Monday, May 04, 2015

ਮੋਗਾ ਕਾਂਡ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵੀਂ ਮੁਹਿੰਮ

10 ਮਈ ਵਾਲੇ ਦਿਨ ਸਾਰਿਆਂ ਨੂੰ ਸ਼ਾਮੀ 8 ਵਜੇ ਬੱਤੀ ਬੁਝਾਉਣ ਦਾ ਸੱਦਾ 
ਲੁਧਿਆਣਾ:4 ਮਈ 2015: (ਪੰਜਾਬ ਸਕਰੀਨ ਬਿਓਰੋ): 
ਮੋਗਾ ਕਾਂਡ ਵਿੱਚ ਮਾਮਲੇ ਨੂੰ ਰਫ਼ਾਦਫ਼ਾ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਨਜਰ ਆ ਰਹੀਆਂ ਹਨ। ਮੋਗਾ ਦੇ ਰੀਗਲ ਸਿਨੇਮਾ ਕਾਂਡ ਸਮੇਂ ਸ਼ਾਨਾਂਮੱਤਾ ਇਤਿਹਾਸਿਕ ਸੰਘਰਸ਼ ਕਰਨ ਵਾਲੇ ਲੋਕ ਇੱਕ ਵਾਰ ਫੇਰ ਨਵੇਂ ਸੰਘਰਸ਼ਾਂ ਲਈ ਤਿਆਰ ਹੁੰਦੇ ਨਜ਼ਰ ਆ ਰਹੇ ਹਨ। ਥੋਹੜੀ ਦੇਰ ਪਹਿਲਾਂ ਵਾਟਸਐਪ ਅਤੇ ਇਨਬੋਕਸ ਵਿੱਚ ਆਏ ਸੁਨੇਹਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਆਸਰੇ ਇੱਕ ਨਵਾਂ ਅੰਦੋਲਨ ਤਿਆਰ ਹੋ ਰਿਹਾ ਹੈ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਰਾਤ ਨੂੰ 9 ਵਜੇ ਅਰਸ਼ਦੀਪ ਦੇ ਜਬਰੀ ਅੰਤਿਮ ਸੰਸਕਾਰ ਨਾਲ ਲੋਕਾਂ ਵਿੱਚ ਰੋਹ ਹੋਰ ਤਿੱਖਾ ਹੋਇਆ ਹੈ। ਸੁਨੇਹਿਆਂ ਵਿੱਚ ਕਿਹਾ ਗਿਆ ਹੈ ਕਿ  ਇਹ ਅੰਤਿਮ ਸੰਸਕਾਰ ਪਿੰਡ ਵਾਲਿਆਂ  ਅਤੇ ਪਰਿਵਾਰ ਵਾਲਿਆਂ  ਤੋਂ ਚੋਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਕੀਤਾ ਗਿਆ। ਲੋਕਾਂ ਨੇ ਇਹ ਸੁਆਲ ਵੀ ਕੀਤਾ ਹੈ ਕਿ ਜੇ ਕਸੂਰ ਨਿਜੀ ਬਸ ਕੰਪਨੀ ਦਾ ਹੈ ਤਾਂ ਉਸਦੀ ਗਲਤੀ ਦਾ ਖਮਿਆਜਾ ਅਤੇ ਮੁਆਵਜ਼ਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਕਿਓਂ? ਇਹ ਰਕਮ ਵੀ ਉਸ ਕੰਪਨੀ ਦੇ ਖਾਤੇ ਵਿੱਚੋਂ ਹਰਜਾਨੇ ਦੇ ਤੌਰ ਤੇ ਭਰੀ ਜਾਣੀ ਚਾਹੀਦੀ ਹੈ। ਬਹੁਤ ਸਾਰੇ ਸਰਗਰਮ ਗਰੁੱਪਾਂ ਵਿੱਚ ਆਏ ਇਹਨਾਂ ਸੁਨੇਹਿਆਂ ਵਿੱਚ ਸਵਰਾਜ ਮੁਹਿੰਮ ਵੱਲੋਂ ਨਵੇਂ ਕਦਮ ਦਾ ਸੱਦਾ ਦੇਂਦਿਆਂ ਕਿਹਾ ਗਿਆ ਹੈ: 
ਬੱਸ ਹੋਰ ਮੋਗਾ ਨਹੀਂ
ਸਮੂਹ ਪੰਜਾਿਬਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ 10 ਮਈ ਐਤਵਾਰ ਨੂੰ "ਪੰਜਾਬ ਦੀ ਧੀ" ਅਰਸ਼ਦੀਪ ਦੇ ਭੋਗ ਵਾਲੀ ਸ਼ਾਮ 8 ਵਜੇ 10 ਮਿੰਟਾਂ ਲਈ ਬੱਤੀ ਬੁਝਾ ਕੇ ਅਰਸ਼ਦੀਪ ਨੂੰ ਸ਼ਰਧਾਂਜਲੀ ਦੇਈਏ ਅਤੇ ਔਰਤ ਦੇ ਸਨਮਾਨ ਦੇ ਲਈ ਸੰਕਲਪ ਕਰੀਏ।  
ਵੱਲੋਂ: ਸਵਰਾਜ ਲਹਿਰ ਪੰਜਾਬ 

No comments: