਂਗਰਸ ਸਰਕਾਰ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਵਾਜ਼ ਬੁਲੰਦ ਕੀਤੀ ਸੀ ਪਰ ਪੰਜਾਬ ਨੂੰ ਉਸਦੇ ਬਣਦੇ ਹੱਕ ਨਹੀਂ ਮਿਲ ਸਕੇ। ਪੰਜਾਬ ਦੇ ਹੱਕਾਂ ਦੀਆਂ ਮੰਗਾਂ ਅਤੇ ਵਾਅਦੇ ਚੋਣਾਂ ਦੇ ਰੌਲੇ ਗੌਲੇ ਵਿੱਚ ਹੀ ਗੁਆਚ ਕੇ ਰਹਿ ਜਾਂਦੇ ਰਹੇ।

ਅਕਾਲੀ ਦਲ ਦੇ ਇਸ ਬਜੁਰਗ ਸਿਆਸਤਦਾਨ ਮੁੱਖ ਮੰਤਰੀ ਬਾਦਲ ਨੇ ਸਨਅਤੀ ਖੇਤਰ ਵਿੱਚ ਹੋਈਆਂ ਵਧੀਕੀਆਂ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਨੂੰ ਸਨਅਤੀ ਛੋਟਾਂ ਦੇ ਕੇ ਸੂਬੇ ਦੇ ਉਦਯੋਗ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਗੰਭੀਰ ਸਮੱਸਿਆ ‘ਚ ਫਸੀ ਕਿਸਾਨੀ ਨੂੰ ਬਾਹਰ ਕੱਢਣ ਲਈ ਭਾਰਤ ਸਰਕਾਰ ‘ਤੇ ਜ਼ੋਰ ਪਾਇਆ ਅਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਤੁਰੰਤ ਕੋਈ ਨਾ ਕੋਈ ਹੱਲ ਕੱਢਣ ਲਈ ਆਖਿਆ ਤਾਂ ਜੋ ਕਿਸਾਨ ਢੁਕਵੇਂ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ। ਹੁਣ ਦੇਖਣਾ ਇਹ ਹੈ ਕਿ ਕੇਂਦਰ ਵਿੱਚ ਆਪਣੀ ਸਿਆਸੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਮੁੱਖ ਮੰਤਰੀ ਬਾਦਲ ਅਤੇ ਉਹਨਾਂ ਦੀ ਅਗਵਾਈ ਵਾਲੀ ਅਕਾਲੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਿੰਨੀ ਕੁ ਉਠਾ ਸਕਦੇ ਹਨ ਅਤੇ ਕਿੰਨੀ ਕੁ ਮਨਵਾ ਸਕਦੇ ਹਨ !

No comments: