Monday, August 17, 2015

ਹੁਣ ਚੰਡੀਗੜ 'ਚ ਕੁਚਲੇ ਬੇਕਾਬੂ ਟਰੱਕ ਨੇ 8 ਮਜ਼ਦੂਰ

ਚਾਰ ਮਜਦੂਰਾਂ ਦੀ ਮੌਕੇ 'ਤੇ ਮੌਤ-ਇੱਕ ਨੇ ਹਸਪਤਾਲ 'ਚ ਦਮ ਤੋੜਿਆ
ਚੰਡੀਗੜ: 17 ਅਗਸਤ 2015:(ਪੁਸ਼ਪਿੰਦਰ//ਪੰਜਾਬ ਸਕਰੀਨ): 
ਕਾਰਣ ਨਸ਼ਾ ਹੋਵੇ, ਉਨੀਂਦਰਾ ਜਾਂ ਬੇਧਿਆਨੀ ਪਰ ਤੇਜ਼ ਰਫਤਾਰੀ ਕਰਕੇ ਦੁਨੀਆ  ਤੋਂ ਤੁਰ ਜਾਂਦੀਆਂ ਜ਼ਿੰਦਗੀਆਂ  ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖੂਨ ਪੀਣੀਆਂ ਸੜਕਾਂ 'ਤੇ ਬੇਕਾਬੂ ਹੋਏ ਤੇਜ਼ ਰਫਤਾਰ ਵਾਹਨ ਕਿਸੇ ਯਮਦੂਤ ਵਾਂਗ ਵਿਚਰਦੇ ਹਨ।  ਇਹਨਾਂ ਅੱਗੇ ਇਨਸਾਨੀ ਜਿੰਦਗੀ ਦੀ ਕੋਈ ਕੀਮਤ ਨਹੀਂ। ਕਾਨੂੰਨਾਂ ਅਤੇ ਨਿਯਮਾਂ ਨੂੰ ਟਿਚ ਸਮਝਦੇ ਇਹ ਵਾਹਨ ਥਾਂ ਥਾਂ ਮੌਤ ਵੰਡਦੇ ਜਾਂਦੇ ਹਨ। ਚੰਡੀਗੜ੍ਹ  ਦੇ ਸੈਕਟਰ 26 ਦੀ ਸਬਜ਼ੀ ਮੰਡੀ ਦੇ ਕੋਲ ਟਰਾਂਸਪੋਰਟ ਏਰੀਏ 'ਚ ਦੇਰ ਰਾਤ ਬੇਕਾਬੂ ਟਰੱਕ ਨੇ ਫੁੱਟਪਾਥ 'ਤੇ ਸੁੱਤੇ ਹੋਏ 8 ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 4 ਮਜ਼ਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ 1 ਮਜ਼ਦੂਰ ਨੇ ਹਸਪਤਾਲ 'ਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਹਾਦਸੇ 'ਚ ਜ਼ਖ਼ਮੀ ਹੋਏ 3 ਹੋਰ ਮਜ਼ਦੂਰਾਂ ਨੂੰ ਚੰਡੀਗੜ੍ਹ ਦੇ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਹੈ। ਮਾਰੇ ਗਏ 5 ਵਿਅਕਤੀਆਂ 'ਚੋਂ 4 ਇੱਕ ਹੀ ਪਰਿਵਾਰ ਦੇ ਦੱਸੇ ਜਾਂਦੇ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਫ਼ਿਲਹਾਲ ਟਰੱਕ ਦੇ ਕਲੀਨਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਟਰੱਕ ਚਾਲਕ ਹਾਦਸੇ ਤੋਂ ਬਾਅਦ ਫ਼ਰਾਰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਦੀ ਹਾਲਤ 'ਚ ਸੀ। ਲੋਕ ਚਰਚਾ ਮੁਤਾਬਕ ਟਰਾਂਸਪੋਰਟ 'ਤੇ ਖੜੇ ਟਰੱਕਾਂ 'ਚ ਅਪਲੋਡ ਕਰਨ ਦਾ ਕੰਮ ਕਰਨ ਵਾਲੇ ਮਜ਼ਦੂਰ ਉੱਥੇ ਨੇੜੇ ਹੀ ਇਕ ਗਰਾਊਂਡ 'ਚ ਸੌਂ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਟਰੱਕ ਨੇ ਕੁਚਲ ਦਿੱਤਾ। ਲੋਕਾਂ ਵਲੋਂ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਟਰੱਕ ਅਚਾਨਕ ਬੇਕਾਬੂ ਹੋ ਗਿਆ, ਜਿਸ ਤੋਂ ਬਾਅਦ ਇਹ ਸੁੱਤੇ ਪਏ ਮਜ਼ਦੂਰਾਂ 'ਤੇ ਚੜ੍ਹ ਗਿਆ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਡਰਾਈਵਰ ਦਾ ਕਿਸੇ ਮਜ਼ਦੂਰ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਨੇ ਮਜ਼ਦੂਰ ਨੂੰ ਰਾਤ ਦੇ ਸਮੇਂ ਦੇਖ ਲੈਣ ਦੀ ਗੱਲ ਕਹੀ ਸੀ।ਫ਼ਿਲਹਾਲ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਦੋਸ਼ੀ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੈ ਕਿ ਕਸੂਰਵਾਰ ਡ੍ਰਾਈਵਰ ਪਕੜ ਵਿੱਚ ਆਉਂਦਾ ਹੈ ਜਾਂ ਮਾਮਲਾ ਕਾਨੂੰਨੀ ਚੱਕਰਾਂ ਵਿਚ ਹੀ ਉਲਝ ਕੇ ਹੀ ਰਹਿ ਜਾਂਦਾ ਹੈ।

No comments: