Monday, May 25, 2015

PAU ਦੇ ਵਿਦਿਆਰਥੀਆਂ ਨੇ ਕੀਤਾ ਸਰਾਭਾ ਦੀ ਯਾਦ ਵਿੱਚ ਕੈਂਡਲ ਮਾਰਚ

Sun, May 24, 2015 at 8:51 PM
ਭਵਿੱਖ ਵਿੱਚ ਵੀ ਅਜਿਹੀਆਂ ਸਰਗਰਮੀਆਂ ਜਾਰੀ ਰੱਖਣ ਦਾ ਐਲਾਨ  
ਲੁਧਿਆਣਾ: 24 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਦੇ ਇਤਿਹਾਸਿਕ ਦਿਹਾੜੇ ਮੌਕੇ ਵੀ ਵਿਚਾਰਧਾਰਕ ਚੇਤਨਾ ਵਿਆਪਕ ਪਧਰ ਤੇ ਨਹੀਂ ਸੀ ਜਾਗੀ। ਮੀਡੀਆ ਦੇ ਨਾਲ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਜਾਣਬੁਝ ਕੇ ਚਲਵਾਈਆਂ ਗਈਆਂ ਅਸ਼ਲੀਲਤਾ ਦੀਆਂ ਸਾਜ਼ਿਸ਼ੀ ਹਨੇਰੀਆਂ ਦੇ ਵਿੱਚ ਉੱਡਦੀ ਜਾ ਰਹੀ ਸੀ ਉਦੋਂ ਇਸ ਨਿਰਾਸ਼ਾਜਨਕ ਮਾਹੌਲ ਵਿੱਚ ਵੀ ਆਸ ਦੀਆਂ ਕੁਝ ਕਿਰਨਾਂ ਬਾਕੀ ਸਨ। ਜਦ ਜਦ ਵੀ ਪੰਜਾਬ 'ਤੇ ਭੀੜ੍ਹ ਬਣੀ ਤਾਂ ਹਰ ਨਾਜ਼ੁਕ ਮੌਕੇ ਅੱਗੇ ਹੋ ਕੇ ਨਿੱਤਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਵਾਰ ਫਿਰ ਮਿਸਾਲ ਬਣੀ। 
ਪੀਏਯੂ ਦੇ ਕੁਝ ਰੌਸ਼ਨ ਦਿਮਾਗ ਨੌਜਵਾਨਾਂ ਅਤੇ ਮੁਟਿਆਰਾਂ ਨੇ ਆਪਣੇ ਨਾਇਕ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ ਕੈਂਡਲ ਮਾਰਚ ਕਢਿਆ। ਮੈਂਬਰ ਬੜੇ ਥੋਹੜੇ ਸਨ ਪਰ ਇਹਨਾਂ ਸਾਰਿਆਂ  ਦੇ ਮੋਢਿਆਂ 'ਤੇ ਆਪਣੇ ਅਣਖੀ ਸਿਰ ਲੱਗੇ ਹੋਏ ਸਨ ਜਿਹਨਾਂ ਨੂੰ ਥੋੜ੍ਹ ਚੀਰੇ ਫਾਇਦਿਆਂ ਖਾਤਰ ਝੁਕਨਾ ਨਹੀਂ ਆਉਂਦਾ। ਇਹਨਾਂ ਸਿਰਾਂ ਵਿੱਚ ਨਾ ਕੋਈ ਲਾਲਚ ਸੀ ਅਤੇ ਨਾ ਹੀ ਕਿਸੇ ਦਾ ਡਰ। ਸ਼ਹੀਦਾਂ ਦੀ ਸੋਚ ਨੂੰ ਪ੍ਰਣਾਏ ਇਹਨਾਂ ਨੌਜਵਾਨਾਂ ਨੇ ਯੂਨੀਵਰਸਿਟੀ ਦੇ ਅੰਦਰ ਹੀ ਗੇੜਾ ਕਢਿਆ ਅਤੇ ਸ਼ਹੀਦ ਜਰਤਾਰ ਸਿੰਘ ਸਰਾਭਾ ਦੇ ਰਸਤੇ ਅਤੇ ਉਸਦੇ ਵਿਚਾਰਾਂ ਦੀ ਅਲਖ ਜਗਾਈ। ਉਹੀ ਸਰਾਭਾ ਜਿਸਨੂੰ ਭਗਤ ਸਿੰਘ ਆਪਣਾ ਗੁਰੂ ਮੰਨਦਿਆਂ ਉਸਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਸੀ। ਉਹੀ ਸਰਾਭਾ ਜਿਸਨੇ ਬਹੁਤ ਹੀ ਛੋਟੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਇੱਕ ਮਿਸਾਲ ਪੈਦਾ ਕੀਤੀ ਅਤੇ ਗਦਰ ਦੀ ਮਸ਼ਾਲ ਜਗਾਈ। ਉਹੀ ਸਰਾਭਾ ਜਿਸ ਨੇ ਗਦਰ ਦੀਆਂ ਗੂੰਜਾਂ ਨਾਲ ਕਲਮ ਦੀ ਜਿੰਮੇਵਾਰੀ ਦੱਸੀ ਸੀ ਅਤੇ ਮੀਡੀਆ ਦੀ ਸਹੀ ਅਰਥ ਸਮਝਾਏ ਸਨ। ਗਦਰ ਦੀ ਗੂੰਜ ਨੇ ਮੀਡੀਆ ਨੂੰ ਜਿਹੜੇ ਅਰਥ ਦਿੱਤੇ ਸਨ ਉਹਨਾਂ ਤੋਂ ਥਿੜਕਿਆ ਹੋਇਆ ਮੀਡੀਆ ਅੱਜ ਸਰਕਾਰੀ ਦਫਤਰਾਂ ਦੇ ਗੇੜੇ ਕਢਣ ਜੋਗਾ ਹੀ ਰਹੀ ਗਿਆ ਹੈ। ਦੇਸ਼, ਸਮਾਜ ਜਾਂ ਲੋਕਾਂ ਨਾਲ ਜਿਵੇਂ ਉਸਦਾ ਕੋਈ ਵਾਸਤਾ ਹੀ ਨਹੀਂ ਹੁੰਦਾ। ਇਸ ਕੈੰਡਲ ਮਾਰਚ ਨੇ ਸਭ ਨੂੰ ਕੁਝ ਨ ਕੁਝ ਯਾਦ ਕਰਾਇਆ ਅਤੇ ਮੌਨ ਰਹਿ  ਕੇ ਪੁਛਿਆ ਤੁਸੀਂ ਕੀ ਕਰਨਾ ਸੀ ਤੇ ਕੀ ਕਰੀ ਜਾ ਰਹੇ ਹੋ? ਇਸ ਕੈੰਡਲ ਮਾਰਚ ਨੇ ਦੱਸਿਆ ਕਿ ਜੇ ਸਰਕਾਰਾਂ ਆਪਣੇ ਸ਼ਹੀਦਾਂ ਨੂੰ ਭੁੱਲ ਕੇ ਅਕਿਰਤਘਣ ਬਣ ਸਕਦੀਆਂ ਹਨ ਤਾਂ ਸ਼ਹੀਦਾਂ ਦੇ ਵਾਰਸ ਆਪਣੇ ਫਰਜ਼ ਨੂੰ ਚੇਤੇ ਰੱਖਦੇ ਹੋਏ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ ਘਰ ਲਿਜਾਣਗੇ। 
ਸਿਰਫ ਤੀਹਾਂ ਵਿਦਿਆਰਥੀਆਂ ਦੇ ਇਸ ਛੋਟੇ ਜਹੇ ਕਾਫ਼ਿਲੇ ਨੇ ਦੱਸਿਆ ਕਿ ਗਿਣਤੀ ਘੱਟ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਹਨੇਰੇ ਨੂੰ ਚੁਨੌਤੀ ਦੇਣ ਲਈ ਇੱਕ ਚਿਰਾਗ ਹੀ ਕਾਫੀ ਹੁੰਦਾ ਹੈ। ਇੱਕ ਚੰਗਿਆੜੀ ਸਾਰੇ ਜੰਗਲ ਨੂੰ  ਕਰ ਸਕਦੀ ਹੈ ਅਤੇ ਇਹ ਤਾਂ ਤੀਹ ਸਨ। ਇਹਨਾਂ ਨੇ ਸ਼ੁਭ ਆਰੰਭ ਕੀਤਾ ਸ੍ਤੂਦੈੰਟ੍ਸ ਹੋਮ ਤੋਂ ਅਤੇ ਵੱਖ ਸੜਕਾਂ ਤੋਂ ਹੁੰਦੇ ਹੋਏ ਇਹ ਡਾਕਟਰ ਐਮ ਐਸ ਰੰਧਾਵਾ ਲਾਇਬ੍ਰੇਰੀ ਸਾਹਮਣੇ ਸਥਿਤ ਫਲੈਗ ਪੋਸਟ ਵਿਖੇ ਪੁੱਜੇ। ਜਸਪ੍ਰੀਤ ਸਿੰਘ ਨੇ ਇਸ ਦਿਨ ਦੇ ਮਹਾਂ ਇਤਿਹਾਸ ਬਾਰੇ ਦੱਸਿਆ। ਕਰਤਿਕਾ ਗੁਪਤਾ, ਜਾਸਰੇਮਨ ਸਿੰਘ, ਨਰਜੀਤ ਸਿੰਘ, ਹਿਮਾਨੀ ਲਾਹਟ, ਅੰਕਿਤਾ ਬੱਤਰਾ, ਯੋਗਰਾਜ ਬਰਾੜ, ਕਮਲਜੀਤ ਮੰਡੋਤੀਆ ਵੀ ਇਹਨਾਂ ਦੇ ਨਾਲ ਸਨ।  ਇਹਨਾਂ ਨੇ ਸਪਸ਼ਟ ਆਖਿਆ ਕੀ ਅਸੀਂ ਭਵਿੱਖ ਵਿੱਚ ਅਜਿਹੀਆਂ ਸਰਗਰਮੀਆਂ ਜਾਰੀ ਰੱਖਾਂਗੇ। ਇਹ ਸਾਰੇ ਜਣੇ ਅੱਜ ਦੇ ਸੰਘਣੇ ਹਨੇਰੇ ਨੂੰ ਚੁਨੌਤੀ ਦੇਂਦੀਆਂ ਕਿਰਨਾਂ ਵਾਂਗ ਹੀ ਤਾਂ ਲੱਗ ਰਹੇ ਸਨ। ਇੰਝ ਲੱਗਦਾ ਸੀ  ਬਸ ਹੁਣੇ ਥੋਹੜੀ ਦੇਰ ਮਗਰੋਂ ਹੀ ਪ੍ਰਭਾਤ ਹੋਣ ਵਾਲੀ ਹੈ।  ਸ਼ਹੀਦਾਂ ਦਾ ਸੂਰਜ ਲੋਕਾਂ ਦੇ ਦੁੱਖਾਂ ਦਾ ਕਾਰਨ ਬਣੇ ਹਨੇਰਿਆਂ ਨੂੰ ਚੀਰਨ ਲਈ ਤੇਜ਼ੀ ਨਾਲ ਆ ਰਿਹਾ ਹੈ। ਆਓ ਇਸ ਸੋਚ ਨੂੰ ਇਸ ਕਾਫ਼ਿਲੇ ਨੂੰ ਜੀ ਆਇਆਂ ਆਖੀਏ। ਇਹਨਾਂ ਦੀ ਲੋੜ ਹਰ ਰੋਜ਼ ਪੈਣੀ ਹੈ। ਉਦੋਂ ਤੱਕ ਜਦੋਂ ਤੱਕ ਸ਼ਹੀਦਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਨਹੀਂ ਆ ਜਾਂਦੀ। ਭਵਿੱਖ ਦੀ ਕਿਸੇ ਅਜਿਹੀ ਲੋਕ ਪੱਖੀ ਸਰਗਰਮੀ ਬਾਰੇ ਕਿਸੇ ਨੇ ਇਸ ਕਾਫ਼ਿਲੇ ਨਾਲ ਜੁੜਨਾ ਹੋਵੇ ਤਾਂ ਸੰਪਰਕ ਕੀਤਾ ਜਾ ਸਕਦਾ ਹੈ-ਜਸਪ੍ਰੀਤ ਸਿੰਘ ਨਾਲ 9988646091.ਵਾਲੇ ਮੋਬਾਇਲ ਨੰਬਰ 'ਤੇ।

No comments: