Monday, July 27, 2015

ਪੰਜਾਬ ਦੇ ਹਿੰਸਕ ਮਿਲੀਟੈੰਟ ਇਤਿਹਾਸ ਵਿੱਚ ਭਿਆਨਕ ਮੋੜ

ਪਹਿਲੀ ਵਾਰ ਪੂਰਾ ਥਾਣਾ ਕਬਜ਼ੇ 'ਚ-ਲੋਕ ਇੱਕ  ਸਾਹ ਹੋ ਕੇ ਸੁਣਦੇ ਰਹੇ ਖਬਰਾਂ 
ਬਾਪੂ ਸੂਰਤ ਸਿੰਘ ਖਾਲਸਾ ਵਾਲੀ ਮੁਹਿੰਮ 'ਤੇ ਪੈ ਸਕਦਾ ਹੈ ਸਿਧਾ ਅਸਰ  
ਦੀਨਾਨਗਰ, ਗੁਰਦਾਸਪੁਰ//ਲੁਧਿਆਣਾ:
ਪੰਜਾਬ ਵਿੱਚ ਦਹਿਸ਼ਤਗਰਦਾਂ  ਦੇ ਵੱਡੇ ਹਮਲੇ ਨਾਲ ਹਰ ਪਾਸੇ ਸੋਗ, ਸਦਮੇ ਅਤੇ ਉਦਾਸੀ ਦੀ ਲਹਿਰ ਹੈ। ਲੋਕਾਂ ਨੂੰ ਪੰਜਾਬ ਦਾ ਸੰਤਾਪ ਇੱਕ ਵਾਰ ਫੇਰ ਸ਼ੁਰੂ ਹੁੰਦਾ ਮਹਿਸੂਸ ਹੋ ਰਿਹਾ ਹੈ। ਥਾਣੇ ਨੂੰ ਕਬਜ਼ੇ ਵਿੱਚ ਲੈਣ ਵਾਲੀ ਘਟਨਾ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾਂ ਕਦੇ ਨਹੀਂ ਵਾਪਰੀ। ਨਕਸਲਬਾੜੀ ਲਹਿਰ ਵੇਲੇ ਥਾਣਾ ਚਮਕੌਰ ਸਾਹਿਤ 'ਤੇ ਹਮਲਾ ਹੋਇਆ ਸੀ ਜਿਸਨੂੰ ਨਾਕਾਮ ਕਰ ਦਿੱਤਾ ਗਿਆ ਸੀ। ਇਸ ਹਮਲੇ ਦਾ ਸਿਧਾ ਅਸਰ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ ਬਣੀ ਮੁਹਿੰਮ 'ਤੇ ਵੀ ਪੈਣਾ ਹੈ। ਬੰਦੀ ਸਿੰਘਾਂ ਦੀ ਰਿਹਾਈ ਇੱਕ ਵਾਰ ਫੇਰ ਖਟਾਈ ਵਿੱਚ ਪੈਂਦੀ ਨਜ਼ਰ ਆ ਰਹੀ ਹੈ। 
ਹਰ ਪਾਸੇ ਸਨਸਨੀ ਦਾ ਮਾਹੌਲ ਸੀ। ਹਮਲੇ ਤੋਂ ਬਾਅਦ ਸਾਰੇ ਪੰਜਾਬ ਵਿੱਚ ਚੌਕਸੀ ਵਧਾਈ ਗਈ। ਸਰਕਾਰੀ ਦਫਤਰਾਂ ਵਿੱਚ  ਪੂਰੀ ਸਖਤੀ ਰਹੀ। ਲੁਧਿਆਣਾ ਦੇ ਸਿੰਗਲ ਵਿੰਡੋ ਵਾਲੇ ਹਾਲ ਵਿੱਚ ਇੱਕ ਇੱਕ ਵਿਅਕਤੀ ਨੂੰ ਹੀ ਅੰਦਰ ਜਾਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਸੀ। ਤਕਰੀਬਨ ਦੋ ਦਹਾਕਿਆਂ ਮਗਰੋਂ ਅੱਜ ਦੀਨਾਨਗਰ 'ਚ ਵੱਡੇ ਅੱਤਵਾਦੀ ਹਮਲੇ 'ਚ ਪੰਜਾਬ ਪੁਲਸ ਦੇ ਇੱਕ ਐਸ ਪੀ ਸਮੇਤ 5 ਪੁਲਸ ਜਵਾਨ ਸ਼ਹੀਦ ਹੋ ਗਏ ਅਤੇ ਥਾਣੇ ਦੀ ਹਵਾਲਾਤ 'ਚ ਬੰਦ ਦੋ ਵਿਅਕਤੀਆਂ ਸਮੇਤ 3 ਸ਼ਹਿਰੀ ਵੀ ਮਾਰੇ ਗਏ। ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਜੁਆਬੀ ਕਾਰਵਾਈ 'ਚ ਸਾਰੇ 3 ਅੱਤਵਾਦੀ ਮਾਰੇ ਗਏ। ਮੁਕਾਬਲਾ ਤਕਰੀਬਨ 11 ਘੰਟੇ ਜਾਰੀ ਰਿਹਾ।ਕਈ ਵਾਰ ਇਸ ਨੂੰ 12 ਘੰਟੇ ਵੀ ਕਿਹਾ ਗਿਆ।  ਮਰਨ ਵਾਲਿਆਂ ਦੀ ਗਿਣਤੀ ਵੀ ਵਧ ਘਟ ਹੁੰਦੀ ਰਹੀ।
ਉਧਰ ਦੀਨਾਨਗਰ ਵਿਖੇ ਇੱਕ ਹੋਰ ਵੱਡਾ ਦੁਖਾਂਤ ਟਲ ਗਿਆ, ਜਦੋਂ ਰੇਲਵੇ ਲਾਈਨ 'ਤੇ ਰੱਖੇ ਗਏ 5 ਬੰਬਾਂ ਦਾ ਸਮੇਂ ਸਿਰ ਪਤਾ ਲੱਗ ਜਾਣ 'ਤੇ ਉਨ੍ਹਾ ਨੂੰ ਨਕਾਰਾ ਕਰ ਦਿੱਤਾ ਗਿਆ। ਰੇਲਵੇ ਸੂਤਰਾਂ ਅਨੁਸਾਰ ਇਸ ਲਾਈਨ 'ਤੇ ਕੁਝ ਦੇਰ ਮਗਰੋਂ ਹੀ ਅੰਮ੍ਰਿਤਸਰ-ਪਠਾਨਕੋਟ ਮੁਸਾਫ਼ਰ ਗੱਡੀ ਨੇ ਗੁਜ਼ਰਨਾ ਸੀ, ਪਰ ਬੰਬਾਂ ਦਾ ਪਤਾ ਲੱਗ ਜਾਣ 'ਤੇ ਗੱਡੀ ਨੂੰ ਪਿਛਲੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਰਦੀਧਾਰੀ ਅੱਤਵਾਦੀਆਂ ਨੇ ਸਵੇਰੇ ਤਕਰੀਬਨ 5 ਵਜੇ ਇੱਕ ਢਾਬਾ ਮਾਲਕ ਨੂੰ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਲਈ। ਢਾਬਾ ਮਾਲਿਕ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਮਗਰੋਂ ਅੱਤਵਾਦੀਆਂ ਨੇ ਜੰਮੂ ਜਾ ਰਹੀ ਬੱਸ 'ਤੇ ਤਾਬੜ-ਤੋੜ ਫਾਇਰਿੰਗ ਕਰਕੇ 7 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਮਗਰੋਂ ਅੱਤਵਾਦੀਆਂ ਨੇ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਥਾਣੇ 'ਚ ਦਾਖਲ ਹੁੰਦਿਆਂ ਹੀ ਥਾਣੇ ਦੇ ਸੰਤਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਹਵਾਲਾਤ 'ਚ ਬੰਦ ਦੋ ਕੈਦੀ ਵੀ ਮਾਰ ਦਿੱਤੇ ਅਤੇ ਇਸ ਦੇ ਨਾਲ ਹੀ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ 'ਚ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਗੁਰਦਾਸਪੁਰ ਤੋਂ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਪੁਲਸ ਕਾਰਵਾਈ ਦੀ ਕਮਾਨ ਸੰਭਾਲ ਲਈ। ਇਸੇ ਦੌਰਾਨ ਇੱਕ ਗੋਲੀ ਐਸ ਪੀ (ਡੀ) ਬਲਜੀਤ ਸਿੰਘ ਦੇ ਸਿਰ 'ਚ ਲੱਗੀ ਅਤੇ ਉਹ ਸ਼ਹੀਦ ਹੋ ਗਏ। ਇਸ ਸ਼ਹੀਦੀ ਨਾਲ ਪੂਰੇ ਪੰਜਾਬ ਵਿੱਚ ਸਦਮੇ ਦੀ।   ਸੋਸ਼ਲ ਮੀਡੀਆ ਤੇ ਇਸ  ਅਧਿਕਾਰੀ ਨੂੰ  ਦਿੱਤੀ ਗਈ।  
ਪੁਲਸ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਥਾਣੇ 'ਤੇ ਕਬਜ਼ਾ ਕਰ ਲਿਆ ਅਤੇ ਪੁਲਸ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਤਕਰੀਬਨ 10 ਘੰਟੇ ਜਾਰੀ ਰਿਹਾ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਠਾਨਕੋਟ ਤੋਂ ਫ਼ੌਜ ਦੀ ਇੱਕ ਟੁਕੜੀ ਵੀ ਦੀਨਾਨਗਰ ਪੁੱਜ ਗਈ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ 'ਚ ਪੰਜਾਬ ਪੁਲਸ ਨੂੰ ਸਹਿਯੋਗ ਦਿੱਤਾ, ਪਰ ਪੰਜਾਬ ਪੁਲਸ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਂਡ ਆਪਣੇ ਹੱਥ 'ਚ ਰੱਖੀ ਅਤੇ ਅੰਤ ਸਾਰੇ 4 ਅੱਤਵਾਦੀਆਂ ਨੂੰ ਮਾਰਨ 'ਚ ਸਫ਼ਲਤਾ ਹਾਸਲ ਕੀਤੀ। ਅੱਤਵਾਦੀਆਂ ਵੱਲੋਂ ਏ ਕੇ 47 ਅਤੇ ਗਰਨੇਡਾਂ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲੇ ਕੀਤੇ ਗਏ। ਦੀਨਾਨਗਰ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅੱਜ ਸਵੇਰੇ ਹੀ ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਸ਼ਹਿਰ 'ਚ ਐਚ ਡੀ ਐਫ਼ ਸੀ ਅਤੇ ਐਕਸਿਸ ਬੈਂਕ ਦੀਆਂ ਬਰਾਂਚਾਂ ਵੀ ਬੰਦ ਰਹੀਆਂ।
ਈਟੀਵੀ ਵਾਸਤੇ ਉਚੇਚੀ ਮੀਡੀਆ ਕਵਰੇਜ ਲਈ ਲੁਧਿਆਣਾ ਦਾ ਗੌਰਵ ਵੀ ਉਚੇਚੇ ਤੌਰ ਤੇ ਪੁੱਜਿਆ 
ਦੀਨਾਨਗਰ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਸ ਦੇ ਮੁਖੀ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਤੋਂ ਤੁਰੰਤ ਦੀਨਾਨਗਰ ਪੁੱਜ ਗਏ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ। ਪ੍ਰਾਪਤ ਜਾਣਕਾਰੀ ਸਾਰੇ ਦਿਨ 'ਚ ਦੋਹਾਂ ਪਾਸਿਆਂ ਤੋਂ ਤਕਰੀਬਨ ਇੱਕ ਹਜ਼ਾਰ ਰਾਊਂਡ ਫਾਇਰਿੰਗ ਹੋਈ ਅਤੇ ਸਮੁੱਚੇ ਥਾਣਾ ਕੰਪਲੈਕਸ 'ਚ ਗੋਲੀਆਂ ਦੇ ਖਾਲੀ ਖੋਲ ਖਿਲਰੇ ਪਏ ਸਨ।
ਪੁਲਸ ਥਾਣੇ 'ਚੋਂ ਅੱਤਵਾਦੀਆਂ ਦੇ ਸਫਾਏ ਦੀ ਕਾਰਵਾਈ ਮੁਕੰਮਲ ਹੋ ਜਾਣ ਮਗਰੋਂ ਪੁਲਸ ਮੁਖੀ ਸੁਮੇਧ ਸੈਣੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਗੋਲੀ ਬਾਰੂਦ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੱਤਵਾਦੀਆਂ ਤੋਂ ਜੀ ਪੀ ਆਈ ਸਿਸਟਮ ਵੀ ਬਰਾਮਦ ਹੋਇਆ ਹੈ। ਉਨ੍ਹਾ ਦੱਸਿਆ ਕਿ ਅੱਤਵਾਦੀਆਂ ਕੋਲ ਏ ਕੇ 47 ਰਾਈਫਲਾਂ ਅਤੇ ਚੀਨ ਦੇ ਬਣੇ ਗਰਨੇਡ ਸਨ ਅਤੇ ਤਿੰਨੇ ਅੱਤਵਾਦੀ ਲਸ਼ਕਰੇ ਤਾਇਬਾ ਨਾਲ ਸੰਬੰਧਤ ਸਨ।
ਹੁਣ  ਦੇਖਣਾ ਹੈ ਕਿ ਹਮਲੇ ਮਗਰੋਂ ਉਠ ਰਹੇ ਸੁਆਲਾਂ ਅਤੇ ਲੋਕ ਮਨਾਂ  ਵਿੱਚ  ਪੈਦਾ ਹੋ ਰਹੀ ਨਿਰਾਸ਼ਾ ਨਾਲ ਸਰਕਾਰ ਕਿਵੇਂ ਨਿਪਟਦੀ ਹੈ ! ਇਸ ਹਮਲੇ ਨੇ ਜਿੱਥੇ ਮਿਲਿਤੈੰਟ ਸਫਾਂ ਵਿੱਚ ਵਧ ਰਹੀ ਸ਼ਕਤੀ ਦਾ ਸੰਕੇਤ ਦਿੱਤਾ ਹੈ ਉੱਥੇ ਖੁਫੀਆ  ਏਜੰਸੀਆਂ ਦੀ ਨਾਕਾਮੀ ਵੀ ਸਾਹਮਣੇ ਆਈ ਹੈ।  ਨਵੀਂ ਪੀੜ੍ਹੀ ਦੇ ਜਿਹਨਾਂ ਲੋਕਾਂ ਨੇ ਵੀਹ ਬੀ ਸਾਲ ਪਹਿਲਾਂ ਪੰਜਾਬ ਦਾ ਗੋਲੀ ਬਾਰੂਦ ਵਾਲਾ ਦੌਰ ਨਹੀਂ ਸੀ ਦੇਖਿਆ ਉਹਨਾਂ ਨੇ ਵੀ ਹੁਣ ਦੇਖ ਲਿਆ ਕਿ ਪੰਜਾਬ ਵਿੱਚ ਉਹਨਾਂ ਦੇ ਸੀਨੀਅਰ ਪਰਿਵਾਰਿਕ ਮੈਂਬਰਾਂ ਨੇ ਲਗਾਤਾਰ ਖੂਨੀ ਦਹਾਕਾ ਕਿਸ ਤਰਾਂ ਕੱਟਿਆ ਦੇਖਿਆ ਹੋਵੇਗਾ। 

No comments: