Tuesday, June 30, 2015

ਸੁਣਵਾਈ ਨਾ ਹੋਈ ਤਾਂ 15 ਦਿਨਾਂ ਮਗਰੋਂ ਆਤਮਦਾਹ--ਬਲਰਾਜ ਸ਼ਰਮਾ

ਕਾਂਗਰਸ ਛਡ ਕੇ ਅਕਾਲੀ ਬਣੇ ਪੰਚ ਨੂੰ ਨਹੀਂ ਮਿਲ ਰਹੀ ਮੁਕੰਮਲ ਜਾਣਕਾਰੀ 
ਲੁਧਿਆਣਾ: 30 ਜੂਨ 2015:(ਪੰਜਾਬ ਸਕਰੀਨ ਬਿਊਰੋ):
ਜਿਨਕੇ ਜ਼ੁਲਮ ਸੇ ਦੁਖੀ ਹੈ ਜਨਤਾ, ਹਰ ਬਸਤੀ ਹਰ ਗਾਂਵ ਮੇਂ,
ਦਯਾ ਧਰਮ ਕੀ ਬਾਤ ਕਰੇਂ ਵੋ ਬੈਠ ਕੇ ਸਜੀ ਸਾਭਾਓੰ ਮੇਂ। 
ਦਾਨ ਕਾ ਚਰਚਾ ਘਰ ਘਰ ਪਹੁੰਚੇ, ਲੂਟ ਕੀ ਦੌਲਤ ਛੁਪੀ ਰਹੇ,
ਨਕਲੀ ਚੇਹਰਾ ਸਾਮਨੇ ਆਏ, ਅਸਲੀ ਸੂਰਤ ਛੁਪੀ ਰਹੇ। 
ਸੰਨ 1968 ਵਿੱਚ ਆਈ ਫਿਲਮ ਇਜ਼ਤ ਦੇ ਇਸ ਗੀਤ ਨੂੰ ਲਿਖਿਆ ਸੀ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ। ਗਾਇਆ ਸੀ ਜਨਾਬ ਮੋਹੰਮਦ ਰਫੀ ਸਾਹਿਬ ਨੇ ਅਤੇ ਸੰਗੀਤ ਨਾਲ ਸਜਾਇਆ ਸੀ ਲਕਸ਼ਮੀ ਕਾਂਤ ਪਿਆਰੇ ਲਾਲ ਨੇ। ਇਸ ਗੀਤ ਦੀ ਯਾਦ ਆਈ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਬੈਠੇ ਇੱਕ ਬਜੁਰਗ ਨੂੰ ਦੇਖ ਕੇ ਜਿਹੜਾ ਕੜਕਦੀ ਧੁੱਪ ਵਿੱਚ ਬੈਠਾ ਬੈਠਾ ਕਦੇ ਉੱਚੀ ਉੱਚੀ ਭਾਸ਼ਣ ਦੇਣ ਲੱਗ ਜਾਂਦਾ ਅਤੇ ਕਦੇ ਥੱਕ ਹਾਰ ਕੇ ਇਸ ਗੀਤ ਨੂੰ ਗੁਣਗੁਣਾਉਣ ਲੱਗ ਪੈਂਦਾ। ਪੁਛਿਆ ਤਾਂ ਇਹ ਬਜੁਰਗ ਅਖੰ ਲੱਗਿਆ ਮੈਂ ਹੁਣ ਅਸਲੀ ਚੇਹਰੇ ਸਾਹਮਣੇ ਲਿਆਉਣੇ ਹਨ। 
ਪੰਚ ਦੇ ਅਹੁਦੇ ਤੇ ਕੰਮ ਕਰ ਰਹੇ ਸੀਨੀਅਰ ਸਿਟੀਜ਼ਨ ਇਸ 78 ਸਾਲਾ ਬਿਰਧ ਅਕਾਲੀ ਵਰਕਰ ਬਲਰਾਜ ਸ਼ਰਮਾ ਨੇ ਅੱਜ ਡੀ. ਸੀ. ਦਫਤਰ ਵਿਚ ਧਰਨਾ ਦਿੰਦੇ ਹੋਏ ਦੋਸ਼ ਲਗਾਇਆ ਕਿ 150 ਦਿਨ ਗੁਜ਼ਰ ਜਾਣ ਦੇ ਬਾਅਦ ਵੀ ਉਸ ਨੂੰ ਬੀ. ਡੀ. ਪੀ. ਓ., ਪੰਚਾਇਤ ਸਕੱਤਰ ਤੇ ਸਰਪੰਚ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਜਿਸ ਕਾਰਨ ਉਸ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਸਾਰੀ ਉਮਰ ਕਾਂਗਰਸ ਪਾਰਟੀ ਵਿੱਚ ਲੰਘਾਉਣ ਵਾਲੇ ਇਸ ਬਜੁਰਗ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਤਾਂਕਿ ਉਸਨੂੰ ਇਨਸਾਫ਼ ਮਿਲ ਸਕੇ ਪਰ ਅਜਿਹਾ ਕਰਕੇ ਵੀ ਉਸਨੂੰ ਇਨਸਾਫ਼ ਨਾ ਮਿਲਿਆ।ਇਸੇ ਮੁੱਦੇ ਨੂੰ ਲੈ ਕੇ 15 ਦਿਨਾਂ ਮਗਰੋਂ ਉਸਨੇ ਦੱਸਿਆ ਕਿ ਉਹ ਸਾਹ ਦਾ ਮਰੀਜ਼ ਹੈ। ਉਹ ਸੰਤ ਵਿਹਾਰ ਬੱਲੋਕੀ ਰੋਡ ਦਾ ਰਹਿਣ ਵਾਲਾ ਹੈ, ਉਸਨੇ ਪਿੰਡ ਦੀ ਪੰਚਾਇਤ ਦੀ ਬੇਹਤਰ ਕਾਰਜਪ੍ਰਣਾਲੀ ਜਾਣਨ ਲਈ ਤੇ ਗ੍ਰਾਂਟਾਂ ਦੇ ਵੇਰਵੇ ਜਾਣਨ ਲਈ ਆਰ. ਟੀ.ਆਈ. ਐਕਟ ਅਧੀਨ ਜਾਣਕਾਰੀ ਮੰਗੀ ਸੀ। ਇਕ ਸਾਲ ਤੋਂ ਜ਼ਿਆਦਾ ਸਮੇਂ ਵਿਚ ਉਸ ਨੂੰ ਜੋ ਜਾਣਕਾਰੀ ਦਿੱਤੀ ਗਈ, ਉਹ ਵੀ ਅਧੂਰੀ ਸੀ, ਜਿਸ ਕਾਰਨ ਉਸਨੇ ਬੀ.ਡੀ.ਪੀ.ਓ. ਨੂੰ ਅਪੀਲ ਕੀਤੀ ਸੀ ਕਿ ਉਸਨੂੰ ਸਾਰੀ ਜਾਣਕਾਰੀ ਪੂਰੀ ਦਿੱਤੀ ਜਾਵੇ ਪਰ 150 ਦਿਨ ਬੀਤ ਜਾਣ ਦੇ ਬਾਅਦ ਵੀ ਜਦੋਂ ਜਾਣਕਾਰੀ ਨਾ ਦਿੱਤੀ ਗਈ ਤਾਂ ਉਸਨੇ ਇਕ ਤਸਦੀਕ ਕੀਤਾ ਹੋਇਆ ਮੰਗ ਪੱਤਰ ਵੀ ਦਿੱਤਾ। ਉਸਨੇ ਆਪਣੀ ਦਾਸਤਾਨ ਛਪਵਾ ਕੇ ਵੀ ਕੋਲ ਰੱਖੀ ਹੋਈ ਸੀ ਅਤੇ ਉਸਨੂੰ ਜ਼ੁਬਾਨੀ ਵੀ ਸਾਰਾ ਵੇਰਵਾ ਯਾਦ ਸੀ। 
ਉਨ੍ਹਾਂ ਨੇ 12 ਫਰਵਰੀ 2015 ਨੂੰ ਦੁਬਾਰਾ ਆਰ.ਟੀ.ਆਈ. ਐਕਟ ਤਹਿਤ ਬੀ.ਡੀ.ਪੀ.ਓ. ਬਲਾਕ-2 ਨੂੰ ਵੀ ਪਿੰਡ ਬੱਲੋਂ ਦੇ ਸਰਪੰਚ ਮਲਕੀਤ ਸਿੰੰਘ ਤੇ ਪੰਚਾਇਤ ਸਕੱਤਰ ਜਗਰੂਪ ਸਿੰਘ ਵਲੋਂ ਪਿੰਡਾਂ ਦੀਆਂ ਗ੍ਰਾਂਟਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਮੰਗੀ ਗਈ ਸੀ ਪਰ 5 ਮਹੀਨੇ ਬੀਤਣ ਦੇ ਬਾਅਦ ਵੀ ਜਾਣਕਾਰੀ ਨਹੀਂ ਦਿੱਤੀ ਗਈ। 

ਉਸਦਾ ਦੋਸ਼ ਸੀ ਕਿ ਉਸ ਨੂੰ ਜਾਣਕਾਰੀ ਇਸ ਲਈ ਨਹੀਂ ਦਿੱਤੀ ਜਾ ਰਹੀ ਹੈ ਤਾਂ ਕਿ ਸਰਕਾਰ ਤੋਂ ਮਿਲਣ ਵਾਲੀ ਗ੍ਰਾਂਟ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। ਜੇਕਰ ਉਹ ਜਾਣਕਾਰੀ ਦਿੰਦੇ ਹਨ ਤਾਂ ਉਨ੍ਹਾਂ ਦੇ ਕੀਤੇ ਘਪਲੇ ਜੱਗ ਜ਼ਾਹਿਰ ਹੋ ਜਾਣਗੇ। ਉਸਨੇ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨ ਅੰਦਰ ਜਾਣਕਾਰੀ ਨਾ ਦਿੱਤੀ ਗਈ ਤਾਂ ਉਹ ਡੀ. ਸੀ. ਦਫਤਰ ਦੇ ਸਾਹਮਣੇ ਹੀ ਆਤਮਦਾਹ ਕਰੇਗਾ ਅਤੇ ਇਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦਿਲਚਸਪ ਗੱਲ ਹੈ ਕਿ ਉਸਨੂੰ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਅਤੇ ਹੁਣ ਅਕਾਲੀ ਦਲ ਵਿੱਚ ਆਉਣ ਮਗਰੋਂ ਇਹੀ ਮਹਿਸੂਸ ਹੋਇਆ ਕਿ ਸਿਸਟਮ ਵਾਲਾ ਆਵਾ ਹੀ ਊਤਿਆ ਪਿਆ ਹੈ ਅਤੇ ਇਥੇ ਗਰੀਬ ਅਤੇ ਕਮਜ਼ੋਰ ਬੰਦੇ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਬੰਦਾ ਵਿਰੋਧੀ ਧਿਰ ਦਾ ਹੋਵੇ ਜਾਂ ਹਾਕਮ ਪਾਰਟੀ ਦਾ ਜੇ ਉਸਦਾ ਆਪਣਾ ਡੰਡਾ ਮਜਬੂਤ ਨਹੀਂ ਤਾਂ ਉਸਦੀ ਕਿਤੇ ਕੋਈ ਸੁਣਵਾਈ ਨਹੀਂ। 

No comments: