Wednesday, May 06, 2015

ਮੋਗਾ ਅੰਦੋਲਨ ਨੂੰ ਸਿਧੇ ਟਕਰਾਓ ਵੱਲ ਲਿਜਾ ਰਹੀ ਟ੍ਰਾਂਸਪੋਰਟਰਾਂ ਦੀ ਆਕੜ

ਗੰਭੀਰ ਸਿੱਟੇ ਨਿਕਲ ਸਕਦੇ ਹਨ ਵਿਦਿਆਰਥੀ ਵਰਗ ਨਾਲ ਟੱਕਰ ਦੇ 
ਲੁਧਿਆਣਾ:: 6 ਮਈ 2015: (ਪੰਜਾਬ ਸਕਰੀਨ ਬਿਊਰੋ):
ਦਮਨ ਅਤੇ ਸਾਜਿਸ਼ੀ ਚਾਲਾਂ ਦੇ ਬਾਵਜੂਦ ਮੋਗਾ ਅੰਦੋਲਨ ਭਖ ਰਿਹਾ ਹੈ। ਪੁਰਾਣੇ ਲੋਕਾਂ ਨੂੰ ਮੋਗਾ ਰੀਗਲ ਕਾਂਡ ਅੰਦੋਲਨ ਵਾਲੇ ਦਿਨ ਮੁੜ ਤਾਜ਼ਾ ਹੁੰਦੇ ਨਜਰ ਆ ਰਹੇ ਹਨ। ਮੋਗਾ ਕਾਂਡ ਦੇ ਖਿਲਾਫ਼ ਪੰਜਾਬ ਦੇ ਸਾਰੇ ਜ਼ਿਲਿਆਂ ਅਤੇ ਸਬ ਡਵੀਯਨਲ ਕੇਂਦਰਾਂ ਤੇ ਰੋਸ ਵਖਾਵੇ ਹੋਏ ਹਨ। ਫਰੀਦਕੋਟ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਤਹਿਤ ਮੋਗਾ ਬੱਸ ਕਾਂਡ ਖਿਲਾਫ਼ ਨਹਿਰੂ ਸਟੇਡੀਅਮ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਜੋਸ਼ੀਲੇ ਰੋਸ ਮੁਜ਼ਾਹਰੇ ਉਪਰੰਤ ਜਦੋਂ ਸ਼ਹਿਰ ਵਿੱਚ ਰੋਸ ਰੈਲੀ ਕਢੀ ਕੱਢੀ ਜਾ ਰਹੀ ਸੀ ਉਦੋਂ ਨਿਊ ਦੀਪ ਟਰਾਂਸਪੋਰਟ ਕੰਪਨੀ ਅਤੇ ਪੀ.ਐੱਸ.ਯੂ. ਦੇ ਆਗੂਆਂ ਵਿੱਚ ਟਕਰਾਅ ਹੋ ਗਿਆ। ਪੀ.ਐੱਸ.ਯੂ. ਦਾ ਕਾਫ਼ਲਾ ਨਹਿਰੂ ਸਟੇਡੀਅਮ ਤੋਂ ਬੱਸ ਅੱਡੇ ਵੱਲ ਆ ਰਿਹਾ ਸੀ ਤਾਂ ਪੁਲਸ ਨੇ ਨਿਊ ਦੀਪ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਹੋਰ ਰਸਤੇ ਤੋਂ ਦੂਜੇ ਟ੍ਰੈਫਿਕ ਸਮੇਤ ਡਾਈਵਰਟ ਕਰਦੇ ਹੋਏ ਤੁਰੰਤ ਸ਼ਹਿਰ ਤੋਂ ਬਾਹਰ ਜਾਣ ਲਈ ਆਦੇਸ਼ ਦਿੱਤੇ, ਪਰ ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਕਰਿੰਦਿਆਂ ਨੇ ਪੁਲਸ ਦੀਆਂ ਹਦਾਇਤਾਂ ਮੰਨਣ ਦੀ ਥਾਂ ਬੱਸ ਨੂੰ ਪੀ.ਐੱਸ.ਯੂ ਦੇ ਆ ਰਹੇ ਕਾਫ਼ਲੇ ਦੇ ਅੱਗੇ ਲਾ ਦਿੱਤਾ। 
ਇਹ ਇੱਕ ਤਰਾਂ ਨਾਲ ਉਕਸਾਹਟ ਭਰੀ ਕਾਰਵਾਈ ਸੀ। ਇਸ ਭੜਕਾਊ ਕਦਮ ਮਗਰੋਂ ਹੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਨਿਊ ਦੀਪ ਬੱਸ ਨੇ ਉਹਨਾਂ ਨੂੰ ਕਥਿਤ ਤੌਰ 'ਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਨਿਊ ਦੀਪ ਬੱਸ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ। ਘਟਨਾ ਤੋਂ ਦੋ ਮਿੰਟ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਪੀ.ਐੱਸ.ਯੂ  ਆਗੂਆਂ ਦੇ ਨਾਲ-ਨਾਲ ਰਾਹਗੀਰਾਂ ਅਤੇ ਬ੍ਰਿਜਿੰਦਰਾ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਪੁਲਸ ਵੱਲੋਂ ਆਸੇ-ਪਾਸੇ ਖੜੇ ਔਰਤਾਂ ਅਤੇ ਬੱਚਿਆਂ ਦੀ ਵੀ ਖਿੱਚ ਧੂਹ ਕੀਤੀ ਗਈ। ਪੀ.ਐੱਸ.ਯੂ ਦੇ ਆਗੂਆਂ ਨੇ ਮੌਕੇ ਤੋਂ ਭੱਜਣ ਦੀ ਥਾਂ ਪੁਲਸ ਦੇ ਲਾਠੀਚਾਰਜ ਦਾ ਸਾਹਮਣਾ ਕੀਤਾ। ਦਸ ਮਿੰਟ ਦੇ ਲਾਠੀਚਾਰਜ ਤੋਂ ਬਾਅਦ ਪੁਲਸ ਨੇ ਦੋ ਲੜਕੀਆਂ ਸਮੇਤ 14 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਤੋਂ ਤੁਰੰਤ ਬਾਅਦ ਡੀ.ਆਈ.ਜੀ. ਵੀ ਮੌਕੇ 'ਤੇ ਪੁੱਜ ਗਿਆ। ਪੁਲਸ ਨੇ ਇਸ ਮਾਮਲੇ ਵਿੱਚ 14 ਵਿਦਿਆਰਥੀਆਂ 'ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਨੌਜਵਾਨਾਂ ਵਿੱਚ ਪੀ.ਐੱਸ.ਯੂ ਦੀ ਆਗੂ ਹਰਦੀਪ ਕੌਰ ਕੋਟਲਾ, ਅਮਰਨਾਥ, ਕੇਸ਼ਵ, ਕੁਲਦੀਪ ਝੰਬੇਲਵਾਲੀ, ਜਗਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਮੰਗਾ ਸਿੰਘ ਅਜ਼ਾਦ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਪੁਲਸ ਨੇ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਨੂੰ ਥਾਣੇ ਲਾ ਦਿੱਤਾ ਹੈ। ਐੱਸ.ਐੱਸ.ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਿਰਾਸਤ ਵਿੱਚ ਲਏ ਨੌਜਵਾਨਾਂ ਵਿੱਚ ਇੱਕ ਛੇਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ ਹੈ। 
ਦੂਜੇ ਪਾਸੇ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਦੋਸ਼ ਲਾਇਆ ਕਿ ਪੁਲਸ ਨੇ ਦੀਪ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਦੇ ਦਬਾਅ ਹੇਠ ਥਾਣੇ ਵਿੱਚ ਵਿਦਿਆਰਥੀ ਆਗੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀ.ਐੱਸ.ਯੂ. ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਜ਼ੋਨਲ ਸਕੱਤਰ ਗਗਨ ਸੰਗਰਾਮੀ ਨੇ ਕਿਹਾ ਕਿ ਦੀਪ ਬੱਸ ਦੇ ਕਰਿੰਦਿਆਂ ਨੇ ਵਿਦਿਆਰਥੀਆਂ ਨਾਲ ਜਾਣ-ਬੁੱਝ ਕੇ ਦੁਰਵਿਹਾਰ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਂਤਮਈ ਸੀ, ਪਰੰਤੂ ਪੁਲਸ ਅਤੇ ਟਰਾਂਸਪੋਰਟਰਾਂ ਦੀ ਮਿਲੀਭੁਗਤ ਕਾਰਨ ਹਾਲਾਤ ਵਿਗੜ ਗਏ। ਉਹਨਾਂ ਕਿਹਾ ਕਿ ਅਕਾਲੀ ਦਲ ਨਾਲ ਜੁੜੀਆਂ ਟਰਾਂਸਪੋਰਟ ਕੰਪਨੀਆਂ ਖਿਲਾਫ਼ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਦੱਸਣਯੋਗ ਹੈ ਕਿ ਦੀਪ ਟਰਾਂਸਪੋਰਟ ਕੰਪਨੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਹੈ, ਜੋ ਗਿੱਦੜਬਾਹਾ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਹੈ। ਬੱਸਾਂ ਦੀ ਭੰਨ-ਤੋੜ ਤੋਂ ਬਾਅਦ ਮੌਕੇ 'ਤੇ ਪੁੱਜੇ ਉਚ ਪੁਲਸ ਅਧਿਕਾਰੀਆਂ ਨੇ ਦੀਪ ਬੱਸ ਦੇ ਕਰਿੰਦਿਆਂ ਨੂੰ ਉਲਾਂਭਾ ਦਿੱਤਾ ਕਿ ਪੰਜਾਬ 'ਚ ਏਨੀਆਂ ਵੱਡੀਆਂ ਘਟਨਾਵਾਂ ਦੇ ਬਾਵਜੂਦ ਟਰਾਂਸਪੋਰਟਰਾਂ ਦੀ ਆਕੜ ਨਹੀਂ ਗਈ, ਜਿਸ ਕਰਕੇ ਅੱਜ ਫਿਰ ਹਾਦਸਾ ਵਾਪਰ ਗਿਆ। ਪੁਲਸ ਅਧਿਕਾਰੀਆਂ ਨੇ ਟਰਾਂਸਪੋਰਟਰਾਂ 'ਤੇ ਮਾਹੌਲ ਨੂੰ ਖਰਾਬ ਕਰਨ ਦੇ ਦੋਸ਼ ਵੀ ਲਾਏ। ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਬੱਸਾਂ ਉੱਪਰ ਹਮਲਾ ਸਿਰਫ਼ ਇਸੇ ਕਰਕੇ ਹੋਇਆ ਹੈ, ਕਿਉਂਕਿ ਉਹਨਾਂ ਦਾ ਸੰਬੰਧ ਬਾਦਲ ਪਰਵਾਰ ਨਾਲ ਜੁੜਦਾ ਹੈ।
ਫਰੀਦਕੋਟ ਵਿੱਚ ਪੁਲਿਸ ਐਕਸ਼ਨ ਦੀ ਤਿੱਖੀ ਨਿਖੇਧੀ  
ਲੁਧਿਆਣਾ:ਇਸੇ ਦੌਰਾਨ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਵੱਲੋਂ ਔਰਬਿਟ ਬਸ ਕਾਂਡ ਖਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨਾਂ-ਵਿਦਿਆਰਥੀਆਂ ਉੱਤੇ ਲਾਠੀਚਾਰਜ, ਝੂਠੇ ਪਰਚਿਆਂ ਤੇ ਗ੍ਰਿਫਤਾਰੀਆਂ ਦੀ ਸਖਤ ਨਿਖੇਧੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਲਖਵਿੰਦਰ ਵੱਲੋਂ  ਮਜ਼ਦੂਰ, ਨੌਜਵਾਨ, ਵਿਦਿਆਰਥੀ ਜੱਥੇਬੰਦੀਆਂ ਵੱਲੋਂ ਅੱਜ ਫਰੀਦਕੋਟ ਵਿਖੇ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਔਰਬਿਟ ਬਸ ਕਾਂਡ ਖਿਲਾਫ਼ ਕੀਤੇ ਜਾ ਰਹੇ ਮੁਜਾਹਰੇ ਉੱਤੇ ਪੁਲਸ ਵੱਲੋਂ ਹੋਏ ਲਾਠੀਚਾਰਜ, ਇਰਾਦਾ ਕਤਲ ਜਿਹੀਆਂ ਗੰਭੀਰ ਧਾਰਾਵਾਂ ਲਾ ਕੇ ਦਰਜਨ ਤੋਂ ਵਧੇਰੇ ਬੇਗੁਨਾਹ ਨੌਜਵਾਨਾਂ-ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨ ਦੀ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਤੇ ਬਿਗੁਲ ਮਜ਼ਦੂਰ ਦਸਤਾ ਸਖਤ ਨਿਖੇਧੀ ਕਰਦੇ ਹਨ । 
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀ ਮੰਗ ਕਰ ਰਹੇ ਸਨ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਉੱਤੇ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਹੋਵੇ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਬਸ ਕੰਪਨੀ ਦਾ ਮਾਲਕ ਵੀ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਇਹ ਰੂਟ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਸਟਾਫ਼ ਦੇ ਨਾਂ ਉੱਤੇ ਪ੍ਰਾਈਵੇਟ ਬਸ ਕੰਪਨੀਆਂ ਗੁੰਡੇ-ਬਦਮਾਸ਼ ਭਰਤੀ ਕਰਨਾ ਬੰਦ ਕਰਨ, ਆਦਿ। ਜੱਥੇਬੰਦੀਆਂ ਦੇ ਆਗੂਆਂ ਦੇ ਘਰਾਂ ਉੱਤੇ ਪੁਲੀਸ ਛਾਪੇਮਾਰੀ ਕਰ ਰਹੀ ਹੈ, ਜਿਸ ਨਾਲ਼ ਹੋਰ ਵੀ ਗ੍ਰਿਫਤਾਰੀਆਂ ਹੋਣ ਦਾ ਖਦਸ਼ਾ ਹੈ।
ਪੂਰੀ ਤਰ੍ਹਾਂ ਜਾਇਜ ਮੰਗਾਂ ਉੱਤੇ ਵਿਰੋਧ ਮੁਜਾਹਰਾ ਕਰ ਰਹੇ ਨੌਜਵਾਨਾਂ-ਵਿਦਿਆਰਥੀਆਂ ਉੱਤੇ ਪੁਲੀਸ ਵੱਲੋਂ ਹੋਏ ਲਾਠੀਚਾਰਜ, ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਘਟਨਾ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਘੋਰ ਲੋਕ ਵਿਰੋਧੀ, ਔਰਤ ਵਿਰੋਧੀ, ਨੌਜਵਾਨ-ਵਿਦਿਆਰਥੀ ਵਿਰੋਧੀ ਕਿਰਦਾਰ ਨੂੰ ਹੋਰ ਨੰਗਾ ਕੀਤਾ ਹੈ। ਜੇਕਰ ਪੰਜਾਬ ਦੀ ਗੁੰਡਾ ਸਰਕਾਰ ਤੇ ਪੁਲੀਸ ਇਹ ਸੋਚਦੇ ਹਨ ਕਿ ਲੋਕਾਂ ਉੱਤੇ ਜ਼ਬਰ ਢਾਹ ਕੇ ਉਹ ਲੋਕ ਅਵਾਜ਼ ਨੂੰ ਕੁਚਲ ਦੇਣਗੇ ਤਾਂ ਇਹ ਉਹਨਾਂ ਦੀ ਗਲਤਫਹਿਮੀ ਹੀ ਹੈ। ਔਰਬਿਟ ਬਸ ਕੰਪਨੀ ਦੇ ਮਾਲਕ ਬਾਦਲ ਪਰਿਵਾਰ, ਪੰਜਾਬ ਵਿੱਚ ਵਧਦੀ ਜਾ ਰਹੀ ਸਿਆਸੀ ਸ਼ਹਿ ਪ੍ਰਾਪਤ ਗੁੰਡਾਗਰਦੀ, ਔਰਤ ਉੱਤੇ ਵੱਧਦੇ ਜੋਰ-ਜੁਲਮ, ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੋਕਾਂ ਦਾ ਘੋਲ਼ ਹਰ ਹਾਲਤ ਵਿੱਚ ਜਾਰੀ ਰਹੇਗਾ।
 ਅਸੀਂ ਇਸ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਇਹ ਜੋਰਦਾਰ ਮੰਗ ਕਰਦੇ ਹਾਂ ਕਿ ਫਰੀਦਕੋਟ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ-ਵਿਦਿਆਰਥੀਆਂ ਨੂੰ ਤਰੁੰਤ ਰਿਹਾ ਕੀਤਾ ਜਾਵੇ, ਝੂਠੇ ਪਰਚੇ ਰੱਦ ਹੋਣ, ਲਾਠੀਚਾਰਜ ਕਰਨ ਵਾਲੇ ਅਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਸੀਂ ਮੰਗ ਕਰਦੇ ਹਾਂ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਉੱਤੇ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਹੋਵੇ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਬਸ ਕੰਪਨੀ ਦਾ ਮਾਲਕ ਵੀ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਇਹ ਰੂਟ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਸਟਾਫ਼ ਦੇ ਨਾਂ ਉੱਤੇ ਪ੍ਰਾਈਵੇਟ ਬਸ ਕੰਪਨੀਆਂ ਗੁੰਡੇ-ਬਦਮਾਸ਼ ਭਰਤੀ ਕਰਨਾ ਬੰਦ ਕਰਨ, ਪ੍ਰਾਈਵੇਟ ਬਸਾਂ ਵੱਲੋਂ ਹੌਰਨਾਂ, ਗੀਤਾਂ, ਫਿਲਮਾਂ ਰਾਹੀਂ ਹੁੰਦੇ ਕੰਨ-ਪਾੜੂ ਸ਼ੋਰ-ਸ਼ਰਾਬੇ ਨੂੰ ਬੰਦ ਕੀਤਾ ਜਾਵੇ, ਔਰਤਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕੇ ਜਾਣ। 
ਪੰਜਾਬ ਵਿੱਚ ਵਧਦੀ ਜਾ ਰਹੀ ਹਰ ਤਰਾਂ ਦੀ ਗੁੰਡਾਗਰਦੀ, ਲੁੱਟ-ਖਸੁੱਟ, ਬੇਇਨਸਾਫੀ, ਧੱਕੇਸ਼ਾਹੀ, ਸਰਕਾਰੀ-ਗੈਰ ਸਰਕਾਰੀ ਜ਼ਬਰ ਖਿਲਾਫ਼ ਸਭਨਾਂ ਦੱਬੇ-ਕੁਚਲੇ ਤਬਕਿਆਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰਬਿਟ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜਾ ਕਰਾਉਣ ਲਈ ਲੜੀ ਜਾ ਰਹੀ ਇਸ ਲੜਾਈ ਦਾ ਵਡੇਰਾ ਮਹੱਤਵ ਹੈ। ਇਸ ਲਈ ਅਸੀਂ ਸਭਨਾਂ ਇਨਸਾਫ਼ ਲੋਕਾਂ ਨੂੰ ਇਸ ਘੋਲ਼ ਵਿੱਚ ਸ਼ਾਮਲ ਦਾ ਸੱਦਾ ਦਿੰਦੇ ਹਾਂ। ਆਉਣ ਵਾਲੀ 12 ਮਈ ਨੂੰ ਪੰਜਾਬ ਦੇ ਸਭਨਾਂ ਜਿਲਾ ਕੇਂਦਰਾਂ ਉੱਤੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਅਧਿਆਪਕਾਂ, ਸਰਕਾਰੀ ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਗਠਿਤ ‘ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ’ ਵੱਲੋਂ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਬੰਧੀ 8 ਮਾਰਚ ਨੂੰ ਸਵੇਰੇ ਗਿਆਰਾਂ ਵਜੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਨਤਕ ਜੱਥੇਬੰਦੀਆਂ ਦੀਆਂ ਮੀਟਿੰਗਾਂ ਵੀ ਰੱਖੀਆਂ ਗਈ ਹਨ। ਪੰਜਾਬ ਸਰਕਾਰ, ਪੁਲੀਸ-ਪ੍ਰਸ਼ਾਸਨ ਭਾਂਵੇਂ ਕਿੰਨਾ ਵੀ ਜੋਰ-ਜ਼ਬਰ ਦਾ ਰਾਹ ਅਪਣਾ ਲੈਣ ਔਰਬਿਟ ਬਸ ਕਾਂਡ ਖਿਲਾਫ਼ ਇਹ ਹੱਕੀ ਘੋਲ਼ ਜਾਰੀ ਰਹੇਗਾ।

No comments: