Monday, August 31, 2015

ਲਗਾਤਾਰ ਸ਼ਹੀਦ ਹੋ ਰਹੇ ਹਨ ਸਵਛ ਭਾਰਤ ਮੁਹਿੰਮ ਦੇ ਅਸਲੀ ਹੀਰੋ

ਸੀਵਰੇਜ ਦੀ ਗੈਸ ਸਿਰ ਨੂੰ ਚੜਣ ਕਾਰਣ ਗਈ ਇੱਕ ਹੋਰ ਮੁਲਾਜ਼ਮ ਦੀ ਜਾਨ 
ਲੁਧਿਆਣਾ: 30 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਸੀਵਰੇਜ 'ਚ ਉਤਰਨ ਦੀ ਤਿਆਰੀ 
ਸਫਾਈ ਕਰਮਚਾਰੀ ਦੀ ਮੌਤ ਮਗਰੋਂ ਜਲੰਧਰ ਦਾ ਸੋਗੀ ਪਰਿਵਾਰ 
ਅਖਬਾਰਾਂ ਜਾਂ ਟੀਵੀ ਚੈਨਲ ਝਾੜੂ ਫੜ ਕੇ ਕਿਸ ਕਿਸ ਦਾ ਫੋਟੋ ਦਿਖਾਉਂਦੇ ਹਨ ਜਾਂ ਕਿਸ ਕਿਸ ਦਾ ਭਾਸ਼ਣ ਸੁਣਾਉਂਦੇ ਹਨ ਇਹ ਉਹਨਾਂ ਦੀ ਕਾਰੋਬਾਰੀ ਮਜਬੂਰੀ ਹੋ ਸਕਦੀ ਹੈ। ਅਖਬਾਰ ਜਾਂ ਚੈਨਲ ਚਲਾਉਣਾ ਕੋਈ ਸੌਖਾ ਕੰਮ ਨਹੀਂ ਹੁੰਦਾ।  ਕਈ ਤਰਾਂ ਦੇ ਪਾਪੜ ਵੇਲਣੇ ਪੈਂਦੇ ਹਨ। ਹਕੀਕਤ ਨੂੰ ਲੁਕਾਉਣਾ ਪੈ ਸਕਦਾ ਹੈ ਜਾਂ ਫੇਰ ਉਸਨੂੰ ਬਦਲਣਾ ਪੈ ਸਕਦਾ ਹੈ। ਸਚਾਈ ਦਿਖਾਉਂਦਿਆਂ ਦਿਖਾਉਂਦਿਆਂ ਕਦੋਂ ਸਚਾਈ ਦਾ ਕਤਲ ਹੋ ਜਾਂਦਾ ਹੈ ਇਸਦਾ ਪਤਾ ਕਿਸੇ ਨੂੰ ਵੀ ਨਹੀਂ ਲੱਗਦਾ ਜਾਂ ਫੇਰ ਬਹੁਤ ਦੇਰ ਮਗਰੋਂ ਭਿਣਕ ਪੈਂਦੀ ਹੈ। ਕੁਝ ਅਜਿਹਾ ਹੀ ਹੋ ਰਿਹਾ ਹੈ ਉਹਨਾਂ ਜਾੰਬਾਜ਼ ਸਫਾਈ ਕਰਮਚਾਰੀਆਂ ਨਾਲ ਜਿਹੜੇ ਹਰ ਰੋਜ਼ ਆਪਣੀ ਜਾਨ ਖਤਰੇ ਵਿੱਚ ਪਾ ਕੇ ਸੀਵਰੇਜ ਵਿੱਚ ਉਤਰਦੇ ਹਨ ਅਤੇ ਫਿਰ ਗੈਸ ਚੜਣ ਨਾਲ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਨਵੀਂ ਵਾਰਦਾਤ ਹੋਈ ਹੈ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ। ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਇਲਾਕੇ ਗਾਂਧੀਨਗਰ ਦੀ ਪੁਲੀ ਨੇੜੇ ਬੀਤੇ ਦਿਨੀਂ ਸੀਵਰੇਜ਼ ਸਾਫ ਕਰਦਿਆਂ ਸੀਵਰੇਜ ਦੀ ਗੈਸ ਸਿਰ ਨੂੰ ਚੜਨ ਕਰਾਨ ਪਿੰਡ ਪੂਨੀਆਂ ਵਾਸੀ ਸੱਜਣ ਸਿੰਘ (45) ਬੇਹੋਸ਼ ਹੋ ਗਿਆ ਸੀ। ਉਸਨੂੰ ਗੰਭੀਰ ਹਾਲਤ 'ਚ ਸੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕਈ ਦਿਨਾਂ ਦੇ ਇਲਾਜ ਮਗਰੋਂ ਵ ਉਸ ਨੂੰ ਬਚਾਇਆ ਨ ਜਾ ਸਕਿਆ। ਅੱਜ ਦੇਰ ਰਾਤ ਉਸਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮਸ਼ੀਨ ਨਾਲ ਮਸ਼ੀਨ ਹੋਣਾ-ਖਤਰਾ ਹੀ ਖਤਰਾ 
ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅਜਿਹੀ ਮੌਤ ਕਰਮਚਾਰੀ ਦੀ ਆਪਣੀ ਅਣਗਹਿਲੀ ਕਾਰਣ ਹੁੰਦੀ ਹੈ ਪਰ ਹਕੀਕਤ ਵਿੱਚ ਤਥ ਇਸਦੇ ਬਿਲਕੁਲ ਉਲਟ ਹਨ।  ਕੁਝ ਕੁ ਮਾਮਲਿਆਂ ਵਿੱਚ ਅਣਗਹਿਲੀ ਹੋਈ ਵੀ ਹੋ ਸਕਦੀ ਹੈ ਪਰ ਵੱਡੀ ਪਧਰ ਤੇ ਮੌਤ ਦਾ ਸ਼ਿਕਾਰ ਹੋਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਹੈ। ਜਦੋਂ ਓਹ ਸੀਵਰੇਜ ਵਿੱਚ ਉਤਰਦੇ ਹਨ ਤਾਂ ਉਸ ਇਲਾਕੇ ਵਿੱਚ ਕੋਈ ਅਲਰਟ ਜਾਰੀ ਨਹੀਂ ਹੁੰਦਾ ਕਿਓਂਕ ਉਹਨਾਂ ਦੀ ਜਿੰਦਗੀ ਦੀ ਕਦਰ ਕਰਨ ਵਾਲੇ ਨਿਯਮ ਅਜੇ ਤੱਕ ਬਣੇ ਹੀ ਨਹੀਂ। ਕਿਸੇ ਲੀਡਰ ਨੇ ਸੜਕ ਤੋਂ ਲੰਘਣਾ ਹੋਵੇ ਤਾਂ ਹੂਟਰ ਵੱਜੇਗਾ ਪਰ ਇਹਨਾਂ ਵਿਚਾਰੇ ਮੁਲਾਜਮਾਂ ਲਈ ਅਜਿਹੀ ਕੋਈ ਵਿਵਸਥਾ ਨਹੀਂ। ਜਦੋਂ ਓਹ ਗਟਰ ਵਿੱਚ ਉਤਰਦੇ ਹਨ ਤਾਂ ਓਹ ਪੋਰੀ ਤਰਾਂ ਅਨਸੇਫ਼ ਹੁੰਦੇ ਹਨ। ਮੈਲਾ  ਚੁੱਕਣ ਦੀ ਪ੍ਰ੍ਥਾ ਖਤਮ ਹੋ ਜਾਨ ਦੇ ਖੋਖਲੇ ਦਾਅਵੇ ਕਰਨ ਵਾਲੇ ਨਹੀਂ ਜਾਣਦੇ ਕਿ ਘਰਾਂ ਚੋਂ  ਨਿਕਲਦੀ ਗੰਦਗੀ ਵਾਲਾ ਪਾਣੀ ਉਹਨਾਂ ਦੇ ਸਿਰਾਂ ਵਿੱਚ ਆ ਕੇ ਡਿੱਗਦਾ ਹੈ। ਉਹਨਾਂ ਦਾ ਸਿਰ ਹੀ ਨਹੀਂ ਪੂਰਾ ਸਰੀਰ ਉਸ ਗੰਦਗੀ ਵਿੱਚ ਨਹਾ ਜਾਂਦਾ ਹੈ। ਇਹ ਗੈਸ ਕਿਵੇਂ ਬਣਦੀ  ਹੈ ਬਹੁਤ ਹੀ ਘੱਟ ਲੋਕ ਜਾਣਦੇ  ਹਨ। ਘਰਾਂ ਦੇ ਨਾਲ ਜੇ ਕਿਤੇ ਡਾਇੰਗ ਫੈਕਟਰੀ ਵੀ ਹੋਵੇ ਤਾਂ ਉਸਦਾ ਗੰਦਾ ਅਤੇ ਗਰਮ ਪਾਣੀ ਵੀ ਉਹਨਾਂ ਦੇ ਉੱਤੇ ਆ ਕੇ ਡਿੱਗਦਾ ਹੈ। ਇਹ ਪਾਣੀ ਜਿੱਥੇ ਉਹਨਾਂ ਨੂੰ ਬੁਰੀ ਤਰਾਂ ਝੁਲਸਾ ਦੇਂਦਾ ਹੈ ਉੱਥੇ ਬੜੀ ਤੇਜ਼ੀ ਨਾਲ ਗੈਸ ਵੀ ਪੈਦਾ ਕਰਦਾ ਹੈ। ਵਾਟਰ ਟਰੀਟਮੈਂਟ  ਪਲਾਂਟ ਆਮ ਤੌਰ ਤੇ ਲੱਗੇ ਹੀ ਨਹੀਂ ਹੁੰਦੇ ਅਤੇ ਜੇ ਲੱਗੇ ਹੋਣ ਤਾਂ ਉਹਨਾਂ ਨੂੰ ਚਲਾਇਆ ਹੀ ਨਹੀਂ ਜਾਂਦਾ। ਉਹਨਾਂ ਨੂੰ ਚਲਾਉਣ  ਲਈ ਆਉਣ ਵਾਲਾ ਖਰਚਾ ਇਹਨਾਂ ਮਜਦੂਰਾਂ ਦੀ ਜ਼ਿੰਦਗੀ  ਨਾਲੋਂ ਜ਼ਿਆਦਾ ਮਹਿੰਗਾ ਬਣ ਜਾਂਦਾ ਹੈ। ਸਫਾਈ ਕਰਨ ਵਾਲੇ ਇਨਸਾਨ ਮਰ ਜਾਂਦੇ ਹਨ ਪਰ ਕਾਗਜਾਂ ਦੇ ਬਣੇ ਨੋਟ ਅਕਸਰ ਬਚ ਜਾਂਦੇ ਹਨ। ਫਿਰ ਯਾਦ ਆਉਂਦੀਆਂ ਹਨ ਸਹਿਰ ਲੁਧਿਆਣਵੀ ਸਾਹਿਬ ਦੀਆਂ ਸਤਰਾਂ--
ਮਾਟੀ ਕਾ ਭੀ ਹੈ ਕੁਛ ਮੋਲ ਮਗਰ 
ਇਨਸਾਨ ਕੀ ਕੀਮਤ ਕੁਛ ਭੀ ਨਹੀਂ। 
ਵਿਭਾਗੀ ਸੂਤਰਾਂ ਮੁਤਾਬਿਕ ਕਰੀਬ ਪੰਜ ਹਜ਼ਾਰ ਕਾਮੇ ਲੁਧਿਆਣਾ ਦੀ ਸਫਾਈ ਲਈ ਆਪਣੀ ਜਾਨ ਜੋਖੋੰ ਵਿੱਚ ਪਾਉਂਦੇ ਹਨ। ਇਹਨਾਂ ਨੂੰ ਦਰਪੇਸ਼ ਖਤਰਿਆਂ ਤੋਂ ਬਚਾਓਣ ਲਈ  ਬੜਾ ਕੁਝ ਕਿਹਾ ਜਾਂਦਾ ਹੈ ਬੜਾ ਕੁਝ ਪਰਚਾਰਿਆ ਜਾਂਦਾ ਹੈ। ਇਹਨਾਂ ਵਿੱਚੋਂ ਮੁੱਖ ਹੈ ਸੇਫਟੀ ਬੈਲਟ, ਗੈਸ ਸਲੰਡਰ ਅਤੇ ਹੋਰ ਕਿੰਨਾ ਕੁਝ। ਇਹ ਮਜਦੂਰ ਦੱਸਦੇ ਹਨ ਕਿ ਸਲੰਡਰ ਬਹੁਤ ਵਜ਼ਨੀ ਹੁੰਦਾ ਹੈ।  ਉਸ ਨੂੰ ਫੜ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ। ਹਲਕੇ ਸਿਸਟਮ ਲਈ ਕਈ  ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਉਹ ਮੰਗ ਕਦੇ ਪੂਰੀ ਨਹੀਂ ਹੋਈ। ਲੋਕਾਂ ਦੀ ਗੰਦਗੀ ਅੱਜ ਦੇ ਵਿਕਸਿਤ ਯੁਗ ਵਿੱਚ ਵੀ ਆਪਣੇ ਸਿਰਾਂ 'ਤੇ ਪਵਾਉਣ ਵਾਲੇ, ਅਮੀਰਾਂ ਦੀਆਂ ਫੈਕਟਰੀਆਂ ਚੋਂ ਨਿਕਲਦਾ ਗੰਦਾ ਅਤੇ ਗਰਮ ਪਾਣੀ ਆਪਣੇ ਸਿਰਾਂ ਤੇ ਪੁਆ ਕੇ ਆਪਣੇ ਪਿੰਡੇ ਨੂੰ ਝੁਲਸਾਉਣ ਵਾਲੇ ਇਹਨਾਂ ਲੁੱਕੇ ਹੋਏ ਸਫਾਈ ਕਰਮਚਾਰੀਆਂ ਨੂੰ ਕਦੋਂ ਮਿਲੇਗੀ ਹਿਫ਼ਾਜ਼ਤ? ਕਦੋਂ ਮਿਲੇਗੀ ਸਾਫ਼ ਸੁਥਰੀ ਜਿੰਦਗੀ ਅਤੇ ਖਤਰਿਆਂ ਤੋਂ ਮੁਕਤ ਡਿਊਟੀ? ਇਸ ਬਾਰੇ ਇਕ ਵੀਡੀਓ ਵੀ ਦੇਖੋ:


No comments: