Monday, July 06, 2015

ਕਾਮਰੇਡ ਆਨੰਦ ਦੀ ਯਾਦ ਵਿੱਚ ਹੋਇਆ ਵਿਸ਼ਾਲ ਸਮਾਗਮ

 ਸ਼ਰਧਾਂਜਲੀ ਸਮਾਗਮ ਨੇ ਦਿੱਤਾ ਇੱਕਮੁਠ ਖੱਬੀ ਏਕਤਾ ਦਾ ਸੱਦਾ 
ਜਲੰਧਰ: 5 ਜੁਲਾਈ 2014: (ਪੰਜਾਬ ਸਕਰੀਨ ਬਿਊਰੋ):
ਆਖਿਰੀ ਸਾਹਾਂ ਤੀਕ ਲਾਲ ਝੰਡੇ  ਨਾਲ ਰਹਿਣ ਵਾਲੇ ਕਾਮਰੇਡ ਜਗਜੀਤ ਸਿੰਘ ਆਨੰਦ ਦਾ ਸ਼ਰਧਾਂਜਲੀ ਸਮਾਗਮ ਵੀ ਖੱਬੀਆਂ ਤਾਕਤਾਂ ਦੇ ਏਕੇ ਦਾ ਸੰਦੇਸ਼ ਦੇ ਕੇ ਗਿਆ। ਤਕਰੀਬਨ ਸਾਰੇ ਬੁਲਾਰਿਆਂ ਨੇ ਅੱਜ ਦੇ ਨਾਜ਼ੁਕ ਹਾਲਾਤ ਵਿੱਚ ਦੇਸ਼ ਨੂੰ ਬਚਾਉਣ ਲਈ ਖੱਬੀਆਂ ਧਿਰਾਂ ਦੀ ਏਕਤਾ 'ਤੇ ਜੋਰ ਦਿੱਤਾ। ਸਖਤ ਗਰਮੀ ਦੇ ਬਾਵਜੂਦ ਲੋਕ ਇਸ ਸ਼ਰਧਾਂਜਲੀ ਸਮਾਗਮ ਵਿੱਚ ਅਖੀਰ ਤਾਕ ਸ਼ਾਮਿਲ ਹੋਏ। 
ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਦੇ ਮੈਂਬਰ ਅਤੁਲ ਅਨਜਾਨ ਨੇ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੱਬੀ ਵਿਚਾਰਧਾਰਾ ਵਾਲੀਆਂ ਤਾਕਤਾਂ ਹੀ ਦੇਸ਼ ਨੂੰ ਬਚਾ ਸਕਦੀਆਂ ਹਨ ਤੇ ਇਸ ਸੇਧ ਵਿੱਚ ਖੱਬੀਆਂ ਤਾਕਤਾਂ ਵਿਚਾਲੇ ਏਕਤਾ ਸਮੇਂ ਦੀ ਪ੍ਰਮੁੱਖ ਲੋੜ ਹੈ। 
ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਏ ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਨਜਾਨ ਨੇ ਕਿਹਾ ਕਿ ਇੱਕ ਖਾਸ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਫ਼ਿਰਕੂ ਤਾਕਤਾਂ ਮੁੜ ਸਿਰ ਚੁੱਕ ਰਹੀਆਂ ਹਨ ਅਤੇ ਉਹ ਧਰਮ, ਜਾਤ ਅਤੇ ਰੰਗ ਦੇ ਅਧਾਰ 'ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਫ਼ਿਰਕੂ ਤਾਕਤਾਂ ਨੂੰ ਭਾਂਜ ਦੇਣ ਲਈ ਸਾਰੀਆਂ ਖੱਬੀਆਂ ਅਤੇ ਧਰਮ ਨਿਰਪੱਖ ਪਾਰਟੀਆ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇੱਕ ਵੱਡੇ ਦਿਲ ਅਤੇ ਹੌਸਲੇ ਨਾਲ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। ਕਾਮਰੇਡ ਅਨਜਾਨ ਨੇ ਕਿਹਾ ਕਿ ਦੇਸ਼ ਅੰਦਰ ਗਰੀਬੀ, ਧਾਰਮਿਕ ਕੱਟੜਤਾ ਛੂਆਛਾਤ ਵਰਗੀਆਂ ਚੁਣੌਤੀਆ ਮੂੰਹ ਅੱਡੀ ਖੜੀਆਂ ਹਨ, ਜਦਕਿ ਰਾਜ ਕਰਦੀਆਂ ਪਾਰਟੀਆਂ ਇਹਨਾ ਮਸਲਿਆਂ ਤੋਂ ਧਿਆਨ ਲਾਂਭੇ ਕਰਕੇ ਲੋਕਾਂ ਨੂੰ ਧਰਮ ਦੇ ਨਾਂਅ ਗੁੰਮਰਾਹ ਕਰਦੀਆਂ ਆ ਰਹੀਆਂ ਹਨ। ਉਨ੍ਹਾ ਕਿਹਾ ਕਿ ਜਮਹੂਰੀਅਤ ਅੰਦਰ ਵੀ ਕਈ ਤਰ੍ਹਾਂ ਦੀਆਂ ਲੜਾਈਆਂ ਹਨ ਅਤੇ ਖਾਸ ਕਰ ਕੇ ਭਾਰਤ ਵਰਗੇ ਮੁਲਕ 'ਚ ਜਿੱਥੇ ਸੰਵਿਧਾਨ ਸਾਰਿਆਂ ਨੂੰ ਆਪਣੀ ਗੱਲ ਕਹਿਣ ਦੀ ਖੁੱਲ੍ਹ ਦਿੰਦਾ ਹੈ। ਕਾਮਰੇਡ ਅਨਜਾਨ ਨੇ ਕਿਹਾ ਕਿ ਪੂੰਜੀਵਾਦ ਦੇ ਇਸ ਯੁੱਗ 'ਚ ਅਖ਼ਬਾਰਾਂ ਇਸ਼ਤਿਹਾਰਾਂ ਬਗੈਰ ਨਹੀਂ ਨਿਕਲਦੀਆਂ, ਸਭ ਕੁਝ ਬ੍ਰਾਂਡਿਡ ਹੈ। ਉਨ੍ਹਾ ਕਿਹਾ ਕਿ ਕੱਫਨ ਦਾ ਕੋਈ ਬਰਾਂਡ ਨਹੀਂ ਹੁੰਦਾ।
ਉਨ੍ਹਾ ਕਿਹਾ ਕਿ ਕਾਲੇ ਦੌਰ 'ਚ ਪੰਜਾਬ ਦੀਆਂ ਪਾਰਟੀਆਂ ਅਤੇ ਆਗੂ ਉਨ੍ਹਾ ਨੇ ਵਿਚਾਰਾਂ ਤੋਂ ਥਿੜਕਦੇ ਦੇਖੇ, ਪਰ ਆਨੰਦ ਸਾਹਿਬ ਅਡੋਲ ਖੜੇ ਰਹੇ, ਆਪਣੀ ਵਿਚਾਰਧਾਰਾ 'ਤੇ ਪਹਿਰਾ ਦਿੱਤਾ ਅਤੇ ਦੇਸ਼ ਭਗਤੀ ਦੀ ਮਸ਼ਾਲ ਨੂੰ ਜਗਾਈ ਰੱਖਿਆ। ਆਨੰਦ ਸਾਹਿਬ ਦੀ ਸ਼ਖਸੀਅਤ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਆਨੰਦ ਸਾਹਿਬ ਜਿੱਥੇ ਕਿਤੇ ਵੀ ਕੁਝ ਗਲਤ ਹੁੰਦਾ ਸੀ, ਉਹ ਪਾਰਟੀ 'ਚ ਹੋਵੇ ਜਾਂ ਬਾਹਰ ਹੋਵੇ, ਉਸ ਵਿਰੁੱਧ ਅਵਾਜ਼ ਉਠਾਉਂਦੇ ਸਨ। ਉਨ੍ਹਾ ਦਸਿਆ ਕਿ 1974 'ਚ ਆਨੰਦ ਸਾਹਿਬ ਹੀ ਇੱਕ ਵਾਹਦ ਸ਼ਖਸੀਅਤ ਸਨ, ਜੋ ਸਕੂਟਰ 'ਤੇ ਸੰਸਦ 'ਚ ਜਾਂਦੇ ਸਨ ਅਤੇ ਉਨ੍ਹਾ ਨੇ ਜ਼ਿੱਦ ਕਰਕੇ ਸੰਸਦ ਭਵਨ 'ਚ ਜਾਣ ਲਈ ਸਕੂਟਰ ਦਾ ਪਾਸ ਬਣਾਇਆ ਸੀ ਅਤੇ ਸਕੂਟਰ ਦੀ ਸੰਸਦ ਭਵਨ 'ਚ ਐਂਟਰੀ ਲਈ ਸਰਕਾਰ ਨੂੰ ਕਾਨੂੰਨ ਬਦਲਣਾ ਪਿਆ ਸੀ। ਉਹਨ੍ਹਾ ਕਿਹਾ ਕਿ ਆਨੰਦ ਸਾਹਿਬ ਦੀ ਕਲਮ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ ਸਨ। ਲੋਕ ਬੜੇ ਜਜ਼ਬਾਤੀ ਸਨ। ਕਈਆਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ। 
ਸ਼ਬਦਾਂ ਦਾ ਲੰਗਰ
ਸਾਰੀ ਉਮਰ ਸ਼ਬਦਾਂ ਦੀ ਸ਼ਕਤੀ ਨੂੰ ਹਥਿਆਰ ਬਣਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ  ਲੈ ਸੰਘਰਸ਼ ਕਰਨ ਵਾਲੇ ਕਾਮਰੇਡ ਆਨੰਦ ਦੇ ਸ਼ਰਧਾਂਜਲੀ ਸਮਾਗਮ ਵਿੱਚ ਜਾਦੂਈ ਸ਼ਬਦਾਂ ਵਾਲੀਆਂ ਕਿਤਾਬਾਂ ਦੇ ਬਹੁਤ ਸਾਰੇ ਸ੍ਤਾਲ ਸਨ।  ਕਾਫੀ ਕੁਝ ਮੁਫਤ ਵੀ ਵੰਡਿਆ ਗਿਆ ਅਤੇ ਕਾਫੀ ਕੁਝ ਰਿਆਇਤੀ ਮੁੱਲ 'ਤੇ ਵੀ ਦਿੱਤਾ ਗਿਆ।  ਸਮਾਗਮ ਵਿਚ ਆਏ ਹਰ ਉਮਰ ਦੇ ਸਰੋਤਿਆਂ ਨੇ ਇਹਨਾਂ ਸਟਾਲਾਂ ਵਿੱਚ ਆਪਣੀ ਦਿਲਚਸਪੀ ਦਿਖਾਈ। 
ਗਰਮੀ ਦੇ ਬਾਵਜੂਦ ਸਰੋਤੇ ਇੱਕ ਮਨ ਹੋ ਕੇ  ਬੈਠੇ ਰਹੇ 
ਹਾਲ ਦੇ ਐਗਜ਼ਾਸਟ ਫੈਨ ਅਚਾਨਕ ਖਰਾਬ ਹੋ ਜਾਣ ਕਾਰਣ ਗਰਮੀ ਨੇ ਬੱਸ ਕਰ ਦਿੱਤੀ ਸੀ।  ਇਸਦੇ ਬਾਵਜੂਦ ਜਿਆਦਾਤਰ ਸਰੋਤੇ ਇੱਕ ਚਿੱਤ ਹੋ ਕੇ ਬੁਲਾਰਿਆਂ ਨੂੰ ਸੁਣਦੇ ਰਹੇ।  ਇਹਨਾਂ ਵਿੱਚ ਨਵੀਂ ਉਮਰ ਦੀਆਂ ਲੜਕੀਆਂ ਵੀ ਸਨ ਅਤੇ ਪਾਰਟੀ ਨੂੰ ਨੇੜਿਓਂ ਦੇਖਦੇ ਆ ਰਹੇ ਬਜੁਰਗ ਵੀ। 
ਲੋਕ ਬਸਾਂ ਅਤੇ ਟਰਾਲੀਆਂ ਨਾਲ ਕਾਫ਼ਿਲੇ ਬਣਾ ਕੇ ਆਏ 
ਲੋਕ ਆਪਣੇ ਮਹਿਬੂਬ ਲੀਡਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲੈ ਬਸਾਂ ਅਤੇ ਟਰਾਲੀਆਂ ਬਣਾ ਕੇ ਆਏ। ਸਖਤ ਗਰਮੀ ਦੇ ਬਾਵਜੂਦ ਲੋਕ ਦੂਰੋਂ ਦੂਰੋਂ ਆਏ। ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕਾਂ ਨੇ ਛੋਟੀਆਂ ਵੱਡੀਆਂ ਪਾਣੀ ਦੀਆਂ ਬੋਤਲਾਂ ਵੀ ਨਾਲ ਰਹ੍ਖੀਆਂ ਹੋਈਆਂ ਸਨ। ਇਹਨਾਂ ਲੋਕਾਂ ਵਿੱਚ ਵਿਛੋੜੇ ਦੀ ਉਦਾਸੀ ਅਤੇ ਕਾਮਰੇਡ ਆਨੰਦ ਦੇ ਸੰਕਲਪ ਦਾ ਜੋਸ਼ ਦੋਵੇਂ ਨਜਰ ਆ ਰਹੇ ਸਨ।
ਕਾਮਰੇਡ ਹਰਦੇਵ ਅਰਸ਼ੀ 
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਤੁਰ ਜਾਣ ਕਾਰਨ ਇੱਕ ਪੀੜ੍ਹੀ ਦੀ ਆਖ਼ਰੀ ਨਿਸ਼ਾਨੀ ਸਮਾਜ ਤੋਂ ਖੁਸ ਗਈ ਹੈ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਦੇ ਚੇਤਿਆਂ ਦੀ ਚੰਗੇਰ ਇੰਨੀ ਭਰੀ ਹੋਈ ਸੀ ਕਿ ਉਨ੍ਹਾ ਨੂੰ 40-45 ਸਾਲ ਪਹਿਲਾਂ ਦੀਆਂ ਘਟਨਾਵਾਂ ਬਾਰੇ ਚੰਗੀ ਤਰ੍ਹਾਂ ਯਾਦ ਹੁੰਦਾ ਸੀ। ਉਨ੍ਹਾਂ ਕਿਹਾ ਕਿ ਕਾਮਰੇਡ ਆਨੰਦ ਪੰਜਾਬੀ ਭਾਸ਼ਾ ਦੇ ਸਿਰਮੌਰ ਪਹਿਰੇਦਾਰ ਸਨ ਅਤੇ ਉਨ੍ਹਾ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਲਈ ਕਈ ਨਵੇਂ ਸ਼ਬਦ ਮਾਂ-ਬੋਲੀ ਦੀ ਝੋਲੀ ਪਾਏ। ਉਨ੍ਹਾ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਕਾਮਰੇਡ ਅਰਸ਼ੀ ਨੇ ਕਿਹਾ ਕਿ ਆਨੰਦ ਸਾਹਿਬ ਨੇ ਸਮਾਜ ਸੁਧਾਰਕ ਲਹਿਰਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਇਸ ਲਈ ਉਨ੍ਹਾ ਨੂੰ ਪੰਡਿਤ ਦੀ ਉਪਾਧੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੀ ਸਮਝਾਉਣ ਦੀ ਆਪਣੀ ਹੀ ਇੱਕ ਵੱਖਰੀ ਕਲਾ ਸੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ ਪਾਰਟੀ ਦੇ ਸੰਕਟ ਵੇਲੇ ਕਾਡਰ ਨੂੰ ਪੂਰੀ ਤਰ੍ਹਾਂ ਪਾਰਟੀ ਨਾਲ ਜੋੜੀ ਰੱਖਿਆ। ਉਨ੍ਹਾ ਕਿਹਾ ਕਿ ਵਿਲੱਖਣ ਸ਼ਖਸੀਅਤ ਕਾਰਨ ਵਿਰੋਧੀ ਪਾਰਟੀਆਂ ਦੇ ਆਗੂ ਵੀ ਆਨੰਦ ਸਾਹਿਬ ਦਾ ਸਨਮਾਨ ਕਰਦੇ ਸਨ। 
ਕਾਮਰੇਡ ਬੰਤ ਬਰਾੜ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਨੇ ਪਾਰਟੀ ਜੋੜੀ ਅਤੇ ਸੰਕਟ ਵੀ ਆਪਣੀ ਅੱਖੀਂ ਦੇਖਿਆ। ਉਨ੍ਹਾ ਨੇ ਖੱਬੀਆਂ ਧਿਰਾਂ ਨੂੰ ਇੱਕ-ਜੁੱਟ ਹੋਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਟੱਬਰ ਨੂੰ ਇਕੱਠੇ ਕੀਤੇ ਬਗ਼ੈਰ ਮਿੱਥੇ ਨਿਸ਼ਾਨੇ ਹਾਸਲ ਨਹੀਂ ਕੀਤੇ ਜਾ ਸਕਦੇ। ਉਨ੍ਹਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸ਼ਰਧਾਂਜਲੀ ਸਮਾਗਮ ਵਿੱਚ ਸਾਰੀਆਂ ਖੱਬੀਆਂ ਧਿਰਾਂ ਦੇ ਆਗੂ ਇੱਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾ ਕਿਹਾ ਕਿ ਜਗਜੀਤ ਸਿੰਘ ਆਨੰਦ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦ ਨੂੰ ਇੱਕ ਚੈਲਿੰਜ ਵਜੋਂ ਕਬੂਲਿਆ ਅਤੇ ਆਪਣੀ ਵਿਚਾਰਧਾਰਾ 'ਤੇ ਡਟੇ ਰਹੇ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ 'ਨਵਾਂ ਜ਼ਮਾਨਾ' ਦਾ ਬੂਟਾ ਲਗਾਇਆ, ਇਸ ਨੂੰ ਸਿੰਜਿਆ ਅਤੇ ਪਰਵਾਨ ਚਾੜ੍ਹਿਆ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਚਿੱਟੀ ਚਾਦਰ ਲੈ ਕੇ ਗਏ ਹਨ ਅਤੇ ਉਨ੍ਹਾ ਉੱਪਰ ਕਿਸੇ ਤਰ੍ਹਾਂ ਦਾ ਧੱਬਾ ਨਹੀਂ ਲੱਗਿਆ। ਉਨ੍ਹਾ ਦੱਸਿਆ ਕਿ ਇੱਕ ਪਾਰਟੀ ਨੇ 'ਨਵਾਂ ਜ਼ਮਾਨਾ' ਚੱਲਦਾ ਰੱਖਣ ਤੋਂ ਹੱਥ ਖੜੇ ਕਰ ਦਿੱਤੇ ਸਨ, ਪਰ ਆਨੰਦ ਸਾਹਿਬ ਨੇ ਚੈਲਿੰਜ ਕੀਤਾ ਸੀ ਕਿ ਜਦੋਂ ਤੱਕ ਉਹ ਨਹੀਂ ਮਰਦੇ, ਉਹ 'ਨਵਾਂ ਜ਼ਮਾਨਾ' ਨੂੰ ਨਹੀਂ ਮਰਨ ਦੇਣਗੇ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਿਆ ਜਾਣਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾ ਕਿਹਾ ਕਿ ਖੱਬੀਆਂ ਪਾਰਟੀਆਂ ਹਿੰਦੁਸਤਾਨ ਵਿੱਚ ਇੱਕ ਬਹੁਤ ਵੱਡੀ ਤਾਕਤ ਹਨ ਅਤੇ ਸਾਰਿਆਂ ਨੂੰ ਸਮਾਜਿਕ ਤਬਦੀਲੀ ਲਈ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। 
ਕਾਮਰੇਡ ਜਗਰੂਪ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਇੱਕ ਬਹੁਤ ਵਿਰਾਸਤ ਦੇ ਮਾਸਟਰ ਸਨ। ਉਨ੍ਹਾ ਕਿਹਾ ਕਿ ਇਸ ਵੇਲੇ ਦੇਸ਼ ਨੂੰ ਸਭ ਤੋਂ ਵੱਡਾ ਫ਼ਿਰਕਾਪ੍ਰਸਤੀ ਤੋਂ ਖਤਰਾ ਹੈ। ਉਨ੍ਹਾ ਕਿਹਾ ਕਿ ਇੱਕ ਖਾਸ ਪਾਰਟੀ ਵੱਲੋਂ ਕੇਂਦਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਦੇਸ਼ ਵਿੱਚ ਮੁੜ ਮਾੜੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਮਹਾਨ ਸੂਰਮੇ ਸਨ ਅਤੇ ਉਨ੍ਹਾ ਨੇ ਸ਼ਾਨ ਨਾਲ ਜ਼ਿੰਦਗੀ ਜੀਵੀ। 
ਡਾ. ਜੋਗਿੰਦਰ ਦਿਆਲ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਡਾਕਟਰ ਜੋਗਿੰਦਰ ਦਿਆਲ ਨੇ ਕਿਹਾ ਕਿ ਉਨ੍ਹਾ ਨੇ ਆਨੰਦ ਸਾਹਿਬ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਉਨ੍ਹਾ ਨੇ ਹਮੇਸ਼ਾ ਸਮੇਂ ਦਾ ਸੱਚ ਬਿਆਨਿਆ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਆਪਣੇ ਵਿਚਾਰਾਂ 'ਤੇ ਖੜੇ ਰਹੇ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਅੱਤਵਾਦ ਵਿਰੁੱਧ ਦੇਸ਼ ਦੀ ਲੜਾਈ ਲੜੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਦਮ ਚੁੱਕੇ। ਉਨ੍ਹਾ ਕਿਹਾ ਕਿ ਫ਼ਿਰਕੂ ਤਾਕਤਾਂ ਮੁੜ ਦੇਸ਼ ਵਿੱਚ ਸਿਰ ਚੁੱਕ ਰਹੀਆਂ ਹਨ ਅਤੇ ਇਹਨਾਂ ਨੂੰ ਏਕੇ ਨਾਲ ਪਛਾੜਿਆ ਜਾਣਾ ਚਾਹੀਦਾ ਹੈ। ਡਾਕਟਰ ਦਿਆਲ ਨੇ ਕਿਹਾ ਕਿ ਕਾਮਰੇਡ ਆਨੰਦ ਹੁਰਾਂ ਦੀ ਸਿਆਸਤ, ਸਾਹਿਤ ਅਤੇ ਪੱਤਰਕਾਰਿਤਾ ਨੂੰ ਬਹੁਤ ਅਹਿਮ ਦੇਣ ਹੈ।
ਕਾਮਰੇਡ ਮੰਗਤ ਰਾਮ ਪਾਸਲਾ 
ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੀ ਪੀ ਐਮ ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਫ਼ਿਰਕਾਪ੍ਰਸਤੀ ਅਤੇ ਗ਼ਰੀਬੀ ਨਾਲ ਇੱਕਜੁੱਟ ਹੋ ਕੇ ਸਿੱਝਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਿਆਸਤ ਬਹੁਤ ਹੀ ਗੰਧਲੀ ਹੋ ਗਈ ਹੈ ਅਤੇ ਇਸ ਧੱਬੇ ਨੂੰ ਦੂਰ ਕਰਨ ਲਈ 'ਨਵਾਂ ਜ਼ਮਾਨਾ' ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਯੋਧੇ ਮੁੜ ਜੰਮਣੇ ਚਾਹੀਦੇ ਹਨ ਤਾਂ ਜੋ ਰਾਜਨੀਤੀ ਦਾ ਗੰਦ ਧੋਤਾ ਜਾ ਸਕੇ ਅਤੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ।
ਕਾਮਰੇਡ ਚਰਨ ਸਿੰਘ ਵਿਰਦੀ
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਐਮ ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਨੇ 'ਨਵਾਂ ਜ਼ਮਾਨਾ' ਦੀ ਸੰਪਾਦਕੀ ਲਿਖਦਿਆਂ ਨਵੀਂਆਂ ਲੀਹਾਂ ਅਤੇ ਉਹ ਸਾਰਿਆਂ ਲਈ ਪ੍ਰੇਰਨਾ ਸਰੋਤ ਬਣੇ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਪ੍ਰਤੀਬੱਧ ਪੱਤਰਕਾਰ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਹਮੇਸ਼ਾ ਹਰ ਕੰਮ ਵਿੱਚ ਪਹਿਲ-ਕਦਮੀ ਕੀਤੀ ਅਤੇ ਦਲੇਰੀ ਨਾਲ ਅਗਲੇ ਕਦਮ ਪੁੱਟੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਮੁੜ ਫ਼ਿਰਕੂ ਏਜੰਡੇ ਲੈ ਕੇ ਸਾਹਮਣੇ ਆ ਰਹੀ ਹੈ, ਜਿਸ ਨਾਲ ਪੰਜਾਬ ਦਾ ਕਾਲਾ ਦੌਰ ਮੁੜ ਚੇਤੇ ਆ ਰਿਹਾ ਹੈ। ਉਨ੍ਹਾ ਕਿਹਾ ਕਿ ਕਾਲੇ ਦੌਰ ਵਿੱਚ ਕਾਮਰੇਡ ਆਨੰਦ ਦੀ ਭੂਮਿਕਾ ਹਮੇਸ਼ਾ ਪ੍ਰੇਰਨਾ ਦਾਇਕ ਰਹੇਗੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੇ ਸਬਕ ਸਿੱਖ ਕੇ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ। 
ਕਾਮਰੇਡ ਸੁਖਦਰਸ਼ਨ ਨੱਤ
ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਖੱਬੀਆਂ ਧਿਰਾਂ ਦੇ ਇੱਕ ਦੂਜੇ ਦੇ ਨੇੜੇ ਆਉਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਨੂੰ ਇਕੱਠੇ ਹੋਣ ਲਈ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। 
ਉਨ੍ਹਾ ਕਿਹਾ ਕਿ ਇਸ ਵੇਲੇ ਦੇਸ਼ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਖੱਬੀਆਂ ਪਾਰਟੀਆਂ ਨੂੰ ਇਸ ਸੰਕਟ ਵੇਲੇ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਇੱਕ ਸਾਂਝਾ ਮੰਚ ਮੁਹੱਈਆ ਕਰਾਉਣਾ ਚਾਹੀਦਾ ਹੈ।
ਐਡਵੋਕੇਟ ਦਰਬਾਰਾ ਸਿੰਘ ਢਿੱਲੋਂ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਇੱਕ ਬਹੁ-ਪੱਖੀ ਸ਼ਖਸੀਅਤ ਸਨ ਅਤੇ ਉਨ੍ਹਾ ਨੂੰ ਹਰ ਇੱਕ ਨੂੰ ਆਪਣਾ ਬਣਾਉਣ ਆਉਂਦਾ ਸੀ। ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਵਿੱਚ ਏਕਾ ਹੋਣਾ ਚਾਹੀਦਾ ਹੈ ਅਤੇ ਉਹ ਇਸ ਏਕੇ ਦੇ ਹਾਮੀ ਹਨ।
ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ
ਸਮਾਗਮ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਸੋਚ ਬਹੁਤ ਹੀ ਵਿਸ਼ਾਲ ਸੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਦੀ ਕਲਮ ਵਿੱਚ ਦੱਬੇ-ਕੁਚਲੇ ਲੋਕਾਂ ਦਾ ਦਰਦ ਸੀ। ਉਨ੍ਹਾ ਕਿਹਾ ਕਿ ਕ੍ਰਾਂਤੀਕਾਰੀ ਕਦੇ ਨਹੀਂ ਮਰਦੇ ਅਤੇ ਉਨ੍ਹਾ ਦੀ ਮੌਤ ਨੂੰ ਜਸ਼ਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਬਹੁਤ ਜ਼ਿਆਦਾ ਲੋਕ ਆਖ਼ਰੀ ਉਮਰੇ ਥੱਕ ਜਾਂਦੇ ਹਨ ਤੇ ਉਹ ਆਤਮ ਸਮਰਪਣ ਕਰ ਜਾਂਦੇ ਹਨ, ਪਰ ਆਨੰਦ ਸਾਹਿਬ ਨੇ ਸਾਰਾ ਜੀਵਨ ਬੜੇ ਜੋਸ਼ੀਲੇ ਢੰਗ ਨਾਲ ਜੀਆ ।
ਸਰਵਣ ਸਿੰਘ ਫਿਲੌਰ
ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਸਰਵਣ ਸਿੰਘ ਫਿਲੌਰ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਨੰਦ ਸਾਹਿਬ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾ ਨੇ 1977 ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਕਈ ਸਟੇਜਾਂ ਸਾਂਝੀਆਂ ਕੀਤੀਆਂ ਸਨ। ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਉਹ ਆਨੰਦ ਸਾਹਿਬ ਦੇ ਵਿਚਾਰਾਂ ਤੋਂ ਕਾਇਲ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ ਅਤੇ ਉਨ੍ਹਾ ਦੇ ਵਿਛੋੜੇ ਨਾਲ ਮਾਨਵਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਵੱਲੋਂ ਜਗਾਈ ਗਈ ਜੋਤ ਜਗਦੀ ਰਹਿਣੀ ਚਾਹੀਦੀ ਹੈ।
ਸਤਨਾਮ ਸਿੰਘ ਕੈਥ
ਕਾਂਗਰਸੀ ਆਗੂ ਸਤਨਾਮ ਸਿੰਘ ਕੈਂਥ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਨੰਦ ਵੱਲੋਂ ਪਾਏ ਗਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਨੰਦ ਸਾਹਿਬ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾ ਨੇ ਅਮੀਰੀ-ਗ਼ਰੀਬੀ ਦਾ ਪਾੜਾ ਖ਼ਤਮ ਕਰਨ ਅਤੇ ਦੱਬੇ-ਕੁਚਲੇ ਲੋਕਾਂ ਨੂੰ ਆਵਾਜ਼ ਦਿੱਤੀ। 
ਇਰਵਿਨ ਖੰਨਾ
ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ ਨੇ ਆਨੰਦ ਸਾਹਿਬ ਦੇ ਪਰਵਾਰ ਨਾਲ ਸਾਂਝ ਦੀਆਂ ਤੰਦਾਂ ਨੂੰ ਯਾਦ ਕੀਤਾ। ਉਨ੍ਹਾ ਦੱਸਿਆ ਕਿ ਉਹ ਆਨੰਦ ਸਾਹਿਬ ਦੀ ਉਂਗਲ ਫੜ ਕੇ ਪੱਤਰਕਾਰੀ ਦੇ ਖੇਤਰ ਵਿੱਚ ਆਏ ਸਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਕਲਮ ਦੇ ਧਨੀ ਤੇ ਚੰਗੇ ਬੁਲਾਰੇ ਸਨ, ਜਿਸ ਸਦਕਾ ਉਨ੍ਹਾ ਦੀ ਪਛਾਣ ਪੂਰੇ ਦੇਸ਼ ਵਿੱਚ ਸੀ। ਉਨ੍ਹਾ ਕਿਹਾ ਕਿ ਐਮਰਜੈਂਸੀ ਅਤੇ ਪੰਜਾਬੀ ਭਾਸ਼ਾ ਦੀ ਲੜਾਈ ਵਿੱਚ ਆਨੰਦ ਸਾਹਿਬ ਨੇ ਮੋਹਰੀ ਰੋਲ ਅਦਾ ਕੀਤਾ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਤੀਕ ਸਨ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ ਹਮੇਸ਼ਾ ਮਰਿਯਾਦਾ ਦਾ ਜੀਵਨ ਜੀਵਿਆ ਅਤੇ ਦੇਸ਼ ਅਤੇ ਸਮਾਜ ਦੇ ਪਹਿਰੇਦਾਰ ਬਣੇ। 
ਗੁਲਜਾਰ ਸਿੰਘ ਸੰਧੂ
ਉੱਘੇ ਲੇਖਕ ਅਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾ ਦਾ ਆਨੰਦ ਸਾਹਿਬ ਨਾਲ ਮੇਲ 1958 ਵਿੱਚ ਹੋਇਆ ਸੀ, ਉਨ੍ਹਾ ਨੇ ਮਿਲ ਕੇ ਰੂਸੀ ਸਾਹਿਤ ਦਾ ਅਨੁਵਾਦ ਕੀਤਾ ਸੀ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾ ਨੂੰ ਇਸ ਸਾਂਝ 'ਤੇ ਬਹੁਤ ਵੱਡਾ ਮਾਣ ਹੈ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਸ਼ਬਦਾਂ ਦੇ ਜਾਦੂਗਰ ਸਨ ਅਤੇ ਉਨ੍ਹਾ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਬਹੁਤ ਹੀ ਵਧੀਆ ਕੰਮ ਕੀਤਾ। 
'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਣਾ ਹੀ ਕਾਮਰੇਡ ਆਨੰਦ ਨੂੰ ਸੱਚੀ-ਸੁੱਚੀ ਸ਼ਰਧਾਂਜਲੀ : ਸੁਕੀਰਤ
ਆਨੰਦ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਮਰੇਡ ਸੁਕੀਰਤ ਆਨੰਦ ਨੇ ਕਿਹਾ ਕਿ ਰੋਜ਼ਾਨਾ 'ਨਵਾਂ ਜ਼ਮਾਨਾ' ਨੂੰ ਚੱਲਦਾ ਰੱਖਣਾ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸਭ ਤੋਂ ਵੱਡੀ ਅਤੇ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾ ਕਿਹਾ ਕਿ ਕਾਮਰੇਡ ਆਨੰਦ ਨੇ 'ਨਵਾਂ ਜ਼ਮਾਨਾ' ਦੇ ਸੰਪਾਦਕ ਹੁੰਦਿਆਂ ਆਪਣੀ ਆਲੋਚਨਾ ਨੂੰ ਵੀ ਕਬੂਲਿਆ ਅਤੇ ਇਸ ਨੂੰ ਅਖਬਾਰ ਵਿੱਚ ਵਿਸ਼ੇਸ਼ ਥਾਂ ਦਿੱਤੀ। ਸੁਕੀਰਤ ਆਨੰਦ ਨੇ ਕਿਹਾ ਕਿ ਸਿਧਾਂਤਕ ਸੇਧ 'ਤੇ ਚੱਲਦਿਆਂ ਸਾਰਿਆਂ ਦੀ ਮਦਦ ਨਾਲ 'ਨਵਾਂ ਜ਼ਮਾਨਾ' ਨੂੰ ਚਲਦਾ ਰੱਖਿਆ ਜਾਣਾ ਚਾਹੀਦਾ ਹੈ। ਕਮਿਊਨਿਸਟ ਪਾਰਟੀ ਦੇ ਟੁੱਟਣ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਪਹਿਲਾਂ ਇਹ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਅਤੇ ਹੁਣ ਇਸ ਵੇਲੇ ਇਸ ਦੇ 15-16 ਧੜੇ ਬਣੇ ਹੋਏ ਹਨ। ਉਨ੍ਹਾ ਕਿਹਾ ਕਿ ਆਨੰਦ ਸਾਹਿਬ ਨੇ ਪਾਰਟੀ ਦੀ ਸਾਂਝ ਅਤੇ ਫੁੱਟ ਵੀ ਦੇਖੀ। ਉਨ੍ਹਾ ਕਿਹਾ ਕਿ ਘੱਟੋ-ਘੱਟ ਖੱਬੀਆਂ ਧਿਰਾਂ ਨੂੰ ਅਮੀਰੀ-ਗ਼ਰੀਬੀ ਦਾ ਪਾੜਾ ਅਤੇ ਜਾਤ-ਪਾਤ ਦਾ ਵਰਤਾਰਾ ਖ਼ਤਮ ਕਰਨ ਲਈ ਇੱਕਜੁੱਟ ਹੋ ਜਾਣਾ ਚਾਹੀਦਾ ਹੈ। 
ਪ੍ਰਧਾਨਗੀ ਮੰਡਲ ਵਿੱਚ ਅਰਜਨ ਸਿੰਘ ਗੜਗੱਜ ਫ਼ਾਊਂਡੇਸ਼ਨ ਦੇ ਉੱਪ ਪ੍ਰਧਾਨ ਰਸ਼ਪਾਲ ਸਿੰਘ ਬੜਾ ਪਿੰਡ, ਸਕੱਤਰ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ, ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਸੁਖਦਰਸ਼ਨ ਨੱਤ, ਸੀ ਪੀ ਆਈ ਦੀ ਜਲੰਧਰ ਇਕਾਈ ਦੇ ਸਕੱਤਰ ਦਿਲਬਾਗ਼ ਸਿੰਘ ਅਟਵਾਲ, ਉੱਘੇ ਕਾਲਮ ਨਵੀਸ ਗੁਲਜ਼ਾਰ ਸਿੰਘ ਸੰਧੂ, ਰਘਵੀਰ ਸਿੰਘ ਸਿਰਜਣਾ, ਨਿਰਮਲ ਸਿੰਘ ਧਾਲੀਵਾਲ, ਬੰਤ ਬਰਾੜ, ਜਗਰੂਪ, ਭੁਪਿੰਦਰ ਸਾਂਬਰ, ਕਰਤਾਰ ਬੁਆਣੀ, ਡਾਕਟਰ ਜੁਗਿੰਦਰ ਦਿਆਲ, ਦਰਬਾਰਾ ਸਿੰਘ ਢਿੱਲੋਂ, ਆਨੰਦ ਸਾਹਿਬ ਦੇ ਦਾਮਾਦ ਡਾਕਟਰ ਚਰਨਜੀਤ ਸਿੰਘ, ਉਰਮਿਲਾ ਆਨੰਦ ਜੀ ਦੇ ਭਰਾਤਾ ਹਿਰਦੇਪਾਲ ਸਿੰਘ ਆਦਿ ਸੁਸ਼ੋਭਿਤ ਸਨ। ਸੀ ਪੀ ਆਈ ਦੇ ਗੁਰਨਾਮ ਕੰਵਰ ਨੇ ਕਵਿਤਾ ਰਾਹੀਂ ਹਾਜ਼ਰੀ ਲਵਾਈ। 'ਨਵਾਂ ਜ਼ਮਾਨਾ' ਦੇ ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਨੇ ਆਨੰਦ ਸਾਹਿਬ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਇਆ। ਨਵਾਂ ਜ਼ਮਾਨਾ ਸਟਾਫ਼ ਵੱਲੋਂ ਰਣਜੋਧ ਸਿੰਘ ਥਿੰਦ ਨੇ ਕਵਿਤਾ ਰਾਹੀਂ ਆਨੰਦ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੇ। ਸਟੇਜ ਦੀ ਕਾਰਵਾਈ 'ਨਵਾਂ ਜ਼ਮਾਨਾ' ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ ਨੇ ਚਲਾਈ। ਆਨੰਦ ਸਾਹਿਬ ਪਰਵਾਰ ਵੱਲੋਂ ਉਨ੍ਹਾ ਦੀ ਧੀ ਸੁਅੰਗਨਾ, ਦੋਹਤਰੀ ਨਿੱਘੀ ਅਤੇ ਹੋਰ ਪਰਵਾਰਕ ਮੈਂਬਰ ਹਾਜ਼ਰ ਸਨ। 
ਸ਼ਰਧਾਂਜਲੀ ਸਮਾਗਮ ਵਿੱਚ ਅਰਜਨ ਸਿੰਘ ਗੜਗੱਜ ਫ਼ਾਊਂਡੇਸ਼ਨ ਦੇ ਸੀਨੀਅਰ ਟਰੱਸਟੀ ਕਾਮਰੇਡ ਨੌਨਿਹਾਲ ਸਿੰਘ, ਜਸ ਮੰਡ, ਪ੍ਰਿਥੀਪਾਲ ਮਾੜੀਮੇਘਾ, ਅੰਮ੍ਰਿਤ ਲਾਲ, ਗੁਰਮੀਤ, ਗੁਰਮੀਤ ਸਿੰਘ ਢੱਡਾ, ਰਾਜਿੰਦਰ ਮੰਡ, ਰਾਜੇਸ਼ ਥਾਪਾ, ਮਨਜੀਤ ਸਿੰਘ ਲਾਲੀ, ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਪ੍ਰੋਫੈਸਰ ਕਰਮਜੀਤ ਸਿੰਘ, ਕਾਮਰੇਡ ਹਰਭਜਨ ਸਿੰਘ, ਬਜ਼ੁਰਗ ਕਮਿਊਨਿਸਟ ਆਗੂ ਚੈਨ ਸਿੰਘ ਚੈਨ ਦੀ ਸਪੁੱਤਰੀ ਸਵਿਤਾ ਰਾਵਲ, ਨਰਭਿੰਦਰ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਚਮਨ ਲਾਲ, ਪੰਜਾਬੀ ਜਾਗਰਣ ਦੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ, ਅਰੁਣਦੀਪ, ਪਰਮਜੀਤ ਪੰਮੀ, ਸਤਿਕਾਰ, ਖੇਤ ਮਜ਼ਦੂਰ ਆਗੂ ਸਰਵਣ ਸਿੰਘ ਨਾਗੋਕੇ, ਉੱਘੇ ਲੇਖਕ ਪਿਆਰਾ ਸਿੰਘ ਭੋਗਲ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਅਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੌਸ਼ਲ, ਦਰਸ਼ਨ ਸਿੰਘ ਢਿੱਲੋਂ ਯੂ ਕੇ, ਸੀ ਪੀ ਆਈ ਸੂਬਾ ਕੰਟਰੋਲ ਕਮਿਸ਼ਨ ਦੇ ਓ ਪੀ ਮਹਿਤਾ, ਡੀ ਪੀ ਮੌੜ, ਜੀ ਐਸ ਸੰਧੂ, ਪ੍ਰਗਤੀਸ਼ੀਲ ਲੇਖਕ ਸੰਘ ਉੱਤਰੀ ਭਾਰਤ ਜ਼ੋਨ ਦੇ ਪ੍ਰਧਾਨ ਮਿੱਤਰ ਸੈਨ ਮੀਤ, ਜਨਰਲ ਸਕੱਤਰ ਡਾਕਟਰ ਸਰਬਜੀਤ ਸਿੰਘ ਚੰਡੀਗੜ੍ਹ, ਡਾਕਟਰ ਹਰਬਿੰਦਰ ਸਿੰਘ ਸਿਰਸਾ, ਡਾਕਟਰ ਗੁਰਮੀਤ ਸਿੰਘ, ਸ਼ਹੀਦ ਸਹਿਜ ਸਿੰਘ ਛੱਜਲਵੱਡੀ ਦੇ ਧੀ-ਜੁਆਈ ਡਾਕਟਰ ਇਕਬਾਲ ਕੌਰ ਤੇ ਪ੍ਰਿੰਸੀਪਲ ਨਰੋਤਮ ਸਿੰਘ, ਉੱਘੇ ਲੇਖਕ ਗੁਰਲਾਲ ਸਿੰਘ, ਕਾਮਰੇਡ ਗੰਧਰਵ ਸੈਨ ਕੋਛੜ, ਗਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਵੱਲੋਂ ਕੁਲਵਿੰਦਰ ਕੌਰ ਬੁੱਟਰ ਪ੍ਰੋਡਿਊਸਰ ਦੂਰ ਦਰਸ਼ਨ ਕੇਂਦਰ ਜਲੰਧਰ, ਤਾਰਾ ਸਿੰਘ ਖਹਿਰਾ, ਤੇ ਦਵਿੰਦਰ ਸੋਹਲ, ਸੁਰਿੰਦਰ ਕੁਮਾਰੀ ਕੌਛੜ, ਦੇਸ਼ ਭਗਤ ਕਮੇਟੀ ਦੇ ਸੀਤਲ ਸਿੰਘ ਸੰਘਾ, ਸੀ ਪੀ ਐਮ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ ਢੱਡਾ, ਪ੍ਰੋਫ਼ੈਸਰ ਜਗਮੋਹਨ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਸੂਤ ਸਿੰਘ ਧਰਮਕੋਟ, ਪ੍ਰੋਫ਼ੈਸਰ ਗੋਪਾਲ ਸਿੰਘ ਬੁੱਟਰ, ਡਾਕਟਰ ਬਰਿੰਦਰ ਕੌਰ, ਕਾਂਗਰਸ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ, ਪੁਡੂਚੁਰੀ ਦੇ ਸਾਬਕਾ ਉੱਪ ਰਾਜਪਾਲ ਡਾਕਟਰ ਇਕਬਾਲ ਸਿੰਘ, ਸਮਾਜ ਸੇਵਕ ਹਰਬੰਸ ਸਿੰਘ ਚੰਦੀ, ਉੱਘੇ ਲੇਖਕ ਵਰਿਆਮ ਸਿੰਘ ਸੰਧੂ, ਅਰੁਣ ਮਿੱਤਰਾ, ਪੰਜਾਬ ਪੀਪਲਜ਼ ਪਾਰਟੀ ਦੇ ਆਗੂ ਨਵਜੋਤ ਸਿੰਘ ਦਾਹੀਆ, ਕਾਮਰੇਡ ਰਾਜਿੰਦਰ ਸਿੰਘ ਰਾਣਾ, ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨ ਪੁਰ ਲੋਧੀ, ਹਰਭਜਨ ਸਿੰਘ ਬਾਜਵਾ ਫ਼ੋਟੋਗ੍ਰਾਫ਼ਰ, ਸੀ ਪੀ ਆਈ ਕਪੂਰਥਲਾ ਦੇ ਸਕੱਤਰ ਕਾਮਰੇਡ ਨਿਰੰਜਣ ਸਿੰਘ ਉੱਚਾ, ਨਰਿੰਦਰ ਸੋਨੀਆ, ਗਿਆਨੀ ਗੁਰਦੇਵ ਸਿੰਘ ਨਿਹਾਲਗੜ੍ਹ ਆਦਿ ਹਾਜ਼ਰ ਸਨ। 
ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬੀ ਟ੍ਰਿਬਿਊਨ ਅਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਡਿਪਟੀ ਨਿਊਜ਼ ਐਡੀਟਰ ਬਲਬੀਰ ਜੰਡੂ, ਸ਼ਾਹਕੋਟ ਤੋਂ ਨਵਾਂ ਜ਼ਮਾਨਾ ਦੇ ਪੱਤਰਕਾਰ ਗਿਆਨ ਸੈਦਪੁਰੀ, ਬਠਿੰਡਾ ਤੋਂ ਨਵਾਂ ਜ਼ਮਾਨਾ ਦੇ ਵਿਸ਼ੇਸ਼ ਪ੍ਰਤੀਨਿਧ ਬਖਤੌਰ ਢਿੱਲੋਂ, ਲਾਭ ਸਿੰਘ ਸਿੱਧੂ, ਜੀ ਐਸ ਗੁਲਾਟੀ, ਬੰਗਾ ਹਰਜਿੰਦਰ ਸਿੰਘ ਚਾਹਲ, ਭੁਪਿੰਦਰ ਚਾਹਲ, ਤਲਵੰਡੀ ਸਾਬੋ ਤੋਂ ਜਗਦੀਪ ਗਿੱਲ, ਦੇਸ਼ ਸੇਵਕ ਦੇ ਪ੍ਰਤੀਨਿਧ ਬੀ ਐਸ ਭੁੱਲਰ ਤੋਂ ਇਲਾਵਾ ਜਸਪਾਲ ਸਿੰਘ ਮਾਨਖੇੜਾ, ਰਣਬੀਰ ਰਾਣਾ, ਸੁਰਿੰਦਰ ਪ੍ਰੀਤ ਘਣੀਆ ਤੇ ਜਗਦੀਸ਼ ਘਈ, ਅੰਮ੍ਰਿਤਸਰ ਤੋਂ ਪੱਤਰਕਾਰ ਜਸਬੀਰ ਸਿੰਘ ਪੱਟੀ, ਨਰਿੰਦਰਜੀਤ ਸਿੰਘ, ਦਵਿੰਦਰ ਸਿੰਘ ਤਰਸਿੱਕਾ, ਸਿਮਰਜੀਤ ਸਿੰਘ ਸੰਧੂ, ਵਿਜੈ ਪੰਕਜ ਅਜਨਾਲਾ, ਮੁਹਾਲੀ ਗੁਰਜੀਤ ਬਿੱਲਾ, ਅਮਰਜੀਤ ਸਿੰਘ, ਅਰੁਣ ਨਾਭਾ, ਚੰਡੀਗੜ੍ਹ ਤੋਂ ਕ੍ਰਿਸ਼ਨ ਗਰਗ, ਹੁਸ਼ਿਅਰਪੁਰ ਤੋਂ ਤਰਸੇਮ ਦੀਵਾਨਾ, ਮੋਗਾ ਤੋਂ ਇਕਬਾਲ ਸਿੰਘ, ਚੰਡੀਗੜ੍ਹ ਤੋਂ ਲੋਕ ਸੰਪਰਕ ਅਧਿਕਾਰੀ ਸਰਬਜੀਤ ਸਿੰਘ ਕੰਗਣੀਵਾਲ, ਜਸਬੀਰ ਕੌਰ, ਹਰਬੀਰ ਕੌਰ ਬਨੂੰਆਣਾ, ਕਾਮਰੇਡ ਆਨੰਦ ਹੋਰਾਂ ਦੇ ਦੇਸ਼ ਦੀ ਵੰਡ ਵੇਲੇ ਤੋਂ ਵੀ ਪਹਿਲਾਂ ਦੇ ਮਿੱਤਰ ਤਾਰਾ ਸਿੰਘ ਬੰਗਲਾਰਾਏ, ਯੂ ਸੀ ਪੀ ਆਈ ਦੇ ਕੌਮੀ ਪ੍ਰਧਾਨ ਸੁਖੇਂਦਰ ਧਾਲੀਵਾਲ, ਚਰਨ ਸਿੰਘ ਗਿੱਲ, ਮੱਲ੍ਹੀਆਂ ਕਲਾਂ ਅਵਤਾਰ ਰਾਣਾ, ਰੇਲ ਕੋਚ ਫ਼ੈਕਟਰੀ ਤੋਂ ਇੰਦਰਜੀਤ ਸਿੰਘ ਰੂਪੇਵਾਲੀ, ਕਾਮਰੇਡ ਰੂਪ ਲਾਲ ਪਰਦੇਸੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। 
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਵਿਜੈ ਚੋਪੜਾ ਵੱਲੋਂ ਭੇਜਿਆ ਗਿਆ ਸ਼ੋਕ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਇਸ ਤੋਂ ਇਲਾਵਾ 'ਦੇਸ਼ ਸੇਵਕ' ਦੇ ਸੰਪਾਦਕ ਰਿਪੁਦਮਨ ਰਿਪੀ, ਇਪਟਾ ਪੰਜਾਬ ਵੱਲੋਂ ਸੰਜੀਵਨ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕਾਮਰੇਡ ਗੁਲਜ਼ਾਰ ਗੋਰੀਆ, ਤਰਕਸ਼ੀਲ ਸੁਸਾਇਟੀ, ਸੀ ਪੀ ਆਈ ਬਲਾਕ ਮਾਛੀਵਾੜਾ ਅਤੇ ਸਮਰਾਲਾ, ਸਾਹਿਤ ਕਲਾ ਕੇਂਦਰ ਜਲੰਧਰ ਦੇ ਨਰਿੰਦਰ ਪਾਲ ਕੰਗ, ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ, ਯਾਦਗਾਰ ਕਮੇਟੀ ਬਿਲਗਾ ਵੱਲੋਂ ਕੁਲਬੀਰ ਸਿੰਘ ਸੰਘੇੜਾ, ਪੰਜਾਬ ਪੱਲੇਦਾਰ ਵਰਕਰ ਯੂਨੀਅਨ ਵੱਲੋਂ ਅਮਰ ਸਿੰਘ ਭਟੀਆ, ਜਨਤਾ ਦਲ ਸੈਕੂਲਰ ਵੱਲੋਂ ਮਾਸਟਰ ਅਵਤਾਰ ਸਿੰਘ, ਸਾਹਿਤ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਪ੍ਰੋਫ਼ੈਸਰ ਸੁਰਜੀਤ ਜੱਜ, ਮੱਖਣ ਮਾਨ, ਮਾਨਵਵਾਦੀ ਰਚਨਾ ਮੰਚ ਪੰਜਾਬ ਵੱਲੋਂ ਕੇਵਲ ਸਿੰਘ ਪਰਵਾਨਾ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ ਜਸਪਾਲ ਜ਼ੀਰਵੀ, ਦੇਸ਼ ਭਗਤ ਕਾਮਰੇਡ ਵਧਾਵਾ ਰਾਮ ਯਾਦਗਾਰੀ ਕਮੇਟੀ, ਫ਼ਾਜ਼ਿਲਕਾ ਵੱਲੋਂ ਕਾਮਰੇਡ ਸ਼ਕਤੀ, ਪੰਜਾਬ ਲੈਦਰ ਫੈਡਰੇਸ਼ਨ ਵੱਲੋਂ ਅਮਨਦੀਪ ਸਿੰਘ ਸੰਧੂ, ਸਿਰਸਾ ਤੋਂ ਡਾਕਟਰ ਹਰਵਿੰਦਰ ਸਿੰਘ, ਪੰਜਾਬ ਪੈਸ਼ਨਰਜ਼ ਯੂਨੀਅਨ ਵੱਲੋਂ ਗੁਰਮੇਲ ਸਿੰਘ, ਇਸਤਰੀ ਸਭਾ ਵੱਲੋਂ ਬੀਬੀ ਗੁਰਬਖ਼ਸ਼ ਕੌਰ, ਸੀ ਪੀ ਆਈ ਚੰਡੀਗੜ੍ਹ ਇਕਾਈ ਵੱਲੋਂ ਪ੍ਰੀਤਮ ਸਿੰਘ ਹੁੰਦਲ, ਦੇਵੀ ਦਿਆਲ ਸ਼ਰਮਾ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਮ ਸਿੰਘ ਵਕੀਲ, ਪ੍ਰੈਸ ਕਲੱਬ ਮਲੀਆਂ ਕਲਾਂ ਵੱਲੋਂ ਅਵਤਾਰ ਸਿੰਘ ਰਾਣਾ, ਅਖ਼ਿਲ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਸਿਰਸਾ ਵੱਲੋਂ ਕਸ਼ਮੀਰ ਸਿੰਘ ਕਲੀਵਾਲਾ, ਪੰਜਾਬੀ ਲੇਖਕ ਸਭਾ ਸਿਰਸਾ ਵੱਲੋਂ ਡਾਕਟਰ ਹਰਵਿੰਦਰ ਸਿੰਘ ਸਿਰਸਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਆਦਰਸ਼ਨ ਨਗਰ ਜਲੰਧਰ, ਮਲਵੱਈ ਸੱਥ ਜਲੰਧਰ ਵੱਲੋਂ ਬਲਵੰਤ ਸਿੰਘ ਰੁਪਾਲ, ਮਿਹਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਗਰੂਪ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਨ ਸੇਵਾ ਸੰਘ ਦੇ ਸੁਆਮੀ ਕਸ਼ਮੀਰਾ ਸਿੰਘ, ਇੰਗਲੈਂਡ ਤੋਂ ਕੁਲਤਾਰ ਸਿੰਘ ਖਾਂਬੜਾ ਨੇ ਸ਼ੌਕ ਸੁਨੇਹੇ ਭੇਜੇ। ਪੰਜਾਬ ਪੀਪੁਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਐਤਵਾਰ ਸਵੇਰੇ ਆਨੰਦ ਸਾਹਿਬ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾ ਨੇ ਸੁਕੀਰਤ ਆਨੰਦ ਨਾਲ ਦੁੱਖ ਸਾਂਝਾ ਕੀਤਾ।
ਹੁਣ ਦੇਖਣਾ ਇਹ ਹੈ ਕਿ ਆਨੰਦ ਸਾਹਿਬ ਲਈ ਵਲਵਲਿਆਂ ਭਰਪੂਰ ਭਾਸ਼ਣ ਦੇਣ ਅਤੇ ਹੋਸ਼ ਭੁਲਾ ਦੇਣ ਵਾਲੀ ਗਰਮੀ ਵਿੱਚ ਦੂਰੋ ਦੂਰੋਂ ਚੱਲ ਕੇ ਆਏ ਇਹਨਾਂ ਲਾਲ ਝੰਡੇ ਉਪਾਸ਼ਕਾਂ ਵੱਲੋਂ ਨਵਾਂ ਜਮਾਨਾ ਨੂੰ ਅੱਜ ਦੇ ਵਪਾਰਕ ਯੁਗ ਵਿੱਚ ਚਲਦਾ ਰਖਣ ਲਈ ਅਮਲੀ ਤੌਰ 'ਤੇ ਕੀ ਕਦਮ ਚੁੱਕੇ ਜਾਂਦੇ ਹਨ ਕਿਓਂਕਿ ਆਨੰਦ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ। 

No comments: