Friday, August 21, 2015

ਕਲਾਪੀਠ ਨੇ ਆਖਿਆ "ਪਾਣੀ ਦਾ ਹਾਸ਼ੀਆ" ਨੂੰ ਜੀ ਆਇਆਂ

Fri, Aug 21, 2015 at 8:09 AM
ਮਰੇ  ਹਾਂ ਰਾਤ  ਦੇ  ਹੱਥੋਂ ਅਸੀਂ  ਪੂਰਬ  ਲਈ  ਲੜਦੇ
ਕਿਸੇ ਸੂਰਜ ਦਾ ਸਾਡੇ ਮਾਣ ਵਿੱ
ਚ ਚੜ੍ਹਨਾ ਵੀ ਬਣਦਾ ਹੈ
ਫ਼ਿਰੋਜ਼ਪੁਰ: 21 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ ) ਵੱਲ ਪੰਜਾਬੀ ਦੇ ਨਾਮਵਰ ਅਤੇ ਸੰਵੇਦਨਸ਼ੀਲ ਸ਼ਾਇਰ ਪ੍ਰੋ.ਗੁਰਤੇਜ ਕੋਹਾਰਵਾਲਾ ਦੀ ਨਵ-ਪ੍ਰਕਾਸ਼ਿਤ ਪੁਸਤਕ "ਪਾਣੀ ਦਾ ਹਾਸ਼ੀਆ" ਦੀ ਆਮਦ ਦੇ ਸੁਆਗਤ ਲਈ ਇੱਕ ਸਾਦਾ ਪਰ ਭਾਵਪੂਰਤ ਸਮਾਗਮ ਕਰਵਾਇਆ ਗਿਆ । ਪ੍ਰਧਾਨਗੀ  ਮੰਡਲ ਵਿੱਚ ਪ੍ਰੋ. ਗੁਰਤੇਜ ਤੋਂ ਇਲਾਵਾ ਉੱਘੇ ਇਤਿਹਾਸਕਾਰ ਰਾਕੇਸ਼ ਕੁਮਾਰ,ਉਮ ਪ੍ਰਕਾਸ਼ ਸਰੋਏ ਅਤੇ ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਸ਼ਾਮਿਲ ਸਨ । ਹਰਮੀਤ ਵਿਦਿਆਰਥੀ ਨੇ ਸੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਪ੍ਰੋ.ਗੁਰਤੇਜ ਦੀ ਸਖ਼ਸ਼ੀਅਤ ਅਤੇ ਉਹਨਾਂ ਦੀ ਸ਼ਾਇਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉੱਘੇ ਗ਼ਜ਼ਲ ਗਾਇਕ ਕਮਲ ਦ੍ਰਾਵਿੜ ਨੇ ਗੁਰਤੇਜ ਹੁਰਾਂ ਦੀਆਂ ਗ਼ਜ਼ਲਾਂ ਨੂੰ ਸੁਰੀਲੀ ਆਵਾਜ਼ ਦਿੱਤੀ ਤਾਂ ਪੂਰਾ ਮਾਹੌਲ ਕਵਿਤਾ ਦੇ ਭਰ ਵਹਿੰਦੇ ਦਰਿਆ ਵਿੱਚ ਤਾਰੀਆਂ ਲਾਉਣ ਲੱਗਾ । ਉਪਰੰਤ ਪ੍ਰੋ.ਅਨਿਲ ਧੀਮਾਨ ਨੇ ਪ੍ਰੋ.ਗੁਰਤੇਜ ਦੀ ਸ਼ਾਇਰੀ ਦੇ ਵਿਭਿੰਨ ਪਾਸਾਰਾਂ ਬੋਲਦਿਆਂ ਕਿਹਾ ਕਿ ਪਾਣੀ ਇੱਕ ਅਜਿਹਾ ਬਿੰਬ ਹੈ ਜੋ ਵਾਰ ਵਾਰ ਗੁਰਤੇਜ ਦੀ ਸ਼ਾਇਰੀ  ਵਿੱਚ ਵੱਖ ਵੱਖ ਅਰਥਾਂ ਦ੍ਰਿਸ਼ਮਾਨ ਹੁੰਦਾ ਹੈ , ਗੁਰਤੇਜ ਦੀ ਕਵਿਤਾ ਦੀ ਸੂਖ਼ਮਤਾ ਅਤੇ ਸੁੰਦਰਤਾ ਸਿੱਧਾ ਰੂਹ ਤੱਕ ਉਤਰਦੀ ਹੈ । ਪ੍ਰੋ.ਜਸਪਾਲ ਘਈ ਨੇ ਪ੍ਰੋ.ਗੁਰਤੇਜ ਨਾਲ ਆਪਣੀ ਦਹਾਕਿਆਂ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਭਾਵੁਕ ਅੰਦਾਜ਼ ਵਿੱਚ ਕਿਹਾ ਕਿ "ਪਾਣੀ ਦਾ ਹਾਸ਼ੀਆ" ਦੀ ਆਮਦ ਨੇ ਪੰਜਾਬੀ ਗ਼ਜ਼ਲ ਦੇ ਮਿਆਰ ਨੂੰ ਬਹੁਤ ਉੱਚਾ ਚੁੱਕਿਆ ਹੈ । ਇਸ ਸ਼ਾਇਰੀ ਵਿੱਚ ਜ਼ਿੰਦਗੀ ਦੇ ਹਰ ਰੰਗ ਦੇ ਭਰਭੂਰ ਦਰਸ਼ਨ ਹੁੰਦੇ ਹਨ । ਉਹਨਾਂ ਨੇ ਕਿ ਗੁਰਤੇਜ ਦੀ ਸ਼ਾਇਰੀ ਵਿਚਲੀ ਤਰਲਤਾ ਅਤੇ ਬੌਧਿਕਤਾ ਪਾਠਕ ਨੂੰ ਇੱਕੋ ਵੇਲੇ ਵਜਦ ਵਿੱਚ ਵੀ ਲੈ ਜਾਂਦੀ ਹੈ ਅਤੇ ਕੁਝ ਨਵਾਂ ਸੋਚਣ ਲਈ ਮਜ਼ਬੂਰ ਵੀ ਕਰਦੀ ਹੈ । ਇਸ ਸ਼ਾਇਰੀ ਨੂੰ ਪੜ੍ਹਦਿਆਂ ਪਾਠਕ ਖ਼ੁਦ ਨੂੰ ਨਵਾਂ ਨਕੋਰ ਮਹਿਸੂਸ ਕਰਦਾ ਹੈ । ਪ੍ਰੋ.ਗੁਰਤੇਜ ਨੇ ਮੰਚ ਤੇ ਆਉਂਦਿਆਂ ਸ਼ਾਇਰੀ,ਜ਼ਿੰਦਗੀ.ਸੰਵੇਦਨਾ ਅਤੇ ਸਿਰਜਣਾ ਦੇ ਗੂੜ੍ਹੇ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ ਕਵਿਤਾ ਹਰ ਥਾਂ ਹਰ ਸਥਿਤੀ ਚ ਪਈ ਹੁੰਦੀ ਹੈ ਕਦੀ ਕਵੀ ਉਸ ਤੱਕ ਜਾ ਪਹੁੰਚਦਾ ਹੈ ਕਦੇ ਆਸੇ ਪਾਸੇ ਰਹਿ ਜਾਂਦਾ ਹੈ । ਕਵਿਤਾ ਦੇ ਉਦੈ ਹੁੰਦਿਆਂ ਹੀ ਕਵੀ ਵੀ ਪੈਦਾ ਹੋ ਜਾਂਦਾ ਹੈ । ਉਹਨਾਂ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ । ਕੁਝ ਸ਼ੇਅਰ ਵਾਰ ਵਾਰ ਸੁਣੇ ਗਏ ----
ਮਰੇ  ਹਾਂ ਰਾਤ  ਦੇ  ਹੱਥੋਂ ਅਸੀਂ  ਪੂਰਬ  ਲਈ  ਲੜਦੇ
ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜ੍ਹਨਾ ਵੀ ਬਣਦਾ ਹੈ ।

ਅਤੇ
ਮੇਰਾ ਹੋਣਾ ਮੇਰੀ "ਮੈਂ " ਦੇ ਖ਼ਿਲਾਰੇ ਤੋਂ ਪਰ੍ਹਾਂ ਵੀ ਹੈ
ਜਿਵੇਂ ਦੁਨੀਆਂ ਕੋਈ ਦਿਸਦੇ ਪਸਾਰੇ ਤੋਂ ਪਰ੍ਹਾਂ ਵੀ ਹੈ

ਉਪਰੰਤ ਸੰਖ਼ੇਪ ਜਿਹੇ ਕਵੀ ਦਰਬਾਰ ਵਿੱਚ ਦਿਆਲ ਸਿੰਘ ਪਿਆਸਾ ਦੇ ਨਾਲ ਪੰਜਾਬੀ ਦੇ ਨੌਜੁਆਨ ਸ਼ਾਇਰਾਂ ਪ੍ਰੀਤ ਜੱਗੀ ,ਸੁਨੀਲ ਚੰਦਿਆਨਵੀ ਅਤੇ ਮਨਜੀਤ ਪੁਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮੇਲਾ ਲੁੱਟ ਲਿਆ । ਇਤਿਹਾਸਕਾਰ ਰਾਕੇਸ਼ ਕੁਮਾਰ  ਨੇ ਕਲਾਪੀਠ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਸਾਹਿਤਿਕ ਚੇਤਨਾ ਦੇ ਪਸਾਰ ਲਈ ਅਜਿਹੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਦੋ ਘੰਟੇ ਦੇ ਕਰੀਬ ਚੱਲੇ ਇਸ ਸਮਾਗਮ ਨੂੰ ਮਾਨਣ ਵਾਲਿਆਂ ਵਿੱਚ ਪ੍ਰੋ.ਕੁਲਦੀਪ,ਡਾ.ਸੁਨੀਤਾ ਸ਼ਰਮਾ,ਜਸਵਿੰਦਰ ਸਿੰਘ ਸੰਧੂ(ਅਸੀਤ),ਐਮ ਕੇ ਰਾਹੀ,ਜਸਵੰਤ ਸਿੰਘ ਕੈਲਵੀ,ਸੁਰਿੰਦਰ ਕੰਬੋਜ,ਸੁਰਿੰਦਰ ਢਿੱਲੋਂ,ਈਸ਼ਵਰ ਸ਼ਰਮਾ,ਵਿਜੇ ਬਹਿਲ,ਬਲਵਿੰਦਰ ਪਨੇਸਰ,ਗੁਰਦਿਆਲ ਸਿੰਘ ਵਿਰਕ,ਪ੍ਰੋ.ਮਨਜੀਤ ਆਜ਼ਾਦ,ਪ੍ਰੋ.ਆਜ਼ਾਦਵਿੰਦਰ,ਸੁਖਵਿੰਦਰ ਭੁੱਲਰ,ਸੰਦੀਪ ਚੌਧਰੀ,ਪ੍ਰਭਜੀਤ ਭੂਪਾਲ,ਪ੍ਰੀਤਇੰਦਰ ਸਿੰਘ ਸੰਧੂ,ਸੁਖਜਿੰਦਰ ਫ਼ਿਰੋਜ਼ਪੁਰ,ਉਮ ਅਰੋੜਾ,ਸਰਤਾਜ ਢਿੱਲੋਂ,ਪਾਲ ਸਿੰਘ ਮੱਟੂ,ਮਿਹਰਦੀਪ,ਰੇਣੂ ਸੋਢੀ,ਸੁਖਵਿੰਦਰ ਜੋਸ਼ ਸਮੇਤ ਸੱਤਰ ਦੇ ਕਰੀਬ ਲੋਕ ਸ਼ਾਮਲ ਹੋਏ ।ਕਲਾਪੀਠ ਦੇ ਜਨਰਲ ਸਕੱਤਰ ਅਤੇ ਚਰਚਿਤ ਸ਼ਾਇਰ ਅਨਿਲ ਆਦਮ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ।

No comments: