Saturday, August 01, 2015

ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਕਰੋੜਾ ਸਿੰਘ ਨੂੰ ਸੰਗਰਾਮੀ ਸ਼ਰਧਾਂਜ਼ਲੀ

Sat, Aug 1, 2015 at 3:40 PM
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀਤੀ ਹੰਗਾਮੀ ਸ਼ੋਕ ਬੈਠਕ
ਜਲੰਧਰ: 1 ਅਗਸਤ, 2015: (ਪੰਜਾਬ ਸਕਰੀਨ ਬਿਊਰੀ)::
ਪੰਜਾਬ ਦੇ ਬਿਜਲੀ ਕਾਮਿਆਂ ਦੀ ਜੱਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਜ਼ਿੰਦਗੀ ਭਰ ਰਹੇ ਸਿਰਮੌਰ ਆਗੂ, ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀ ਜਾਣੀ-ਪਹਿਚਾਣੀ ਸਖਸ਼ੀਅਤ, ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਵਿੱਚ ਵਧ ਚੜ੍ਹਕੇ ਸ਼ਮੂਲੀਅਤ ਕਰਦੇ ਆ ਰਹੇ ਸੰਗਰਾਮੀਏ ਕਰੋੜਾ ਸਿੰਘ ਦੇ ਦਰਦਨਾਕ ਵਿਛੋੜੇ ’ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਹੰਗਾਮੀ ਸ਼ੋਕ ਬੈਠਕ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਜ਼ਿੰਦਗੀ ਮੌਤ ਦੀ ਜੱਦੋ ਜਹਿਦ ਕਰਦੇ ਆ ਰਹੇ ਕਰੋੜਾ ਸਿੰਘ ਅੱਜ ਸਰਘੀ ਵੇਲੇ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਕਾਫ਼ਲੇ ਨੂੰ ਅਲਵਿਦਾ ਆਖ ਗਏ।
ਜ਼ਿਕਰਯੋਗ ਹੈ ਕਿ ਬਿਜਲੀ ਕਾਮਿਆਂ ਦੇ ਸੰਗਰਾਮੀ ਪਿੜਾਂ ’ਚੋਂ ਫੌਲਾਦ ਬਣਕੇ ਨਿਕਲਿਆ ਕਰੋੜਾ ਸਿੰਘ ਕਿਰਤੀ ਕਿਸਾਨਾਂ ਨੂੰ ਸੰਘਰਸ਼ਾਂ ਦੇ ਰਾਹ ਤੋਰਨ ਲਈ ਪੂਰਾ ਜੀਵਨ ਸਮਰਪਤ ਕਰ ਚੁੱਕਾ ਸੀ ਅਤੇ ਗ਼ਦਰੀ ਬਾਬਿਆਂ ਦੇ ਹਰ ਮੇਲੇ ਵਿੱਚ ਉਹ ਡੱਬਵਾਲੀ ਤੋਂ ਆਪਣੇ ਸਾਥੀਆਂ ਸਮੇਤ ਝੰਡੇ ਦੀ ਰਸਮ ਮੌਕੇ ਸ਼ਾਮਲ ਹੁੰਦਾ ਸੀ।
ਦੇਸ਼ ਭਗਤ ਕਮੇਟੀ ਸਾਥੀ ਕਰੋੜਾ ਸਿੰਘ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਉਸਦੀ ਜੱਥੇਬੰਦੀ ਨਾਲ ਗਹਿਰੇ ਸੋਗ ’ਚ ਸ਼ਰੀਕ ਹੁੰਦੀ ਹੈ।  ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਗੁਰਮੀਤ, ਡਾ. ਪਰਮਿੰਦਰ, ਮੰਗਤ ਰਾਮ ਪਾਸਲਾ, ਜਗਰੂਪ, ਕਾਮਰੇਡ ਗੰਧਰਵ ਸੇਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਢੱਡਾ, ਡਾ. ਦਲਬੀਰ ਕੌਰ, ਹਰਬੀਰ ਕੌਰ ਬੰਨੋਆਣਾ ਅਤੇ ਰਣਜੀਤ ਔਜਲਾ ਨੇ ਸ਼ਰਧਾਂਜ਼ਲੀ ਭੇਟ ਕੀਤੀ।

No comments: