Sunday, May 31, 2015

“ਮਾਂ-ਬੋਲੀ ਪੰਜਾਬੀ ਪ੍ਰਤੀ ਸੁਚੇਤ ਹੋਣ ਦੀ ਲੋੜ” - ਸੁਰਜੀਤ ਪਾਤਰ

Sun, May 31, 2015 at 5:12 PM
ਦਰਜਾਬੰਦੀਆਂ ਕਾਰਨ ਪਛੜ ਰਹੀ ਹੈ ਪੰਜਾਬੀ ਭਾਸ਼ਾ 
ਦਸੂਹਾ: 31 ਮਈ 2015:  (ਪੰਜਾਬ ਸਕਰੀਨ ਬਿਊਰੋ):

ਭਾਸ਼ਾ ਦੀਆਂ ਦਰਜਾਬੰਦੀਆਂ ਕਾਰਨ ਪੰਜਾਬੀ ਭਾਸ਼ਾ ਪੱਛੜਦੀ ਜਾ ਰਹੀ ਹੈ ਤੇ ਜੇਕਰ ਅਸੀਂ ਆਪਣੀ ਮਾਂ-ਬੋਲੀ ਪ੍ਰਤੀ ਸਮਾਂ ਰਹਿੰਦੇ ਹੀ ਜਾਗਰੂਕ ਨਾ ਹੋਏ ਤਾਂ ਪੰਜਾਬੀ ਪ੍ਰਤੀ ਪ੍ਰਗਟਾਏ ਜਾ ਰਹੇ ਤੌਖਲੇ ਆਉਣ ਵਾਲੇ ਸਮੇਂ ਵਿੱਚ ਸੱਚ ਸਾਬਤ ਹੋ ਸਕਦੇ ਹਨ | ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ( ਰਜਿ.) ਅਤੇ ਦਿਲਬੱਰ ਯੂਥ ਅਤੇ ਸਾਹਿਤਕ ਮੰਚ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ  ਦੇ ਸਹਿਯੋਗ ਨਾਲ ਪ੍ਰਵਾਸੀ ਸ਼ਾਇਰ ਇੰਦਰਜੀਤ ਸਿੰਘ ਧਾਮੀ ਦੀ ਕਾਵਿ ਪੁਸਤਕ ਦੀ ਰੀਲੀਜ਼ ਸਮਾਰੋਹ ਉਪਰੰਤ “ ਪੰਜਾਬੀ ਜੁਬਾਨ-ਅੱਜ ਦੇ
ਸੰਦਰਭ ਵਿੱਚ ਚਿੰਤਾ “ ਵਿਸ਼ੇ ਤੇ ਕੀਤੀ ਪੱਤਰਕਾਰ ਮਿਲਣੀ ਦੌਰਾਨ ਕੀਤਾ । ਉਹਨਾਂ ਨਿੱਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਅਦਾਰੇ ਪੰਜਾਬੀ ਨੂੰ ਪਹਿਲ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਹੋਰਨਾਂ ਭਾਸ਼ਾਵਾਂ ਦੀ ਬਰਾਬਰੀ ਉੱਤੇ ਤਾਂ ਲਿਆਉਣ | ਇਹ ਅਟੱਲ ਸੱਚਾਈ ਹੈ ਕਿ ਜਿਹੜਾ ਵਿਦਿਆਰਥੀ ਪੰਜਾਬੀ ਜੁਬਾਨ ਨਹੀ ਪੜ੍ਹਦਾ, ਉਹ ਅਫ਼ਸਰ ਜਾਂ ਕਲਰਕ ਤਾਂ ਬਣ ਸਕਦਾ ਹੈ, ਪਰ ਕਦੇ ਵੀ ਮੌਲਿਕ ਚਿੰਤਕ ਅਤੇ ਵਿਦਵਾਨ ਨਹੀ ਬਣ ਸਕਦਾ । ਉਹਨਾਂ ਕਿਹਾ ਹੈ ਕਿ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਬਣਾਇਆ ਗਿਆ ਐਕਟ ਕੇਵਲ ਦਿਖਾਵੇ ਲਈ ਹੈ  ਅਤੇ ਇਸ ਨੂੰ ਅਮਲੀ ਤੌਰ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ | ਇਸ ਸਮੇਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਅੰਤਰੀਵ ਭਾਵ ਜਿੰਨੇ ਵਧੀਆ ਤਰੀਕੇ ਨਾਲ ਪੰਜਾਬੀ ਵਿੱਚ ਪ੍ਰਗਟਾ ਸਕਦੇ ਹਾਂ, ਓਨੇ ਹੋਰ ਕਿਸੇ ਭਾਸ਼ਾ ਵਿਚ ਨਹੀਂ ,ਇਸ ਲਈ ਮਾਂ-ਬੋਲੀ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦਾ ਮਾਣ-ਸਨਮਾਨ ਦਿਵਾਉਣ ਲਈ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ਉੱਤੇ ਪਿਛਲੇ ਕਾਫੀ ਸਮੇਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇਹਨਾਂ ਕੋਸ਼ਿਸ਼ਾਂ ਦਾ ਸਾਥ ਦੇਣ ਦਾ ਫ਼ਰਜ਼ ਸਾਰੇ ਮਾਂ-ਬੋਲੀ ਦਾ ਚਿੰਤਕਾਂ ਅਤੇ ਪੰਜਾਬੀਆਂ ਦਾ ਹੈ  |
ਪੱਤਰਕਾਰ ਮਿਲਣੀ ਦੌਰਾਨ ਹਾਜ਼ਿਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਲੱਖਣ ਸਰਹੱਦੀ ਨੇ ਕਿਹਾ ਕਿ ਆਈ. ਸੀ. ਐਸ. ਈ. ਅਤੇ ਸੀ. ਬੀ. ਐਸ. ਈ. ਵਾਲੇ ਕੁੱਝ ਸਕੂਲਾਂ ਵਿੱਚ ਮਾਂ-ਬੋਲੀ ਪੰਜਾਬੀ ਬੋਲਣ ਉੱਤੇ ਲਗਾਈ ਗਈ ਪਾਬੰਦੀ ਬੱਚਿਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ । ਬਦਕਿਸਮਤੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਦੇ ਏਜੰਡੇ ਉੱਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਰਾਖੀ ਤੇ ਮਜ਼ਬੂਤੀ ਨਹੀਂ ਹੈ, ਜਿਸ ਕਾਰਨ ਮਾਂ-ਬੋਲੀ ਪੰਜਾਬੀ ਨੂੰ ਹਰ ਪੱਧਰ ਉੱਤੇ ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਮੌਕੇ ਪੰਜਾਬੀ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ
ਕਿਹਾ ਹੈ ਕਿ ਮਾਤਾ ਭਾਸ਼ਾ ਮਜ਼ਹਬਾਂ ਨਾਲ ਜੁੜੀ ਹੋਈ ਨਹੀਂ ਹੁੰਦੀ, ਪਰ ਮਾਤ ਭਾਸ਼ਾ ਵੱਖ-ਵੱਖ ਮਜ਼ਹਬਾਂ ਦੇ ਲੋਕਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਣ ਦਾ ਕੰਮ ਜ਼ਰੂਰ ਕਰਦੀ ਹੈ | ਕਿਸੇ ਵੀ ਨੇਕ ਕਾਰਜ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ ਅਤੇ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਸ਼ੁਰੂਆਤ ਵੀ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਬੱਰ ਯੂਥ ਅਤੇ ਸਾਹਿਤਕ ਮੰਚ (
ਰਜਿ:) ਵੱਲੋਂ ਕਹਾਣੀਕਾਰ ਲਾਲ ਸਿੰਘ ਨੂੰ ਕਹਾਣੀ ਖੇਤਰ ਲਈ ਸਾਲ 2015 ਲਈ ਵਿਸ਼ੇਸ਼ ਸਨਮਾਨ ਦਿੱਤਾ । ਇਸ ਪੱਤਰਕਾਰ ਮਿਲਣੀ ਦੌਰਾਨ ਦਿਲਵਰ ਸਾਹਿਤਕ ਮੰਚ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ , ਜਨਰਲ ਸਕੱਤਰ ਹਰਜੀਤ ਸਿੰਘ ਨੰਗਲ ,ਡਾ: ਧਰਮਪਾਲ ਸਾਹਿਲ , ਪ੍ਰੋ. ਬਲਦੇਵ ਬੱਲੀ , ਜਰਨੈਲ ਸਿੰਘ ਘੁੰਮਣ, ਮਾਸਟਰ ਕਰਨੈਲ ਸਿੰਘ , ਸੁਰਿੰਦਰ ਸਿੰਘ ਨੇਕੀ , ਅਮਰਜੀਤ ਸਿੰਘ ਕਾਨੂੰਗੋ, ਮਾਸਟਰ ਯੋਧ ਸਿੰਘ , ਪ੍ਰੋ ਸ਼ਾਮ ਸਿੰਘ ਗੜ੍ਹਦੀਵਾਲਾ  ਆਦਿ ਸਮੇਤ ਅਨੇਕ
ਸਾਹਿਤ ਪ੍ਰੇਮੀ ਹਾਜ਼ਿਰ ਸਨ ।

No comments: