Friday, July 03, 2015

ਪ੍ਰਸਿੱਧ ਗਾਇਕਾ ਰਣਜੀਤ ਕੌਰ ਦੇ ਇਲਾਜ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ-DC

ਕਿਸੇ ਵੇਲੇ ਧੁੰਮਾਂ ਪਾਈਆਂ ਸਨ ਗਾਇਕਾ ਰਣਜੀਤ ਕੌਰ ਨੇ 
*ਸੋਸ਼ਲ ਮੀਡੀਆ ਰਾਹੀਂ ਸੂਚਨਾ ਮਿਲਣ 'ਤੇ ਹਰਕਤ 'ਚ ਆਇਆ ਪ੍ਰਸ਼ਾਸਨ 
*ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਤੇ ਸੱਭਿਆਚਾਰਕ ਮੰਤਰੀ ਦੇ ਲਿਆਂਦਾ ਸੀ ਧਿਆਨ 'ਚ
* ਕਲ੍ਹ ਹਾਲ ਚਾਲ ਪੁਛਣ ਲਈ ਮੁਲਾਕਾਤ ਕੀਤੀ ਸੀ ਸਿਮਰਜੀਤ ਸਿੰਘ ਬੈਂਸ ਨੇ 
ਲੁਧਿਆਣਾ, 3 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਬੀਤੇ ਕੁਝ ਦਿਨਾਂ ਤੋਂ ਸਥਾਨਕ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਦਾਖ਼ਲ ਪ੍ਰਸਿੱਧ ਦੋਗਾਣਾ ਗਾਇਕਾ ਬੀਬੀ ਰਣਜੀਤ ਕੌਰ (ਮੁਹੰਮਦ ਸਦੀਕ ਫੇਮ) ਦੇ ਇਲਾਜ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਮਿਲੀ ਹਦਾਇਤ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਨੂੰ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਮਿਲੀ ਸੀ ਕਿ ਬੀਬੀ ਰਣਜੀਤ ਕੌਰ ਦੀ ਸਿਹਤ ਨਾਸਾਜ਼ ਹੈ ਅਤੇ ਉਹ ਉਪਰੋਕਤ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਇਸ ਸੰਬੰਧੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰ. ਸੋਹਨ ਸਿੰਘ ਠੰਡਲ ਦੇ ਧਿਆਨ ਵਿੱਚ ਲਿਆਂਦਾ ਤਾਂ ਪੰਜਾਬ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। 
ਕਾਬਿਲੇ ਜ਼ਿਕਰ ਹੈ ਕਿ ਕਲ੍ਹ ਸਿਮਰਜੀਤ ਸਿੰਘ ਬੈਂਸ ਵੀ ਆਪਣੇ ਸਾਥੀਆਂ ਸਨੇ ਇਸ ਪ੍ਰਸਿਧ ਗਾਇਕਾ ਦਾ ਹਾਲ ਚਾਲ ਪੁਛਣ ਲੈ ਹਸਪਤਾਲ ਪੁੱਜੇ ਸਨ।  ਉਹਨਾਂ ਇਲਾਜ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਵੀ ਕੀਤੀ ਸੀ। 
ਸ੍ਰੀ ਅਗਰਵਾਲ ਨੇ ਕਿਹਾ ਕਿ ਬੀਬਾ ਰਣਜੀਤ ਕੌਰ ਪੰਜਾਬ ਦੀ ਜਾਣੀ ਪਹਿਚਾਣੀ ਗਾਇਕਾ ਹਨ ਅਤੇ ਉਨ੍ਹਾਂ ਨੇ ਕਿੰਨੇ ਹੀ ਦਹਾਕੇ ਆਪਣੀ ਲਾਜਵਾਬ ਗਾਇਕੀ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ, ਜਿਸ ਦਾ ਜ਼ਿਲਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਕਦੇ ਵੀ ਮੁੱਲ ਨਹੀਂ ਮੋੜ ਸਕਦੇ।
ਹੁਣ ਦੇਖਣਾ ਹੈ ਕਿ ਓਹ ਦਿਨ ਕਦੋਂ ਆਇੰਗੇ ਜਦੋਂ ਸਰਕਾਰ ਅਤੇ ਸਮਾਜ ਮਿਲ ਕੇ ਆਪਣੇ ਗਾਇਕਾਂ, ਕਲਾਕਾਰਾਂ, ਗੀਤਕਾਰਾਂ, ਲੇਖਕਾਂ ਅਤੇ ਹੋਰ ਸਾਰੇ ਅਜਿਹੇ  ਵਿਅਕਤੀਆਂ ਦੀ ਸੰਭਾਲ ਵੇਲੇ ਸਿਰ ਕਰ ਲਿਆ ਕਰੇਗਾਤਾਂਕਿ ਉਹਨਾਂ ਦੇ ਸਮੇਂ ਤੋਂ ਪਹਿਲਾਂ ਇਸ ਦੁਨਿਆ ਤੋਂ ਤੁਰ ਜਾਨ ਜਾਂ ਹਸਪਤਾਲ ਪਹੁੰਚਣ ਦੀ ਨੌਬਤ ਹੀ ਨਾ ਆਵੇ। । 

No comments: