Friday, August 28, 2015

ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਅਤੇ ਇਲਾਜ

Fri, Aug 28, 2015 at 5:18 PM
ਸਹੀ ਟੀਕਾਕਰਨ ਨਾਲ ਪਸ਼ੂਆਂ ਨੂੰ ਬਚਾਇਆ ਜਾ ਸਕਦੈ-ਵੈਟਨਰੀ ਮਾਹਿਰ 
ਲੁਧਿਆਣਾ:28 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਮੂੰਹ-ਖੁਰ ਦੀ ਬਿਮਾਰੀ ਪਸ਼ੂਆਂ ਵਿੱਚ ਹੋਣ ਵਾਲਾ ਇਕ ਵਿਸ਼ਾਣੂ ਰੋਗ ਹੈ। ਇਹ ਬਿਮਾਰੀ ਇੱਕ ਪਸ਼ੂ ਤੋੋਂ ਦੂਸਰੇ ਪਸ਼ੂ ਨੂੰ ਸਾਹ ਨਾਲ, ਦੂਸ਼ਿਤ ਪੱਠੇ ਅਤੇ ਪਾਣੀ ਪੀਣ ਨਾਲ ਹੋ ਸਕਦੀ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਵਿਭਾਗ ਦੇ ਮੁਖੀ, ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂ ਦੇ ਮੂੰਹ ਵਿੱਚੋਂ ਲਾਰਾਂ ਡਿੱਗਦੀਆਂ ਹਨ, ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਪਸ਼ੂ ਪੱਠੇ ਖਾਣੇ ਬੰਦ ਕਰ ਦਿੰਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਤੰਦਰੁਸਤ ਪਸ਼ੂਆਂ ਨੂੰ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਮੂੰਹ-ਖੁਰ ਤੋਂ ਬਚਾਅ ਲਈ ਸਾਲ ਵਿੱਚ ਦੋ ਵਾਰੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਵਕਤ ਕਿਤੇ ਮੂੰਹ-ਖੁਰ ਦੀ ਪਰੇਸ਼ਾਨੀ ਸਾਹਮਣੇ ਆ ਰਹੀ ਹੋਵੇ ਤਾਂ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਬਿਮਾਰ ਪਸ਼ੂਆਂ ਨੂੰ ਅਲੱਗ ਕਰ ਦਿਓ ਅਤੇ ਉਸਦਾ ਖਾਣਾ ਪੀਣਾ ਵੀ ਅਲੱਗ ਕਰ ਦਿੳ। ਤੰਦਰੁਸਤ ਜਾਨਵਰਾਂ ਦੀ ਦੇਖ ਭਾਲ ਪਹਿਲਾਂ ਕਰੋ ਅਤੇ ਫਿਰ ਬਿਮਾਰ ਪਸ਼ੂ ਦੇ ਕੋਲ ਜਾਵੋ। ਪਸ਼ੂਆਂ ਨੂੰ ਮੰਡੀਆਂ ਅਤੇ ਮੇਲਿਆਂ ’ਤੇ ਲਿਜਾਣਾ ਬੰਦ ਕਰ ਦਿੳ। ਬਾਹਰਲੇ ਆਦਮੀਆਂ ਦਾ ਪਸ਼ੂ ਫਾਰਮਾਂ ਤੇ ਆਉਣਾ ਜਾਣਾ ਬੰਦ ਕਰੋ। ਬਾਹਰਲੀਆਂ ਗੱਡੀਆਂ ਦਾ ਪਸ਼ੂ ਫਾਰਮ ਤੇ ਆਉਣਾ ਵੀ ਬੰਦ ਕਰੋ। ਬਿਮਾਰੀ ਦੇ ਵਿਸ਼ਾਣੂ ਪ੍ਰਭਾਵਿਤ ਫਾਰਮ ਤੇ ਕਾਫੀ ਲੰਬਾ ਸਮਾਂ ਰਹਿੰਦੇ ਹਨ, ਇਸ ਲਈ ਉਸ ਫਾਰਮ ਤੋਂ ਪਸ਼ੂ ਦੀ ਖਰੀਦ-ਫਰੋਖ਼ਤ ਨਾ ਕਰੋ। ਪਿੰਡ ਦੇ ਆਲੇ ਦੁਆਲੇ ਸਿਰਫ ਤੰਦਰੁਸਤ ਜਾਨਵਰਾਂ ਨੂੰ ਟੀਕਾ ਕਰਾਓ। ਫਾਰਮ ਤੇ ਵਰਤੇ ਜਾਂਦੇ ਭਾਂਡੇ ਅਤੇ ਮਸ਼ੀਨਰੀ 4% ਸੋਡਾ ਕਾਰਬੋਨੇਟ ਨਾਲ ਸਾਫ ਕਰੋ। ਫਰਸ਼ ਨੂੰ ਚੰਗੀ ਤਰਾਂ 4% ਸੋਡਾ ਕਾਰਬੋਨੇਟ ਜਾਂ ਲਾਲ ਦਵਾਈ ਨਾਲ ਸਾਫ ਕਰੋ। ਵੱਛੜੂਆਂ ਨੂੰ ਮਾਂ ਦਾ ਦੁਧ ਨਾ ਪਿਲਾਓ। ਫਾਰਮ ਦੇ ਪ੍ਰਵੇਸ਼ ਰਾਹ ਤੇ ਪੈਰ ਸਾਫ ਕਰਨ ਲਈ ਚੁਬੱਚਾ ਬਣਾਓ ਜਿਸ ਵਿਚ ਨੀਲਾ ਥੋਥਾ, ਫਿਨਾਇਲ ਜਾਂ ਲਾਲ ਦਵਾਈ ਪਾਓ। ਫਰਸ਼ ਤੇ ਚੂਨਾ ਖਿਲਾਰ ਦਿਓ।
ਡਾ. ਅਮਰਜੀਤ ਸਿੰਘ ਨੇ ਬਿਮਾਰੀ ਤੋਂ ਬਚਾਅ ਵਾਸਤੇ ਸੁਝਾਅ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਵੇਂ ਖਰੀਦੇ ਪਸ਼ੂ ਨੂੰ ਮੂੰਹ-ਖੁਰ ਲਈ ਟੀਕਾਕਰਨ ਕਰਵਾਉ ਅਤੇ 21-30 ਦਿਨ ਤੱਕ ਫਾਰਮ ਦੇ ਦੂਜੇ ਪਸ਼ੂਆਂ ਤੋਂ ਅੱਡ ਰੱਖੋ। ਬਚਾੳ ਵਾਸਤੇ ਟੀਕੇ ਬਾਕੀ ਪਸ਼ੂਆਂ ਨੂੰ ਵੀ ਲਗਵਾਉ। ਹਰ 6 ਮਹੀਨੇ ਬਾਅਦ ਟੀਕਾਕਰਨ ਦੁਹਰਾਉਂਦੇ ਰਹੋ। ਸਰਦੀਆਂ ਸ਼ੂਰੂ ਹੋਣ ਤੋਂ ਪਹਿਲਾਂ (ਅਕਤੂਬਰ/ਨਵੰਬਰ) ਮਹੀਨੇ ਟੀਕਾਕਰਨ ਕਰਵਾਉ। ਬਿਮਾਰੀ ਤੋਂ ਬਚਾਓ ਦੇ ਟੀਕੇ ਸਰਕਾਰੀ ਹਸਪਤਾਲਾਂ ਵਿਚ ਮਿਲਦੇ ਹਨ। ਕੋਈ ਪਰੇਸ਼ਾਨੀ ਆਉਣ ਤੇ ਜਾਂ ਮਹਾਂਮਾਰੀ ਦਿਸਣ ਤੇ ਤੁਰੰਤ ਵੈਟਨਰੀ ਡਾਕਟਰ ਨਾਲ ਸੰਪਰਕ ਕਰੋ ਜਾਂ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਨੂੰ ਇਤਲਾਹ ਦਿਓ।


No comments: