Tuesday, August 18, 2015

ਮਨੀਕਰਨ ਸਾਹਿਬ 'ਤੇ ਡਿੱਗੀਆਂ ਚਟਾਨਾਂ-10 ਮੌਤਾਂ ਦੀ ਪੁਸ਼ਟੀ

ਸੋਸ਼ਲ ਮੀਡੀਆ ਤੇ ਰਹੀ 35 ਮੌਤਾਂ ਹੋਣ ਦੀ ਚਰਚਾ
ਮਨੀਕਰਨ ਸਾਹਿਬ: 18 ਅਗਸਤ 2015: (ਪੰਜਾਬ ਸਕਰੀਨ ਅਤੇ ਇੰਟ.):
ਕੁਦਰਤ ਦੀ ਅਲੌਕਿਕ ਸੁੰਦਰਤਾ ਵਾਲੇ ਅਸਥਾਨ ਮਨੀਕਰਨ ਸਾਹਿਬ ਤੋਂ ਹਿਰਦੇਵੇਧਕ ਖਬਰ ਆਈ ਹੈ। ਗੁਰਦੁਆਰਾ ਸਾਹਿਬ ਦੇ ਕੰਪਲੈਕਸ ਉੱਪਰ ਅਚਾਨਕ ਡਿੱਗੀਆਂ ਚਟਾਨਾਂ ਨੇ ਕਾਫੀ ਨੁਕਸਾਨ ਕੀਤਾ ਹੈ।  ਵਾਟਸਅਪ ਤੇ ਮਿਰਤਕਾਂ ਦੀ ਗਿਣਤੀ 35 ਤੱਕ ਵੀ ਆਈ ਪਰ ਪੁਸ਼ਟੀ 10 ਮੌਤਾਂ ਦੀ ਨਹੀ ਹੋਇਆ ਹੈ। 

ਅੱਜ ਦੁਪਹਿਰ ਨੂੰ ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ 'ਚ ਸਥਿਤ ਮਨੀਕਰਨ ਸਾਹਿਬ ਗੁਰਦੁਆਰੇ ਦੀ ਸਰਾਂ ਉੱਪਰ ਢਿੱਗਾਂ ਡਿੱਗਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮੰਗਲਵਾਰ ਦੁਪਹਿਰ ਕਰੀਬ ਇੱਕ ਵਜੇ ਵੱਡੇ-ਵੱਡੇ ਪੱਥਰ ਗੁਰਦੁਆਰੇ ਦੀ ਸਰਾਂ ਉੱਪਰ ਆ ਡਿੱਗੇ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਕਾਰਨ ਕਈ ਲੋਕ ਮਲਬੇ ਹੇਠ ਦੱਬੇ ਗਏ। ਅੱਖੀਂ ਦੇਖਣ ਵਾਲਿਆਂ ਮੁਤਾਬਕ ਦੁਪਹਿਰ ਵੇਲੇ ਪਹਾੜ ਦੀ ਇੱਕ ਚਟਾਨ ਅਚਾਨਕ ਗੁਰਦੁਆਰਾ ਸਾਹਿਬ ਉੱਪਰ ਆਣ ਡਿੱਗੀ ਅਤੇ ਲੋਕਾਂ ਨੂੰ ਬਚ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ, ਲੋਕ ਬਚਾਅ ਲਈ ਇਧਰ-ਉਧਰ ਦੌੜੇ ਵੀ ਪਰ ਸਭ ਬੇਕਾਰ। ਮੁਸੀਬਤ ਅਸਮਾਨੀ ਰਸਤਿਓਂ ਆਈ ਸੀ ਧਰਤੀ ਦੇ ਬੰਦੇ ਕਿਵੇਂ ਬਚ ਸਕਦੇ ਸਨ? 
ਇਸ ਦੁਖਦੇ ਹਾਦਸੇ ਦਾ ਪਤਾ ਲੱਗਦਿਆ ਹੀ ਐੱਨ ਡੀ ਆਰ ਐੱਫ਼ ਅਤੇ ਆਈ ਟੀ ਬੀ ਪੀ ਦੀਆਂ ਟੀਮਾਂ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ ਅਤੇ ਉਨ੍ਹਾਂ ਨੇ ਬੜੀ ਤੇਜ਼ੀ ਨਾਲ ਮਲਬਾ ਹਟਾਇਆ। ਸਾਰੇ ਪਾਸੇ ਪਹਾੜ ਅਤੇ ਤੰਗ ਰਸਤਾ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਕਾਫ਼ੀ ਦਿੱਕਤ ਆਈ। ਰਾਹਤ ਅਤੇ ਬਚਾਅ ਟੀਮਾਂ ਨੇ ਮਲਬੇ 'ਚੋਂ 10 ਲਾਸ਼ਾਂ ਕੱਢੀਆਂ ਅਤੇ 10 ਜ਼ਖ਼ਮੀਆਂ ਨੂੰ ਕੁਲੂ ਦੇ ਹਸਪਤਾਲ 'ਚ ਦਾਖਲ ਕਰਵਾਇਆ। ਰਾਹਤ ਕਾਰਜਾਂ ਵਿੱਚ ਆਉਂਦੀਆਂ ਦਿੱਕਤਾਂ ਕਾਰਨ ਹੀ ਮਿਰਤਕਾਂ ਦੀ ਗਿਣਤੀ ਬਦਲਦੀ ਰਹੀ। 

ਇਤਲਾਹ ਮਿਲਦਿਆਂ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾ ਕਿਹਾ ਕਿ ਜ਼ਖ਼ਮੀਆਂ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਅਦਾ ਕਰੇਗੀ। ਕੁਲੂ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੰਵਰ ਨੇ ਇਸ ਹਾਦਸੇ 'ਚ 7 ਮੌਤਾਂ ਦੀ ਪੁਸ਼ਟੀ ਕੀਤੀ ਹੈ। ਰਾਹਤ ਕਾਰਜਾਂ 'ਚ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਨੇ ਵੀ ਹੱਥ ਵਟਾਇਆ, ਕਿਉਂਕਿ ਥਾਂ ਤੰਗ ਹੋਣ ਕਾਰਨ ਉਥੇ ਜੇ ਸੀ ਬੀ ਮਸ਼ੀਨਾਂ ਅਤੇ ਕਰੇਨਾਂ ਨਹੀਂ ਜਾ ਸਕੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਦੇ 45 ਦੇ ਕਰੀਬ ਸ਼ਰਧਾਲੂਆ ਨੂੰ ਲੈ ਕੇ ਮਨੀਕਰਨ ਸਾਹਿਬ ਜਾ ਰਹੀ ਇੱਕ ਬੱਸ ਇੱਕ ਮੋਡ਼ 'ਤੇ ਬੇਕਾਬੂ ਹੋ ਕੇ ਪਾਰਬਤੀ ਨਦੀ 'ਚ ਜਾ ਡਿੱਗੀ ਸੀ। ਇਹਨਾਂ ਸ਼ਰਧਾਲੂਆਂ 'ਚ 30 ਦੀਆਂ ਅਜੇ ਤੱਕ ਲਾਸ਼ਾਂ ਹੀ ਨਹੀਂ ਮਿਲ ਸਕੀਆਂ। ਮਨੀਕਰਨ ਸਾਹਿਬ ਗੁਰਦੁਆਰਾ ਕੁਲੂ ਤੋਂ 45 ਅਤੇ ਮਨਾਲੀ ਤੋਂ 85 ਕਿਲੋਮੀਟਰ ਦੂਰ ਹੈ। ਸਮੁੰਦਰੀ ਤਲ ਤੋਂ 6 ਹਜ਼ਾਰ ਫੁੱਟ ਦੀ ਉਚਾਈ 'ਤੇ ਮੌਜੂਦ ਮਨੀਕਰਨ ਗਰਮ ਪਾਣੀ ਅਤੇ ਕੁੰਡਾਂ ਕਾਰਨ ਜਾਣਿਆ ਜਾਂਦਾ ਹੈ। ਕਈ ਅਜਿਹੇ ਕੁੰਡ ਹਨ, ਜਿਥੇ ਕਡ਼ਾਕੇ ਦੀ ਠੰਡ 'ਚ ਵੀ 95 ਡਿਗਰੀ 'ਤੇ ਖੌਲਦਾ ਪਾਣੀ ਮਿਲ ਜਾਂਦਾ ਹੈ, ਲੋਕ ਕੱਪੜੇ ਦੀ ਪੋਟਲੀ 'ਚ ਚੌਲ ਬੰਨ੍ਹ ਕੇ ਕੁੰਡ 'ਚ ਰੱਖ ਦਿੰਦੇ ਹਨ ਅਤੇ ਕੁਝ ਹੀ ਦੇਰ 'ਚ ਚੌਲ ਪੱਕ ਜਾਂਦੇ ਹਨ। ਇਹ ਗੁਰਦੁਆਰਾ ਸਾਹਿਬ ਪਾਰਬਤੀ ਨਦੀ ਦੇ ਕੰਢੇ 'ਤੇ ਹੈ। ਦੱਸਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਲ ਆਏ ਭਾਈ ਮਰਦਾਨੇ ਲਈ ਲੰਗਰ ਲਗਵਾਇਆ ਸੀ। ਉਸ ਵੇਲੇ ਖਾਣਾ ਪਕਾਉਣ ਦਾ ਇੰਤਜ਼ਾਮ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਇੱਕ ਪੱਥਰ ਹਟਾਉਣ ਲਈ ਕਿਹਾ ਸੀ, ਪੱਥਰ ਉਠਾਉਂਦਿਆਂ ਉਥੋਂ ਗਰਮ ਪਾਣੀ ਨਿਕਲਿਆ ਸੀ, ਜਿਸ ਨਾਲ ਖਾਣਾ ਪਕਾਇਆ ਗਿਆ ਸੀ। ਸੈਂਕਡ਼ੇ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਰੋਜ਼ ਮਨੀਕਰਨ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੇ ਹਨ। ਹਰ ਸਾਲ ਕੋਈ 5 ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ। ਇਹ ਅਸਥਾਨ ਪਿਛਲੇ ਦੋ ਦਹਾਕਿਆਂ ਤੋਂ ਇੱਕ ਪ੍ਰਸਿੱਧ ਸੈਰ-ਸਪਾਟਾ ਕੇਂਦਰ ਵਜੋਂ ਵੀ ਉਭਰਿਆ ਹੈ। ਇੱਕ ਤਰਾਂ ਨਾਲ ਇਹ ਹਿੰਦੂਆਂ ਅਤੇ ਮੁਸਲਮਾਨਾਂ ਦਾ ਸਾਂਝਾ ਤੀਰਥ ਹੈ। ਲੋਕ ਇਸ ਅਸਥਾਨ ਦੀ ਵਿਸ਼ੇਸ਼ਤਾ ਦੱਸਦਿਆਂ ਅਕਸਰ ਆਖਦੇ ਹਨ ਕਿ  ਇਸ ਥਾਂ ਤੇ ਪੁੱਜ ਕੇ ਸਾਰੀ ਚਿੰਤਾ ਅਤੇ ਪਰੇਸ਼ਾਨੀ ਪਲਾਂ ਵਿੱਚ ਹੀ ਦੂਰ ਹੋ ਜਾਂਦੀ ਹੈ।
ਸੰਗਰੂਰ ਜ਼ਿਲੇ ਦੇ ਪਿੰਡ ਰੋਗਲਾ ਨਾਲ ਸਬੰਧਤ ਮਿਰ੍ਤਕ 
ਅੱਜ ਦੇ ਹਾਦਸੇ ਨਾਲ ਸਾਰੇ ਹੱਕੇ ਬੱਕੇ ਰਹੀ ਗਏ। ਮਿਰ੍ਤ੍ਕਾਂ ਦੇ ਪਰਿਵਾਰਾਂ ਨਾਲ ਉਹ ਹੋਇਆ ਜਿਹੜਾ ਉਹਨਾਂ ਸੁਪਨੇ ਵਿੱਚ ਵੀ ਨਹੀਂ ਸੀ ਚਿਤਵਿਆ। ਮਰਨ ਵਾਲੇ ਸਾਰੇ ਵਿਅਕਤੀ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਰੋਗਲਾ ਨਾਲ ਸਬੰਧਤ ਹਨ। ਦੁਰਰਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਦੇ ਸਮੇਂ ਗੁੁਰਦਾਆਰਾ ਸਾਹਿਬ ਦੀ ਪਿਛਲੇ ਪਾਸੇ ਵਾਲੀ ਪਹਾਡ਼ੀ ਤੋਂ ਅਚਾਨਕ ਢਿਗਾਂ ਡਿਗਣੀਆਂ ਸ਼ੁਰੂ ਹੋ ਗਈਆਂ ਅਤੇ ਵੱਡੀਆਂ ਚਟਾਨਾਂ ਗੁਰਦੁਆਰੇ ਦੀ ਸਰਾਂ ਉੱਪਰ ਡਿਗ ਪਈਆਂ। ਚਟਾਨਾਂ ਸਰਾਂ ਦੀ ਇਮਾਰਤ ਦੇ ਵਿਚਕਾਰ ਛੱਤ 'ਤੇ ਡਿਗੀਆਂ ਅਤੇ ਪੂਰੀ ਇਮਾਰਤ ਨੂੰ ਤੋਡ਼ ਕੇ ਦੋ ਹਿੱਸਿਆਂ 'ਚ ਵੰਡਦੀਆਂ ਹੋਈਆਂ ਹੇਠਲੀ ਮੰਜ਼ਿਲ ਨੂੰ ਤਬਾਹ ਕਰਕੇ ਪਾਰਬਤੀ ਨਦੀ ਵਿਚ ਜਾ ਡਿੱਗੀਆਂ | ਹਾਦਸਾ ਏਨਾ ਭਿਆਨਕ ਸੀ ਕਿ ਸਰਾਂ ਵਿਚ ਠਹਿਰੇ ਸ਼ਰਧਾਲੂਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਦੁਰਘਟਨਾ ਪਿੱਛੋਂ ਮਨੀਕਰਨ ਬਾਜ਼ਾਰ ਵਿਚ ਹਾਹਾਕਾਰ ਮਚ ਗਈ ਅਤੇ ਸਾਰੇ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਨੂੰ ਛੱਡ ਕੇ ਗੁਰਦੁਆਰੇ ਵੱਲ ਭੱਜੇ। ਗੁਰਦੁਆਰਾ ਸਾਹਿਬ ਦੀ ਸਰਾਂ ਉੱਪਰ ਡਿਗਣ ਵਾਲੀ ਚਟਾਨ ਲਗਪਗ ਡੇਢ ਕਿਲੋਮੀਟਰ ਦੀ ਉਚਾਈ ਤੋਂ ਏਨੀ ਤੇਜ਼ੀ ਨਾਲ ਆਈ ਕਿ ਉਸ ਨੇ ਸਰਾਂ ਦੀ ਇਮਾਰਤ ਦੇ ਅਗਲੇ ਹਿੱਸੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਸਰਾਂ ਵਿਚ ਸੰਗਰੂਰ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਲਗਪਗ 36 ਸ਼ਰਧਾਲੂਆਂ ਦਾ ਜਥਾ ਠਹਿਰਿਆ ਹੋਇਆ ਸੀ ਜਿਹਡ਼ੇ 17 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ। ਮਿ੍ਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ ਕਿਉਂਕਿ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਹੇਠ ਹੋਰ ਵਿਅਕਤੀ ਦੱਬੇ ਹੋ ਸਕਦੇ ਹਨ। ਕੁਝ ਸ਼ਰਧਾਲੂਆਂ ਦੇ ਪਾਰਬਤੀ ਨਦੀ ਵਿਚ ਵਹਿ ਜਾਣ ਦਾ ਵੀ ਖਦਸ਼ਾ ਹੈ। ਹਾਲ ਦੀ ਘਡ਼ੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਗੁਰਦੁਆਰਾ ਸਾਹਿਬ ਦੇ ਰਜਿਸਟਰ ਵਿਚ ਕੇਵਲ ਇਕ ਵਿਅਕਤੀ ਦਾ ਨਾਂਅ ਦਰਜ ਹੈ।

No comments: