Sunday, May 24, 2015

ਮੁੱਖ ਮੰਤਰੀ ਵੱਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰ ਕੌਮ ਨੂੰ ਸਮਰਪਿਤ

ਸਿੱਖ ਇਤਿਹਾਸ ਵਿੱਚ ਬੱਸੀਆਂ ਕੋਠੀ ਦੀ ਵਿਲੱਖਣ ਅਹਿਮੀਅਤ
*ਬੱਸੀਆਂ 'ਚ ਸਥਾਪਿਤ ਹੋਵੇਗਾ ਬਹੁਮੰਤਵੀਂ ਹੁਨਰ ਵਿਕਾਸ ਸਿਖ਼ਲਾਈ ਕੇਂਦਰ-ਬਾਦਲ
*ਗੌਰਵਮਈ ਵਿਰਸੇ ਦੀ ਸੰਭਾਲ ਲਈ ਅਕਾਲੀ ਭਾਜਪਾ ਸਰਕਾਰ ਨੇ ਯਾਦਗਾਰਾਂ ਬਣਵਾਈਆਂ
*5.29 ਕਰੋੜ ਰੁਪਏ ਦੀ ਲਾਗਤ ਵਾਲੀ ਮਹਾਰਾਜਾ ਦਲੀਪ ਸਿੰਘ ਯਾਦਗਾਰ ਦਾ ਉਦਘਾਟਨ
ਬੱਸੀਆਂ ਕੋਠੀ/ਲੁਧਿਆਣਾ, 24 ਮਈ (PRD//ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਮਹਾਰਾਜਾ ਦਲੀਪ ਸਿੰਘ ਯਾਦਗਾਰ ਦੇ ਨਾਲ ਲੱਗਦੀ ਜ਼ਮੀਨ ਵਿੱਚ ਬਹੁਮੰਤਵੀਂ ਹੁਨਰ ਵਿਕਾਸ ਸਿਖ਼ਲਾਈ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ, ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ। 
ਅੱਜ ਇਥੇ ਸਿੱਖ ਰਾਜ ਦੇ ਆਖ਼ਰੀ ਸਾਸ਼ਕ ਮਹਾਰਾਜਾ ਦਲੀਪ ਸਿੰਘ ਯਾਦਗਾਰ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਰੋਜ਼ਗਾਰ ਦੇ ਮੌਕਿਆਂ ਲਈ ਹਰੇਕ ਨੌਜਵਾਨ ਨੂੰ ਹੁਨਰਮੰਦ ਬਣਾਉਣਾ ਸਮੇਂ ਦੀ ਲੋੜ ਬਣ ਚੁੱਕੀ ਹੈ ਅਤੇ ਸਿਖ਼ਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਇਸ ਖੇਤਰ ਵੱਲ ਪਹਿਲਾ ਅਤੇ ਅਹਿਮ ਕਦਮ ਹੈ। ਉਨ੍ਹਾਂ ਆਖਿਆ ਕਿ ਇਸ ਯਾਦਗਾਰ ਦੇ ਨਾਲ ਲੱਗਦੀ ਜ਼ਮੀਨ ਵਿੱਚ ਹੁਨਰ ਵਿਕਾਸ ਸਿਖ਼ਲਾਈ ਕੇਂਦਰ ਸਥਾਪਤ ਹੋਣ ਦਾ ਸਭ ਤੋਂ ਵੱਡਾ ਲਾਭ ਰਾਏਕੋਟ ਅਤੇ ਨਾਲ ਲੱਗਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਹੋਵੇਗਾ। ਇਸ ਸੰਬੰਧ ਵਿੱਚ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਟਰੱਸਟ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਪਤਵੰਤਿਆਂ ਪਾਸੋਂ ਵੀ ਸੁਝਾਅ ਮੰਗੇ ਤਾਂ ਕਿ ਇਸ ਪ੍ਰੋਜੈਕਟ ਨੂੰ ਛੇਤੀ ਤੋਂ ਛੇਤੀ ਅਮਲੀ ਜਾਮਾ ਪਹਿਨਾਇਆ ਜਾ ਸਕੇ। 
ਬੱਸੀਆਂ ਕੋਠੀ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਸਿੱਖ ਰਾਜ ਦੇ ਆਖ਼ਰੀ ਸਾਸ਼ਕ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨੀ ਮੌਕੇ ਅੰਗਰੇਜ਼ ਹਕੂਮਤ ਨੇ ਇਸ ਕੋਠੀ ਵਿੱਚ ਦੋ ਰਾਤਾਂ ਨਜ਼ਰਬੰਦ ਰੱਖਿਆ ਸੀ, ਜਿਸ ਕਰਕੇ ਇਹ ਇਮਾਰਤ ਸਿੱਖ ਇਤਿਹਾਸ ਦੀ ਅਹਿਮ ਕੜੀ ਨੂੰ ਮੂਰਤੀਮਾਨ ਕਰਦੀ ਹੈ। ਉਨ੍ਹਾਂ ਆਖਿਆ ਕਿ ਸਾਲ 2011 ਵਿੱਚ ਜਦੋਂ ਉਹ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਲਈ ਰਾਏਕੋਟ ਵਿਖੇ ਆਏ ਸਨ, ਤਾਂ ਉਸ ਵੇਲੇ ਉਨ੍ਹਾਂ ਨੇ ਬੱਸੀਆਂ ਕੋਠੀ ਦਾ ਦੌਰਾ ਕੀਤਾ ਸੀ, ਜੋ ਉਸ ਵੇਲੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ। ਮੁੱਖ ਮੰਤਰੀ ਨੇ ਆਖਿਆ ਕਿ ਇਸ ਕੋਠੀ ਦੀ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ ਇਸ ਨੂੰ ਕੌਮੀ ਪੱਧਰ ਦੀ ਏਜੰਸੀ ‘ਇੰਟੈਕ’ ਪਾਸੋਂ 5 ਕਰੋੜ 29 ਲੱਖ ਰੁਪਏ ਖ਼ਰਚ ਕੇ ਕਰਵਾਇਆ, ਜੋ ਕਿ ਅਮਲੀ ਰੂਪ ਵਿੱਚ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ। 
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਕਾਲੀ ਭਾਜਪਾ ਸਰਕਾਰ ਲਈ ਮਾਰਗ ਦਰਸ਼ਨ ਦੱਸਦਿਆਂ ਸ੍ਰ. ਬਾਦਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਤਿਹਾਸ ਦਾ ਉਹ ਸੁਨਹਿਰੀ ਰਾਜ ਸੀ, ਜਦੋਂ ਸਿੱਖਾਂ ਨੇ ਨਾ ਸਿਰਫ਼ ਆਪਣੀ ਰਾਜਸੀ ਸ਼ਕਤੀ ਸਥਾਪਤ ਕੀਤੀ, ਸਗੋਂ ਉਨ੍ਹਾਂ ਦੇ ਰਾਜ ਵਿੱਚ ਧਰਮ, ਜਾਤ ਅਤੇ ਸਮਾਜਿਕ ਰੁਤਬੇ ਨਾਲ ਵਿਅਕਤੀਆਂ ਦੀ ਪਰਖ਼ ਨਹੀਂ ਸੀ ਹੁੰਦੀ। ਉਨ੍ਹਾਂ ਕਿਹਾ ਕਿ ਇਹ ਰਾਜ ਸਹੀ ਮਾਅਨਿਆਂ ਵਿੱਚ ਇੱਕ ਧਰਮ ਨਿਰਪੱਖ ਰਾਜ ਸੀ। ਉਨ੍ਹਾਂ ਆਖਿਆ ਅਕਾਲੀ ਭਾਜਪਾ ਸਰਕਾਰ ਨੇ ਵੀ ਇਸੇ ਰਾਹ ’ਤੇ ਚੱਲਦਿਆਂ ਧਰਮ ਨਿਰਪੱਖਤਾ ਦੇ ਸਿਧਾਂਤ ’ਤੇ ਦਿ੍ਰੜਤਾ ਨਾਲ ਪਹਿਰਾ ਦਿੱਤਾ ਅਤੇ ਸੂਬੇ ਵਿੱਚ ਹਰੇਕ ਵਿਅਕਤੀ ਨੂੰ ਆਪਣੇ ਧਰਮ ਦੀ ਅਜ਼ਾਦੀ ਅਨੁਸਾਰ ਵਿਚਰਨ ਦਾ ਪੂਰਨ ਅਧਿਕਾਰ ਹੈ। 
ਸਿੱਖਾਂ ਦੇ ਗੌਰਵਮਈ ਇਤਿਹਾਸ ਦਾ ਜ਼ਿਕਰ ਕਰਦਿਆਂ ਸ੍ਰ. ਬਾਦਲ ਨੇ ਆਖਿਆ ਕਿ ਸਿੱਖਾਂ ਬਾਰੇ ਇਹ ਆਮ ਰਾਏ ਹੈ ਕਿ ਇਹ ਕੌਮ ਇਤਿਹਾਸ ਬਣਾਉਣਾ ਤਾਂ ਜਾਣਦੀ ਹੈ ਪਰ ਸਾਂਭਣਾ ਨਹੀਂ। ਪਰ ਅਕਾਲੀ ਭਾਜਪਾ ਸਰਕਾਰ ਨੇ ਇਸ ਮਿੱਥ ਨੂੰ ਤੋੜਦਿਆਂ ਅਮੀਰ ਸਿੱਖ ਵਿਰਸੇ ਦੀ ਸੰਭਾਲ ਲਈ ਯਾਦਗਾਰਾਂ ਉਸਾਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਦਗਾਰਾਂ ਨੂੰ ਉਸਾਰਨ ਦੀ ਅਹਿਮੀਅਤ ਇਸ ਕਰਕੇ ਵੀ ਬਹੁਤ ਜਿਆਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ ਯਾਦਗਾਰ’ ਸਾਡੇ ਮਹਾਨ ਵਿਰਸੇ ਨੂੰ ਮੂਰਤੀਮਾਨ ਕਰਦੀ ਹੈ। ਇਸੇ ਤਰ੍ਹਾਂ ਕਾਹਨੂੰਵਾਨ ਵਿਖੇ ‘ਛੋਟਾ ਘੱਲੂਘਾਰਾ ਯਾਦਗਾਰ’, ਕੁੱਪ ਰੋਹੀੜਾ ਵਿਖੇ ‘ਵੱਡਾ ਘੱਲੂਘਾਰਾ ਯਾਦਗਾਰ’ ਅਤੇ ਚੱਪੜਚਿੜੀ ਵਿਖੇ ‘ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ’ ਉਸਾਰੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਜ਼ਾਦੀ ਸੰਘਰਸ਼ ਵਿੱਚ ਮਹਾਨ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਸਮਰਪਿਤ ‘ਜੰਗ-ਏ-ਆਜ਼ਾਦੀ ਯਾਦਗਾਰ’ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਹੈ। ਇਸੇ ਤਰ੍ਹਾਂ ਸ੍ਰੀ ਅੰੰਮਿ੍ਰਤਸਰ ਸਾਹਿਬ ਵਿਖੇ ਸੈਨਿਕਾਂ ਦੇ ਮਹਾਨ ਯੋਗਦਾਨ ਨੂੰ ਸਮਰਪਿਤ ਜੰਗੀ ਯਾਦਗਾਰ ਉਸਾਰੀ ਜਾ ਰਹੀ ਹੈ। 
ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਨਾਮਧਾਰੀ ਸੰਪਰਦਾ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਮਧਾਰੀ ਲਹਿਰ ਦੇ ਸੰਘਰਸ਼ ਦਾ ਬੱਸੀਆਂ ਕੋਠੀ ਨਾਲ ਵੀ ਗਹਿਰਾ ਸੰਬੰਧ ਹੈ, ਕਿਉਂਕਿ ਬਰਤਾਨਵੀ ਹਕੂਮਤ ਇਸ ਕੋਠੀ ਵਿੱਚੋਂ ਹੀ ਨਾਮਧਾਰੀ ਲਹਿਰ ਦੇ ਬਹਾਦਰ ਯੋਧਿਆਂ ਨੂੰ ਸਜ਼ਾਵਾਂ ਸੁਣਾਉਂਦੀ ਸੀ।  
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਮਹਾਰਾਜਾ ਦਲੀਪ ਸਿੰਘ ਪ੍ਰਤੀ ਬਰਤਾਨਵੀ ਹਕੂਮਤ ਦੇ ਵਿਹਾਰ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਆਖ਼ਰੀ ਸਾਸ਼ਕ ਦੀ ਜਲਾਵਤਨੀ ਦੇ ਦਿਨ ਸਿੱਖ ਕੌਮ ਲਈ ਸਭ ਤੋਂ ਮਨਹੂਸ ਦਿਨ ਸਨ, ਕਿਉਂਕਿ ਇਸ ਸਮੇਂ ਨੇ ਸਿੱਖ ਕੌਮ ਦੀ ਗੁਲਾਮੀ ਦਾ ਮੁੱਢ ਬੰਨਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਸ੍ਰ. ਸੋਹਨ ਸਿੰਘ ਠੰਡਲ ਨੇ ਆਖਿਆ ਕਿ ਪੰਜਾਬ ਵਿੱਚ ਗੌਰਵਮਈ ਵਿਰਸੇ ਨੂੰ ਦਰਸਾਉਂਦੀਆਂ ਯਾਦਗਾਰਾਂ ਦੀ ਸਥਾਪਨਾ ਕਰਨ ਦਾ ਸਿਹਰਾ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਯਾਦਗਾਰ ਨੂੰ ਵੀ ਮੁੱਖ ਮੰਤਰੀ ਦੀ ਵਿਸ਼ੇਸ਼ ਦਿਲਚਸਪੀ ਸਦਕਾ ਪੁਰਾਤਨ ਦਿੱਖ ਦਾ ਰੂਪ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ ਨੇ ਇਲਾਕੇ ਦੀ ਸੰਗਤ ਵੱਲੋਂ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਟਰੱਸਟ ਨੂੰ ਇਸ ਯਾਦਗਾਰ ਨੂੰ ਨਵਿਆਉਣ ਲਈ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ।
ਮਹਾਰਾਜਾ ਦਲੀਪ ਸਿੰਘ ਯਾਦਗਾਰ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਬੱਸੀਆਂ ਕੋਠੀ ਇਤਿਹਾਸ ਦੀ ਪਹਿਲੀ ਉਹ ਯਾਦਗਾਰ ਹੈ, ਜੋ ਕਿ ਬਿਨਾ ਕਿਸੇ ਨੀਂਹ ਪੱਥਰ ਤੋਂ ਰਿਕਾਰਡ ਸਮੇਂ ਵਿੱਚ ਬਣ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਸੁਝਾਅ ਦਿੱਤਾ ਕਿ ਤਜ਼ਵੀਜਤ ਹੁਨਰ ਵਿਕਾਸ ਸਿਖ਼ਲਾਈ ਕੇਂਦਰ ਦਾ ਨਾਮ ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰੂ ਰਾਮ ਸਿੰਘ ਜਾਂ ਹੋਰ ਨਾਮਧਾਰੀ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ। ਇਸ ਤੋਂ ਪਹਿਲਾਂ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰ. ਬਿਕਰਮਜੀਤ ਸਿੰਘ ਖਾਲਸਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਯਾਦਗਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਬਾਰੇ ਚਾਰ ਕਿਤਾਬਾਂ ਲਿਖਣ ਵਾਲੇ ਸੇਵਾਮੁਕਤ ਜਸਟਿਸ ਸ੍ਰ. ਅਵਤਾਰ ਸਿੰਘ ਗਿੱਲ ਨੂੰ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸੰਸਦੀ ਸਕੱਤਰ ਸ੍ਰ. ਬਲਵੀਰ ਸਿੰਘ ਘੁੰਨਸ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰੀ ਐੱਸ. ਆਰ. ਕਲੇਰ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਮੇਅਰ ਨਗਰ ਨਿਗਮ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਵਿਭਾਗ ਸ੍ਰੀਮਤੀ ਅੰਜਲੀ ਭਾਵਰਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰ. ਕੇ. ਜੇ. ਐੱਸ. ਚੀਮਾ ਤੇ ਡਾ. ਐੱਸ. ਕੇ. ਰਾਜੂ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਡੀ. ਆਈ. ਜੀ. ਸ੍ਰੀ ਲੋਕ ਨਾਥ ਆਂਗਰਾ, ਡਾਇਰੈਕਟਰ ਸ੍ਰ. ਨਵਜੋਤਪਾਲ ਸਿੰਘ ਰੰਧਾਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ੍ਰ. ਅਮਨਦੀਪ ਸਿੰਘ ਗਿੱਲ, ਸ੍ਰ. ਪਰਮਿੰਦਰ ਸਿੰਘ ਜੱਟਪੁਰੀ, ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ, ਜਗਪ੍ਰੀਤ ਸਿੰਘ ਬੁੱਟਰ ਅਤੇ ਹੋਰ ਹਾਜ਼ਰ ਸਨ। 

No comments: