Wednesday, July 01, 2015

ਪੱਤਰਕਾਰਾਂ ਨੂੰ ਮਿਲੇ ਵੋਟ ਪਾਉਣ ਦਾ ਅਧਿਕਾਰ - ਬੱਲੀ ਬਰਾੜ

"ਸਰਕਾਰੀ" ਪ੍ਰੈਸ ਕਲੱਬ ਦੀ ਚੋਣ ਦਾ ਮਾਮਲਾ ਗਰਮਾਇਆ 
ਲੁਧਿਆਣਾ 1 ਜੁਲਾਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਲੁਧਿਆਣਾ ਵਿੱਚ ਕਈ ਸਾਲਾ ਤੋਂ ਲਟਕ ਰਿਹਾ ਪ੍ਰੈਸ ਕਲੱਬ ਦਾ ਮਾਮਲਾ ਇੱਕ ਵਾਰ ਫੇਰ ਗਰਮ ਹੈ। ਇਸ ਕਲੱਬ ਦੇ ਬਣਨ ਵਿੱਚ ਜਿੰਨੀ ਕੁ ਦੇਰ ਸਰਕਾਰ ਵੱਲੋਂ ਲਗਦੀ ਰਹੀ ਹੈ ਉਸਤੋਂ ਵਧ ਅੜਿੱਕੇ ਖੁਦ ਏਥੋਂ ਦਾ ਪੱਤਰਕਾਰ ਭਾਈਚਾਰਾ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਕੇ ਕੇ ਪਾਉਂਦਾ ਰਿਹਾ ਹੈ। ਹੁਣ ਫੇਰ ਪੱਤਰਕਾਰ ਸੰਗਠਨ ਇਸੇ ਮੁੱਦੇ ਨੂੰ ਲੈ ਕੇ ਆਹਮੋ ਸਾਹਮਣੇ ਹਨ। ਲੁਧਿਆਣਾ ਦੇ ਪੱਤਰਕਾਰਾਂ ਦਾ ਇੱਕ ਵੱਡਾ ਹਿੱਸਾ ਇਸ ਕਲੱਬ ਦੇ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ "ਸਰਕਾਰੀ" ਪ੍ਰੈਸ ਕਲੱਬ ਦੱਸ ਕੇ ਵਿਰੋਧ ਕਰ ਰਿਹਾ ਜਦਕਿ ਦੂਜੇ ਪਾਸੇ ਜ਼ਿਲਾ ਲੋਕ ਸੰਪਰਕ ਅਧਿਕਾਰੀ ਨੇ ਇੱਕ ਵਾਰ ਫੇਰ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਜਾਂ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕਿਸੇ ਵੀ ਕਲੱਬ ਦੀ ਚੋਣ ਨਾਲ ਕੋਈ ਸਬੰਧ ਨਹੀਂ।  ਇਹ ਪੱਤਰਕਾਰਾਂ ਦਾ ਆਪਸੀ ਮਾਮਲਾ ਹੈ। ਆਓ ਇੱਕ ਵਾਰ ਦੇਖਦੇ ਹਾਂ ਇਸ ਮਾਮਲੇ ਦੀ ਹਕੀਕਤ ਵੱਲ। 
ਪ੍ਰੈਸ ਲਾਇਨਜ਼ ਕਲੱਬ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਗੁਰਪ੍ਰੀਤ ਮਹਿਦੂਦਾਂ ਹੁਰਾਂ ਨੇ ਪ੍ਰਸਤਾਵਿਤ ਕਲੱਬ ਨੂੰ ਸਰਕਾਰੀ ਕਲੱਬ ਦੱਸਦਿਆਂ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਲ੍ਹੇ ਦੀ ਬਣਨ ਜਾ ਰਹੀ ਸਰਕਾਰੀ ਪ੍ਰੈਸ ਕਲੱਬ ਦੀ ਚੋਣ ਦਾ ਮੁਦ੍ਦਾ ਗਰਮਾਇਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਪ੍ਰੈਸ ਲਾਇਨਜ਼ ਕਲੱਬ ਪ੍ਰਧਾਨ ਬੀ ਐਸ ਬੱਲੀ ਬਰਾੜ ਅਤੇ ਹੋਰ ਅਹੁਦੇਦਾਰ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੂੰ ਮਿਲੇ ਅਤੇ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਵੱਲੋਂ ਜਿਲ੍ਹੇ ਦੀ ਐਲਾਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰੈਸ ਕਲੱਬ ਦੀ ਚੋਣ ਜਲਦ ਕਰਵਾਉਣ ਲਈ ਕਿਹਾ। ਇਸ ਤੋਂ ਬਿਨ੍ਹਾਂ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਜਿਲ੍ਹੇ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪੀਲਾ ਕਾਰਡ ਧਾਰਕਾਂ, ਮੌਜੂਦਾ ਸਮੇਂ ਪੱਤਰਕਾਰੀ ਦੇ ਖੇਤਰ ਵਿੱਚ ਲਗਾਤਾਰ 3 ਸਾਲ ਤੋਂ ਕੰਮ ਕਰ ਰਹੇ ਬਿਨ੍ਹਾਂ ਪੀਲੇ ਕਾਰਡ ਧਾਰਕਾਂ ਨੂੰ ਅਤੇ ਵਡੇਰੀ ਉਮਰ ਹੋਣ ਕਾਰਨ ਪੱਤਰਕਾਰੀ ‘ਚ ਸਰਗਰਮ ਨਾ ਰਹਿਣ ਵਾਲੇ ਸੀਨੀਅਰ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦੀ ਚੋਣ ਵੇਲੇ ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇ। ਇਸ ਤੋਂ ਬਿਨ੍ਹਾਂ ਅਹੁਦੇਦਾਰਾਂ ਨੇ ਵਰਕਿੰਗ ਜਰਨਲਿਸਟ ਐਸੋੋਸੀਏਸ਼ਨ ਵੱਲੋਂ ਅਪਣੇ ਪੱਧਰ ਤੇ ਪ੍ਰੈਸ ਕਲੱਬ ਦੀ ਚੋਣ ਕਰਵਾਉਣ ਦਾ ਮਾਮਲਾ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੀ ਅਗਰਵਾਲ ਨੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹੇ ਵਿੱਚ ਬਣਨ ਵਾਲੀ ਸਰਕਾਰੀ ਪ੍ਰੈਸ ਕਲੱਬ ਜਿਲ੍ਹੇ ਪੱਧਰ ਦੀ ਹੀ ਬਣੇਗੀ ਜਿਸ ਵਿੱਚ ਲੋਕਤੰਤਰਿਕ ਤਰੀਕੇ ਨਾਲ ਸਾਰੇ ਪੱਤਰਕਾਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਉਨ੍ਹਾਂ ਏਹ ਵੀ ਕਿਹਾ ਕਿ ਕਿਸੇ ਦੀ ਨਿੱਜੀ ਬਣਨ ਵਾਲੀ ਪ੍ਰੈਸ ਕਲੱਬ ਦਾ ਪ੍ਰਸ਼ਾਸਨ ਨਾਲ ਕੋਈ ਸੰਬਧ ਨਹੀ ਹੈ। ਉਨ੍ਹਾਂ ਇਸ ਮਾਮਲੇ ਨੂੰ ਘੋਖਣ ਲਈ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਡਿੳੂਟੀ ਵੀ ਲਗਾਈ।
ਉਧਰ ਇਸ ਮਾਮਲੇ ਤੇ ਜਦੋਂ DPRO ਪ੍ਰਭਜੋਤ ਸਿੰਘ ਨੱਥੋਵਾਲ ਨੂੰ ਪੱਤਰਕਾਰਾਂ ਦਾ ਵਫ਼ਦ ਮਿਲਿਆ ਤਾਂ ਉਨ੍ਹਾਂ ਸਾਫ਼ ਆਖ ਦਿੱਤਾ ਕਿ ਜਿਹੜੀ ਐਸੋਸੀਏਸ਼ਨ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਪੀਲੇ ਕਾਰਡਾਂ ਨੂੰ ਮਾਨਤਾ ਨਹੀ ਦਿੰਦੀ ਵਿਭਾਗ ਦਾ ਅਜਿਹੀ ਐਸੋਸੀਏਸ਼ਨ ਨਾਲ ਕੋਈ ਸੰਬਧ ਨਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸੰਪਰਕ ਵਿਭਾਗ ਦਾ ਕਿਸੇੇ ਵੀ ਨਿੱਜੀ ਪ੍ਰੈਸ ਦੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ। ਮੁੱਖ ਮੰਤਰੀ ਵੱਲੋਂ ਜਿਲ੍ਹੇ ਦੀ ਐਲਾਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਬਣਨ ਵਾਲੀ ਪ੍ਰੈਸ ਕਲੱਬ ਲਈ ਜਮੀਨ ਅਲਾਟ ਹੋ ਚੁੱਕੀ ਹੈ ਜੋ ਅਗਲੀ ਕਾਰਵਾਈ ਲਈ ਲੋਕਲ ਸਰਕਾਰਾਂ ਦੇ ਪ੍ਰਿੰਸੀਪਲ ਸੈਕਟਰੀ ਕੋਲ ਕਾਰਵਾਈ ਲਈ ਪਈ ਹੈ।    
ਉਹਨਾਂ ਮੀਡੀਆ ਦੇ ਨਾਮ ਜਾਰੀ ਆਪਣੇ ਪੱਖ ਵਿੱਚ ਕਿਹਾ ਕਿ ਪ੍ਰੈੱਸ ਲਾਇਨਜ਼ ਕਲੱਬ ਵੱਲੋਂ ਅੱਜ ਜਾਰੀ ਕੀਤੇ ਗਏ ਪ੍ਰੈੱਸ ਨੋਟ ਸੰਬੰਧੀ ਨਿਮਨ ਹਸਤਾਖ਼ਰ ਦੇ ਪੱਖ ਨੂੰ ਸਿਰਫ਼ ਹੇਠ ਲਿਖੇ ਅਨੁਸਾਰ ਵਿਚਾਰਿਆ ਜਾਵੇ। ਨਿਮਨ ਹਸਤਾਖ਼ਰ ਵੱਲੋਂ ਉਪਰੋਕਤ ਕਲੱਬ ਨੂੰ ਦਿੱਤੇ ਆਪਣੇ ਪੱਖ ਵਿੱਚ ਕਿਸੇ ਵੀ ਕਲੱਬ ਦਾ ਨਾਮ ਨਹੀਂ ਵਰਤਿਆ ਗਿਆ ਹੈ।
''ਕਿਸੇ ਵੀ ਕਲੱਬ ਦੀ ਚੋਣ ਦਾ ਮਾਮਲਾ ਉਥੇ ਦੇ ਪੱਤਰਕਾਰਾਂ ਦਾ ਆਪਣਾ ਮਾਮਲਾ ਹੈ। ਇਸ ਦਾ ਲੋਕ ਸੰਪਰਕ ਵਿਭਾਗ ਜਾਂ ਪ੍ਰਸਾਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਸੇ ਵੀ ਕਲੱਬ ਦੀ ਚੋਣ ਵਿੱਚ ਕਿਸ ਮੈਂਬਰ ਨੂੰ ਲੈਣਾ ਹੈ, ਉਹ ਵੀ ਪੱਤਰਕਾਰਾਂ ਦਾ ਆਪਸੀ ਮਾਮਲਾ ਹੈ। ਲੁਧਿਆਣਾ ਵਿੱਚ ਪ੍ਰੈੱਸ ਕਲੱਬ ਦੀ ਇਮਾਰਤ ਸਥਾਪਤ ਕਰਨ ਬਾਰੇ ਜਿਲਾ ਪ੍ਰਸਾਸ਼ਨ ਵੱਲੋਂ ਯਤਨ ਜਾਰੀ ਹਨ।'' 
ਹੁਣ ਸੁਆਲ ਉੱਠਦਾ ਹੈ ਕਿ ਇਹ ਭੰਬਲਭੂਸਾ ਪਿਆ ਕਿਓਂ? 
ਇਸਦੀ ਅਚਾਨਕ ਸ਼ੁਰੁਆਤ ਹੋਈ ਉਦੋਂ ਜਦੋਂ ਲੁਧਿਆਣਾ ਦੇ ਮੀਡੀਆ ਫ਼ੋਟੋਗ੍ਰਾਫ਼ਰਾਂ ਦਾ ਇੱਕ ਸਰਗਰਮ ਮੈਂਬਰ ਵਿੱਕੀ ਸੀ ਐਮ ਸੀ ਵਿੱਚ ਦਾਖਲ ਸੀ। ਸਾਰੇ ਭਾਈਚਾਰੇ ਦਾ ਧਿਆਨ ਉਸਨੂੰ ਬਚਾਉਣ ਵਿੱਚ ਲੱਗਿਆ ਹੋਇਆ ਸੀ।  ਏਨੇ ਵਿੱਚ ਹੀ ਇੱਕ ਅਜਿਹੀ ਘਟਨਾ ਘਟੀ ਜਿਸ ਬਾਰੇ ਪਰਦੇ ਪਿਛੇ ਗੱਲਾਂ ਕਰਦਿਆਂ ਆਖਿਆ ਗਿਆ ਕਿ ਇਹ ਘਟਨਾ ਕਿਸੇ ਦੇ ਖਾਸ ਇਸ਼ਾਰੇ 'ਤੇ ਘਟਵਾਈ ਗਈ।  ਇਸ ਸਾਰੇ ਡਰਾਮੇ ਵਿੱਚ ਹੋਇਆ ਇਹ ਕੀ ਇੱਕ ਸਥਾਨਕ ਰਾਜਨੀਤਿਕ ਲੀਡਰ ਨੇ ਆਪਣੇ ਸਾਹਮਣੇ ਆਏ ਇੱਕ ਛੋਟੇ ਉਮਰ ਦੇ ਮੁੰਡੇ ਨੂੰ ਥੱਪੜ ਉਲਾਰ ਦਿੱਤਾ। ਮਿੰਟਾਂ ਵਿੱਚ ਹੀ ਸਾਰੀਆਂ ਤਸਵੀਰਾਂ ਕਲਿੱਕ ਹੋ ਗਈਆਂ ਅਤੇ ਸਟੋਰੀ ਹਾਈਲਾਈਟ ਹੋ ਗਈ।  ਕਿਸੇ ਇਕ ਅਧ ਪਤਰਕਾਰ ਨੂੰ ਵੀ ਸ਼ਾਇਦ ਭੀੜ ਭੜੱਕੇ ਵਿੱਚ ਲੱਗ ਲਗਾ ਗਈ ਹੋਵੇ। ਅਗਲੇ ਹੀ ਦਿਨ ਵਿੱਕੀ ਅਤੇ ਉਸ ਲੀਡਰ ਦੀ ਪਾਰਟੀ ਦੇ ਬਾਈਕਾਟ ਦਾ ਮੁੱਦਾ ਵਿਚਾਰਨ ਲਈ ਇੱਕ ਹੰਗਾਮੀ ਮੀਟਿੰਗ ਸੱਦ ਲਈ ਗਈ ਪੰਜਾਬੀ ਭਵਨ ਦੇ ਇੱਕ ਬੇਹੱਦ ਪੁਰਾਣੇ ਬ੍ਰਿਛ ਦੀ ਛਾਂ ਥੱਲੇ। ਜਿਹੜਾ ਲੁਧਿਆਣਾ ਵਿੱਚ ਬੋਧੀ ਬ੍ਰਿਛ ਵਾਂਗ ਹੀ ਜਾਣਿਆ ਜਾਂਦਾ ਹੈ। ਇਸ ਥਾਂ ਤੇ ਬੜੇ ਵੱਡੇ ਵਡੀ ਵਿਦਵਾਨਾਂ ਨੇ ਸਾਹ ਲਏ ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। 
ਮੀਡੀਆ ਨਾਲ ਜੁੜੇ ਦੋਹਾਂ ਮੁੱਦਿਆ ਦੀ ਨਾਮ ਮਾਤਰ ਚਰਚਾ ਕਰਨ ਤੋਂ ਬਾਅਦ ਛੇੜਿਆ ਗਿਆ ਪ੍ਰੈਸ ਕਲੱਬ ਦਾ ਮਸਲਾ। ਜਿਵੇਂ ਗੱਲ ਕਰਦਿਆਂ ਕਿਸੇ ਨੂੰ ਅੱਖ ਮਾਰ ਦਿੱਤੀ ਜਾਏ ਤਾਂ ਉਹ ਬੋਡੀ ਲੈਂਗੂਏਜ ਮੂੰਹੋਂ ਕਹੀ ਗਈ ਹਾਂ ਨਾਹ ਦੇ ਅਰਥ ਬਦਲ ਦੇਂਦੀ ਹੈ ਉਸੀ ਤਰਾਂ ਉਸ ਦਿਨ ਵੀ ਹੋਇਆ।  ਦੋ ਤਿੰਨ ਜਣੇ ਬਾਰ ਬਾਰ ਇਸ਼ਾਰੇ ਨਾਲ ਇੱਕ ਦੂਜੇ ਨੂੰ ਆਹ ਕਹਿਣ ਜਾਂ ਉਹ ਕਹਿਣ ਲਈ ਆਖ ਰਹੇ ਸਨ। ਉਸ ਇਤਿਹਾਸਿਕ ਬ੍ਰਿਛ ਦੇ ਮੰਚ ਤੋਂ ਬਾਕਾਇਦਾ ਪੁਛਿਆ ਗਿਆ ਕਿ ਜੇ ਕਿਸੇ ਨੂੰ DPRO ਦੀ ਮੇਲ ਨਹੀਂ ਆਉਂਦੀ ਤਾਂ ਉਹ ਦੱਸੇ। ਇੱਕ ਨਵੇਂ ਬਣੇ ਨੌਜਵਾਨ ਪੱਤਰਕਾਰ ਅਤੇ ਇੱਕ ਮਹਿਲਾ ਪੱਤਰਕ਼ਾਰ ਨੇ ਦੱਸਿਆ ਕਿ ਉਹਨਾਂ ਨੂੰ ਇਹ ਮੇਲ ਨਹੀਂ ਆਉਂਦੀ। ਉਸ ਵੇਲੇ ਨਵੇਂ ਕਲੱਬ ਦੀ ਟੀਮ ਦੇ ਇੱਕ ਸਰਗਰਮ ਮੈਂਬਰ ਨੇ ਕਿਹਾ ਬਈ ਤੈਨੂੰ ਵਾਟਸਅਪ ਤੇ ਆਉਂਦੀ ਤਾਂ ਹੈ। ਬਸ ਉਹੀ ਠੀਕ ਹੈ ਮੇਲ ਤੇ ਉਹ ਇੱਕੋ ਗੱਲ ਹੀ ਹੈ।  ਇਹ ਜਵਾਬ ਇਸ ਅੰਦਾਜ਼ ਨਾਲ ਦਿੱਤਾ ਗਿਆ ਜਿਵੇਂ ਕਿ ਜਵਾਬ ਦੇਣ ਵਾਲਾ ਜਾਂ ਇਹ ਸੁਆਲ ਪੁਛਣ ਵਾਲੇ DPRO ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰਿਤ "ਸਰਕਾਰੀ ਪੱਤਰਕਾਰ" ਹੋਣ। ਇਹੋ ਜਿਹੀਆਂ ਕਈ ਗੱਲਾਂ ਨੇ ਬਣਾਈ ਇਹ ਇਮੇਜ ਕਿ ਨਵਾਂ ਬਣਨ ਜਾ ਰਿਹਾ ਪ੍ਰੈਸ ਕਲੱਬ "ਸਰਕਾਰੀ" ਪ੍ਰੈਸ ਕਲੱਬ ਹੋਵੇਗਾ। ਇਸ ਬਾਰੇ DPRO ਪ੍ਰਭਦੀਪ ਸਿੰਘ ਨੱਥੋਵਾਲ ਨੇ ਕਈ ਵਾਰ ਬੜੇ ਸਪਸ਼ਟ ਸ਼ਬਦਾਂ ਵਿੱਚ ਨਾਮ ਲੈ ਕੇ ਵੀ ਆਖਿਆ ਕਿ ਇਹ ਸਾਰਾ ਕੁਝ ਦੋ ਤਿੰਨ ਪੱਤਰਕਾਰ ਹੀ ਕਰ ਰਹੇ ਹਨ ਪਰ ਮੀਡੀਆ ਦੇ ਅਛੂਤ ਸਮਝੇ ਜਾ ਰਹੇ ਧੜੇ ਦੇ ਗਲੋਂ ਇਹ ਗੱਲ ਕਦੇ ਨਾ ਉਤਰੀ।  ਇਸ ਤਰਾਂ DPRO ਪ੍ਰਭਦੀਪ ਸਿੰਘ ਨੱਥੋਵਾਲ ਆਪਣੇ ਸਾਊ ਸੁਭਾਅ, ਸਹਿਯੋਗੀ ਰਵਈਏ ਅਤੇ ਮਿਲਣ ਸਾਰਿਤਾ ਦੇ ਕਾਰਣ  ਹੀ ਨਿਸ਼ਾਨਾ ਬਣਾ ਦਿੱਤੇ ਗਏ। ਕਲੱਬ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਕਿਹੜੇ ਮੁੱਦੇ ਬਹਿਸ ਦਾ ਵਿਸ਼ਾ ਬਣੇ ਹੋਏ ਹਨ ਇਸਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ। 
  

No comments: