Sunday, August 30, 2015

ਇੰਦਰਾਣੀ ਮੁਖਰਜੀ: ਪੈਸੇ ਦੀ ਅੰਨੀ ਦੌੜ ਨੇ ਬਣਾ ਦਿੱਤਾ ਅਨੈਤਿਕ ਅਤੇ ਬੇਰਹਿਮ

ਬੇਟੀ ਨੂੰ ਮਾਰ ਦਿੱਤਾ ਬੇਟਾ ਵੀ ਨਿਸ਼ਾਨੇ 'ਤੇ ਸੀ 
ਸਮਾਂ ਕਲਿਯੁਗ: ਸਥਾਨ-ਧਾਰਮਿਕ ਸਰਗਰਮੀਆਂ ਦਾ ਕੇਂਦਰ ਹਿੰਦੋਸਤਾਨ: 
ਧਰਮ ਵਿੱਚ ਉੱਚੇ ਸੁੱਚੇ ਜੀਵਨ ਲਈ ਬਹੁਤ ਕੁਝ ਕਿਹਾ ਗਿਆ ਹੈ। ਆਨੰਦ ਮਾਰਗ ਵਿੱਚ ਹਰ ਹੀਲੇ ਹਮੇਸ਼ਾਂ ਨੈਤਿਕ ਬਣਨ ਅਤੇ ਬ੍ਰਹਮਕੁਮਾਰੀ ਸੰਪਰਦਾ ਵੱਲੋਂ ਪਵਿੱਤਰ ਜੀਵਨ ਜਿਊਣ 'ਤੇ ਬਹੁਤ ਜੋਰ ਦਿੱਤਾ ਜਾਂਦਾ ਹੈ। ਇਹ ਗੱਲਾਂ ਅੱਜਕਲ੍ਹ ਦੇ ਲਾਈਫ ਸਟਾਈਲ ਵਿੱਚ ਬੜੀਆਂ ਕਿਤਾਬੀ ਅਤੇ ਹਾਸੋਹੀਣੀਆਂ ਲੱਗ ਸਕਦੀਆਂ ਹਨ ਪਰ ਅਸਲ ਵਿੱਚ ਇਹ ਸਭ ਜ਼ਿੰਦਗੀ ਦੇ ਓਹ ਅਧਾਰ ਥੰਮ ਹਨ ਜਿਹਨਾਂ ਦੇ ਮਾੜਾ ਮੋਟਾ ਖਿਸਕਣ ਨਾਲ ਵੀ ਜ਼ਿੰਦਗੀ ਦਾ ਧਰਾਤਲ ਅਜਿਹਾ ਡੋਲਦਾ ਹੈ ਕਿ ਫਿਰ ਲਗਾਤਾਰ ਗਰਕਦਾ ਹੀ ਚਲਾ ਜਾਂਦਾ ਹੈ। ਵਿਅਕਤੀ ਅਰਸ਼ ਦੀਆਂ ਉਚਾਈਆਂ ਤੋਂ ਨਰਕ ਦੇ ਕਿਹਨਾਂ ਪਾਤਾਲਾਂ ਵਿੱਚ ਜਾ ਪਹੁੰਚਦਾ ਹੈ ਕੁਝ ਪਤਾ ਨਹੀਂ ਲੱਗਦਾ। ਮੀਡੀਆ ਕਿੰਗ ਇੰਦਰਾਣੀ ਮੁਖਰਜੀ ਦੀ ਜ਼ਿੰਦਗੀ ਦਾ ਖੂਨਖਰਾਬੇ ਨਾਲ ਭਰਿਆ ਘਟਨਾਕ੍ਰਮ ਇੱਕ ਵਾਰ ਫੇਰ ਇਸੇ ਗੱਲ 'ਤੇ ਮੋਹਰ ਲਗਾ ਰਿਹਾ ਹੈ। ਇੱਕ ਵਾਰ ਪੈਰ ਥਿੜਕਿਆ ਤਾਂ ਫਿਰ ਥਿੜਕਦਾ ਹੀ ਚਲਾ ਗਿਆ। ਅਨੈਤਿਕ ਅਤੇ ਅਪਵਿੱਤਰ ਜ਼ਿੰਦਗੀ ਜਿਊਣ ਵਾਲਿਆਂ ਲਈ ਨਾ ਰਿਸ਼ਤਿਆਂ ਦੀ ਕੋਈ ਕਦਰ ਹੁੰਦੀ ਹੈ ਅਤੇ ਨਾ ਹੀ ਜਜ਼ਬਾਤਾਂ ਦੀ। ਪੂੰਜੀਵਾਦੀ ਯੁਗ ਦਾ ਹਥਿਆਰ ਪੈਸਾ ਉਹਨਾਂ ਨੂੰ ਹਰ ਥਾਂ 'ਤੇ ਈਨ ਮਨਵਾਉਂਦਾ ਚਲਾ ਜਾਂਦਾ ਹੈ। ਮਾਇਆਧਾਰੀ ਅਤਿ ਅੰਨਾ ਬੋਲਾ ਵਾਲੀ ਕਹਾਵਤ ਇੰਦਰਾਣੀ ਦੀ ਜ਼ਿੰਦਗੀ 'ਤੇ ਪੂਰੀ ਤਰਾਂ ਢੁਕਦੀ ਹੈ। ਗੁਰਬਾਣੀ ਆਖਦੀ ਹੈ-
ਮਾਇਆਧਾਰੀ ਅਤਿ ਅੰਨਾ ਬੋਲਾ॥ 
ਸਬਦ ਨ ਸੁਣਈ ਬਹੁ ਰੋਲ ਘਚੋਲਾ॥  
ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ।
ਇੰਦਰਾਣੀ ਨਾਲ ਇਹੋ ਕੁਝ ਵਾਪਰ ਰਿਹਾ ਹੈ। ਉਸਨੂੰ ਪਿਤਾ, ਪਤੀ, ਬੇਟੀ ਬੇਟਾ।..ਕੋਈ ਵੀ ਰਿਸ਼ਤਾ ਨਜਰ ਨਾ ਆਇਆ।  ਜੇ ਨਜਰ ਆਈ ਤਾਂ ਸਿਰਫ ਮਾਇਆ। ਉਹ ਮਾਇਆ ਜਿਸਨੇ ਉਸ ਨੂੰ ਕੁਝ ਵੀ ਹੋਰ ਨ ਦੇਖਣ ਦਿੱਤਾ। ਮੀਡੀਆ ਕਾਰੋਬਾਰੀ ਇੰਦਰਾਣੀ ਮੁਖਰਜੀ ਦੇ ਪੁੱਤਰ ਮਿਖਾਈਲ ਬੋਰਾ ਨੇ ਮੁੰਬਈ ਪੁਲਸ ਨੂੰ ਦੱਸਿਆ ਕਿ ਸ਼ੀਨਾ ਦੇ ਕਤਲ ਵਾਲੇ ਦਿਨ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਸ ਨੂੰ ਦਿੱਤੇ ਗਏ ਬਿਆਨ ਵਿੱਚ ਮਿਖਾਈਲ ਨੇ ਦਾਅਵਾ ਕੀਤਾ ਕਿ 24 ਅਪ੍ਰੈਲ 2012 ਨੂੰ ਉਸ ਦੀ ਮਾਂ ਇੰਦਰਾਣੀ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਮੌਕਾ ਦੇਖ ਕੇ ਖਿਸਕ ਗਿਆ। ਹਿਸਾਬ ਲਾਓ ਇੰਦਰਾਣੀ ਦੀ ਮਾਨਸਿਕਤਾ ਦਾ। ਜਦੋਂ ਅਜਿਹੀ ਮਾਨਸਿਕਤਾ ਵਾਲੇ ਮੀਡੀਆ ਕਿੰਗ ਵਾਲੀ ਸਥਿਤੀ ਵਿੱਚ ਪਹੁੰਚ ਜਾਣ ਅਜਿਹਾ ਮੀਡੀਆ ਕਿਹੋ ਜਹੇ ਸਮਾਜ ਦੀ ਉਸਾਰੀ ਕਰੇਗਾ ਇਸਦਾ ਅਨੁਮਾਨ ਲਾਉਣਾ ਕੋਈ ਔਖਾ ਨਹੀਂ। 
ਗੁਹਾਟੀ ਤੋਂ ਮੁੰਬਈ ਪੁਲਸ ਦੀ ਟੀਮ ਨਾਲ ਮੁੰਬਈ ਆਏ ਮਿਖਾਈਲ ਵੱਲੋਂ ਪਿਛਲੇ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਕੋਲ ਇੰਦਰਾਣੀ ਖਿਲਾਫ ਠੋਸ ਸਬੂਤ ਹਨ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਸ਼ੀਨਾ ਦੇ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਇੰਦਰਾਨੀ ਨੇ ਉਸ ਨੂੰ ਮੁੰਬਈ ਸੱਦਿਆ ਸੀ ਅਤੇ 24 ਅਪ੍ਰੈਲ ਨੂੰ ਵਰਲੀ ਫਲੈਟ 'ਤੇ ਆਉਣ ਲਈ ਕਿਹਾ ਸੀ।
ਉਸ ਨੇ ਦੱਸਿਆ ਕਿ ਇੰਦਰਾਣੀ ਦੇ ਪਤੀ ਪੀਟਰ ਮੁਖਰਜੀ ਉਸ ਸਮੇਂ ਛੁੱਟੀਆਂ ਮਨਾਉਣ ਲਈ ਵਿਦੇਸ਼ ਗਏ ਹੋਏ ਸਨ। ਇਸੇ ਦੌਰਾਨ ਪੁਲਸ ਨੇ ਸ਼ੀਨਾ ਬੋਰਾ ਦੇ ਕਤਲ ਦੌਰਾਨ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ ਅਤੇ ਹੁਣ ਉਸ ਦਾ ਧਿਆਨ ਰਾਏਗੜ੍ਹ ਜ਼ਿਲ੍ਹੇ ਵਿੱਚ ਮਿਲੀਆਂ ਹੱਡੀਆਂ ਦੇ ਫੋਰੈਂਸਕ ਵਿਸ਼ਲੇਸ਼ਣ 'ਤੇ ਕੇਂਦਰ ਹੋ ਗਿਆ ਹੈ, ਜਿਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜੇ ਜੇ ਹਸਪਤਾਲ ਨੇ 2012 ਵਿੱਚ ਰਾਏਗੜ੍ਹ ਪੁਲਸ ਤੋਂ ਮਿਲੀਆਂ ਹੱਡੀਆਂ ਕੱਲ੍ਹ ਖਾਰ ਪੁਲਸ ਹਵਾਲੇ ਕਰ ਦਿੱਤੀਆਂ ਸਨ।
ਮਿਖਾਈਲ ਨੇ ਕਿਹਾ ਕਿ ਇੰਦਰਾਣੀ ਅਤੇ ਸੰਜੀਵ 24 ਅਪ੍ਰੈਲ 2012 ਨੂੰ ਸ਼ੀਨਾ ਨੂੰ ਮਿਲੇ ਸਨ ਅਤੇ ਉਸ ਗੱਡੀ ਵਿੱਚ ਨਾਲ ਲੈ ਕੇ ਗਏ। ਉਸ ਤੋਂ ਕੁਝ ਦੇਰ ਪਹਿਲਾਂ ਇੰਦਰਾਣੀ ਨੇ ਮਿਖਾਈਲ ਨੂੰ ਨਸ਼ੀਲਾ ਪਦਾਰਥ ਪਿਲਾਇਆ ਸੀ। ਪੁਲਸ ਵੱਲੋਂ ਮਿਖਾਈਲ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇੰਦਰਾਣੀ ਅਤੇ ਸੰਜੀਵ ਨੇ ਜਾਇਦਾਦ ਸੰਬੰਧੀ ਸੌਦੇ ਲਈ ਗੱਲ ਦੇ ਬਹਾਨੇ ਵਰਲੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਮਗਰੋਂ ਉਹ ਸ਼ੀਨਾ ਨੂੰ ਕਤਲ ਕਰਨ ਲਈ ਚਲੇ ਗਏ ਅਤੇ ਉਸ ਦੇ ਆਉਣ ਤੋਂ ਪਹਿਲਾਂ ਉਹ ਨਸ਼ੇ ਦੀ ਹਾਲਤ ਵਿੱਚ ਹੀ ਉਥੋਂ ਖਿਸਕ ਗਿਆ।
ਇਸੇ ਦੌਰਾਨ ਮੁੰਬਈ ਪੁਲਸ ਕਮਿਸ਼ਨਰ ਗਨੇਸ਼ ਮੜੀਆ ਨੇ ਕਿਹਾ ਕਿ ਸ਼ੀਨਾ ਬੋਰਾ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਇੰਦਰਾਨੀ ਮੁਖਰਜੀ ਦੇ ਸਾਬਕਾ ਪਤੀ ਸੰਜੀਵ ਖੰਨਾ ਨੇ ਕਤਲ ਵਿੱਚ ਸ਼ਮੂਲੀਅਤ ਦੀ ਗੱਲ ਮੰਨ ਲਈ ਹੈ। ਉਨ੍ਹਾ ਦੱਸਿਆ ਕਿ ਇਸੇ ਦੌਰਾਨ ਪੁਲਸ ਨੇ ਦੇਹਰਾਦੂਨ ਤੋਂ ਸ਼ੀਨਾ ਦਾ ਪਾਸਪੋਰਟ ਵੀ ਬਰਾਮਦ ਕਰ ਲਿਆ, ਜਿਸ ਨਾਲ ਸਾਫ ਹੋ ਗਿਆ ਹੈ ਕਿ ਸ਼ੀਨਾ ਅਮਰੀਕਾ ਨਹੀਂ ਗਈ ਸੀ।
ਕੀ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਇਆ ਸ਼ੀਨਾ ਬੋਰਾ ਦਾ ਕਤਲ?
ਸ਼ੀਨਾ ਬੋਰਾ ਕਤਲ ਕਾਂਡ ਦੀ ਸੂਈ ਹੁਣ ਜਾਇਦਾਦ ਦੀ ਵੰਡ ਦੁਆਲੇ ਘੁੰਮ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇੰਦਰਾਣੀ ਨੇ ਸਾਰੀ ਜਾਇਦਾਦ ਆਪਣੀ ਦੂਜੀ ਧੀ ਵਿਧੀ ਨੂੰ ਦੇਣ ਲਈ ਹੀ ਸ਼ੀਨਾ ਦਾ ਕਤਲ ਕੀਤਾ ਸੀ। ਜ਼ਿਕਰਯੋਗ ਹੈ ਕਿ ਵਿਧੀ ਇੰਦਰਾਣੀ ਅਤੇ ਸੰਜੀਵ ਖੰਨਾ ਦੀ ਬੇਟੀ ਹੈ ਅਤੇ ਉਸ ਨੂੰ ਕੁਝ ਸਾਲ ਪਹਿਲਾਂ ਪੀਟਰ ਮੁਖਰਜੀ ਨੇ ਇੰਦਰਾਣੀ ਦੇ ਕਹਿਣ 'ਤੇ ਗੋਦ ਲੈ ਲਿਆ ਸੀ। ਅਜੇ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਕੀ ਪੀਟਰ ਨੂੰ ਪਤਾ ਸੀ ਕਿ ਵਿਧੀ ਇੰਦਰਾਣੀ ਦੀ ਹੀ ਬੇਟੀ ਹੈ। ਪੁਲਸ ਦਾ ਮੰਨਣਾ ਹੈ ਕਿ ਇੰਦਰਾਣੀ ਵਿਧੀ ਨੂੰ ਪੀਟਰ ਮੁਖਰਜੀ ਦੀ ਸਾਰੀ ਜਾਇਦਾਦ ਦਾ ਵਾਰਿਸ ਬਣਾਉਣਾ ਚਾਹੁੰਦੀ ਸੀ, ਪਰ ਰਾਹੁਲ ਮੁਖਰਜੀ ਅਤੇ ਸ਼ੀਨਾ ਦੇ ਨਜ਼ਦੀਕ ਆ ਜਾਣ ਨਾਲ ਉਸ ਨੂੰ ਆਪਣੀ ਯੋਜਨਾ 'ਤੇ ਪਾਣੀ ਫਿਰਦਾ ਲੱਗ ਰਿਹਾ ਸੀ, ਕਿਉਂਕਿ ਦੋਵਾਂ ਨੇ ਵਿਆਹ ਦਾ ਫ਼ੈਸਲਾ ਕਰ ਲਿਆ ਸੀ ਅਤੇ ਦੇਹਰਾਦੂਨ 'ਚ ਦੋਵਾਂ ਨੇ ਕੁੜਮਾਈ ਵੀ ਕਰ ਲਈ ਵੀ। ਸੂਤਰਾਂ ਅਨੁਸਾਰ ਇੰਦਰਾਣੀ ਅਤੇ ਸ਼ੀਨਾ ਦੇ ਸੰਬੰਧ ਚੰਗੇ ਨਹੀਂ ਸਨ ਅਤੇ ਦੋਵਾਂ 'ਚ ਝਗੜਾ ਵੀ ਹੁੰਦਾ ਰਹਿੰਦਾ ਸੀ। ਇਸੇ ਦੌਰਾਨ ਵਿਧੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਮਾਂ ਨੇ ਅਜਿਹਾ ਕੀਤਾ ਹੈ। ਉਸ ਨੇ ਦੱਸਿਆ ਕਿ ਮਾਂ ਨੇ ਮੈਨੂੰ ਦੱਸਿਆ ਸੀ ਕਿ ਸ਼ੀਨਾ ਮੇਰੀ ਮਾਸੀ ਹੈ। ਉਸ ਨੇ ਦੱਸਿਆ ਕਿ ਸ਼ੀਨਾ ਬਹੁਤ ਹੱਸਮੁਖ ਸੀ ਅਤੇ ਜਦੋਂ ਵੀ ਮਿਲਦੀ ਸੀ, ਮੇਰੇ ਨਾਲ ਖੇਡਦੀ ਸੀ, ਪਰ ਸਾਡਾ ਦੋਵਾਂ ਦਾ ਰਿਸ਼ਤਾ ਬਹੁਤ ਜ਼ਿਆਦਾ ਡੂੰਘਾ ਨਹੀਂ ਸੀ। ਉਸ ਨੇ ਕਿਹਾ ਕਿ ਸੰਜੀਵ ਖੰਨਾ ਉਸ ਦੇ ਬਾਇਓਲੋਜੀਕਲ ਪਿਤਾ ਹੋ ਸਕਦੇ ਹਨ, ਪਰ ਉਸ ਦੇ ਅਸਲੀ ਪਿਤਾ ਪੀਟਰ ਮੁਖਰਜੀ ਹੀ ਹਨ ਤੇ ਉਹ ਖੰਨਾ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ।
ਪੈਸੇ ਵਾਲੀ ਪਾਰਟੀ ਮਿਲਦਿਆਂ ਹੀ ਪਤੀ ਬਦਲ ਲੈਂਦੀ ਸੀ ਇੰਦਰਾਣੀ
ਸ਼ੀਨਾ ਬੋਰਾ ਕਤਲ ਕੇਸ 'ਚ ਫਸੀ ਇੰਦਰਾਣੀ ਮੁਖਰਜੀ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਹਨਾਂ ਖੁਲਾਸਿਆਂ ਤੋਂ ਪਤਾ ਚਲਦਾ ਹੈ ਕਿ ਪਤੀ ਬਦਲਣ ਦੇ ਨਾਲ-ਨਾਲ ਇੰਦਰਾਣੀ ਮੁਖਰਜੀ ਲਗਾਤਾਰ ਅਮੀਰ ਹੁੰਦੀ ਗਈ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਆਪਣੇ ਦੂਜੇ ਪਤੀ ਸਿਧਾਰਥ ਦਾਸ ਤੋਂ ਵੱਖ ਹੋਣ ਸਮੇਂ ਇੰਦਰਾਣੀ ਮੁਖਰਜੀ ਦੀ ਆਰਥਕ ਹਾਲਤ ਬੇਹੱਦ ਖਸਤਾ ਸੀ ਅਤੇ ਉਸ ਵੇਲੇ ਉਸ ਕੋਲ ਸਿਰਫ਼ ਇੱਕ ਕਾਇਨੈਟਿਕ ਸਕੂਟੀ ਸੀ, ਪਰ ਅੱਜ ਸਥਿਤੀ ਬਿਲਕੁੱਲ ਉਲਟ ਹੈ। ਇੰਦਰਾਣੀ ਕੋਲ ਇਸ ਵੇਲੇ ਮੁੰਬਈ, ਕੋਲਕਾਤਾ, ਦੇਹਰਾਦੂਨ ਸਮੇਤ ਕਈ ਵੱਡੇ ਸ਼ਹਿਰਾਂ 'ਚ ਅਰਬਾਂ ਰੁਪਏ ਦੀ ਜਾਇਦਾਦ ਤਾਂ ਹੈ ਹੀ, ਉਸ ਕੋਲ ਕਈ ਮਹਿੰਗੀਆਂ ਲਗਜ਼ਰੀ ਕਾਰਾਂ ਵੀ ਹਨ। ਇਥੇ ਹੀ ਬੱਸ ਨਹੀਂ ਪੀਟਰ ਮੁਖਰਜੀ ਨਾਲ ਵਿਆਹ ਮਗਰੋਂ ਉਸ ਨੂੰ ਨੀਤਾ ਅੰਬਾਨੀ ਅਤੇ ਸ਼ਾਹਰੁਖ ਖਾਨ ਵਰਗੀਆਂ ਵੱਡੀਆਂ ਹਸਤੀਆਂ ਨਾਲ ਦੇਖਿਆ ਗਿਆ।
ਰਿਪੋਰਟ ਅਨੁਸਾਰ ਜ਼ਿਆਦਾ ਪੈਸੇ ਵਾਲਾ ਆਦਮੀ ਮਿਲਦਿਆਂ ਹੀ ਇੰਦਰਾਣੀ ਦੂਜਾ ਵਿਆਹ ਕਰ ਲੈਂਦੀ ਸੀ। ਹੁਣ ਤੱਕ 5 ਪਤੀਆਂ ਨੂੰ ਛੱਡ ਚੁੱਕੀ ਇੰਦਰਾਣੀ ਮੁਖਰਜੀ ਅਕਸਰ ਮੁੰਬਈ ਦੇ 5 ਸਟਾਰ ਬਾਰ ਅਤੇ ਹੋਟਲਾਂ 'ਚ ਹੋਣ ਵਾਲੀਆਂ ਪਾਰਟੀਆਂ 'ਚ ਨਜ਼ਰ ਆਉਂਦੀ ਸੀ, ਜਿਨ੍ਹਾਂ 'ਚ ਕਈ ਬਾਲੀਵੁੱਡ ਸਟਾਰ ਅਤੇ ਕਾਰਪੋਰੇਟਸ ਉਸ ਦੀ ਪਾਰਟੀ 'ਚ ਸ਼ਾਮਲ ਹੁੰਦੇ ਸਨ। 
ਜ਼ਿਕਰਯੋਗ ਹੈ ਕਿ ਇੰਦਰਾਣੀ ਅਤੇ ਪੀਟਰ ਦੀ ਮੁਲਾਕਾਤ ਵੀ ਅਜਿਹੀ ਹੀ ਇੱਕ ਪਾਰਟੀ 'ਚ ਹੋਈ ਸੀ। ਇੰਦਰਾਣੀ ਨੇ ਪੀਟਰ ਨਾਲ 2002 'ਚ ਵਿਆਹ ਕੀਤਾ ਸੀ ਅਤੇ 2007 'ਚ ਉਸ ਨੇ ਪੀਟਰ ਮੁਖਰਜੀ ਨਾਲ ਮਿਲ ਕੇ 9* ਚੈਨਲ ਸ਼ੁਰੂ ਕੀਤਾ ਸੀ ਅਤੇ ਇੰਦਰਾਣੀ ਕੰਪਨੀ 'ਚ ਸੀ ਈ ਓ ਬਣੀ ਅਤੇ ਉਸ ਨੇ 4 ਕੰਪਨੀਆਂ ਨੂੰ ਮਿਲਾ ਕੇ ਆਈ ਐੱਨ ਐੱਕਸ ਕੰਪਨੀ 'ਚ ਨਿਵੇਸ਼ ਕੀਤਾ ਸੀ, ਪਰ 2009 'ਚ ਇੰਦਰਾਣੀ ਨੇ ਕੰਪਨੀ 170 ਮਿਲੀਅਨ 'ਚ ਵੇਚ ਦਿੱਤੀ। ਇਸਦੇ ਬਾਵਜੂਦ ਉਸਦਾ ਦਬਦਬਾ ਬਣਿਆ ਰਿਹਾ। ਅਜਿਹਾ ਜੀਵਨ ਜਿਊਣ ਵਾਲੀ ਇੰਦਰਾਣੀ ਵੀ ਇਸ ਲਗਾਤਾਰ ਨੈਤਿਕ ਗਿਰਾਵਟ ਲਈ ਇਕੱਲੀ ਜ਼ਿੰਮੇਵਾਰ ਨਹੀਂ। ਇਸ ਗਿਰਾਵਟ ਦੀ ਸ਼ੁਰੁਆਤ ਬਹੁਤ ਪਹਿਲਾਂ ਹੋ ਗਈ ਸੀ।  ਇਸ ਸਾਰੀ ਕਹਾਨੀ ਦੀ ਚਰਚਾ ਅਸੀਂ ਕਿਸੇ ਅਗਲੀ ਪੋਸਟ ਵਿੱਚ ਕਰਾਂਗੇ। 

No comments: