Wednesday, August 26, 2015

ਜਦੋਂ ਹੱਕ ਨਹੀਂ ਮਿਲਦਾ ਤਾਂ ਨਕਸਲਵਾਦ ਪੈਦਾ ਹੋ ਜਾਂਦਾ ਹੈ--ਹਾਰਦਿਕ

ਪਿਆਰ ਨਾਲ ਹੱਕ ਦੇ ਦਿਉ ਨਹੀਂ ਤਾਂ ਖੋਹ ਲਵਾਂਗੇ--ਹਾਰਦਿਕ ਪਟੇਲ 
ਅਹਿਮਦਾਬਾਦ: 25 ਅਗਸਤ 2015: (ਪੰਜਾਬ ਸਕਰੀਨ ਬਿਊਰੋ): 

ਸੰਨ 1998 ਵਿੱਚ ਕਾਂਗਰਸ ਨੂੰ ਸੱਤਾ ਤੋਂ ਉਖਾੜ ਸੁੱਟਣ ਵਾਲਾ ਅੰਦੋਲਨ ਹੁਣ 2017 ਦੀਆਂ ਚੋਣਾਂ ਦੌਰਾਨ ਭਾਜਪਾ ਲਈ ਚੁਨੌਤੀ ਬਣ ਕੇ ਉਭਰ  ਅਗਸਤ 2015: ਰਿਹਾ ਹੈ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਕਨਵੀਨਰ ਹਾਰਦਿਕ ਪਟੇਲ ਨੇ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ ਕਿ ਪਟੇਲ ਭਾਈਚਾਰੇ ਨੂੰ ਓ ਬੀ ਸੀ ਰਾਖਵਾਂਕਰਨ ਮਿਲਣ ਤੱਕ ਉਨ੍ਹਾ ਦਾ ਅੰਦੋਲਨ ਜਾਰੀ ਰਹੇਗਾ। ਅੱਜ ਪਟੇਲ ਭਾਈਚਾਰੇ ਦੀ ਮਹਾਂ ਰੈਲੀ ਮੌਕੇ ਰੈਲੀ ਵਾਲੀ ਥਾਂ 'ਤੇ ਪੁੱਜ ਕੇ ਜ਼ਿਲ੍ਹਾ ਕੁਲੈਕਟਰ ਨੇ ਮੈਮੋਰੰਡਮ ਲੈਣ ਦੀ ਪੇਸ਼ਕਸ਼ ਕੀਤੀ, ਪਰ ਹਾਰਦਿਕ ਪਟੇਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਹੀ ਮੈਮੋਰੰਡਮ ਦੇਣਗੇ ਅਤੇ ਮੁੱਖ ਮੰਤਰੀ ਦੇ ਆਉਣ ਤੱਕ ਪਟੇਲ ਭਾਈਚਾਰੇ ਦੇ ਆਗੂ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾ ਨੇ ਮੁੱਖ ਮੰਤਰੀ ਨੂੰ ਆਉਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇ ਮੁੱਖ ਮੰਤਰੀ ਖੁਦ ਮੈਮੋਰੰਡਮ ਲੈਣ ਲਈ ਨਾ ਆਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਰੈਲੀ 'ਚ ਮੌਜੂਦ ਲੱਖਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਹਾਰਦਿਕ ਪਟੇਲ ਨੇ ਕਿਹਾ ਕਿ ਜੇ ਇੱਕ ਪਟੇਲ (ਸਰਦਾਰ ਪਟੇਲ) ਦੇਸ਼ ਨੂੰ ਜੋੜ ਸਕਦਾ ਹੈ ਤਾਂ ਅਸੀਂ ਪੂਰੇ ਦੇਸ਼ 'ਚ 27 ਕਰੋੜ ਹਾਂ, ਅਸੀਂ ਕੀ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਪਟੇਲ ਭਾਈਚਾਰੇ ਨੂੰ ਉਸ ਦਾ ਹੱਕ ਅਤੇ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸਾਡੀ ਲੜਾਈ ਸਿਸਟਮ ਦੇ ਵਿਰੁੱਧ ਹੈ ਅਸੀਂ ਕਿਸੇ ਪਾਰਟੀ ਨਾਲ ਨਹੀਂ, ਪਰ ਜਿਹੜਾ ਸਾਡੇ ਅੰਦੋਲਨ

ਦੀ ਹਮਾਇਤ ਕਰੇਗਾ ਅਸੀਂ ਉਸੇ ਦਾ ਸਾਥ ਦਿਆਂਗੇ। ਪਟੇਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਆਰ ਨਾਲ ਸਾਡਾ ਹੱਕ ਦਿਉ ਨਹੀਂ ਤਾਂ ਖੋਹ ਲਵਾਂਗੇ। ਉਨ੍ਹਾ ਕਿਹਾ ਕਿ ਜੇ ਸਾਡੀ ਹਿੱਤ ਦੀ ਗੱਲ ਨਹੀਂ ਮੰਨੀ ਗਈ ਤਾਂ 2017 'ਚ ਗੁਜਰਾਤ 'ਚ ਕਮਲ ਨਹੀਂ ਖਿੜ ਸਕੇਗਾ। ਉਨ੍ਹਾ ਕਿਹਾ ਕਿ ਅਸੀਂ ਭੀਖ ਨਹੀਂ ਸਗੋਂ ਆਪਣਾ ਹੱਕ ਮੰਗ ਰਹੇ ਹਾਂ ਅਤੇ ਹੱਕ ਮਿਲਣ ਤੱਕ ਅੰਦੋਲਨ ਜਾਰੀ ਰਹੇਗਾ।
ਇਸ ਅੰਦੋਲਨ ਦੇ ਨਾਇਕ ਹਾਰਦਿਕ ਨੇ ਕਿਹਾ ਕਿ ਜਦੋਂ ਦੇਸ਼ ਦੇ ਨੌਜੁਆਨ ਨੂੰ ਉਸ ਦਾ ਹੱਕ ਨਹੀਂ ਮਿਲਦਾ ਤਾਂ ਉਸ 'ਚੋਂ ਨਕਸਲਵਾਦ ਪੈਦਾ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਦੇਸ਼ ਜਵਾਨ, ਕਿਸਾਨ ਅਤੇ ਮਜ਼ਦੂਰਾਂ ਦੇ ਮੋਢਿਆਂ 'ਤੇ ਹੀ ਚੱਲਦਾ ਹੈ ਅਤੇ ਅਸੀਂ ਮਿਲਾ ਕੇ ਬਹੁਤ ਤਾਕਤਵਰ ਹਾਂ ਅਤੇ ਰਾਖਵਾਂਕਰਨ ਮਿਲਣ 'ਤੇ ਹੀ ਇਹ ਅੰਦੋਲਨ ਖ਼ਤਮ ਹੋਵੇਗਾ। ਹਾਰਦਿਕ ਨੇ ਕਿਹਾ ਕਿ ਭਾਜਪਾ ਨੂੰ ਵਿਕਾਸ ਦੇ ਨਾਂਅ 'ਤੇ ਵੋਟਾਂ ਮਿਲੀਆਂ ਹਨ ਅਤੇ ਉਨ੍ਹਾ ਨੂੰ ਰਾਖਵਾਂਕਰਨ ਦੇ ਕੇ ਸਾਡਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਅਸੀਂ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਾਂਗੇ। ਅੱਜ ਦੀ ਰੈਲੀ 'ਚ ਗੁਜਰਾਤ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਰੈਲੀ ਵਾਲੀ ਥਾਂ 'ਤੇ 20 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਐਤਵਾਰ ਨੂੰ ਸੂਬੇ ਦੀਆਂ ਅਖ਼ਬਾਰਾਂ 'ਚ ਖੁੱਲ੍ਹੀ ਚਿੱਠੀ ਲਿਖ ਕੇ ਪਟੇਲ ਭਾਈਚਾਰੇ ਨੂੰ ਆਪਣਾ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ। ਉਨ੍ਹਾ ਸਾਫ਼ ਸ਼ਬਦਾਂ 'ਚ ਕਿਹਾ ਕਿ ਸੰਵਿਧਾਨ ਦੇ ਦਾਇਰੇ 'ਚ ਪਟੇਲਾਂ ਨੂੰ ਰਾਖਵਾਂਕਰਨ ਦੇਣਾ ਸੰਭਵ ਨਹੀਂ, ਪਰ ਪਟੇਲ ਭਾਈਚਾਰੇ ਦੇ ਗਰੀਬ ਲੋਕਾਂ ਦੀ ਸਹਾਇਤਾ ਲਈ ਯੋਜਨਾ ਬਣਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਰਦਿਕ ਪਟੇਲ ਨੇ ਰੈਲੀ 'ਚ ਭਾਜਪਾ ਨੂੰ ਸਿੱਧੀ ਧਮਕੀ ਦਿੱਤੀ ਕਿ 1985 'ਚ ਕਾਂਗਰਸ ਨੂੰ ਭਜਾਇਆ ਸੀ ਅਤੇ ਸੂਬੇ 'ਚ ਅਗਲੇ ਸਾਲ ਚੋਣਾਂ ਆ ਰਹੀਆਂ ਹਨ ਅਤੇ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਚੋਣਾਂ 'ਚ ਕਮਲ ਵੀ ਨਹੀਂ ਖਿੜ ਸਕੇਗਾ ਅਤੇ ਪਟੇਲ ਭਾਈਚਾਰੇ ਦੇ ਹਿੱਤਾਂ ਦੀ ਗੱਲ ਕਰਨ 'ਤੇ ਚੋਣਾਂ 'ਚ ਕਮਲ ਖਿੜ ਸਕੇਗਾ। ਮਗਰੋਂ ਹਾਰਦਿਕ ਪਟੇਲ ਜ਼ਿਲ੍ਹਾ ਕੁਲੈਕਟਰ ਨੂੰ ਹੀ ਮੈਮੋਰੰਡਮ ਦੇਣ ਲਈ ਰਾਜ਼ੀ ਹੋ ਗਏ।
ਗ੍ਰਿਫਤਾਰੀ ਮਗਰੋਂ ਅੰਦੋਲਨ ਹੋਇਆ ਹਿੰਸਕ 
ਇਸੇ ਦੌਰਾਨ ਹਾਰਦਿਕ ਦੀ ਗ੍ਰਿਫਤਾਰੀ ਮਗਰੋਂ ਇਹ ਅੰਦੋਲਨ ਬੁਰੀ ਤਰਾਂ ਹਿੰਸਕ ਹੋ ਗਿਆ ਅਤੇ ਇਹ ਅੱਗ ਤੇਜ਼ੀ ਨਾਲ ਭੜਕ ਪਈ। ਗੁਜਰਾਤ ਵਿਚ ਰਾਖੇਵਾਕਰਨ ਦੀ ਮੰਗ ਕਰ ਰਹੇ ਪਟੇਲ ਭਾਈਚਾਰੇ ਦਾ ਅੰਦੋਲਨ ਅੱਜ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਿਆ ਜਦੋਂ ਉਨ੍ਹਾਂ ਦੇ ਨੇਤਾ ਹਾਰਦਿਕ ਪਟੇਲ ਨੂੰ  ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਰੈਲੀ ਵਾਲੀ ਥਾਂ ਨੂੰ ਜਬਰਦਸਤੀ ਖਾਲੀ ਕਰਵਾਉਣ ਲਈ ਉਥੇ ਮੌਜੂਦ ਲੋਕਾਂ 'ਤੇ ਅੰਨੇਵਾਹ ਲਾਅੀਚਾਰਜ ਕੀਤਾ।  ਭਾਵੇਂ ਕਿ ਪੁਲਿਸ ਨੇ ਕੁਝ ਸਮੇਂ ਬਾਅਦ ਹਾਰਦਿਕ ਪਟੇਲ ਨੂੰ ਰਿਹਾਅ ਕਰ ਦਿੱਤਾ ਪਰ ਪੁਲਿਸ ਅਤੇ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਾਰਦਿਕ ਪਟੇਲ ਦੇ ਸਮਰਥਕਾਂ ਨੇ ਅਹਿਮਦਾਬਾਦ, ਸੂਰਤ, ਮੇਹਸਾਨਾ ਅਤੇ ਵਦੋਦਰਾ ਸ਼ਹਿਰਾਂ ਵਿਚ ਜੰਮ ਕੇ ਹਿੰਸਾ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸੂਬੇ ਦੀ ਗ੍ਰਹਿ ਮੰਤਰੀ ਰਜਨੀ ਪਟੇਲ ਦੇ ਘਰ ਪਹਿਲਾਂ ਪਥਰਾਅ ਕੀਤਾ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ। ਸੂਰਤ ਵਿਚ ਕਈ ਬੱਸਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ।  ਸੂਰਤ ਦੇ ਪੁਲਿਸ ਕਮਿਸ਼ਨਰ ਨੇ ਅੰਦੋਲਨ 'ਤੇ ਕਾਬੂ ਪਾਉਣ ਲਈ ਹੋਰ  ਪੁਲਿਸ ਫੋਰਸ ਦੀ ਮੰਗ ਕੀਤੀ।  ਸੂਬੇ ਦੇ ਦੂਜੇ ਹਿੱਸਿਆਂ ਵਿਚ ਵੀ ਹਿੰਸਾ ਫੈਲ ਗਈ। ਅਹਿਮਦਾਬਾਦ ਵਿਚ ਇੰਟਰਨੈੱਟ ਸੇਵਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ। ਸੂਬੇ ਦੇ ਸਿਖਿਆ ਮੰਤਰੀ ਨੇ 26 ਅਗਸਤ ਨੂੰ ਸੂਰਤ ਅਤੇ ਅਹਿਮਦਾਬਾਦ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਵਖਾਵਾਕਾਰੀਆਂ ਵੱਲੋਂ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਬਾਅਦ ਰਾਜ ਦੇ ਟਰਾਂਸਪੋਰਟ ਨਿਗਮ ਨੇ ਬੱਸ ਸੇਵਾ ਅਗਲੇ ਹੁਕਮਾਂ ਤੱਕ ਤੁਰੰਤ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਹਾਰਦਿਕ ਪਟੇਲ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣ ਪਿੱਛੋਂ ਅਹਿਮਦਾਬਾਦ ਅਤੇ ਸੂਰਤ ਦੀਆਂ ਸੜਕਾਂ 'ਤੇ ਭੰਨਤੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਵਾਪਰੀਆਂ। ਮੇਹਸਾਣਾ, ਸੋਲਾਰੋਡ, ਭੁਡੰਗ, ਸਨਿਪ, ਜੂਨਗੜ੍ਹ ਅਤੇ ਮਹਿਸਾਨਾ 'ਚ ਵਿਚ ਲੋਕਾਂ ਨੇ ਭੰਨਤੋੜ ਅਤੇ ਸਾੜਫੂਕ ਕੀਤੀ। ਇਕ ਥਾਣੇ 'ਤੇ ਪਥਰਾਅ ਕੀਤਾ ਗਿਆ ਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਨਿਕੋਲ ਪੁਲਿਸ ਚੌਕੀ ਨੂੰ ਵੀ ਅੱਗ ਲਗਾ ਦਿੱਤੀ ਗਈ। ਜਿਸ ਕਾਰਨ ਪੁਲਿਸ ਨੂੰ ਸੂਰਤ ਅਤੇ ਮੇਹਸਾਨਾ ਵਿਚ ਕਰਫਿਊ ਲਗਾਉਣਾ ਪਿਆ। ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਲਾਠੀਚਾਰਜ ਵੀ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਜਾਣਕਾਰੀ ਅਨੁਸਾਰ ਅਹਿਮਦਾਬਾਦ, ਸੂਰਤ ਅਤੇ ਵਡੋਡਰਾ ਸਣੇ ਗੁਜਰਾਤ ਦੇ ਕਈ ਜ਼ਿਲਿਆਂ 'ਚ ਹਿੰਸਾ ਭੜਕ ਗਈ।  ਸੂਰਤ 'ਚ ਹਿੰਸਾ ਦੇ ਵਧ ਜਾਣ ਕਾਰਨ ਪੁਲਿਸ ਨੂੰ ਕਰਫਿਊ ਲਗਾਉਣਾ ਪਿਆ ਅਤੇ ਹਾਲਾਤ ਨਾਜ਼ੁਕ ਬਣ ਗਏ। ਇਸ ਤੋਂ ਪਹਿਲਾਂ ਜਿਸ ਮੈਦਾਨ 'ਚ ਹਾਰਦਿਕ ਭੁੱਖ ਹੜਤਾਲ 'ਤੇ ਬੈਠਾ ਸੀ, ਉਸ ਨੂੰ ਖਾਲੀ ਕਰਵਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਮੈਦਾਨ 'ਚ ਵੱਡੀ ਗਿਣਤੀ ਵਿਚ ਉਸ ਦੇ ਸਮਰਥਕ ਮੌਜੂਦ ਸਨ, ਜਿਸ ਦੇ ਚੱਲਦਿਆ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ। 
ਮੀਡੀਆ ਵੀ ਬਣਿਆ ਨਿਸ਼ਾਨਾ 
ਪੁਲਿਸ ਨੇ ਰੈਲੀ 'ਚ ਹਿੱਸਾ ਲੈਣ ਆਏ ਲੋਕਾਂ ਦੇ ਇਲਾਵਾ ਉਥੇ ਮੌਜੂਦ ਮੀਡੀਆ ਕਰਮੀਆਂ 'ਤੇ ਵੀ ਲਾਠੀਚਾਰਜ ਕੀਤਾ | ਇਕ ਹੋਰ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਰਦਿਕ ਨੇ ਮੰਚ ਤੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ | ਇਸ ਦੇ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਸਮਰਥਕਾਂ ਨਾਲ ਝੜਪ ਹੋ ਗਈ। ਦਰਅਸਲ ਹਾਰਦਿਕ ਪਟੇਲ ਤੇ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਹੀ ਮੈਦਾਨ 'ਚ ਰੈਲੀ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਜਾਰੀ ਸੀ। ਅਜਿਹੇ 'ਚ ਪੁਲਿਸ ਨੇ ਸ਼ਾਮ ਢਲਦੇ ਹੀ ਮੈਦਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਧਾਵਾ ਬੋਲ ਦਿੱਤਾ ਤੇ ਜੰਮਕੇ ਲਾਠੀਚਾਰਜ ਕੀਤਾ। ਦਿਲਚਸਪ ਗੱਲ ਇਹ ਵੀ ਰਹੀ ਕਿ ਪੁਲਿਸ ਨੇ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ 'ਤੇ ਵੀ ਆਪਣੀ ਭੜਾਸ ਕੱਢੀ।  
ਪਟੇਲ ਭਾਈਚਾਰੇ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਨੌਜਵਾਨ ਆਗੂ ਹਾਰਦਿਕ ਪਟੇਲ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਸਾ ਨਾ ਕਰਨ। ਪੁਲਿਸ ਵੱਲੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਜਾਰੀ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਮੈਨੂੰ ਰਿਹਾਅ ਕਰ ਦਿੱਤਾ ਹੈ। ਸਮਰਥਕ ਅਫਵਾਹਾਂ ਨਾ ਫੈਲਾਉਣ ਅਤੇ ਹਿੰਸਾ ਨਾ ਕਰਨ। ਅਸੀਂ ਆਪਣਾ ਨਿਸ਼ਾਨਾ ਸ਼ਾਂਤਮਈ ਤਰੀਕੇ ਨਾਲ ਹਾਸਲ ਕਰਨਾ ਹੈ। 
ਓ. ਬੀ. ਸੀ. ਕੋਟੇ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਇਥੇ ਪਟੇਲ ਭਾਈਚਾਰੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪਟੀਦਾਰ ਅਮਾਨਤ ਅੰਦੋਲਨ ਸਮਿਤੀ ਦੇ ਸੰਯੋਜਕ ਹਾਰਦਿਕ ਪਟੇਲ ਨੇ ਕਿਹਾ ਕਿ ਰਾਖਵਾਂਕਰਨ ਮਿਲੇ ਬਗੈਰ ਅੰਦੋਲਨ ਖਤਮ ਨਹੀਂ ਕਰਾਂਗੇ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਟੇਲ ਭਾਈਚਾਰੇ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਾਰਦਿਕ ਪਟੇਲ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਪਿਆਰ ਨਾਲ ਦਿਓਗੇ ਤਾਂ ਠੀਕ ਨਹੀਂ ਤਾਂ ਸਾਨੂੰ ਖੋਹਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਥੋਂ ਵੀ ਗੁਜ਼ਰਦੇ ਹਾਂ ਉਥੋਂ ਕ੍ਰਾਂਤੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪਿਆਰ ਨਾਲ ਰਾਖਵਾਂਕਰਨ ਨਾ ਮਿਲਿਆ ਤਾਂ ਅਸੀਂ ਖੋਹ ਲਵਾਂਗੇ ਤੇ ਰਾਖਵਾਂਕਰਨ ਮਿਲਣ ਤੋਂ ਬਾਅਦ ਹੀ ਅੰਦੋਲਨ ਖਤਮ ਹੋਵੇਗਾ। ਭਾਈਚਾਰੇ ਦੇ ਨੇਤਾ ਹਾਰਦਿਕ ਪਟੇਲ ਨੇ ਸਰਕਾਰ ਨੂੰ ਲਲਕਾਰਦੇ ਹੋਏ ਦਾਅਵਾ ਕੀਤਾ ਕਿ ਇਸ ਰੈਲੀ 'ਚ ਕਰੀਬ 25 ਲੱਖ ਲੋਕ ਸ਼ਾਮਿਲ ਹੋਏ ਹਨ। ਪਟੇਲ ਨੇ ਕਿਹਾ ਕਿ 1998 'ਚ ਇਸ ਭਾਈਚਾਰੇ ਨੇ ਕਾਂਗਰਸ ਨੂੰ ਉਖਾੜ ਕੇ ਰੱਖ ਦਿੱਤਾ ਸੀ ਤੇ ਹੁਣ 2017 'ਚ ਫਿਰ ਚੋਣਾਂ ਹੋਣਗੀਆਂ ਜੋ ਸਾਡੀ ਗੱਲ ਨਹੀਂ ਮੰਨੇਗਾ ਉਸ ਨੂੰ ਉਖਾੜ ਦਿੱਤਾ ਜਾਵੇਗਾ। ਇਹ ਸਾਫ ਹੈ ਕਿ 2017 'ਚ ਅਸੀਂ 'ਕਮਲ' ਨੂੰ ਵੀ ਉਖਾੜ ਕੇ ਸੁੱਟ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਆਪਣੇ ਹਨ ਇਸ ਲਈ ਪਿਆਰ ਨਾਲ ਆਪਣਾ ਹੱਕ ਮੰਗ ਰਹੇ ਹਾਂ। ਉਨ੍ਹਾਂ ਮੋਦੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ। 
ਇਸੇ ਦੌਰਾਨ ਸੂਬੇ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਰੈਲੀ ਵਾਲੀ ਥਾਂ ਖਾਲੀ ਕਰਵਾਉਣ ਲਈ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਅਫਸੋਸ ਪ੍ਰਗਟ ਕਰਦਿਆਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਮਾਮਲੇ ਦੀ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

No comments: