Tuesday, July 14, 2015

ਉਭਰ ਰਹੇ ਕਵੀਆਂ ਨੂੰ ਪ੍ਰਧਾਨ SGPC ਨੇ ਦਿੱਤੇ 11 ਹਜ਼ਾਰ ਰੁਪਏ

Mon, Jul 13, 2015 at 5:40 PM
ਕਵੀ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਸਕਦੇ ਹਨ - ਜੱਥੇ: ਅਵਤਾਰ ਸਿੰਘ
ਲੁਧਿਆਣਾ:  
ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਸਪੁੱਤਰ ਡਾ. ਹਰੀ ਸਿੰਘ ਜਾਚਕ ਅਤੇ ਦਲਬੀਰ ਕੌਰ ਸੁਪਤਨੀ ਡਾ. ਹਰੀ ਸਿੰਘ ਜਾਚਕ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਜੇ ਦਿਨ ਵਿਸ਼ਾਲ ਕਵੀ ਦਰਬਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਵਿਖੇ ਕਰਵਾਇਆ ਗਿਆ । ਉਭਰ ਰਹੇ ਕਵੀਆਂ ਨੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਖੂਬਸੂਰਤ ਢੰਗ ਨਾਲ ਗਾ ਕੇ ਰੰਗ ਬੰਨ੍ਹ ਦਿੱਤਾ । ਇਸ ਮੌਕੇ ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਤਸ਼ਰੀਫ ਲੈ ਕੇ ਆਏ ਜਿਨ੍ਹਾਂ ਨੇ ਨੌਜਵਾਨ ਕਵੀਆਂ ਦੀਆਂ ਰਚਨਾਵਾਂ ਦਾ ਆਨੰਦ ਮਾਣਿਆ ਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਡਾ. ਹਰੀ ਸਿੰਘ ਜਾਚਕ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਭਰਵਾਂ ਸਹਿਯੋਗ ਕਾਬਲੇ ਤਾਰੀਫ ਹੈ ਪ੍ਰਧਾਨ ਜੀ ਨੇ ਉਨ੍ਹਾਂ ਸਿਖਾਂਦਰੂ ਕਵੀਆਂ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਉਨ੍ਹਾਂ ਦੀ ਹੌਂਸਲਾ ਅਫਜਾਈ ਵਜੋਂ ਦਿੱਤੀ । ਉਨ੍ਹਾਂ ਇਹ ਵੀ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਵੀ ਦਰਬਾਰ ਦੀ ਚਲਾਈ ਗਈ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਨਵੇਂ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ ਇੱਕ ਯਾਦਗਾਰੀ ਫੋਟੋ ਉਨ੍ਹਾਂ ਨਾਲ ਖਿਚਵਾਈ । ਇਸ ਤਿੰਨ ਰੋਜ਼ਾ ਕਵੀ ਦਰਬਾਰ ਵਿੱਚ ਸਹਿਯੋਗੀ ਕਵੀ ਜੋ ਵਿਸ਼ੇਸ਼ ਤੌਰ ਤੇ ਸੱਦੇ ਗਏ ਸਨ ਜਿਨ੍ਹਾਂ ਵਿੱਚ ਅਵਤਾਰ ਸਿੰਘ ਤਾਰੀ, ਰਵਿੰਦਰ ਸਿੰਘ ਦੀਵਾਨਾ, ਅਮਰਜੀਤ ਕੌਰ ਹਿਰਦੇ, ਗੁਰਦੀਪ ਸਿੰਘ ਮੱਕੜ, ਸਤਨਾਮ ਸਿੰਘ ਕੋਮਲ, ਜੋਗਿੰਦਰ ਸਿੰਘ ਕੰਗ ਹੋਰਾਂ ਨੇ ਵੀ ਆਪਣੀਆਂ ਕਵਿਤਾਵਾਂ ਗਾਕੇ ਜੈਕਾਰਿਆਂ ਦੀ ਦਾਦ ਲਈ । ਇਸ ਮੌਕੇ ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਚਾ ਧਨੁ ਸਾਹਿਬ ਮੁਹਾਲੀ ਜਿਨ੍ਹਾਂ ਨੇ 52 ਕਵੀਆਂ ਦਾ ਚਾਰ ਰੋਜ਼ਾ ਕਵੀ ਦਰਬਾਰ ਮੁਹਾਲੀ ਫੇਸ-3-1 ਵਿਖੇ ਕਰਵਾਇਆ ਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਦੱਸਣਾ ਬਣਦਾ ਹੈ ਕਿ ਇਹ ਨਵੇਂ ਕਵੀ ਇਸ ਕਾਰਜਸ਼ਾਲਾ ਵਿੱਚ ਜੰਮੂ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਮੁੰਬਈ, ਕੁਰੂਕਸ਼ੇਤਰ ਆਦਿ ਥਾਵਾਂ ਤੋਂ ਪਹੁੰਚੇ ਹੋਏ ਸਨ । ਸਟੱਡੀ ਸਰਕਲ ਦੇ ਚੇਅਰਮੈਨ ਪ੍ਰਤਾਪ ਸਿੰਘ, ਸਕੱਤਰ ਜਨਰਲ ਜਤਿੰਦਰਪਾਲ ਸਿੰਘ ਫਾਊਂਡਰ, ਪ੍ਰਧਾਨ ਗੁਰਮੀਤ ਸਿੰਘ, ਚੀਫ ਸੈਕਟਰੀ ਪਿ੍ਰਥੀ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ ਦਾ ਸਹਿਯੋਗ ਸ਼ਲਾਘਾਯੋਗ ਰਿਹਾ । 

No comments: