Wednesday, July 15, 2015

ਦਲਿਤਾਂ ਦੇ ਜ਼ਮੀਨੀ ਸੰਘਰਸ਼ ਨੂੰ ਮਾਓਵਾਦ ਦਾ ਨਾਂ ਦੇਣਾ ਖ਼ਤਰਨਾਕ ਰੁਝਾਨ-AFDR

Narinder Kumar Jeet posted on 15 July at 16:36 at Facebook                                   Bathinda
ਜਬਰ ਦਾ ਟਾਕਰਾ ਕਰਨ ਲਈ ਜਥੇਬੰਦ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ 
ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸੂਹੀਆਤੰਤਰ ਵਲੋਂ ਪੰਜਾਬ ਵਿਚ ਦਲਿਤਾਂ ਦੇ ਜ਼ਮੀਨਾਂ ਲਈ ਸੰਘਰਸ਼ ਨੂੰ ਮਾਓਵਾਦ-ਨਕਸਲਵਾਦ ਦੇ ਪੈਰ ਪਸਾਰਨ ਦਾ ਨਾਂ ਦੇ ਕੇ ਗ਼ਲਤ ਜਾਣਕਾਰੀ ਫੈਲਾਉਣ ਅਤੇ ਹੁਕਮਰਾਨਾਂ ਦੀਆਂ ਪਹਿਲਾਂ ਹੀ ਬੰਦ ਅੱਖਾਂ ਉਪਰ ਪੱਟੀ ਬੰਨਣ ਦਾ ਖ਼ਤਰਨਾਕ ਰੁਝਾਨ ਕਰਾਰ ਦਿੱਤਾ ਹੈ।  
ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਯਕੀਨੀ ਬਣਾਉਣ ਅਤੇ ਖੇਤੀ ਸੰਕਟ, ਬੇਰੋਜ਼ਗਾਰੀ ਅਤੇ ਹੋਰ ਆਰਥਕ ਮਸਲਿਆਂ ਨੂੰ ਹੱਲ ਕਰਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਦਾ ਸਹੀ ਰਾਹ ਅਖ਼ਤਿਆਰ ਕਰਨ ਦੀ ਥਾਂ ਬਲੀ ਦੇ ਬੱਕਰੇ ਲੱਭ ਰਹੀ ਹੈ ਜਿਨ੍ਹਾਂ ਦੇ ਬਹਾਨੇ ਲੋਕਾਂ ਦੀ ਹੱਕ-ਜਤਾਈ ਦੇ ਜਮਹੂਰੀ ਹੱਕ ਨੂੰ ਬੇਤਹਾਸ਼ਾ ਤਾਕਤ ਨਾਲ ਕੁਚਲਿਆ ਜਾ ਸਕੇ। ਸਰਕਾਰ ਅਜੇ ਵੀ ਕੰਧ 'ਤੇ ਲਿਖਿਆ ਪੜ੍ਹਨ ਲਈ ਤਿਆਰ ਨਹੀਂ ਹੈ।  
ਉਨ੍ਹਾਂ ਕਿਹਾ ਕਿ ਮਹਿਜ਼ ਦੋ ਮਹੀਨਿਆਂ 'ਚ ਹੀ ਦੋ ਜ਼ਿਲ੍ਹਿਆਂ ਅੰਦਰ 18 ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਘੋਰ ਸੰਕਟ ਦੀ ਹਾਲਤ ਵਿਚ ਸਰਕਾਰ ਵਲੋਂ ਜਵਾਬਦੇਹ ਹੋਣ ਦੀ ਥਾਂ ਕੰਨ ਤੇ ਅੱਖਾਂ ਬੰਦ ਕਰ ਲੈਣ ਕਾਰਨ ਹਰ ਤਬਕੇ 'ਚ ਹਾਹਾਕਾਰ ਮੱਚੀ ਹੋਈ ਹੈ। ਆਵਾਜਾਈ ਕੰਟਰੋਲ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਹਰ ਰੋਜ਼ ਅੱਠ-ਦਸ ਲੋਕ ਸੜਕ ਹਾਦਸਿਆਂ 'ਚ ਜਾਨਾਂ ਗਵਾ ਰਹੇ ਹਨ। ਖ਼ੁਦ ਸੂਬੇ ਦੇ ਗ੍ਰਹਿ ਮੰਤਰੀ ਦੀ ਮਾਲਕੀ ਵਾਲੀਆਂ ਔਰਬਿਟ ਬੱਸਾਂ ਆਏ ਦਿਨ ਨਾਗਰਿਕਾਂ ਨੂੰ ਸੜਕਾਂ ਉਪਰ ਕੁਚਲ ਰਹੀਆਂ ਹਨ। ਇਕ ਪਿੱਛੋਂ ਇਕ ਬੰਦਾ ਦਰੜਕੇ ਮਾਰਿਆ ਜਾਣ ਦੇ ਬਾਵਜੂਦ ਇਨ੍ਹਾਂ ਬੱਸਾਂ 'ਚ ਮੋਟਰ ਵਹੀਕਲਜ਼ ਐਕਟ ਲਾਗੂ ਨਹੀਂ ਕੀਤਾ ਜਾ ਰਿਹਾ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਬਣਾਈ ਪੁਲੀਸ ਜਾਂ ਤਾਂ ਸੱਤਾਧਾਰੀ ਧਿਰ ਨੂੰ ਬੇਕਸੂਰ ਦਿਖਾਉਣ ਦੀ ਰਾਜਭਗਤੀ ਦੇ ਯਤਨ ਕਰ ਰਹੀ ਹੁੰਦੀ ਹੈ (ਜਿਵੇਂ ਕੁਰਾਲੀ ਨੇੜੇ ਔਰਬਿਟ ਬੱਸ ਕਾਂਡ ਸਮੇਂ ਪੁਲਿਸ ਸਬੂਤ ਮਿਟਾਉਣ 'ਚ ਲੱਗੀ ਹੋਈ ਸੀ) ਜਾਂ ਲੋਕਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੁੰਦੀ ਹੈ (ਜਿਵੇਂ ਬਠਿੰਡਾ ਵਿਚ ਅਧਿਆਪਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ) । 
ਰਾਜਤੰਤਰ ਦੀ ਅਜਿਹੀ ਘੋਰ ਸੰਵੇਦਨਹੀਣਤਾ ਦੀ ਸੂਰਤ 'ਚ ਲੋਕਾਂ ਵਲੋਂ ਜਥੇਬੰਦ ਹੋ ਕੇ ਆਪਣੀ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਜਿਸ ਦੀ ਜਾਇਜ਼ ਵਰਤੋਂ ਉਹ ਹਾਕਮਾਂ ਤਕ ਆਪਣੀ ਆਵਾਜ਼ ਪਹੁੰਚਾਉਣ ਲਈ ਕਰ ਰਹੇ ਹਨ। ਲੋਕਾਂ ਦਾ ਅਮਨ ਅਮਾਨ ਹੱਕ-ਜਤਾਈ ਦਾ ਅਧਿਕਾਰ ਜਮਹੂਰੀਅਤ ਦਾ ਮੂਲ ਹੈ । ਅੱਜ ਅਮਨ ਨੂੰ ਸਭ ਤੋਂ ਵਧ ਖਤਰਾ ਸਰਕਾਰੀ ਤੰਤਰ ਤੋਂ ਹੈ। ਇਸ ਤਰਾਂ ਦੇ ਬਹਾਨੇ ਅਮਨ ਭੰਗ ਕਰਨ ਦੀ ਸਰਕਾਰੀ ਤਿਆਰੀ ਦੇ ਸੰਕੇਤ ਹਨ।
ਜਮਹੂਰੀ ਹੱਕਾਂ ਲਈ ਤਤਪਰ ਆਗੂਆਂ ਨੇ ਆਮ ਲੋਕਾਂ ਅਤੇ ਲੋਕਪੱਖੀ ਤਾਕਤਾਂ ਨੂੰ ਇਸ ਤਰਾ੍ਹਂ ਦੇ ਖ਼ਤਰਨਾਕ ਸੰਕੇਤਾਂ ਅਤੇ ਵਧ ਰਹੇ ਜਬਰ ਦਾ ਟਾਕਰਾ ਕਰਨ ਲਈ ਆਪਣੀ ਜਥੇਬੰਦ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਜਮਹੂਰੀਅਤ ਮਜ਼ਬੂਤ ਹੋ ਸਕੇ।
ਜਾਰੀ ਕਰਤਾ:
ਬੂਟਾ ਸਿੰਘ, ਸੂਬਾ ਪ੍ਰੈੱਸ ਸਕੱਤਰ, ਫ਼ੋਨ 94634-74342

No comments: