Saturday, June 06, 2015

ਓਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਮੌਕੇ ਫਿਰ ਖਾਲਿਸਤਾਨੀ ਨਾਅਰੇ

ਸਮਾਗਮ ਅਤੇ ਭਾਸ਼ਣ ਵਿੱਚ ਛਾਈ ਰਹੀ ਜੰਮੂ ਦੀ ਘਟਨਾ 
ਸਿੰਘ ਸਾਹਿਬ ਨੇ ਕੀਤਾ ਸ਼ਹੀਦ ਸਿੰਘ ਦੇ ਪਰਿਵਾਰ ਨੂੰ ਮਿਲਣ ਦਾ ਐਲਾਨ
ਅੰਮ੍ਰਿਤਸਰ: 6 ਜੂਨ 2015: (ਪੰਜਾਬ ਸਕਰੀਨ ਬਿਊਰੋ):
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਓਪਰੇਸ਼ਨ ਬਲਿਊ ਸਟਾਰ ਦੀ 31ਵੀ ਬਰਸੀ ਦੇ ਮੌਕੇ  ਜੰਮੂ ਵਿੱਚ ਇੱਕ ਸਿੱਖ ਨੌਜਵਾਨ ਦੀ ਸ਼ਹਾਦਤ ਦਾ ਸਖਤ ਨੋਟਿਸ ਲਿਆ। ਉਹਨਾਂ ਇਹ ਵੀ ਕਿਹਾ ਕਿ ਉਹ ਅੱਜ ਹੀ ਜੰਮੂ ਆ ਕੇ ਇਸ ਸ਼ਹੀਦ ਦੇ ਪਰਿਵਾਰ ਨੂੰ ਮਿਲਣਗੇ। ਉਹ ਅਪਰੇਸ਼ਨ ਬਲੂ ਸਟਾਰ ਦੀ 31ਵੀ ਬਰਸੀ ਦੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਦੇ ਨਾਮ ਆਪਣਾ ਸੁਨੇਹਾ ਪੜ੍ਹਦਿਆਂ ਇਸ ਗੱਲ 'ਤੇ ਵੀ ਤਸੱਲੀ ਪ੍ਰਗਟਾਈ ਕਿ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। 
ਪਰ ਪੁੱਜੀਆਂ ਰਿਪੋਰਟਾਂ ਮੁਤਾਬਿਕ ਸ਼੍ਰੀ ਅਕਾਲ ਤਖ਼ਤੇ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਨੇਹੇ ਖ਼ਤਮ ਕਰਨ ਦੇ ਤੁਰੰਤ ਬਾਅਦ ਉੱਥੇ ਮੌਜੂਦ ਸਿੱਖ ਸੰਗਤ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨਾਅਰੇਬਾਜ਼ੀ ਨਾਲ ਮਾਹੌਲ ਕਾਫ਼ੀ ਭਖ ਗਿਆ। ਪੁਲਿਸ ਫੋਰਸ ਤੇ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਸਾਂਝੀਆਂ ਕੋਸ਼ਿਸ਼ਾਂ ਨਾਲ ਬੀਤੇ ਸਾਲ ਦੀ ਘਟਨਾ ਵਰਗੀ ਕੋਈ ਵੀ ਘਟਨਾ ਨਹੀਂ ਹੋਈ। ਉੱਧਰ, ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਜਿੱਥੇ ਅਜੋਕੇ ਦਿਨ 1984 ਦੇ ਸ਼ਹੀਦਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੌਮੀ ਸ਼ਹੀਦ ਕਰਾਰ ਦਿੱਤਾ, ਉੱਥੇ ਹੀ ਉਨ੍ਹਾਂ ਨੇ ਜੰਮੂ 'ਚ ਹੋਈ ਹਿੰਸਕ ਘਟਨਾ ਲਈ ਜੰਮੂ ਪੁਲਿਸ, ਜੰਮੂ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ ਜਥੇਦਾਰ ਅਕਾਲ ਤਖ਼ਤ ਨੇ ਬਰਸੀ ਦੇ ਸ਼ਾਂਤੀਪੂਰਨ ਸੰਪੰਨ ਹੋਣ 'ਤੇ ਪੁਲਿਸ ਤੇ ਐਸਜੀਪੀਸੀ ਟਾਸਕ ਫੋਰਸ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਜੰਮੂ ਦੇ ਪੁਲਿਸ ਕਮਿਸ਼ਨਰ ਦੇ ਤਬਾਦਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜੰਮੂ 'ਚ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਤੇ ਕਿਹਾ ਕਿ ਉਹ ਅੱਜ ਹੀ ਜੰਮੂ ਜਾ ਕੇ ਸ਼ਹੀਦ ਨੌਜਵਾਨ ਦੇ ਪਰਿਵਾਰ ਨੂੰ ਮਿਲਣਗੇ ਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨਗੇ।

No comments: