Friday, July 31, 2015

ਨਹੀਂ ਰਹੇ ਉੱਘੇ ਕਵੀ ਪ੍ਰੀਤਮ ਪੰਧੇਰ


Thu, Jul 30, 2015 at 8:53 PM
ਸੀ ਪੀ ਆਈ ਵੱਲੋਂ ਲਾਲ ਝੰਡਾ ਪਾਇਆ ਗਿਆ 
ਲੁਧਿਆਣਾ: 30 ਜੁਲਾਈ 2015: (*ਦਲਵੀਰ ਸਿੰਘ ਲੁਧਿਆਣਵੀ):
ਪੰਜਾਬੀ ਦੇ ਉੱਘੇ ਕਵੀ ਪ੍ਰੀਤਮ ਸਿੰਘ ਪੰਧੇਰ ਪਿਛਲੇ ਦਿਨੀਂ ਹਾਰਟ ਅਟੈਕ ਕਾਰਣ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿੰਦੇ ਹੋਏ ਪ੍ਰਭੂ ਦੇ ਚਰਨਾ ਵਿਚ ਜਾ ਬਿਰਾਜੇ ਹਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਆਰੀਆ ਕਾਲਜ ਦੇ ਪਿਛਵਾੜੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਸਪੁੱਤਰ ਨੇ ਅਗਨੀ ਦਿਖਾਉਣ ਦੀ ਰਸਮ ਨਿਭਾਈ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਧੇਰ ਸਾਹਿਬ ਇਸ ਮੰਚ ਦੇ ਪ੍ਰਧਾਨ ਸਨ। ਉਨ੍ਹਾਂ ਨੇ ਜੀਅ ਭਰ ਕੇ ਮੰਚ ਦੀ ਸੇਵਾ ਕਰਦਿਆਂ ਆਪਣੀ ਸੂਝ, ਸਿਆਣਪ ਤੇ ਸੁਹਿਰਦਤਾ ਦਾ ਸਬੂਤ ਦਿੱਤਾ, ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ ਤੇ ਜ਼ਿੰਦਗੀ ਦੇ ਸੰਘਰਸ਼ 'ਚੋਂ ਬਹੁਤ ਕੁਝ ਗ੍ਰਹਿਣ ਕੀਤਾ। ਤੰਗੀਆਂ-ਤੁਰਸ਼ੀਆਂ ਹੰਢਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਨ੍ਹੇਰੇ ਨੂੰ ਚੀਰਦੇ ਹੋਏ ਜੁਗਨੂੰ ਦੀ ਭਾਂਤੀ ਚਾਨਣ ਹੀ ਖਿਲਾਰਦੇ ਰਹੇ। ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਵੱਡੀਆਂ ਮੱਲ੍ਹਾਂ ਮਾਰੀਆਂ। ਤਿੰਨ ਕਾਵਿ-ਸੰਗ੍ਰਹਿ:ਸੁਲਘਦੀ ਅੱਗ (1999), ਅਗਨ ਫੁੱਲ (1999), ਜੰਗਲ ਦੀ ਅੱਖ (2010) ਅਤੇ ਦੋ  ਗ਼ਜ਼ਲ-ਸੰਗ੍ਰਹਿ: ਅਹਿਸਾਸ ਦੀ ਲੋਅ (2004) ਤੇ ਚੁੱਪ ਦੇ ਖ਼ਿਲਾਫ਼ (2015) ਲਿਖ ਕੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਪੰਜਾਬ ਦੀ ਜੱਥੇਬੰਦਕ ਅਧਿਆਪਕ ਲਹਿਰ ਅਤੇ ਸੰਘਰਸ਼ਾਂ ਵਿਚ ਉਹ ਖੱਬੇ-ਪੱਖੀ ਸੋਚ ਰੱਖਦੇ ਹੋਏ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਪੰਧੇਰ ਜੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ।
ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕਾਡਮੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਨਾਮਧਾਰੀ ਸੰਪ੍ਰਦਾ ਵੱਲੋਂ ਮ੍ਰਿਤਕ ਦੇਹ 'ਤੇ ਦੁਸ਼ਾਲਾ ਅਤੇ ਸੀ ਪੀ ਆਈ ਵੱਲੋਂ ਲਾਲਾ ਝੰਡਾ ਪਾਇਆ ਗਿਆ। ਪ੍ਰਿੰ: ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਨਾਮਧਾਰੀ ਕਸ਼ਮੀਰ ਸਿੰਘ ਭਿੰਡਰ, ਕਾਮਰੇਡ ਕਰਤਾਰ ਸਿੰਘ ਬੁਆਣੀ, ਸ਼੍ਰੀ ਡੀ ਪੀ ਮੌੜ, ਡਾ. ਅਰੁਨ ਮਿਤਰਾ, ਰਣਬੀਰ ਸਿੰਘ ਢਿੱਲੋ, ਅਵਤਾਰ ਗਿੱਲ, ਡਾ. ਰੁਪਿੰਦਰ ਕੌਰ ਤੂਰ, ਤਰਲੋਚਨ ਝਾਡੇ,  ਭਗਵਾਨ ਢਿੱਲੋ, ਰਵਿੰਦਰ ਰਵੀ, ਬੁੱਧ ਸਿੰਘ ਨੀਲੋ, ਜਸਵੰਤ ਸਿੰਘ ਅਮਨ, ਅਮਰਜੀਤ ਸ਼ੇਰਪੁਰੀ ਆਦਿ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਭਾਵਾਂ ਦੇ ਮੈਂਬਰ ਹਾਜ਼ਿਰ ਸਨ।
ਪੰਧੇਰ ਸਾਹਿਬ ਦੇ ਸਪੁੱਤਰ ਨੇ ਦੱਸਿਆ ਕਿ ਪੰਧੇਰ ਜੀ ਦੀ ਅੰਤਿਮ ਅਰਦਾਸ 9 ਅਗਸਤ, 2015, ਦਿਨ ਐਤਵਾਰ ਗੁਰਦੁਆਰਾ ਮਹਾਰਾਜ ਨਗਰ, ਲੁਧਿਆਣਾ ਵਿਖੇ ਦੁਪਹਿਰ ਦੇ 12:30 ਤੋਂ 1:30 ਵਜੇ ਤੱਕ ਹੋਵੇਗੀ।
*ਦਲਵੀਰ ਸਿੰਘ ਲੁਧਿਆਣਵੀ ਸਾਹਿਤਕਾਰ ਪੱਤਰਕਾਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 94170 76735
    

No comments: