Wednesday, August 26, 2015

ਇੱਕਤਰਫ਼ਾ ਸੋਧਾਂ ਨਾਲ 70% ਮਜ਼ਦੂਰ ਕਿਰਤ ਕਾਨੂੰਨਾਂ ਤੋਂ ਵਾਂਝੇ ਹੋਣਗੇ

Wed, Aug 26, 2015 at 4:29 PM
ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁਧ 2 ਸਤੰਬਰ ਨੂੰ ਮੁਕੰਮਲ ਹੜਤਾਲ 
ਲੁਧਿਆਣਾ: 26 ਅਗਸਤ 2015: (ਪੰਜਾਬ ਸਕਰੀਨ ਬਿਓਰੋ): 
ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 2 ਸਤੰਬਰ 2015 ਨੂੰ ਮੋਦੀ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਵਜੋਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਹੌਜ਼ਰੀ ਵਰਕਰਜ਼ ਯੂਨੀਅਨ ਰਜਿ: (ਏਟਕ) ਲੁਧਿਆਣਾ ਵਲੋਂ ਵਿਸ਼ਾਲ ਜੱਥਾ ਮਾਰਚ ਕਰ ਕੇ ਬਹਾਦਰ ਕੇ ਰੋਡ ਦੇ ਆਲੇ ਦੁਆਲੇ ਮਜ਼ਦੂਰਾਂ ਦੇ ਨਾਲ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕਰਕੇ ਵਿਚਾਰ ਸਾਂਝੇ ਕੀਤੇ ਅਤੇ ਹੱਥ ਪਰਚੇ ਵੰਡੇ। ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂਆਂ ਕਾ ਡੀਪੀਮੌੜ, ਫ਼ਿਰੋਜ਼ ਮਾਸਟਰ, ਰਾਮਪ੍ਰਤਾਪ, ਰਾਮਰੀਤ, ਲਲਿਤ ਕੁਮਾਰ, ਰਾਕੇਸ਼ ਕੁਮਾਰ, ਵੇਦ ਪ੍ਰਕਾਸ਼ਲਾਲੂ, ਕੁਲਦੀਪਸਿੰਘਬਿੰਦਰ, ਕੇਵਲਸਿੰਘ, ਮਨਜੀਤ ਸਿੰਘ ਬੂਟਾ ਨੇ ਕਿਹਾ ਕਿ 2 ਸਿਤੰਬਰ ਨੂੰ ਕੀਤੀ ਜਾ ਰਹੀ ਇਹ ਹੜਤਾਲ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਮਿਹਨਤਕਸ਼ਾਂ ਵਿੱਚ ਪਨਪ ਰਹੇ ਗੁੱਸੇ ਦਾ ਪ੍ਰਗਟਾਵਾ ਕਰੇਗੀ। ਇਹ ਹੜਤਾਲ ਕੇਂਦਰ ਸਰਕਾਰਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਛੋਟੇ ਤੇ ਦਰਮਿਆਨੇ ਦੁਕਾਨਦਾਰ ਤੇ ਉਦਯੋਗਪਤੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਹੈ। ਉਹਨਾਂਕਿਹਾਕਿ ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਜੋ  ਕਿਰਤ ਕਾਨੂੰਨ ਵਿੱਚ ਇੱਕਤਰਫ਼ਾ  ਸੋਧਾਂ ਕਰ ਰਹੀ ਹੈ, ਉਸ ਨਾਲ 70% ਮਜ਼ਦੂਰ ਕਿਰਤ ਕਾਨੂੰਨਾਂ ਦੇ ਦਾਇਰੇ ਚੋਂ ਬਾਹਰ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਦੇਸ਼ ਆਰਥਿਕ ਮੰਦੀ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ।ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ। 
ਉਹਨਾਂ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਈ ਜਾਏ, ਘੱਟੋ ਘੱਟ ਉਜਰਤ 15,000 ਰੁਪਏ ਮਿਥੀ ਜਾਵੇ,  ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ।  ਜਨਤੱਕ ਖੇਤਰ (ਪਬਲਿਕ ਸੈਕਟਰ) ਦਾ ਨਿਜੀਕਰਨ ਬੰਦ ਕੀਤਾ ਜਾਏ। ਸਭ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਏ। 
ਉਹਨਾਂ ਅੱਗੇ ਮੰਗ ਕੀਤੀ ਕਿ ਮਜ਼ਦੂਰਾਂ ਵਾਸਤੇ ਰਿਹਾਇਸ਼ੀ ਕਲੋਨੀਆਂ ਦਾ ਪ੍ਰਬੰਧ ਕੀਤਾ ਜਾਏ ਜਿਸ ਵਿੱਚ ਪੀਣ ਦੇ ਸਾਫ਼ ਪਾਣੀ ਅਤੇ ਬੱਚਿਆਂ ਦੇ ਲਈ ਸਕੂਲਾਂ ਦਾ ਪ੍ਰਬੰਧ ਹੋਵੇ। ਸਭ ਮਜ਼ਦੂਰਾਂ ਦੇ ਮੁਫ਼ਤ ਡਾਕਟਰੀ ਇਲਾਜ ਲਈ ਈ ਐਸ ਆਈ ਕਾਰਡ ਬਣਾਏ ਜਾਣ। ਪੈਨਸ਼ਨ ਅਤੇ ਗੇ੍ਰਚੁਟੀ ਲਈ ਪ੍ਰਾਵੀਡੰਟ ਫ਼ੰਡ ਜਮਾਂ ਕਰਾਇਆ ਜਾਵੇ। ਕਾਰਖਾਨਿਆਂ ਵਿੱਚ ਹਾਜ਼ਰੀ ਲਾਉਣੀ ਯਕੀਨੀ ਬਣਾਈ ਜਾਵੇ। ਬਿਨਾਂ ਕਿਸੇ ਰੋਕਟੋਕ ਦੇ ਮਜ਼ਦੂਰਾਂ ਦੇ ਅਧਾਰ ਕਾਰਡ, ਪਹਿਚਾਨ ਪੱਤਰ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਬਣਾਏ ਜਾਣ। ਮਜ਼ਦੂਰਾਂ ਨੇ ਇਸ ਜੱਥਾ ਮਾਰਚ ਦੌਰਾਨ ਉਪਰੋਕਤ ਮੰਗਾਂ ਅਤੇ 2 ਤਰੀਕ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਹੜਤਾਲ ਵਿਚੱ ਵੱਧ ਚੱੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ।

No comments: