Saturday, August 29, 2015

ਨੇਤਾ ਜੀ ਨਾਲ ਸੰਬੰਧਤ ਫਾਈਲਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ : ਪੀ ਐੱਮ ਓ

ਪੰਡਿਤ ਨਹਿਰੂ ਨੇ ਜਾਣਬੁਝ ਕੇ ਲੁਕਾਈ ਸੀ ਜਾਣਕਾਰੀ--ਆਨੰਦ ਮਾਰਗ 
ਨਵੀਂ ਦਿੱਲੀ: 28 ਅਗਸਤ 2015: (ਪੰਜਾਬ ਸਕਰੀਨ ਬਿਊਰੋ): 

ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਿਤ ਰਾਜ਼ ਲਗਾਤਾਰ ਰਾਜ਼ ਬਣੇ ਹੋਏ ਹਨ। ਭਾਵੇਂ ਮੋਦੀ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਉੱਤੇ ਚਲਦਿਆਂ ਇਹਨਾਂ ਭੇਦਾਂ ਨੂੰ ਉਜਾਗਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਇਸੇ ਦੌਰਾਨ ਆਨੰਦ ਮਾਰਗ ਨੇ ਨੇਤਾ ਜੀ ਬਾਰੇ ਨਾਂਹ ਨਾਹ ਕਰਦਿਆਂ ਵੀ ਕਾਫੀ ਕੁਝ ਨਸ਼ਰ ਕੀਤਾ ਹੈ। 

ਤਾਜ਼ਾ ਘਟਨਾਕ੍ਰਮ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਤ ਫਾਇਲਾਂ ਨੂੰ ਜਨਤਕ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਕੇਂਦਰੀ ਸੂਚਨਾ ਕਮਿਸ਼ਨ 'ਚ ਸੁਣਵਾਈ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਮਸਲੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇ ਫਾਇਲਾਂ ਜਨਤਕ ਕੀਤੀਆਂ ਗਈਆਂ ਤਾਂ ਕੌਮਾਂਤਰੀ ਸੰਬੰਧਾਂ 'ਤੇ ਉਲਟ ਅਸਰ ਪਵੇਗਾ। ਮੁੱਖ ਸੂਚਨਾ ਕਮਿਸ਼ਨਰ ਵਿਜੈ ਸ਼ਰਮਾ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਨਣ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਚੇਤੇ ਰਹੇ ਕਿ ਇਹਨਾਂ ਫਾਈਲਾਂ ਨੂੰ ਉਜਾਗਰ ਕਰਨ ਦੀ ਮੰਗ ਕਈ ਵਾਰ ਹੁੰਦੀ ਰਹੀ ਹੈ। 

ਇਸ ਵਾਰ ਪ੍ਰਧਾਨ ਮੰਤਰੀ ਦਫ਼ਤਰ ਨੇ ਨੇਤਾ ਜੀ ਨਾਲ ਸੰਬੰਧਤ ਫਾਇਲਾਂ ਹੋਣ ਦੀ ਗੱਲ ਤਾਂ ਕਬੂਲ ਕੀਤੀ ਹੈ, ਪਰ ਨਾਲ ਹੀ ਕਿਹਾ ਕਿ ਕੌਮਾਂਤਰੀ ਸੰਬੰਧਾਂ 'ਤੇ ਉਲਟ ਅਸਰ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਹਨਾਂ ਫਾਇਲਾਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਆਰ ਟੀ ਆਈ ਕਾਰਕੁਨ ਸੁਭਾਸ਼ ਅੱਗਰਵਾਲ ਨੇ ਅਜ਼ਾਦੀ ਘੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਤ ਫਾਇਲਾਂ ਨੂੰ ਜਨਤਕ ਕਰਨ ਲਈ ਸੂਚਨਾ ਦਾ ਅਧਿਕਾਰ ਕਾਨੂੰਨ (ਆਰ ਟੀ ਆਈ) ਤਹਿਤ ਅਰਜ਼ੀ ਦਾਇਰ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰ ਟੀ ਆਈ ਕਾਨੂੰਨ ਦੀ ਧਾਰਾ 8(1) (ਏ) ਦਾ ਹਵਾਲਾ ਦਿੱਤਾ, ਜਿਸ ਤਹਿਤ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਗੁਪਤ ਰੱਖਣ ਦਾ ਅਧਿਕਾਰ ਹੈ, ਜਿਸ ਨਾਲ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ, ਸੁਰੱਖਿਆ, ਵਿਗਿਆਨਕ ਅਤੇ ਆਰਥਿਕ ਹਿੱਤ ਅਤੇ ਕੌਮਾਂਤਰੀ ਸੰਬੰਧਾਂ ਦੇ ਪ੍ਰਭਾਵਤ ਹੋਣ ਦੀ ਸ਼ੰਕਾ ਹੋਵੇ।
ਦੂਜੇ ਪਾਸੇ ਆਨੰਦ ਮਾਰਗ ਨਾਮਕ ਸੰਗਠਨ ਨੇ ਨੇਤਾ ਜੀ ਬਾਰੇ ਕਾਫੀ ਜਾਣਕਾਰੀ ਹੋਣ ਦੀ ਗੱਲ ਕਈ ਵਾਰ ਕਈ ਹੈ। ਕਾਬਿਲੇ ਜ਼ਿਕਰ ਹੈ ਕਿ ਆਨੰਦ ਮਾਰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ ਦੀ ਸਰਗਰਮੀਆਂ ਦਾ ਇੱਕ ਕੇਂਦਰ ਕੋਲਕਾਤਾ ਵੀ ਰਿਹਾ ਹੈ।  ਆਨੰਦ ਮਾਰਗ ਨਾਲ ਸਬੰਧਿਤ ਸੂਤਰਾਂ ਦਾ ਕਹਿਣਾ ਹੈ ਕਿ ਨੇਤਾ ਜੀ ਬਾਬਾ ਅਰਥਾਤ (ਸ਼੍ਰੀ ਸ਼੍ਰੀ ਆਨੰਦ ਮੂਰਤੀ ਜੀ) ਦੇ ਸ਼ਿਸ਼ ਵੀ ਸਨ ਅਤੇ ਨਜਦੀਕੀ ਰਿਸ਼ਤੇਦਾਰ ਵੀ। ਆਨੰਦ ਮਾਰਗ ਦਾ ਕਹਿਣਾ ਹੈ ਕਿ ਨੇਤਾ ਜੀ ਦੀ ਹਵਾਈ ਹਾਦਸੇ ਦੌਰਾਨ ਮੌਤ ਦੀ ਗੱਲ ਕੋਰੀ ਕਲਪਨਾ ਸੀ।  ਬਾਬਾ ਨੇ ਦੱਸਿਆ ਸੀ ਕਿ ਪੰਡਿਤ ਨਹਿਰੂ ਨੇ ਜਾਣਬੁਝ ਕੇ ਇਸ ਰਾਜ਼ ਨੂੰ ਲੁਕਾਇਆ ਸੀ। 

No comments: