Monday, June 01, 2015

ਇੱਕ ਅਜਿਹੇ ਵਿਅਕਤੀ ਦੀ ਲਿਖਤ ਜਿਹੜਾ ਸੰਤ ਭਿੰਡਰਾਂਵਾਲਿਆਂ ਦਾ ਵਿਰੋਧੀ ਹੁੰਦਾ ਸੀ

Mon, Jun 1, 2015 at 8:24 AM
ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ
20 ਵੀਂ ਸਦੀ ਦੇ ਮਹਾਨ ਸਿੱਖ ਅਤੇ ਸ਼ਹੀਦ- ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
Khuswinder Singh Grewal, IHRO Coordinator, sent me a What's App Message which someone else has sent to him, on May 31, and I find much truth in it and want to share here:_ DS Gill
ਬਚਪਨ ਤੋਂ ਹੀ ਭਿੰਡਰਾਂਵਾਲੇ ਦੀ ਦਹਿਸ਼ਤ ਦੀਆਂ ਗੱਲਾਂ ਸੁਣ ਸੁਣ ਕੇ ਭਿੰਡਰਾਂਵਾਲੇ ਨੂੰ ਕੱਟੜ ਤੇ ਖੂੰਖਾਰ ਅੱਤਵਾਦੀ ਸਮਝਦੇ ਰਹੇ ਅਤੇ ਪਰਿਵਾਰ ਵਲੋਂ ਕਦੀ ਵੀ ਭਿੰਡਰਾਂਵਾਲੇ sant ji ਦੇ ਦੀਵਾਨ ਵਿੱਚ ਨਾ ਜਾਣ ਦਿੱਤਾ ਜਾਂਦਾ। ਸੰਨ 1984 ਦੇ ਹਮਲੇ ਮਗਰੋਂ ਭਾਰਤੀ ਸਰਕਾਰ ਦੀਆਂ ਕਰਤੂਤਾਂ ਦਾ ਸਿਹਰਾ ਵੀ ਭਿੰਡਰਾਂਵਾਲੇ ਸਿਰ ਮੜਨਾ ਆਮ ਜਿਹੀ ਗੱਲ ਹੋ ਚੁੱਕੀ ਸੀ। ਪੰਜਾਬ ਨੇ ਜੋ ਸੰਤਾਪ ਭੋਗਿਆ ਓਸ ਦਾ ਜਿੰਮੇਵਾਰ ਵੀ ਭਿੰਡਰਾਂਵਾਲੇ ਨੂੰ ਹੀ ਸਮਝਿਆ ਜਾਂਦਾ ਸੀ ਅਤੇ ਸਰਕਾਰੀ ਕੂੜ ਪ੍ਰਚਾਰ ਦੇ ਮੁਕਾਬਲੇ ਸਿੱਖਾਂ ਕੋਲ ਕੋਈ ਪ੍ਰਚਾਰ ਦਾ ਸਾਧਨ ਨਾਂ ਹੋਣ ਕਾਰਨ ਸਰਕਾਰੀ ਪ੍ਰਚਾਰ ਨੂੰ ਹੀ ਸਚ ਮੰਨ ਲਿਆ ਜਾਂਦਾ।
ਹੌਲੀ ਹੌਲੀ ਜਦੋਂ ਸਚਾਈ ਸਾਹਮਣੇ ਆਉਣੀ ਸ਼ੁਰੂ ਹੋਈ ਤਾਂ ਪਤਾ ਲੱਗਿਆ ਕੇ ਪੰਜਾਬ ਦੇ ਲੋਕਾਂ ਨੇ ਸਰਕਾਰੀ ਪ੍ਰਚਾਰ ਮਗਰ ਲੱਗ ਕੇ ਇੱਕ ਸੱਚਾ ਇਨਕਲਾਬੀ ਸੰਤ ਗਵਾ ਲਿਆ ਹੈ। ਜਿਹੜਾ ਪੰਜਾਬ ਦੇ ਹੱਕਾਂ ਦੀ ਖ਼ਾਤਿਰ ਜਾਨ ਵਾਰ ਗਿਆ ਹੈ। ਭਿੰਡਰਾਂਵਾਲਾ ਬਾਬਾ ਜ਼ਿੰਦਾ ਹੁੰਦਾ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ, ਪੰਜਾਬ ਦਾ ਪਾਣੀ ਪੰਜਾਬ ਕੋਲ ਹੁੰਦਾ, ਪੰਜਾਬ ਦੀ ਪ੍ਰਦੂਸ਼ਨ ਰਹਿਤ ਭਾਖੜੇ ਵਾਲੀ ਸਸਤੀ ਬਿਜਲੀ ਪੰਜਾਬ ਨੂ 24 ਘੰਟੇ ਮਿਲਦੀ, ਪੰਜਾਬ ਦਾ ਚੰਡੀਗੜ ਪੰਜਾਬ ਕੋਲੇ ਹੁੰਦਾ, ਨੌਜਵਾਨ ਨਸ਼ਿਆਂ ਨਾਲ ਨਾ ਮਰਦੇ, ਕਿਸਾਨ ਆਤਮ ਹੱਤਿਆਵਾ ਨਾ ਕਰਦੇ।

ਸਰਕਾਰੀ ਏਜੇਂਸੀਆਂ ਦਾ ਪ੍ਰਚਾਰ ਕਿ ਸੰਤ ਜੀ ਹਿੰਦੂਆਂ ਦੇ ਵਿਰੋਧੀ ਸਨ ਬਿਲਕੁੱਲ ਹੀ ਗਲਤ ਹੈ ਅਤੇ ਇਸ ਗੱਲ ਦੀ ਗਵਾਹੀ ਹਿੰਦੂ ਧਰਮ ਨਾਲ ਸਬੰਧਿਤ ਡੀ ਜੀ ਪੀ ਸ਼ਸ਼ੀ ਕਾਂਤ ਜੀ ਅਤੇ ਡਾ ਸੁਬਰਾਮਨੀਅਮ ਸਵਾਮੀ ਵੀ ਦੇ ਚੁੱਕੇ ਹਨ ਕੇ ਸੰਤ ਜੀ ਇੱਕ ਇਨਕਲਾਬੀ ਅਤੇ ਸੱਚੇ ਸੰਤ ਸਨ ਅਤੇ ਓਹ ਹਿੰਦੂਆਂ ਨੂੰ ਬਿਲਕੁਲ ਵੀ ਨਫਰਤ ਨਹੀ ਸਨ ਕਰਦੇ ਸਗੋਂ ਓਹ ਆਪਣੀ ਸ਼ਰਨ ਵਿੱਚ ਆਏ ਸਾਰੇ ਹਿੰਦੁਆਂ ਦੇ ਮਸਲੇ ਹੱਲ ਕਰਵਾਉਂਦੇ ਸਨ ਅਤੇ ਓਹਨਾਂ ਦੀ ਲੜਾਈ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਅਤੇ ਕੇਂਦਰ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਸੀ ਜਿਸਨੂੰ ਭਾਰਤੀ ਮੀਡੀਆ ਵਲੋਂ ਸਰਕਾਰੀ ਸ਼ਹਿ ਤੇ ਗਲਤ ਰੰਗਤ ਦਿੱਤੀ ਗਈ ਸੀ।


ਸੰਤ ਜੀ ਬਾਰੇ ਕੁਝ ਗੱਲਾਂ:

1.ਜੇ ਸੰਤ ਹਿੰਦੂਆਂ ਦੇ ਦੋਖੀ ਸਨ ਤਾਂ ਭਾਈ ਠਾਰਾ ਸਿੰਘ ਦੇ ਆਖਣ ‘ਤੇ ਉਨ੍ਹਾਂ ਨੇ ਗੁਰਦਾਸਪੁਰ ਦੀ ਜੇਲ੍ਹ ਅੰਦਰ ਗੁਰਦੁਆਰੇ ਦੇ ਨਾਲ ਨਾਲ ਮੰਦਰ ਕਿਉਂ ਬਣਵਾਇਆ ਤੇ ਉਸ ਮੰਦਰ ਵਿਚ ਛੇ ਹਜ਼ਾਰ ਰੁਪਏ ਦੀ ਮੂਰਤੀ ਕਿਉਂ ਲਗਵਾ ਕੇ ਦਿੱਤੀ? 


2.ਜਲਾਲਾਬਾਦ ਭਰੇ ਦੀਵਾਨ ਵਿੱਚ ਹੁਕਮ ਚੰਦ ਨਾਮੀ ਹਿੰਦੂ ਸੱਜਣ ਨੇ ਆ ਕੇ ਚੀਕ ਪੁਕਾਰ ਕੀਤੀ ਕਿ “ਮੇਰੀ ਜਵਾਨ ਕੁਆਰੀ ਧੀ ਨੂੰ ਲਾਲ ਚੰਦ ਚੁੱਕ ਕੇ ਲੈ ਗਿਆ ਏ, ਮੇਰੀ ਧੀ ਛੁਡਵਾਉ।” ਸੰਤਾਂ ਨੇ ਝੱਟ ਹੀ ਮਹਿੰਦਰ ਸਿੰਘ ਸਾਈਂਆਂ ਵਾਲੇ ਦੀ ਡਿਊਟੀ ਲਗਾਈ ਤੇ ਉਸ ਹਿੰਦੂ ਸੱਜਣ ਦੀ ਧੀ ਛੁਡਵਾਈ। ਜੇ ਸੰਤ ਹਿੰਦੂਆਂ ਦੇ ਦੁਸ਼ਮਣ ਸਨ ਤਾਂ ਫਿਰ ਪੁਰਾਤਨ ਸਿੰਘਾਂ ਵਾਂਗ ਹਿੰਦੂ ਦੀ ਧੀ ਕਿਉਂ ਛੁਡਵਾਈ? ਇਹ ਗੱਲ ਹੁਕਮ ਚੰਦ ਤੇ ਉਸਦੀ ਧੀ ਨੂੰ ਪੁੱਛੋ।
3.ਇੱਕ ਹਿੰਦੂ ਕੁੜੀ ਨੂੰ ਉਸਦੇ ਸਹੁਰੇ ਦਾਜ ਲਈ ਤੰਗ ਕਰਦੇ ਸਨ ਉਹ ਸੰਤਾਂ ਦੇ ਪੇਸ਼ ਹੋਈ, ਸੰਤਾਂ ਨੇ ਸਹੁਰੇ ਪਰਿਵਾਰ ਨੂੰ ਸੱਦ ਭੇਜਿਆ। ਕੇਹਰ ਸਿੰਘ ਪੁੱਤਰ ਗੁਰਬਖਸ਼ ਸਿੰਘ, ਵਾਸੀ ਟਾਂਡਾ ਬਸਤੀ, ਹੁਸ਼ਿਆਰਪੁਰ ਝੱਟ ਜਾ ਕੇ ਕੁੜੀ ਦੇ ਸਹੁਰੇ ਪਰਿਵਾਰ ਨੂੰ ਬੁਲਾ ਲਿਆਇਆ। ਸੰਤਾਂ ਨੇ ਨੋਟਾਂ ਨਾਲ ਭਰਿਆ ਥਾਲ ਉਸ ਕੁੜੀ ਦੇ ਸਹੁਰਿਆਂ ਨੂੰ ਪੇਸ਼ ਕਰਕੇ
ਆਖਿਆ ਕਿ ਇਹ ਹੁਣ ਮੇਰੀ ਧੀ ਹੈ ਤੇ ਜੋ ਕੁਝ ਚਾਹੀਦਾ ਹੈ ਮੈਥੋਂ ਮੰਗੋ। ਕੁੜੀ ਦੇ ਸਹੁਰੇ ਮਾਫ਼ੀਆਂ ਮੰਗਣ ਲੱਗੇ। ਮੁੜ ਕੇ ਕੁੜੀ ਨੂੰ ਕੋਈ ਤਕਲੀਫ਼ ਨਾ ਹੋਈ। ਕੀ ਉਹ ਕੁੜੀ ਆਖੇਗੀ ਕਿ ਸੰਤ ਹਿੰਦੂਆਂ ਦੇ ਦੁਸ਼ਮਣ ਸਨ?
4. ਅੰਮ੍ਰਿਤਸਰ ਵਿਚ ਕੈਲਾਸ਼ ਚੰਦਰ ਨਾਮੀ ਹਿੰਦੂ ਦੀ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਉਸਨੂੰ ਸੰਤਾਂ ਦੇ ਦੋਖੀ ਆਖਣ ਲੱਗੇ ਕਿ ਪੁਲਿਸ ਕੋਲ ਭਿੰਡਰਾਂਵਾਲੇ ਦਾ ਨਾਂ ਲੈ ਦੇ। ਪਰ ਉਹ ਸਚਾਈ ‘ਤੇ ਰਿਹਾ। ਸੰਤਾਂ ਕੋਲ ਆਇਆ ਤੇ ਆਖਣ ਲੱਗਾ ਕਿ ਜੇ ਮੈਨੂੰ ਤੁਸੀਂ 100 ਰੁਪਿਆ ਦੇ ਦੇਵੋ ਤਾਂ ਮੈਂ ਬਾਕੀਆਂ ਤੋਂ ਵੀ ਉਗਰਾਹੀ ਕਰ ਲਵਾਂਗਾ। ਸੰਤਾਂ ਨੇ ਉਸਨੂੰ 100 ਦੀ ਬਜਾਏ 500 ਰੁਪਿਆ ਦਿੱਤਾ। ਕੈਲਾਸ਼ ਚੰਦਰ ਨੂੰ ਪੁੱਛੋ ਕਿ ਕੀ ਸੰਤ ਹਿੰਦੂਆਂ ਦੇ ਵੈਰੀ ਸਨ?



5. ਉਨ੍ਹਾਂ ਨੇ ਕਪੂਰਥਲੇ ਵਿੱਚ ਜਦੋਂ ਰਮਾਇਣ ਨੂੰ ਅੱਗ ਲੱਗ ਗਈ ਸੀ ਤਾਂ ਪੰਜ ਹਜ਼ਾਰ ਰੁਪਿਆ ਮੁਕੱਦਮੇ ਉੱਤੇ ਕਿਉਂ ਖ਼ਰਚ ਦਿੱਤਾ?

6. ਜਦੋਂ ਸੰਤਾਂ ਦਾ ਜਥਾ ਰਈਏ ਕੋਲ ਜਲਾਲਾਬਾਦ ਪਿੰਡ ਵਿੱਚ ਅੰਮ੍ਰਿਤ ਸੰਚਾਰ ਕਰਵਾਉਣ ਗਿਆ ਤਾਂ ਇੱਕ ਹਿੰਦੂ ਪੰਡਿਤ ਜਗਦੀਸ਼ ਰਾਏ ਦਾ ਪੁੱਤਰ ਅਸ਼ੋਕ ਕੁਮਾਰ ਵੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਸਿੰਘਾਂ ਨੇ ਆਖਿਆ- “ਤੈਥੋਂ ਰਹਿਤ ਨਹੀਂ ਰੱਖ ਹੋਣੀ।” ਪਰ ਉਹ ਜ਼ਿਦ ਕਰ ਬੈਠਾ। ਸਿੰਘਾਂ ਨੇ ਆਖਿਆ: “ਜੇ ਕੋਈ ਅੰਮ੍ਰਿਤ ਛਕ ਕੇ ਰਹਿਤ ਭੰਗ ਕਰੇ ਤਾਂ ਅਸੀਂ ਮਿੱਟੀ ਦਾ ਤੇਲ ਪਾਕੇ ਸਾੜ ਦਿੰਦੇ ਹੁੰਦੇ ਆਂ।” ਅਸ਼ੋਕ ਕੁਮਾਰ ਤੁਰੰਤ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ ਗੁਰਦੁਆਰੇ ਲੈ ਆਇਆ ਅਤੇ ਆਖਿਆ “ਜੇ ਮੈਂ ਮਰਿਯਾਦਾ ਨਾ ਨਿਭਾਈ ਤਾਂ ਮੈਨੂੰ ਤੇਲ ਪਾ ਕੇ ਸਾੜ ਦਿਉ।” ਇਹ ਅਸ਼ੋਕ ਕੁਮਾਰ ਅੰਮ੍ਰਿਤ ਛਕ ਕੇ ਹਰਦੇਵ ਸਿੰਘ ਬਣ ਗਿਆ ਤੇ ਫਿਰ ਜੂਨ 1984 ‘ਚ ਦਰਬਾਰ ਸਾਹਿਬ ਦੀ ਰਾਖੀ ਲਈ ਸੰਤਾਂ ਦੀ ਕਮਾਂਡ ਹੇਠ ਭਾਰਤੀ ਫ਼ੌਜ ਨਾਲ ਜੂਝਦਾ ਸ਼ਹੀਦ ਹੋ ਗਿਆ। ਕੀ ਉਸਨੂੰ ਸੰਤਾਂ ਦੀ ਹਿੰਦੂਆਂ ਨਾਲ ਦੁਸ਼ਮਣੀ ਦਾ ਪਤਾ ਨਹੀਂ ਲੱਗਿਆ
7. ਪੰਡਿਤ ਮੋਹਰ ਚੰਦ ਤੋਂ ਮੋਹਰ ਸਿੰਘ ਬਣੇ ਸੱਚ ਨੂੰ ਪਛਾਣਨ ਵਾਲੇ ਮਨੁੱਖ ਤੇ ਉਨ੍ਹਾਂ ਦੀ ਧਰਮ ਪਤਨੀ ਆਪਣੀਆਂ ਦੋ ਧੀਆਂ (ਵਾਹਿਗੁਰੂ ਕੌਰ, ਸਤਿਨਾਮ ਕੌਰ) ਸਮੇਤ ਸੰਤਾਂ ਦੇ ਇਸ਼ਾਰੇ ਉਤੇ ਆਪਣੀ ਜਾਨ ਸਿੱਖੀ ਦੇ ਲੇਖੇ ਕਿਉਂ ਲਾ ਗਏ? ੧੯੮੪ ਤੋਂ ਬਾਅਦ ਪੰਡਿਤ ਮੋਹਰ ਸਿੰਘ ਦੇ ਭਾਣਜੇ ਬਖ਼ਸ਼ੀਸ਼ ਸਿੰਘ ਨੇ ਵੀ ਸਿੱਖ ਸੰਘਰਸ਼ ਵਿੱਚ ਸ਼ਾਨਦਾਰ ਕੰਮ ਕੀਤਾ।
8. ਧਰਮ ਯੁੱਧ ਮੋਰਚੇ ਮੌਕੇ ਅਕਸਰ ਹੀ ਸ਼ਹਿਰੀ ਹਿੰਦੂ ਸੰਤਾਂ ਕੋਲ ਆਉਂਦੇ ਰਹਿੰਦੇ ਸਨ। ਜਦੋਂ ਸੰਤਾਂ ਦੇ ਨਾਂ ਹੇਠ ਧਮਕੀ ਭਰੀਆਂ ਚਿੱਠੀਆਂ ਇਨ੍ਹਾਂ ਹਿੰਦੂਆਂ ਨੂੰ ਲਿਖੀਆਂ ਗਈਆਂ ਤਾਂ ਵੀ ਉਹ ਸੰਤਾਂ ਕੋਲ ਆਏ। 
ਸਵਾਲ ਤਾਂ ਇਹ ਹੈ ਕਿ ਇਨ੍ਹਾਂ ਹਿੰਦੂਆਂ ਨੂੰ ਸੰਤਾਂ ਤੋਂ ਡਰ ਕਿਉਂ ਨਹੀਂ ਸੀ ਲੱਗਦਾ? ਸਰਕਾਰੀ ਪ੍ਰਚਾਰ ਇਹ ਕੀਤਾ ਜਾਂਦਾ ਹੈ ਕੇ ਭਿੰਡਰਾਂ ਵਾਲੇ ਖਾਲਿਸਤਾਨ ਬਣਾ ਕੇ ਦੇਸ਼ ਨੂੰ ਤੋਡ਼ਨਾ ਚਾਹੁੰਦੇ ਹਨ ਪਰ ਅਸਲੀਅਤ ਇਹ ਹੈ ਕਿ ਭਿੰਡਰਾਂਵਾਲਿਆਂ ਨੇ ਕਦੀ ਖਾਲਿਸਤਾਨ ਦੀ ਮੰਗ ਕੀਤੀ ਹੀ ਨਹੀ ਸੀ। ਇਹ ਸਿਰਫ ਤੇ ਸਿਰਫ ਜਨਤਾ ਨੂੰ ਗੁਮਰਾਹ ਕਰਨ ਦਾ ਇੱਕ ਤਰੀਕਾ ਸੀ ਭਾਰਤੀ ਸਰਕਾਰ ਦਾ। ਭਿੰਡਰਾਂਵਾਲਿਆਂ ਨੇ ਸਾਫ਼ ਸਾਫ਼ ਕਿਹਾ ਹੈ ਓਹ ਭਾਰਤ ਨਾਲ ਪਹਿਲੇ ਦਰਜੇ ਦੇ ਸ਼ਹਿਰੀ ਬਣਕੇ ਰਹਿਣਾ ਚਾਹੁੰਦੇ ਹਨ ਦੂਜੇ ਦਰਜੇ ਦੇ ਨਹੀਂ| ਇਹ ਹੁਣ ਭਾਰਤ ਨੇ ਦੇਖਣਾ ਹੈ ਕਿ ਕੀ ਸਾਨੂੰ ਨਾਲ ਰਖਣਾ ਹੈ ਜਾਂ ਨਹੀਂ। ਖਾਲਿਸਤਾਨ ਬਾਰੇ ਓਹਨਾਂ ਨੇ ਇਹੀ ਗੱਲ ਕਹੀ ਸੀ ਕੇ ਜੇਕਰ ਭਾਰਤੀ ਫੌਜ ਅਕਾਲ ਤਖਤ ਸਾਹਿਬ ਤੇ ਹਮਲਾ ਕਰਦੀ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਹਮਲੇ ਦਾ ਮਤਲਬ ਸਾਫ਼ ਸਾਫ਼ ਇਹੀ ਸੀ ਕਿ ਸਿੱਖ ਕੌਮ ਨੂੰ ਹੀ ਖਤਮ ਕਰ ਦਿੱਤਾ ਜਾਵੇ, ਤਾਂ ਫਿਰ ਸਿੱਖਾਂ ਨੇ ਆਪਣੇ ਕਾਤਿਲ ਭਾਰਤ ਨਾਲ ਰਹਿ ਕੇ ਕੀ ਕਰਨਾ?
ਕਦੀ ਪਤਾ ਕੀਤਾ ਤੁਸੀਂ ਭਿੰਡਰਾਂਵਾਲੇ ਕਿਹੜੀਆਂ ਮੰਗਾਂ ਮੰਗਦੇ ਸਨ ਭਾਰਤ ਸਰਕਾਰ ਕੋਲੋਂ ? ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਕੇ ਆਹ ਮੰਗਾਂ ਕਰਨਾ ਵੀ ਜ਼ੁਰਮ ਹੁੰਦਾ ਹੈ ਭਾਰਤ ਵਿੱਚ ? ਮੇਰਾ ਪਰਿਵਾਰ ਵੀ ਭਿੰਡਰਾਂਵਾਲੇ ਦਾ ਕੱਟੜ ਵਿਰੋਧੀ ਹੁੰਦਾ ਸੀ, ਪਰ ਜਿਓਂ ਜਿਓਂ ਸੱਚਾਈ ਪਤਾ ਲਗਦੀ ਗਈ ਸਾਰੇ ਪਰਿਵਾਰ ਦੀਆਂ ਅੱਖਾਂ ਖੁਲਦੀਆਂ ਗਈਆਂ | ਬੱਸ ਲੋੜ ਹੈ ਨਫ਼ਰਤ ਛੱਡ ਕੇ ਇੱਕ ਵਾਰੀ ਧਿਆਨ ਨਾਲ ਸੋਚਣ ਦੀ ਅਤੇ ਸਚਾਈ ਸਮਝਣ ਦੀ। ਓਸ ਵੇਲੇ ਦੇ ਸਿਆਸੀ ਲੀਡਰ ਬਾਦਲ, ਟੋਹੜਾ, ਰਾਮੂਵਾਲੀਆ, ਹਰਚੰਦ ਲੌਂਗੋਵਾਲ ਆਦਿ ਸਾਰੇ ਭਿੰਡਰਾਂਵਾਲੇ ਨੂੰ ਮਰਵਾਉਣਾ ਚਾਹੁੰਦੇ ਸਨ ਕਿਓੰਕੇ ਸਾਰਾ ਪੰਜਾਬ ਭਿੰਡਰਾਂਵਾਲਿਆ ਦਾ ਹਮਾਇਤੀ ਸੀ ਅਤੇ ਭਿੰਡਰਾਂਵਾਲਿਆਂ ਦੇ ਜਿਉਂਦੇ ਜੀ ਇਹਨਾਂ ਦੀ ਦਾਲ ਨੀ ਸੀ ਗਲਣੀ, ਸੋ ਇਹਨਾਂ ਨੇ ਹਿੰਦ ਪੰਜਾਬ ਦੀ ਜੰਗ ਵਿੱਚ ਹਿੰਦ ਦਾ ਸਾਥ ਦਿੱਤਾ ਸੀ ਜਿਹੜੇ ਅੱਜ ਆਪਣੇ ਆਪ ਨੂੰ ਪੰਜਾਬ ਦੇ ਰਖਵਾਲੇ ਕਹਾਉਂਦੇ ਹਨ।
ਬਹੁਤੇ ਵੀਰ ਭਿੰਡਰਾਂਵਾਲਿਆਂ ਦੇ ਇੱਕ ਭਾਸ਼ਣ ਦਾ ਹਿੱਸਾ ਜਿਸ ਵਿੱਚ ਓਹਨਾਂ ਵਲੋਂ ਇੱਕ ਸਿੱਖ ਦੇ ਹਿੱਸੇ 35 ਹਿੰਦੂ ਆਉਣ ਦੀ ਕਹੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇੱਕ ਭਾਸ਼ਣ ਦੇਣ ਨਾਲ ਹੀ ਇਨਸਾਨ ਤੁਹਾਡੀ ਨਜ਼ਰ ਵਿੱਚ ਅੱਤਵਾਦੀ ਬਣ ਜਾਂਦਾ ਹੈ ਤਾਂ ਫਿਰ ਅਮਿਤਾਬ ਬਚਨ, ਰਜੀਵ ਗਾਂਧੀ, ਪ੍ਰਵੀਨ ਤੋਗੜੀਆ, ਬਾਲ ਠਾਕਰੇ ਆਦਿ ਆਦਿ ਵਿਰੁਧ ਕਿਓਂ ਨੀ ਬੋਲਦੇ ਤੁਸੀਂ? ਇਹਨਾਂ ਵਿੱਚੋਂ ਰਾਜੀਵ ਤੇ ਅਮਿਤਾਬ ਨੇ ਸਿੱਖਾਂ ਨੂੰ ਮਾਰਨ ਲਈ ਸ਼ਰੇਆਮ ਸੱਦਾ ਦਿੱਤਾ ਸੀ 1984 ਵਿੱਚ। ਭਿੰਡਰਾਂਵਾਲੇ ਨੇ ਸਿਰਫ ਇਹ ਬਿਆਨ ਇਸ ਕਰਕੇ ਦਿੱਤਾ ਸੀ ਕਿਓਂਕਿ ਇੱਕ ਹਿੰਦੂ ਲੀਡਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 35 ਹਿੰਦੂਆਂ ਦੇ ਹਿੱਸੇ ਇੱਕ ਇੱਕ ਸਿੱਖ ਆਉਂਦਾ ਹੈ ਤੇ ਓਸੇ ਦਾ ਜਵਾਬ ਦਿੱਤਾ ਸੀ ਸੰਤ ਜੀ ਨੇ ਕੇ ਜੇਕਰ ਇਹੋ ਜਿਹਾ ਮੌਕਾ ਆਉਂਦਾ ਹੈ ਤਾਂ ਫਿਰ ਇੱਕ ਇੱਕ ਸਿੱਖ ਦੇ ਹਿੱਸੇ ਵੀ 35-35 ਹਿੰਦੂ ਆਉਂਦੇ ਹਨ ਪਰ ਉਹਨਾਂ ਕਿਸੇ ਵੀ ਹਿੰਦੂ ਨੂੰ ਨਾਂ ਮਾਰਿਆ ਤੇ ਨਾਂ ਮਾਰਨ ਦਾ ਹੁਕਮ ਕੀਤਾ ਪਰ ਇਸ ਦੇ ਉਲਟ ਤੁਹਾਡੇ ਰਾਜੀਵ ਗਾਂਧੀ ਨੇ ਤਾਂ ਸਿੱਖਾਂ ਨੂੰ ਸ਼ਰੇਆਮ ਮਾਰਨ ਲਈ ਫੌਜ ਅਤੇ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਸਨ,ਫਿਰ ਅੱਤਵਾਦੀ ਕੌਣ ਹੋਇਆ?


ਵੀਰੋ ਭੈਣੋ ਆਪਣੇ ਦਿਲ ਵਿੱਚੋਂ ਨਫ਼ਰਤ ਖਤਮ ਕਰੋ ਜਿਹੜੀ ਭਾਰਤੀ ਏਜੇਂਸੀਆਂ ਨੇ ਸੰਤ ਜੀ ਬਾਰੇ ਗਲਤ ਪ੍ਰਚਾਰ ਕਰ ਕਰ ਕੇ ਭਰੀ ਹੋਈ ਹੈ। ਸਰਕਾਰੀ ਪ੍ਰਚਾਰ ਮਗਰ ਲੱਗ ਕੇ ਪਹਿਲਾਂ ਪੰਜਾਬ ਨੇ ਇੱਕ ਇਨਕਲਾਬੀ ਗਵਾ ਲਿਆ ਹੈ ਜਿਹੜਾ ਪੰਜਾਬ ਨੂੰ ਓਸਦੇ ਬਣਦੇ ਹੱਕ ਦਿਵਾ ਸਕਦਾ ਸੀ ਅਤੇ ਅੱਜ ਪੰਜਾਬ ਖੁਸ਼ਹਾਲ ਸੂਬਾ ਹੁੰਦਾ ਤੇ ਨਸ਼ਿਆਂ ਦੀ ਦਲਦਲ ਵਿੱਚ ਨਾ ਧਸਿਆ ਹੁੰਦਾ। ਠੰਡੇ ਦਿਮਾਗ ਨਾਲ ਸੋਚ ਕੇ ਵੇਖਿਓ ਕਦੇ, ਨਫਰਤ ਦੀ ਪੱਟੀ ਲਾਹ ਕੇ।

ਸੰਤ ਜੀ ਕਿਹਾ ਕਰਦੇ ਸਨ:

ਅਸੀਂ ਕਿਸੇ ਨੂੰ ਨਫਰਤ ਨਹੀਂ ਕਰਦੇ ਪਰ ਜੇਕਰ ਕੋਈ ਸਾਡੇ ਇਸ਼ਟ (ਧਰਮ) ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਆਪਣੇ ਹੱਕਾਂ ਲਈ ਡੱਟ ਕੇ ਲੜਾਂਗੇ। ਅਸੀਂ ਉਹਨਾਂ ਨਾਲ ਲੜਦੇ ਹਾਂ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਦੇ ਹਨ, ਬੀਬੀਆਂ ਦੀ ਬੇਪਤੀ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਉਂਦੇ ਹਨ। ਜਿੰਨਾ ਚਿਰ ਇਹ ਗੱਲਾਂ ਬੰਦ ਨਹੀਂ ਹੋ ਜਾਂਦੀਆਂ ਜੰਗ ਜਾਰੀ ਰਹੇਗੀ ਅਤੇ ਕੋਈ ਵੀ ਦੁਨੀਆਂ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ। 


ਝੂਠੇ ਸਰਕਾਰੀ ਪ੍ਰਚਾਰ ਤੋਂ ਬਚੋ, ਸਰਕਾਰੀ ਅੱਤਵਾਦ ਤੋਂ ਬਚੋ, ਆਪਣੀ ਸੋਚ ਨੂੰ ਤਗੜੀ ਕਰੋ,ਕਿਸੇ ਦੇ ਬਹਿਕਾਵੇ ਵਿੱਚ ਨਾ ਆਵੋ, ਸਚ ਪਛਾਣੋ, ਸਚ ਦੀ ਭਾਲ ਕਰੋ, ਜਿਹੜਾ ਇਨਸਾਨ ਕਿਸੇ ਲਾਲਚ ਅੱਗੇ ਨਹੀ ਵਿਕਿਆ, ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ, ਕਰੋੜਾਂ ਡਾਲਰਾਂ ਦੀ ਆਫਰ ਠੁਕਰਾ ਦਿੱਤੀ ਕਿਓੰਕੇ ਓਹ ਪੰਜਾਬ ਅਤੇ ਸਿੱਖ ਕੌਮ ਨੂੰ ਓਹਨਾਂ ਦੇ ਬਣਦੇ ਹੱਕ ਦਿਵਾਉਣਾ ਚਾਹੁੰਦਾ ਸੀ ਅਤੇ ਓਹਨਾਂ ਹੱਕਾਂ ਦੀ ਖਾਤਿਰ ਓਹਨੇ ਮੌਤ ਨੂੰ ਗਲੇ ਲਗਾਉਣਾ ਚੰਗਾ ਸਮਝਿਆ ਪਰ ਵਿਕਣਾ ਨਹੀਂ। ਕਿਹਨੂੰ ਆਪਣੀ ਜਾਨ ਨੀ ਪਿਆਰੀ ਹੁੰਦੀ? ਕਿਹੜਾ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਜੀਵਨ ਨਹੀਂ ਬਤੀਤ ਕਰਨਾ ਚਾਹੁੰਦਾ ? ਜੇਕਰ ਓਹ ਇਨਸਾਨ ਵਿਕਾਊ ਜਾਂ ਧੋਖੇਬਾਜ਼ ਹੁੰਦਾ ਤਾਂ ਅੱਜ ਦੁਨੀਆਂ ਦੇ ਕਿਸੇ ਵੀ ਮੁਲਖ ਵਿੱਚ ਬੈਠਾ ਐਸ਼ ਕਰਦਾ।
ਦੁਨੀਆਂ ਦਾ ਕੋਈ ਵੀ ਇਨਕਲਾਬੀ ਸਮੇਂ ਦੀ ਹਕੂਮਤ ਲਈ ਅੱਤਵਾਦੀ ਹੀ ਹੁੰਦਾ ਹੈ। ਭਿੰਡਰਾਂਵਾਲਿਆਂ ਦਾ ਰੁਤਬਾ ਇੱਕ ਇਨਕਲਾਬੀ ਸੰਤ ਦਾ ਹੈ ਜੋ ਆਪਣੀ ਧਰਤੀ ਅਤੇ ਆਪਣੇ ਧਰਮ ਦੇ ਹੱਕਾਂ ਦੀ ਲੜਾਈ ਲੜਿਆ ਹੈ ਅਤੇ ਜਿਸਨੇ ਸਰਕਾਰੀ ਜਬਰ ਸਾਹਮਣੇ ਝੁਕਣ ਜਾ ਵਿਕਣ ਦੀ ਬਜਾਏ ਆਪਣੀ ਜਾਨ ਪੰਜਾਬ ਅਤੇ ਸਿੱਖ ਪੰਥ ਦੇ ਲੇਖੇ ਲਾ ਦਿੱਤੀ ਹੈ। 

No comments: