Tuesday, June 02, 2015

ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਵੱਲੋਂ ਅੰਦੋਲਨ ਤੇਜ਼

Tue, Jun 2, 2015 at 4:15 PM
ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਸਾੜਿਆ ਸੁਖਬੀਰ ਬਾਦਲ ਦਾ ਪੁਤਲਾ
ਲੁਧਿਆਣਾ: 2 ਜੂਨ 2015: (ਪੰਜਾਬ ਸਕਰੀਨ ਬਿਊਰੋ): 
ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ ਵਿੱਚ ਅਕਾਲੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਇਸਦੇ ਵੱਡੇ ਲੀਡਰਾਂ ਦੇ ਘਰਾਂ ਅੱਗੇ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਸਾੜੇ ਗਏ ਅਤੇ ਰੋਸ ਮੁਜਾਹਰੇ ਹੋਏ। ਇੱਥੇ ਲੁਧਿਆਣਾ ਵਿਖੇ ਵੀ ਜਨਤਕ ਜੱਥੇਬੰਦੀਆਂ ਨੇ ਵੀ 'ਐਕਸ਼ਨ ਕਮੇਟੀ' ਦੇ ਬੈਨਰ ਹੇਠ ਅਕਾਲੀ ਦਲ ਦੇ ਵੱਡੇ ਆਗੂ ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਸੁਖਬੀਰ ਬਾਦਲ ਦਾ ਪੁਤਲਾ ਸਾੜਿਆ।ਪਹਿਲਾਂ ਪ੍ਰਤਾਪ ਚੌਂਕ 'ਤੇ ਰੈਲੀ ਕੀਤੀ ਗਈ। ਪ੍ਰਤਾਪ ਚੌਂਕ ਤੋਂ ਗਾਬੜੀਆ ਦੇ ਦਫ਼ਤਰ ਤੱਕ ਪੈਦਲ ਮਾਰਚ ਤੋਂ ਬਾਅਦ ਉੱਥੇ ਪੁਤਲਾ ਸਾੜਿਆ ਗਿਆ। 
ਔਰਬਿਟ ਬੱਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬੱਸ ਕੰਪਨੀ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬੱਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ਼ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ 'ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬੱਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ 'ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ । ਇਸਦੇ ਨਾਲ਼ ਹੀ ਫਰੀਦਕੋਟ ਵਿੱਚ ਔਰਬਿਟ ਬੱਸ ਕਾਂਡ ਖ਼ਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀਆਂ ਉੱਤੇ ਲਾਠੀਚਾਰਜ ਅਤੇ ਉਹਨਾਂ ਨੂੰ ਇਰਾਦਾ ਕਤਲ ਜਿਹੇ ਗੰਭੀਰ ਦੋਸ਼ਾਂ ਤਹਿਤ ਝੂਠੇ ਕੇਸਾਂ ਵਿੱਚ ਜੇਲ 'ਚ ਬੰਦ ਕਰਨ ਦੀ ਸਖਤ ਨਿੰਦਾ ਕਰਦੇ ਹੋਏ ਇਹ ਕੇਸ ਰੱਦ ਕਰਨ ਲਈ ਅਤੇ ਜੇਲ• 'ਚ ਬੰਦ ਨੌਜਵਾਨ-ਵਿਦਿਆਰਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਵੀ ਉਠਾਈ ਗਈ।
ਰੋਸ ਮੁਜਾਹਰੇ ਅਤੇ ਘਿਰਾਓ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਔਰਬਿਟ ਬੱਸ ਕੰਪਨੀ ਵੱਲੋਂ ਸਟਾਫ਼ ਦੇ ਨਾਂ ਉੱਤੇ ਭਰਤੀ ਕੀਤੇ ਗਏ ਗੁੰਡਿਆਂ ਵੱਲੋਂ ਔਰਬਿਟ ਬੱਸ ਵਿੱਚ ਮਾਂ-ਧੀ ਨਾਲ਼ ਛੇੜਛਾੜ ਅਤੇ ਚਲਦੀ ਬੱਸ ਚੋਂ ਸੜਕ ਉੱਤੇ ਧੱਕਾ ਮਾਰ ਕੇ ਸੁੱਟਣ ਦੀ ਘਟਨਾ ਅਤੇ ਕੁੜੀ ਦੇ ਕਤਲ ਦੇ ਅਸਲ ਦੋਸ਼ੀ ਬੱਸ ਕੰਪਨੀ ਮਾਲਕ ਹਨ। ਬਾਦਲ ਪਰਿਵਾਰ ਦੀ ਔਰਬਿਟ ਬੱਸ ਕੰਪਨੀ ਸਮੇਤ ਹੋਰ ਬੱਸ ਕੰਪਨੀਆਂ ਵੱਲੋਂ ਨਿਯਮ-ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਬੱਸ ਵਿੱਚ ਇਹ ਘਟਨਾ ਹੋਈ ਉਸਦੇ ਡਰਾਈਵਰ ਕੋਲ ਡਰਾਈਵਿੰਗ ਲਾਈਸੈਂਸ ਤੱਕ ਨਹੀਂ ਸੀ। ਉਸ ਵੱਲੋਂ ਡਰਾਈਵਿੰਗ ਦੌਰਾਨ ਪਹਿਲਾਂ ਵੀ  ਦੋ ਵਿਅਕਤੀ ਮਾਰੇ ਜਾ ਚੁੱਕੇ ਹਨ। ਇਸ ਬੱਸ ਕੋਲ਼ ਰੂਟ ਪਰਮਿਟ ਵੀ ਨਹੀਂ ਸੀ। ਬੱਸ ਵਿੱਚ ਗੈਰ-ਕਨੂੰਨੀ ਤੌਰ 'ਤੇ ਕਾਲੇ ਸ਼ੀਸ਼ੇ ਅਤੇ ਪਰਦੇ ਲੱਗੇ ਹੋਏ ਸਨ। ਇਸ ਲਈ ਔਰਬਿਟ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਦੇ ਵਿਅਕਤੀਆਂ ਖਾਸਕਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਉੱਤੇ ਭਾਰਤੀ ਦੰਡ ਪ੍ਰਣਾਲੀ ਅਤੇ ਮੋਟਰ-ਵਹੀਕਲ ਕਨੂੰਨ ਤਹਿਤ ਕੇਸ ਦਰਜ ਕਰਨਾ ਬਣਦਾ ਹੈ। ਪਰ ਆਪਣੀ ਸਿਆਸੀ ਤਾਕਤ ਦੇ ਦਮ ਉੱਤੇ ਇਹ ਬਚੇ ਹੋਏ ਹਨ। ਪੁਲੀਸ ਇਹਨਾਂ ਦੀ ਕਠਪੁਤਲੀ ਬਣ ਚੁੱਕੀ ਹੈ। ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸ ਕੰਪਨੀਆਂ ਵਿੱਚ ਇਸੇ ਤਰਾਂ ਨਿਯਮ-ਕਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਔਰਬਿਟ ਕੰਪਨੀ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਦੀ ਹੈ। ਇੱਕ-ਇੱਕ ਬੱਸ ਵਿੱਚ ਪੰਜ-ਪੰਜ ਗੁੰਡੇ ਹੁੰਦੇ ਹਨ ਜੋ ਸਵਾਰੀਆਂ ਖਾਸਕਰ ਔਰਤਾਂ ਨੂੰ ਤੰਗ ਕਰਦੇ ਹਨ, ਸੜਕਾਂ ਉੱਤੇ ਦੂਜੇ ਵਾਹਨਾਂ ਦੇ ਲੋਕਾਂ ਤੇ ਟ੍ਰੈਫਿਕ ਪੁਲਸ ਨਾਲ਼ ਦੁਰਵਿਵਹਾਰ ਤੇ ਕੁੱਟਮਾਰ ਕਰਦੇ ਹਨ। ਇਹ ਪੂਰੀ ਤਰਾਂ ਸਰਕਾਰ ਉੱਤੇ ਕਾਬਜ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਅਤੇ ਉਸਦੀ ਸ਼ਹਿ ਉੱਤੇ ਹੋ ਰਿਹਾ ਹੈ। ਬਾਦਲ ਪਰਿਵਾਰ ਨੇ ਜੋ ਗੁੰਡਾਗਰਦੀ ਦਾ ਮਾਹੌਲ ਬਣਾਇਆ ਹੈ ਉਸਦਾ ਨਤੀਜਾ ਹੈ 30 ਅਪ੍ਰੈਲ ਨੂੰ ਹੋਇਆ ਮੋਗਾ ਔਰਬਿਟ ਬੱਸ ਕਾਂਡ, ਜਿਸ ਵਿੱਚ 13 ਸਾਲ ਦੀ ਮਾਸੂਮ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਵੀ ਬੱਸਾਂ ਵਿੱਚ ਔਰਤਾਂ ਨਾਲ਼ ਛੇੜਛਾੜ ਰੁਕੀ ਨਹੀਂ ਹੈ। ਨਿਊ ਦੀਪ ਬਸ ਵਿੱਚ ਮੁਕਤਸਰ ਵਿੱਚ ਦੋ ਲੜਕੀਆਂ ਨਾਲ਼ ਹੋਈ ਛੇੜਛਾੜ ਦੀ ਇਸਦੀ ਉਦਾਹਰਣ ਹੈ। ਬਾਦਲਾਂ ਦੀ ਪੂਰੀ ਮਿਲੀਭੁਗਤ ਰਾਹੀਂ ਪ੍ਰਾਈਵੇਟ ਬਸ ਕੰਪਨੀਆਂ ਗੁੰਡਾਗਰਦੀ ਕਰ ਰਹੀਆਂ ਹਨ। ਪੁਲੀਸ-ਪ੍ਰਸ਼ਾਸਨ ਨੰਗੇ-ਚਿੱਟੇ ਰੂਪ ਵਿੱਚ ਇਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਪੈਸੇ, ਸਿਆਸੀ ਤਾਕਤ ਅਤੇ ਗੁੰਡਾਗਰਦੀ ਦੇ ਸਹਾਰੇ ਭਾਵੇਂ ਪੀੜਤ ਪਰਿਵਾਰ ਨੂੰ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ ਹੈ ਪਰ ਪੰਜਾਬ ਦੇ ਇਨਸਾਫ਼ ਪਸੰਦ, ਜੁਝਾਰੂ, ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਕਦੇ ਵੀ ਚੁੱਪ ਨਹੀਂ ਬੈਠਣ ਲੱਗੀਆਂ। ਮਸਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ ਹੈ ਸਗੋਂ ਪੰਜਾਬ ਦੇ ਸਮੁੱਚੇ ਆਮ ਲੋਕਾਂ ਅਤੇ ਔਰਤਾਂ ਦੀ ਸੁਰੱਖਿਆ ਦਾ ਹੈ। ਸਿਰਫ਼ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਵਿੱਚ ਹੀ ਗੁੰਡਾਗਰਦੀ ਨਹੀਂ ਹੁੰਦੀ ਸਗੋਂ ਸਾਰੀਆਂ ਨਿੱਜੀ ਬੱਸ ਕੰਪਨੀਆਂ ਅਜਿਹੀਆਂ ਹੀ ਹਨ। 
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬੱਸ ਟਰਾਂਸਪੋਰਟ ਦੇ ਨਿੱਜੀਕਰਨ ਦੀ ਨੀਤੀ ਕਰਕੇ ਆਮ ਲੋਕਾਂ ਦੀ ਆਰਥਿਕ ਤੌਰ ਉੱਤੇ ਬੇਹਿਸਾਬ ਲੁੱਟ ਹੋਈ ਹੈ। ਨਿੱਜੀਕਰਨ ਕਰਕੇ ਨਿੱਜੀ ਕੰਪਨੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਹੈ ਉੱਥੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਪਿਆ ਹੈ। ਬੱਸ ਟਰਾਂਸਪੋਰਟ ਦੇ ਨਿਜੀਕਰਨ ਦਾ ਸਭ ਤੋਂ ਵਧੇਰੇ ਫਾਇਦਾ ਬਾਦਲ ਪਰਿਵਾਰ ਨੂੰ ਹੋਇਆ ਹੈ। ਨਿੱਜੀ ਕੰਪਨੀਆਂ ਲੋਕਾਂ ਦੀ ਆਰਥਿਕ ਲੁੱਟ ਅਤੇ ਆਪਸੀ ਮੁਕਾਬਲੇ ਲਈ ਗੁੰਡਾਗਰਦੀ ਦਾ ਸਹਾਰਾ ਲੈਂਦੀਆਂ ਹਨ। ਬਾਦਲ ਪਰਿਵਾਰ ਗੁੰਡਾਗਰਦੀ ਵਿੱਚ ਸਭ ਤੋਂ ਅੱਗੇ ਹੈ। ਬੁਲਾਰਿਆਂ ਨੇ ਕਿਹਾ ਕਿ ਆਰਥਿਕ ਲੁੱਟ ਅਤੇ ਸਰਕਾਰੀ-ਗੈਰਸਰਕਾਰੀ ਗੁੰਡਾਗਰਦੀ ਖ਼ਿਲਾਫ਼ ਲੜਾਈ ਆਪਸ ਵਿੱਚ ਜੁੜੀ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕ ਇਸ ਗੁੰਡਾ ਰਾਜ ਖ਼ਿਲਾਫ਼ ਚੁੱਪ ਕਰਕੇ ਨਹੀਂ ਬੈਠ ਸਕਦੇ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਸਰਕਾਰੀ ਮੁਲਾਜਮਾਂ ਆਦਿ ਤਬਕਿਆਂ ਦੀਆਂ ਜੱਥੇਬੰਦੀਆਂ ਵੱਲੋਂ ਗਠਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਬਾਦਲ ਪਰਿਵਾਰ ਦੇ ਗੁੰਡਾ ਰਾਜ ਅਤੇ ਲੋਕਾਂ ਦੀ ਆਰਥਿਕ ਲੁੱਟ ਖ਼ਿਲਾਫ਼ ਡੱਟ ਕੇ ਘੋਲ਼ ਲੜੇਗੀ।
ਅੱਜ ਦੇ ਮੁਜਾਹਰੇ ਨੂੰ ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਨਵਕਰਨ (ਨੌਜਵਾਨ ਭਾਰਤ ਸਭਾ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਵਿਸ਼ਵਨਾਥ (ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਪ੍ਰੋ. ਜਗਮੋਹਨ ਸਿੰਘ (ਜਮਹੂਰੀ ਅਧਿਕਾਰ ਸਭਾ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਇਕਬਾਲ ਸਿੰਘ (ਟੈਕਨੀਕਲ ਸਰਵਿਸਜ ਯੂਨੀਅਨ), ਪ੍ਰਭਾਕਰ (ਸਰਭ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਸਦੇਵ ਲਲਤੋਂ (ਕਾਮਗਾਟਾ ਮਾਰੂ ਯਾਦਗਾਰੀ ਕਮੇਟੀ), ਕਸਤੂਰੀ ਲਾਲ (ਪੰਜਾਬ ਲੋਕ ਸੱਭਿਆਚਾਰਕ ਮੰਚ) ਆਦਿ ਆਗੂਆਂ ਨੇ ਸੰਬੋਧਿਤ ਕੀਤਾ।

No comments: