Tuesday, May 05, 2015

ਕਿਹੜਾ ਕਹਿੰਦਾ ਪੰਜਾਬ ਚ ਸਰਕਾਰੀ ਨੌਕਰੀ ਨਹੀ ਮਿਲਦੀ,

ਸੋਸ਼ਲ ਮੀਡੀਆ 'ਤੇ ਪੰਜਾਬ ਵਿਚਲੀਆਂ ਘਟਨਾਵਾਂ ਦੀ ਚਰਚਾ ਜਾਰੀ
ਲੁਧਿਆਣਾ: 5 ਮਈ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਵਿੱਚ ਬਾਹੂਬਲੀਆਂ ਵਾਲੀ ਭਾਸ਼ਾ, ਗੋਲੀ ਵਾਲੀ ਭਾਸ਼ਾ ਅਤੇ ਫਿਰ ਮੁਆਵਜ਼ਾ ਦੇਣ ਵਾਲੀ ਭਾਸ਼ਾ---ਗੁਰੂਆਂ ਪੀਰਾਂ ਵਾਲੀ ਇਸ ਧਰਤੀ ਦਾ ਸਰਾਪ ਬਣ ਗਈ ਲੱਗਦੀ ਹੈ। ਬੇਗੁਨਾਹਾਂ ਦੇ ਕਤਲਾਂ ਨੂੰ ਦੇਖ ਕੇ ਵੀ ਖਾਮੋਸ਼ ਰਹਿਣ ਕਾਰਨ ਮਿਲਿਆ ਸਰਾਪ।  ਹੁਣ ਇਸ ਧਰਤੀ ਦਾ ਦਰਦ ਆਮ ਤੌਰ ਤੇ ਕਿਸੇ ਵੱਡੇ ਚੈਨਲ ਜਾਂ ਅਖਬਾਰ ਦੀ ਖਬਰ ਵੀ ਨਹੀਂ ਬਣਦਾ।  ਫਿਰ ਵੀ ਜੇ ਮੀਡੀਆ ਵਿੱਚ ਕੁਝ ਰੌਲਾ ਗੌਲਾ ਪੈਂਦਾ ਹੈ ਤਾਂ ਸੋਸ਼ਲ ਮੀਡੀਆ ਕਾਰਨ।  ਦਬਕਿਆਂ ਅਤੇ ਚਾਲਾਂ ਦਾ ਨਿਸ਼ਾਨਾ ਬਣਦੇ ਆ ਰਹੇ ਮਧ ਵਰਗੀ ਪਰਿਵਾਰਾਂ ਦੇ ਦਰਦ ਨੂੰ ਜੇ ਪ੍ਰਗਟਾਇਆ ਜਾ ਰਿਹਾ ਹੈ ਤਾਂ ਸਹੀ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਹੀ। ਬਹੁਤ ਸਾਰੇ ਮਾਮਲੇ ਰਫ਼ਾਦਫ਼ਾ ਹੋ ਜਾਂਦੇ ਹਨ। ਬਹੁਤ ਸਾਰੇ ਮਾਮਲੇ ਹਮੇਸ਼ਾਂ ਲੈ ਦਬਾ ਦਿੱਤੇ ਜਾਂਦੇ ਹਨ।  ਬਹੁਤ ਸਾਰੇ ਮਾਮਲੇ ਅਸਲੀ ਗੱਲ ਤੋਂ ਭਟਕਾ ਕੇ ਹੋਰ ਦਾ ਹੋਰ ਬਣਾ ਦਿੱਤੇ ਜਾਂਦੇ ਹਨ। ਫਿਰ ਵੀ ਕੁਝ ਹਕੀਕਤਾਂ ਸਾਹਮਣੇ ਆ ਹੀ ਜਾਂਦੀਆਂ ਹਨ ਤਾਂ ਸਿਰਗ ਇਸ ਲਈ ਕਿ ਕੁਝ ਬਾਜ਼ਮੀਰ ਕਲਮਕਾਰ ਇਸ ਲਈ ਅੱਜ ਵੀ ਦ੍ਰਿੜ ਸੰਕਲਪ ਹਨ। 
ਅੰਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਪਿਤਾ ਦਾ ਕਸੂਰ ਸਿਰਫ ਏਨਾ ਸੀ ਕਿ ਉਸਨੇ ਆਪਣੀ ਧੀ ਨਾਲ ਹੁੰਦੀ ਛੇੜਖਾਨੀ ਦਾ ਵਿਰੋਧ ਕੀਤਾ ਸੀ। ਉਸਨੂੰ ਸ਼ਰੇ ਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਬੜਾ ਕੁਝ ਹੋਇਆ। ਨਾ ਛੇੜਖਾਨੀ ਦੀਆਂ ਘਟਨਾਵਾਂ ਰੁਕੀਆਂ, ਨਾ ਬਲਾਤਕਾਰ ਅਤੇ ਨਾ ਹੀ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਗੋਲੀਆਂ। ਜਮਾਲਪੁਰ ਵਿੱਚ ਦੋ ਸੱਕੇ ਭਰਾਵਾਂ ਨੂੰ ਜਿਸਤਰਾਂ ਮਾਰ ਮੁਕਾਇਆ ਗਿਆ ਉਸਨੇ ਪੰਜਾਬ ਦੀ ਮੌਜੂਦਾ ਹਕੀਕਤ ਖੋਹਲ ਕੇ ਰੱਖ ਦਿੱਤੀ ਸੀ। ਹੁਣ ਅਰਸ਼ਦੀਪ ਦਾ ਕਸੂਰ ਏਨਾ ਹੀ ਸੀ ਕਿ ਉਹ ਵੱਡੇ ਬੰਦਿਆਂ ਦੀ ਬਸ ਵਿੱਚ ਸਵਾਰ ਹੋ ਬੈਠੀ ਸੀ। ਜੇ ਬੇਅੰਤ ਸਿੰਘ ਦੀ ਸਰਕਾਰ ਵੇਲੇ ਇੱਕ ਕਾਤੀਆ ਕਾਂਡ ਹੋਇਆ ਸੀ ਤਾਂ ਨਿਘਰੇ ਹੋਏ ਏਸ ਸਿਸਟਮ ਵਿੱਚ ਅਜਿਹੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ। ਅਜਿਹੀਆਂ ਘਟਨਾਵਾਂ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਹੋ ਰਹੀਆਂ ਹਨ। ਸਰਮਾਏਦਾਰੀ ਸਿਸਟਮ ਵਿੱਚ ਅਜਿਹੀ ਨਿਘਾਰ ਆਉਣੇ ਹੀ ਸਨ। ਪੰਜਾਬ ਦਾ ਦੁੱਖ ਇਸ ਲਈ ਜਿਆਦਾ ਹੁੰਦਾ ਹੈ ਕਿ ਪੰਜਾਬੀਆਂ ਦੀ ਸਾਖ ਹਮੇਸ਼ਾਂ ਉੱਚੀ ਸੁੱਚੀ ਹੀ ਰਹੀ। ਟ੍ਰੇਨ ਜਾਂ ਬਸ ਵਿੱਚ ਕੋਈ ਕੱਲੀ-ਕਾਰੀ ਕੁੜੀ ਉਦੋਂ ਹੋਂਸਲੇ ਵਿੱਚ ਆ ਜਾਂਦੀ ਸੀ ਜਦੋਂ ਉਸਨੂੰ ਨਜਰ ਆਉਂਦਾ ਕਿ ਬਸ ਜਾਂ ਟ੍ਰੇਨ ਦੇ ਉਸ ਡੱਬੇ  ਵਿੱਚ ਕੋਈ ਪੰਜਾਬੀ ਬੈਠਾ ਹੈ---ਕੋਈ ਸਰਦਾਰ ਬੈਠਾ ਹੈ। ਪੰਜਾਬੀਆਂ ਨੂੰ ਦੇਖ ਕੇ ਇੱਕ ਰਾਖੀ ਜਾਹਿ ਮਹਿਸੂਸ ਹੁੰਦੀ ਸੀ। ਪੰਜਾਬ ਵਿੱਚ ਲਗਾਤਾਰ ਹੋਈਆਂ ਇਹਨਾਂ ਘਟਨਾਵਾਂ ਨੇ ਉਸ ਸਾਖ ਦਾ ਮਲੀਆਮੇਟ ਕਰ ਦਿੱਤਾ ਹੈ। ਰਾਖਿਆਂ ਨੂੰ ਭੇੜੀਆ ਬਣਾ ਦਿੱਤਾ ਹੈ। ਜਦੋਂ ਸਿਆਸਤ ਅਤੇ ਕੁਰਸੀਆਂ ਕਾਰੋਬਾਰੀ ਡਿਗਰੀਆਂ ਵਾਲਿਆਂ ਦੇ ਹਥ ਆਉਂਦੀਆਂ ਹਨ ਤਾਂ ਉਦੋਂ ਹਰ ਚੀਜ਼ ਵਪਾਰ ਬਣਨ ਲੱਗ ਜਾਂਦੀ ਹੈ। ਅਸਮਤਾਂ ਦੇ ਸੌਦੇ ਹੁੰਦੇ ਹਨ, ਹੰਝੂਆਂ ਦੇ ਸੌਦੇ ਹੁੰਦੇ ਹਨ, ਅਰਥੀਆਂ ਦੇ ਸੌਦੇ ਹੁੰਦੇ ਹਨ ਅਤੇ ਜਜਬਾਤਾਂ ਦੀ ਬੋਲੀ ਲਾਈ ਜਾਂਦੀ ਹੈ। ਜਿਹੜੇ ਸਮਾਜ ਵਿੱਚ ਸੂਰਜ ਛਿਪਣ ਮਗਰੋਂ ਕਦੇ ਅੰਤਿਮ ਸੰਸਕਾਰ ਨਹੀਂ ਹੁੰਦਾ ਉੱਥੇ ਰਾਤ ਦੇ ਮੂੰਹ ਹਨੇਰੇ ਵਿੱਚ ਇਹਨਾਂ ਆਖਿਰੀ ਰਸਮਾਂ ਨੂੰ ਡੰਡੇ ਦੇ ਜੋਰ ਨਾਲ ਪੂਰਾ ਕਰਾਇਆ ਜਾਂਦਾ ਹੈ।  
ਪਤਾ ਨਹੀਂ ਕਿੰਨੀਆਂ ਬਦਦੁਆਵਾਂ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰਾਂ ਦਾ ਪਿੱਛਾ ਕਰ ਰਹੀਆਂ ਹਨ। ਨੈਪਾਲ ਅਤੇ ਹੋਰਨਾਂ ਥਾਵਾਂ 'ਤੇ ਆਇਆ ਭੂਚਾਲ ਸ਼ਾਇਦ ਇਹਨਾਂ ਬਦਦੁਆਵਾਂ ਕਾਰਨ ਨਹੀਂ ਆਇਆ। ਉਸਦੇ ਕਾਰਨ ਹੋਰ ਹਨ। ਇਹਨਾਂ ਬਦਦੁਆਵਾਂ ਕਾਰਣ ਉਠ ਰਿਹਾ ਭੂਚਾਲ ਤਾਂ ਅਜੇ ਆਉਣਾ ਹੈ। ਜੇ ਅਜਿਹਾ ਭੂਚਾਲ ਕੁਦਰਤ ਨੇ ਨਾ ਲਿਆਂਦਾ ਤਾਂ ਇੱਕ ਦਿਨ ਲੋਕ ਜ਼ਰੂਰ ਲਿਆਉਣਗੇ। 
ਪ੍ਰੈਸ ਕਲਬ ਲੁਧਿਆਣਾ (ਰਜਿ.) ਵਾਲੇ ਵਾਟਸਅਪ ਗਰੁੱਪ ਵਿੱਚ ਡੀ ਕੇ ਸਾਹਿਬ ਨੇ ਚਾਰ ਲਾਈਨਾਂ ਪੋਸਟ ਕੀਤੀਆਂ ਹਨ। ਇਹ ਚਾਰ ਲਾਈਨਾਂ ਵਿਕਾਸ ਦੇ ਦਾਅਵਿਆਂ ਦਾ ਖੋਖਲਾਪਨ ਦਰਸਾਉਂਦੀਆਂ ਹਨ ਅਤੇ ਦੱਸਦੀਆਂ ਹਨ ਕਿ ਅਸਲ ਵਿੱਚ ਇਥੇ ਕਿਹੜਾ ਵਿਕਾਸ ਹੋਇਆ ਹੈ।--ਗੱਲ ਗੱਲ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਵਿਕਾਸ, ਅਸਮਤਾਂ ਲੁੱਟਣ ਵਾਲਿਆਂ ਦਾ ਵਿਕਾਸ, ਜਬਰੀ ਅੰਤਿਮ ਸੰਸਕਾਰ ਕਰਾਉਣ ਵਾਲਿਆਂ ਦਾ ਵਿਕਾਸ......
ਕਦੇ ਬਾਪ ਨੂੰ ਮਾਰ ਕੇ ਧੀ ਨੂੰ ਨੌਕਰੀ, 
ਕਦੇ ਧੀ ਨੂੰ ਮਾਰ ਕੇ ਬਾਪ ਨੂੰ ਨੌਕਰੀ। 
ਕਿਹੜਾ ਕਹਿੰਦਾ ਪੰਜਾਬ ਚ ਸਰਕਾਰੀ ਨੌਕਰੀ ਨਹੀ ਮਿਲਦੀ,
ਬਲੀ ਦੇਣ ਵਾਲੇ ਬਣੋ, ਨੋਕਰੀ ਸਰਕਾਰ ਘਰੇ ਦੇ ਕੇ ਜਾਉਗੀ !    [5/5/2015, 14:51] +91 78 14 377143:
ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। ਜੇ ਤੁਹਾਡੇ ਵਿਚਾਰ ਸਾਡੇ ਵਿਰੋਧ ਵਿੱਚ ਵੀ ਹੋਏ ਤਾਂ ਵੀ ਜਰੁਰ ਭੇਜੋ ਅਸੀਂ ਵਿਚਾਰਾਂ ਦੀ ਕਦਰ ਕਰਦੇ ਹਾਂ ਅਤੇ ਇਹਨਾਂ ਦੇ ਵਟਾਂਦਰੇ ਨੂੰ ਜਰੂਰੀ ਵੀ ਸਮਝਦੇ ਹਾਂ।  

No comments: