Thursday, August 13, 2015

ਪੰਜਾਬ ਵਿਚ ਧੀਆਂ-ਭੈਣਾਂ ਦੀ ਇੱਜ਼ਤ ਆਬਰੂ ਸੁਰੱਖਿਅਤ ਨਹੀਂ

ਸਿਆਸੀਕਰਨ ਕਰਕੇ ਪੁਲਸ ਹੋ ਚੁਕੀ ਹੈ ਬਿਲਕੁਲ ਬੇਅਸਰ--ਕਾਮਰੇਡ ਅਰਸ਼ੀ 
ਲਹਿਰਾਗਾਗਾ: (ਸੰਗਰੂਰ): 12 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਰੋਹ 'ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ 
15 ਅਗਸਤ ਦੀਆਂ ਤਿਆਰੀਆਂ 'ਚ ਰੁਝੇ ਦੇਸ਼ ਵਿੱਚ ਇੱਕ ਹੋਰ ਕੁੜੀ ਆਤਮਦਾਹ ਕਰਨ ਮਗਰੋਂ ਦਮ ਤੋੜ ਗਈ। ਉਹ ਛੇੜਖਾਨੀ ਤੋ ਪਰੇਸ਼ਾਨ ਸੀ। ਲਗਾਤਾਰ ਪਰੇਸ਼ਾਨੀ ਝੱਲਣ ਮਗਰੋਂ ਆਖਿਰ ਜਦੋਂ ਉਸ ਨੂੰ ਕਿਤੇ ਵੀ ਹੋਰ ਬਚਾਓ ਦਾ ਰਸਤਾ ਨਜਰ ਨਾ ਆਇਆ ਤਾਂ ਉਸ ਮੌਤ ਦੇ ਰਸਤੇ ਨੂੰ ਚੁਣ ਲਿਆ। ਉਸਨੇ ਖੁਦ ਨੂੰ ਅੱਗ ਲਗਾ ਲਈ।  ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਹ ਨਾ ਬਚ ਸਕੀ। 
ਅਜੀਬ ਦੁਖਾਂਤ ਹੈ ਕਿ ਜਿਥੇ ਮਹਿਲ ਕਲਾਂ ਦੀ ਦਾਣਾ ਮੰਡੀ ਵਿਚ ਅੱਜ ਸ਼ਹੀਦ ਕਿਰਨਜੀਤ ਕੌਰ ਦੀ 18ਵੀਂ ਬਰਸੀ ਪੰਜਾਬ ਭਰ ਦੇ ਇਨਕਲਾਬੀ ਅਤੇ ਇਨਸਾਫ਼ ਪਸੰਦ ਲੋਕਾਂ ਵਲੋਂ ਸੰਘਰਸ਼ ਅਤੇ ਟਾਕਰੇ ਦੇ ਪ੍ਰਤੀਕ ਵਜੋਂ ਇਨਕਲਾਬੀ ਜੋਸ਼ ਨਾਲ ਮਨਾਈ ਜਾ ਰਹੀ ਸੀ, ਉਥੇ ਧੀਆਂ ਧਿਆਣੀਆਂ ਦੀ ਆਬਰੂ ਨੂੰ ਪੈਰ-ਪੈਰ ਤੇ ਪੈ ਰਹੀਆਂ ਝਪਟਾਂ ਖਿਲਾਫ਼ ਗੁੱਸੇ ਨਾਲ ਭਰੇ ਲੋਕ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਵਨਜਾਰਾ ਦੀ ਛੇੜਖਾਨੀ ਤੋਂ ਤੰਗ ਆ ਕੇ ਮੌਤ ਦੇ ਮੂੰਹ ਵਿਚ ਜਾ ਪਈ ਦਸਵੀਂ ਜਮਾਤ ਵਿਚ ਪੜ੍ਹਦੀ ਬੇਅੰਤ ਕੌਰ ਦੀ ਅਰਥੀ ਨੂੰ ਸੜਕ ਉਤੇ ਰਖ ਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ।ਜ਼ਿਕਰਯੋਗ ਹੈ ਕਿ ਬੇਅੰਤ ਨੇ ਕੁਝ ਮੁੰਡਿਆਂ ਵਲੋਂ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਕਲ੍ਹ ਦਮ ਤੋੜ ਗਈ ਸੀ। ਪਿੰਡ ਦੇ ਲੋਕਾਂ, ਵੱਖ-ਵੱਖ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦੇ ਠਾਠਾਂ ਮਾਰਦੇ ਇਕਠ ਨੇ ਲਹਿਰਾਗਾਗਾ-ਪਾਤੜਾਂ ਸੜਕ ਉਤੇ ਪਿੰਡ ਕਾਲਵਨਜਾਰਾ ਦੇ ਬੱਸ ਅੱਡੇ ਉਤੇ ਤਪਦੀ ਦੁਪਹਿਰ ਵਿਚ ਲਾਸ਼ ਨੂੰ ਰਖ ਕੇ ਐਲਾਨ ਕੀਤਾ ਕਿ ਤੱਦ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤਕ ਬੇਅੰਤ ਕੌਰ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਪੁਲਸ ਗ੍ਰਿਫ਼ਤਾਰ ਨਹੀੰਂ ਕਰ ਲੈਂਦੀ। ਆਖ਼ਿਰ ਚਾਰੇ ਦੋਸ਼ੀਆਂ ਗੁਰਪਿਆਰ, ਸਵਰਨ, ਮਨੀ ਕਾਲਵਨਜਾਰਾ ਅਤੇ ਮਨੀ ਖੰਡੇਵਾਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਹੀ ਬੜੇ ਗੁੱਸੇ ਭਰੇ ਅਤੇ ਗ਼ਮਗੀਨ ਮਾਹੌਲ ਵਿਚ ਸਸਕਾਰ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਵਿਚ ਧੀਆਂ-ਭੈਣਾਂ ਦੀ ਇੱਜ਼ਤ ਆਬਰੂ ਸੁਰੱਖਿਅਤ ਨਹੀਂ ਹੈ ਅਤੇ ਇਥੋਂ ਦੀ ਪੁਲਸ ਬਿਲਕੁਲ ਬੇਅਸਰ ਹੋ ਚੁਕੀ ਹੈ, ਪੁਲਸ ਦਾ ਮੁਕੰਮਲ ਤੌਰ 'ਤੇ ਸਿਆਸੀਕਰਨ ਹੋ ਚੁਕਾ ਹੈ, ਠਾਣੇਦਾਰ ਤੋਂ ਲੈ ਕੇ ਐਸ.ਐਸ.ਪੀ ਤੱਕ ਸਭ ਜਥੇਦਾਰਾਂ ਮੁਤਾਬਕ ਚਲਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਕੰਮਾਂ ਵਿਚ ਸਿਆਸੀ ਦਖ਼ਲ ਬੰਦ ਹੋਣਾ ਚਾਹੀਦਾ ਹੈ। ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਵਿਚ ਨਿਤ ਵਧ ਰਹੀਆਂ ਛੇੜ-ਛਾੜ, ਬਲਾਤਕਾਰ, ਗੁੰਡਾਗਰਦੀ ਅਤੇ ਔਰਤਾਂ ਵਿਰੁੱਧ ਧਕੇਸ਼ਾਹੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਵਿਚ ਗ੍ਰਹਿ ਮੰਤਰਾਲਾ ਅਸਫ਼ਲ ਹੋਇਆ ਹੈ ਇਸ ਲਈ ਸੁਖਬੀਰ ਬਾਦਲ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਬੇਅੰਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣ, ਪੀੜਤ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ, ਪਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ ਅਤੇ ਪਿੰਡ ਦੇ ਮਿਡਲ ਸਕੂਲ ਨੂੰ ਅਪਗ੍ਰੇਡ ਕਰਕੇ ਹਾਈ ਸਕੂਲ ਬਣਾਇਆ ਜਾਵੇ ਤਾਂ ਕਿ ਪਿੰਡ ਦੇ ਗਰੀਬ ਅਤੇ ਦਲਿਤ ਪਰਵਾਰਾਂ ਦੀਆਂ ਕੁੜੀਆਂ ਨੂੰ 10-10 ਕਿਲੋ ਮੀਟਰ ਦੂਰ ਪੜ੍ਹਨ ਲਈ ਜਾ ਕੇ ਆਪਣੀ ਇੱਜ਼ਤ ਨੂੰ ਖ਼ਤਰੇ ਵਿਚ ਨਾ ਪਾਉਣੀ ਪਵੇ। ਕਾਮਰੇਡ ਅਰਸ਼ੀ ਨੇ ਆਪਣੀ ਪਾਰਟੀ ਵਲੋਂ ਬੇਅੰਤ ਕੌਰ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਪੂਰੇ ਸਹਿਯੋਗ ਦਾ ਵਿਸ਼ਵਾਸ ਦੁਆਇਆ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਵੀ ਮੌਕੇ 'ਤੇ ਪੁੱਜ ਕੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਾਰੀਆਂ ਮੰਗਾਂ ਮੁੱਖ ਮੰਤਰੀ ਤੱਕ ਪੁਚਾਉੇਣ ਅਤੇ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜੇ ਮੁੱਖ ਮੰਤਰੀ ਵਲੋਂ ਪਰਵਾਰ ਨੂੰ ਮਾਲੀ ਮਦਦ ਨਹੀਂ ਦਿਤੀ ਜਾਂਦੀ ਤਾਂ ਉਹ ਆਪਣੇ ਫੰਡ ਵਿਚੋਂ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਡੀ. ਜੀ. ਪੀ. ਲੈਵਲ ਤੱਕ ਸਾਰੇ ਕੇਸ ਦੀ ਖੁਦ ਪੈਰਵਾਈ ਕਰਨਗੇ। 
ਇਸ ਸੰਵੇਦਨਸ਼ੀਲ ਮੌਕੇ ਉਤੇ ਸੀ. ਪੀ. ਆਈ. ਦੇ ਜ਼ਿਲ੍ਹਾ ਸਕਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ, ਕ੍ਰਾਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਸੰਜੀਵ ਮਿੰਟੂ, ਸੀ. ਪੀ. ਆਈ. ਐੰਮ ਐਲ (ਲਿਬਰੇਸ਼ਨ) ਦੇ ਕਾਮਰੇਡ ਹਰਭਗਵਾਨ ਭੀਖੀ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਭਾਰਤੀ ਜਨਤਾ ਪਾਰਟੀ ਦੇ ਗਿਆਨੀ ਨਿਰੰਜਨ ਸਿੰਘ ਭੁਟਾਲ, ਕਾਂਗਰਸੀ ਆਗੂ ਸਨਮੀਕ ਹੈਨਰੀ ਅਤੇ ਵਿਦਿਆਰਥੀ ਆਗੂ ਅਰਸ਼ਦੀਪ ਕੌਰ ਅਰਸ਼ੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪਰਵਾਰ ਨਾਲ ਹਮਦਰਦੀ ਅਤੇ ਸੰਗਰਸ਼ ਵਿਚ ਸਹਿਯੋਗ ਦਾ ਭਰੋਸਾ ਦਿਤਾ। ਹਾਕਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਮੁੱਖ ਨੁਮਾਇੰਦਾ ਇਸ ਮੌਕੇ ਹਾਜ਼ਰ ਨਹੀ ਹੋਇਆ। ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ ਜਦੋਂ ਮੇਰੀ ਛਾਤੀ 'ਚ ਤਿਰੰਗਾ ਗਿਆ ਗੱਡਿਆ 
ਮਰਹੂਮ ਬੇਅੰਤ ਕੌਰ ਦੇ ਭਰਾ ਜੁਗਰਾਜ ਸਿੰਘ ਜਗੀ ਜੋ ਖੁਦ ਇਕ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀ ਦਾ ਕਾਰਕੁਨ ਹੈ, ਨੇ ਇਸ ਮਾਮਲੇ ਵਿਚ ਉਨ੍ਹਾਂ ਦੇ ਪਰਵਾਰ ਨਾਲ ਖਲੋਣ ਵਾਲੇ ਸਾਰੇ ਲੋਕਾਂ, ਜਥੇਬੰਦੀਆਂ ਅਤੇ ਪਾਰਟੀਆਂ ਦਾ ਧੰਂਨਵਾਦ ਕੀਤਾ। ਬੇਅੰਤ ਕੌਰ ਨਮਿਤ ਸ਼ਰਧਾਂਜਲੀ ਸਮਗਮ 20 ਅਗਸਤ ਦਿਨ ਵੀਰਵਾਰ ਨੂੰ 12.30 ਵਜੇ ਪਿੰਡ ਕਾਲਵਨਜਾਰਾ (ਲਹਿਰਾਗਾਗਾ ਪਾਤੜਾਂ ਰੋਡ) ਵਿਖੇ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਉਸ ਦਿਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਾਨ ਕੁਰਬਾਨ ਕਰਨ ਵਾਲੇ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਸ਼ਹੀਦੀ ਦਿਨ ਅਤੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦਾ ਜਨਮਦਿਨ ਵੀ ਹੈ। 

No comments: